ਵਾਸ਼ਿੰਗਟਨ – ਪਾਕਿਸਤਾਨ ਅਤੇ ਸਾਊਦੀ ਵਿਚਕਾਰ ਹਾਲ ਹੀ ਵਿੱਚ ਹੋਏ ਇਤਿਹਾਸਿਕ ਰੱਖਿਆ ਸਮਝੌਤੇ ਨੂੰ ਲੈ ਕੇ ਕਈ ਮਾਹਿਰ ਭਾਰਤ ਦੇ ਲਈ ਖਤਰਾ ਕਰਾਰ ਦੇ ਰਹੇ ਹਨ। ਉਨ੍ਹਾਂ ਅਨੁਸਾਰ ਇਹ ਰੱਖਿਆ ਸਮਝੌਤਾ ਨਾ ਸਿਰਫ਼ ਇਸਲਾਮਾਬਾਦ ਨੂੰ ਤਾਕਤਵਰ ਬਣਾਵੇਗਾ, ਸਗੋਂ ਨਵੀਂ ਦਿੱਲੀ ਦੇ ਸੁਰੱਖਿਆ ਸਮੀਕਰਣ ਵੀ ਬਦਲ ਦੇਵੇਗਾ। ਇੱਕ ਅਮਰੀਕੀ ਮਾਹਿਰ ਅਤੇ ਯੂਰੇਸ਼ੀਆ ਗਰੁੱਪ ਦੇ ਚੇਅਰਮੈਨ ਇਯਾਨ ਬਰੇਮਰ ਨੇ ਇੰਡੀਆ ਟੁਡੇ ਨਾਲ ਗੱਲਬਾਤ ਦੌਰਾਨ ਇਹ ਟਿਪਣੀ ਕੀਤੀ। ਉਨ੍ਹਾਂ ਨੇ ਇਸ ਗੱਲ ਤੇ ਜੋਰ ਦੇ ਕੇ ਕਿਹਾ ਕਿ ਹਾਲ ਹੀ ਵਿੱਚ ਪਾਕਿਸਤਾਨ ਨਾਲ ਚੱਲ ਰਹੇ ਤਣਾਅ ਨੂੰ ਵੇਖਦੇ ਹੋਏ ਇਹ ਸਮਝੌਤਾ ‘ਭਾਰਤ ਦੇ ਜੀਵਨ ਨੂੰ ਬਦਲਣ ਵਾਲਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ।’
ਇਯਾਨ ਬਰੇਮਰ ਨੇ ਕਿਹਾ, ‘ਅਗਰ ਆਪ ਭਾਰਤ ਹੈ ਅਤੇ ਪਾਕਿਸਤਾਨ ਦੇ ਨਾਲ ਤੁਹਾਡੀ ਸੀਮਾ ਸੁਰੱਖਿਆ ਦਾ ਗੰਭੀਰ ਮਸਲਾ ਚੱਲ ਰਿਹਾ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਸੀਂ ਇੱਕ ਹੋਰ ਸੈਨਾ ਦਾ ਟਕਰਾਅ ਵੇਖਾਂਗੇ।’ ਰੱਖਿਆ ਸਮਝੌਤੇ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਸਾਊਦੀ ਅਰਬ ਪਾਕਿਸਤਾਨ ਦੀ ਰੱਖਿਆ ਦੇ ਲਈ ਵੱਚਨ-ਬੱਧ ਹੈ। ਅਜਿਹੀ ਸਥਿਤੀ ਵਿੱਚ ਜੇ ਟਕਰਾਅ ਹੁੰਦਾ ਹੈ ਤਾਂ ਮੇਰੇ ਅਨੁਸਾਰ ਭਾਰਤ ਨੂ ਇਸ ਵਿੱਚ ਸ਼ਾਮਿਲ ਕਰਨਾ ਹੋਵੇਗਾ।’
ਵਰਨਣਯੋਗ ਹੈ ਕਿ ਹਾਲ ਹੀ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਇਹ ਸਪੱਸ਼ੇ ਕਰ ਦਿੱਤਾ ਹੈ ਕਿ ਇਹ ਸਮਝੌਤਾ ਪਰਮਾਣੂੰ ਸ਼ਕਤੀ ਮੁਹਈਆ ਕਰਵਾਉਣ ਤੱਕ ਵੀ ਹੈ। ਆਸਿਫ਼ ਨੇ ਕਿਹਾ ਕਿ ਸਾਡੇ ਕੋਲ ਜੋ ਕੁਝ ਵੀ ਹੈ, ਜੋ ਵੀ ਪਾਵਰ ਹੈ, ਇਸ ਸਮਝੌਤੇ ਦੇ ਤਹਿਤ ਉਪਲੱਭਦ ਕਰਵਾਈ ਜਾਵੇਗੀ। ਇਸ ਡੀਲ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿੱਚੋਂ ਕਿਸੇ ਵੀ ਦੇਸ਼ ਤੇ ਹੋਇਆ ਹਮਲਾ ਦੋਵਾਂ ਦੇਸ਼ਾਂ ਤੇ ਹਮਲਾ ਸਮਝਿਆ ਜਾਵੇਗਾ।
