ਗੀਤ ਸੰਗੀਤ ਦੀ ਵਿਰਾਸਤ ਦੇ ਖਜ਼ਾਨੇ ਦਾ ਪਹਿਰੇਦਾਰ : ਨਰਾਤਾ ਸਿੰਘ ਸਿੱਧੂ

b85903da-f3b7-49d0-93b1-c3698b7deb43 (2).resizedਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਗ਼ਰੀਬੀ, ਦੁੱਖ-ਸੁੱਖ, ਉਮਰ ਅਤੇ ਸਮਾਜਿਕ ਅੜਚਣਾ ਸ਼ੌਕ ਦਾ ਰਾਹ ਨਹੀਂ ਰੋਕ ਸਕਦੀਆਂ, ਕਿਉਂਕਿ ਸ਼ੌਕ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਵਧਾਉਂਦਾ, ਨਿਖਾਰ ਲਿਆਉਂਦਾ ਤੇ ਜ਼ਿੰਦਗੀ ਜਿਓਣ ਦਾ ਸਰਵੋਤਮ ਢੰਗ ਬਣਦਾ ਹੈ। ਅਜਿਹਾ ਇੱਕ ਵਿਅਕਤੀ ਹੈ, ਨਰਾਤਾ ਸਿੰਘ ਸਿੱਧੂ ਜਿਹੜਾ ਗੀਤ ਸੰਗੀਤ ਦੇ ਸ਼ੌਕ ਦੇ ਸਹਾਰੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਸਦਾ ਸ਼ੌਕ 90 ਸਾਲ ਦੀ ਉਮਰ ਵਿੱਚ ਵੀ ਬਰਕਰਾਰ ਹੈ। ਉਸਦਾ ਸ਼ੌਕ ਸੰਗੀਤ ਦਾ ਆਨੰਦ ਮਾਨਣਾਂ ਹੈ, ਇਸ ਮੰਤਵ ਲਈ ਉਸ ਕੋਲ ਸੰਗੀਤਕ ਸਾਜ਼ਾਂ ਦਾ ਖ਼ਜਾਨਾ ਹੈ। ਉਸਦੀ ਉਮਰ ਤੋਂ ਵੀ ਪੁਰਾਣੇ ਤਵੇ, ਕੈਸਟਾਂ ਅਤੇ ਹੋਰ ਹਰ ਕਿਸਮ ਦੇ ਸੰਗੀਤ ਨਾਲ ਸੰਬੰਧਤ ਸਾਜ਼ੋ ਸਾਮਾਨ ਉਸਦੇ ਆਪਣੇ ਘਰ ਦੇ ਸੰਗ੍ਰਹਿਯਾਲਾ ਵਿੱਚ ਮੌਜੂਦ ਹੈ। ਜਿਹੜਾ ਵੀ ਗੀਤ ਸੰਗੀਤ ਉਸਨੂੰ ਸੁਣਨ ਦੀ ਚੇਸ਼ਟਾ ਹੁੰਦੀ ਹੈ, ਉਹ ਹੀ ਸੁਣ ਲੈਂਦਾ ਹੈ। ਉਸਨੇ ਆਪਣੇ ਘਰ ਵਿੱਚ ਇੱਕ ਕਮਰਾ ਅਜਿਹੇ ਸਾਜ਼ ਸਾਮਾਨ ਲਈ ਵੱਖਰਾ ਰੱਖਿਆ ਹੋਇਆ ਹੈ। ਨਰਾਤਾ ਸਿੰਘ ਸਿੱਧੂ ਕੋਲ 6500 ਤਵੇ ਅਤੇ ਐਲ. ਪੀ. ਹਨ, ਜਿਨ੍ਹਾਂ ਵਿੱਚ 300 ਪੱਥਰ ਦੇ ਤਵੇ ਹਨ। ਉਸ ਕੋਲ ਆਡੀਓ ਦੀ ਪੁਰਾਣੀ ਪ੍ਰਣਾਲੀ ਨਾਲ ਸੰਬੰਧਤ ਸਾਰੇ ਸਾਜ਼ ਮੌਜੂਦ ਹਨ। ਪੱਥਰ ਯੁੱਗ ਤੋਂ ਈ.ਪੀ., ਫਾਈਬਰ ਦੇ ਗੀਤ, ਕੈਸਟਾਂ, ਸੀ.ਡੀਜ਼, ਰੇਡੀਓ, ਟੇਪ ਰਿਕਾਰਡਰ ਆਦਿ ਸਾਰੇ ਉਸਨੇ ਸਾਂਭ ਕੇ ਰੱਖੇ ਹਨ। ਉਹ ਇਨ੍ਹਾਂ ਨੂੰ ਸੁਣਦੇ ਰਹਿੰਦੇ ਹਨ। ਪਾਕਿਸਤਾਨ ਦੀ ਗਾਇਕਾ ਮਲਕਾ ਪੁਖਰਾਜ ਦਾ ‘ਅਭੀ ਤੋ ਮੈਂ ਜਵਾਂ ਹੂੰ’ ਦਾ ਪੱਥਰ ਦਾ ਤਵਾ ਵੀ ਮੌਜੂਦ ਹੈ। ਇਸ ਤੋਂ ਇਲਾਵਾ 5 ਗ੍ਰਾਮੋਫ਼ੋਨ, ਇੱਕ ਥਰੀ-ਇਨ-ਵਨ ਜਾਪਾਨ ਦਾ ਬਣਿਆਂ ਗ੍ਰਾਮੋਫ਼ੋਨ ਵੀ ਹੈ, ਜਿਸ ਵਿੱਚ ਤਵਾ ਪਾ ਕੇ ਚਲਾਇਆ ਜਾ ਸਕਦਾ, ਟੇਪ ਰਿਕਾਰਡਰ ਅਤੇ ਰੇਡੀਓ ਵੀ ਹੈ, ਜੋ ਅਜੇ ਵੀ ਚਲਦੇ ਹਨ ਅਤੇ ਇੱਕ ਦਰਜਨ ਫਿਲਿਪਸ ਦੇ ਪੁਰਾਣੇ ਰੇਡੀਓ ਵੀ ਹਨ। ਉਸਦੇ ਇਸ ਸੰਗ੍ਰਹਿ ਵਿੱਚ ਪੰਜਾਬੀ, ਹਿੰਦੀ ਤੇ ਉਰਦੂ ਦੇ ਗਾਣੇ ਜਿਨ੍ਹਾਂ ਵਿੱਚ, ਰੋਟੀ ਲੈ ਜਾ ਬਾਪੂ ਦੀ : ਚਾਂਦੀ ਰਾਮ ਤੇ ਸ਼ਾਂਤੀ, ਐ ਮੁਹੱਬਤ ਤੇਰੇ ਅੰਜਾਮ ਪੇ ਰੋਣਾ ਆਇਆ : ਬੇਗ਼ਮ ਅਖ਼ਤਰ, ਦਮੜੀ ਦਾ ਸੱਕ ਮਲਕੇ ਮੁੰਡਾ ਮੋਹ ਲਿਆ ਤਵੀਤਾਂ ਵਾਲਾ : ਲਤਾ ਮੰਗੇਸ਼ਕਰ, ਗੱਲ ਸੋਚਕੇ ਕਰੀਂ ਤੂੰ ਜ਼ੈਲਦਾਰਾ ਅਸੀਂ ਨਹੀਂਉਂ ਕਲੌੜ ਝੱਲਣੀ : ਨਰਿੰਦਰ ਬੀਬਾ, ਰਤਨ ਫ਼ਿਲਮ ਦਾ ਗਾਣਾ : ਓਹ ਜਾਨੇ ਵਾਲੇ ਬਾਲਮਾ ਲੌਟ ਕੇ ਆ : ਅਮੀਰਾ ਬਾਈ, ਆਂਧੀਆਂ ਗ਼ਮ ਕੀ ਯੂੰ ਚਲੀਂ ਬਾਗ ਉਜੜਕੇ ਰਹਿ ਗਿਆ : ਨੂਰ ਜਹਾਂ, ਬੁੜਾ ਮਾਰਦਾ ਫਰਾਟੇ : ਪ੍ਰੋਮਲਾ ਪੋਹਲੀ ਤੇ ਗੁਰਚਰਨ ਸਿੰਘ ਪੋਹਲੀ ਦੀ ਜੋੜੀ, ਲੌਂਗ ਦਾ ਲਿਸ਼ਕਾਰਾ : ਚਿਤਰਾ ਸਿੰਘ, ਘੁੱਗੀਆਂ ਦਾ ਜੋੜਾ : ਪ੍ਰੀਤੀ ਬਾਲਾ ਤੇ ਉਂਕਾਰ ਸਿੰਘ ਰਾਣਾ ਦੀ ਜੋੜੀ ਦਾ ਗਾਇਆ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਸਵਰਨ ਲਤਾ, ਮੁਹੰਮਦ ਸਦੀਕ, ਰਣਜੀਤ ਕੌਰ, ਸੀਮਾ, ਹਰਚਰਨ ਗਰੇਵਾਲ, ਕਰਨੈਲ ਗਿੱਲ, ਆਲਮ ਲੁਹਾਰ ਅਤੇ ਨੂਰ ਜਹਾਂ ਦੇ ਪੰਜਾਬੀ ਗਾਣਿਆਂ ਦੇ ਐਲ.ਪੀ.ਸੰਭਾਲੇ ਪਏ ਹਨ। ਇਨ੍ਹਾਂ ਵਿੱਚ ਧਾਰਮਿਕ ਕੈਸਟਾਂ, ਤਵੇ ਅਤੇ ਟੇਪਾਂ ਵੀ ਸ਼ਾਮਲ ਹਨ। ਪੰਜਾਬੀ ਸੁਪ੍ਰਿਸਿੱਧ ਰਾਗੀਆਂ, ਢਾਡੀਆਂ, ਕੀਰਤਨੀਆਂ ਦੇ ਸ਼ਬਦ ਕੈਸਟਾਂ, ਤਵਿਆਂ ਅਤੇ ਟੇਪਾਂ ਵਿੱਚ ਮੌਜੂਦ ਹਨ। ਸੁਖਮਣੀ ਸਾਹਿਬ, ਜਪੁਜੀ ਸਾਹਿਬ ਅਤੇ ਧਾਰਮਿਕ ਕਥਾ ਵਾਚਕਾਂ ਦੇ ਵੀ ਰਿਕਾਰਡ ਸਾਂਭ ਕੇ ਰੱਖੇ ਹੋਏ ਹਨ। ਉਸ ਕੋਲ ਅਜਿਹਾ ਦੁਰਲਭ ਸਾਮਾਨ ਹੈ, ਜਿਹੜਾ ਅੱਜ ਕਲ੍ਹ ਮਿਲਦਾ ਹੀ ਨਹੀਂ। ਜਰਮਨ ਦਾ ਬਣਿਆਂ ਮਿੱਟੀ ਦੇ ਤੇਲ ਵਾਲਾ ਸਟੋਵ ਅਤੇ ਇੱਕ ਪ੍ਰੈਸ ਵੀ ਉਸ ਕੋਲ ਹੈ। ਰੇਡੀਓ ਤੋਂ ਅਜੇ ਵੀ ਉਹ ਗੀਤ ਸੰਗੀਤ ਦੇ ਪ੍ਰੋਗਰਾਮਾ ਦਾ ਆਨੰਦ ਮਾਣਦਾ ਰਹਿੰਦਾ ਹੈ। ਉਹ ਪੁਰਾਤਨ ਸੰਗੀਤ ਸੁਣਕੇ ਹੀ ਖ਼ੁਸ਼ ਹੁੰਦਾ ਹੈ। ਆਧੁਨਿਕ ਪੌਪ ਗੀਤ ਸੰਗੀਤ ਨੂੰ ਨਹੀਂ ਸੁਣਦਾ। IMG_4831.resizedਪੰਜਾਬੀ ਸਭਿਅਚਾਰ ਦੀ ਵਿਰਾਸਤ ਬਹੁਤ ਅਮੀਰ ਹੈ। ਖਾਸ ਤੌਰ ‘ਤੇ ਗੀਤ ਸੰਗੀਤ , ਰਹਿਣੀ ਸਹਿਣੀ, ਪਹਿਰਾਵਾ ਤੇ ਵਿਵਹਾਰ ਆਦਿ। ਗੁਰਬਾਣੀ ਵਿੱਚ ਰਾਗਾਂ ਦੀ ਵਰਤੋਂ ਅਤੇ ਕਲਾਸਿਕ ਸਾਜ਼ ਪੰਜਾਬੀ ਸਭਿਅਚਾਰ ਦੀ ਵਿਰਾਸਤ ਦਾ ਕੀਮਤੀ ਖ਼ਜਾਨਾ ਹਨ। ਇਸ ਵਿਰਾਸਤ ਨੂੰ ਸਦੀਵੀ ਰੱਖਣ ਲਈ ਇਸਦੇ ਪਹਿਰੇਦਾਰ ਬਣਨਾ ਅਤਿਅੰਤ ਜ਼ਰੂਰੀ ਹੈ। ਸੰਗੀਤ ਰੂਹ ਦੀ ਖ਼ੁਰਾਕ ਹੁੰਦਾ ਹੈ। ਸੰਗੀਤ ਇਨਸਾਨ ਦੇ ਸਰੀਰ ਅਤੇ ਮਨ ਵਿੱਚ ਸਰਸਰਾਹਟ ਪੈਦਾ ਕਰ ਦਿੰਦਾ ਹੈ। ਸੰਗੀਤ ਜ਼ਿੰਦਗੀ ਜਿਓਣ ਦਾ ਬਿਹਤਰੀਨ ਢੰਗ ਹੈ। ਹਰ ਸਮੱਸਿਆ ਅਤੇ ਮਾਨਸਿਕ ਖਿਚੋਤਾਣ ਨੂੰ ਸੰਤੁਲਨ ਕਰਨ ਲਈ ਲਾਭਦਾਇਕ ਹੁੰਦਾ ਹੈ। ਸੰਗੀਤ ਸੁਣਨ ਨਾਲ ਮਾਨਿਸਿਕ ਸੰਤੁਸ਼ਟੀ ਹੁੰਦੀ ਹੈ। ਨਰਾਤਾ ਸਿੰਘ ਸਿੱਧੂ ਇੱਕ ਅਜਿਹਾ ਸੰਗੀਤ ਪ੍ਰੇਮੀ ਹੈ, ਜਿਹੜਾ ਸਿਰਫ ਤੇ ਸਿਰਫ਼ ਸੰਗੀਤ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਪਤਨੀ ਸਵਰਗਵਾਸ ਹੋ ਗਈ ਹੈ। ਲੜਕੀ ਕੈਨੇਡਾ ਵਿੱਚ ਰਹਿੰਦੀ ਹੈ। ਇਕੱਲਤਾ ਦਾ ਸਹਾਰਾ ਗੀਤ ਸੰਗੀਤ ਬਣਦਾ ਹੈ। ਮਹਿਜ ਨੌਂ ਸਾਲ ਦੀ ਉਮਰ ਵਿੱਚ ਉਸਨੂੰ ਗਾਇਕੀ ਨਾਲ ਪਿਆਰ ਪੈਦਾ ਹੋ ਗਿਆ ਸੀ, ਜਦੋਂ ਅਜੇ ਉਹ ਤੀਜੀ ਕਲਾਸ ਵਿੱਚ ਹੀ ਪੜ੍ਹਦਾ ਸੀ। ਫਿਰ ਉਸਨੇ ਸਕੂਲ ਵਿੱਚ ਹੀ ਗੀਤ ਅਤੇ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਦਿਨ ਤੇ ਅੱਜ 90 ਸਾਲ ਦੀ ਉਮਰ ਵਿੱਚ ਵੀ ਉਸਦਾ ਗੀਤ ਸੰਗੀਤ ਦਾ ਸ਼ੌਕ ਬਰਕਰਾਰ ਹੈ। ਉਸ ਕੋਲ ਸੰਗੀਤ ਦੇ ਸਾਜ਼ਾਂ ਦਾ ਸੰਗ੍ਰਹਿ ਅਰਥਾਤ ਖ਼ਜਾਨਾ ਹੈ। ਇੱਕ ਕਿਸਮ ਨਾਲ ਉਸਦਾ ਘਰ ਅਜਾਇਬ ਘਰ ਦੀ ਤਰ੍ਹਾਂ ਹੀ ਹੈ। ਉਸ ਕੋਲ ਜਿਤਨੇ ਵੀ ਸੰਗੀਤ ਦੇ ਸਾਜ਼ ਪਏ ਹਨ, ਭਾਵੇਂ ਉਹ ਸੌ ਸਾਲ ਤੋਂ ਵੀ ਪੁਰਾਣੇ ਹਨ, ਪ੍ਰੰਤੂ ਸਾਰੇ ਚਲਦੇ ਹਨ। ਪੁਰਾਣੇ ਅਤੇ ਅਜੋਕੇ ਆਧੁਨਿਕ ਸੰਗੀਤ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਪੁਰਾਣਾ ਗੀਤ ਸੰਗੀਤ ਸਹਿਜਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਸੀ, ਸਕੂਨ ਪ੍ਰਦਾਨ ਕਰਦਾ ਸੀ। ਆਧੁਨਿਕ ਪੌਪ ਗੀਤ ਸੰਗੀਤ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜਾ ਰੂਹ ਦੀ ਖ਼ਰਾਕ ਦੇਣ ਦੀ ਥਾਂ ਰੂਹ ਨੂੰ ਕੰਬਾ ਦਿੰਦਾ ਹੈ। ਨਰਾਤਾ ਸਿੰਘ ਦਾ ਗੀਤ ਸੰਗੀਤ ਦੇ ਸਾਜ਼ਾਂ ਦਾ ਖ਼ਜ਼ਾਨਾ ਆਤਮਿਕ ਸੰਤੁਸ਼ਟੀ ਦਿੰਦਾ ਹੈ। ਸੰਗੀਤ ਦੇ ਸਾਜ਼ਾਂ ਦਾ ਖ਼ਜਾਨਾ ਨਰਾਤਾ ਸਿੰਘ ਸਿੱਧੂ ਨੇ ਆਪਣੀ ਤਨਖ਼ਾਹ ਵਿੱਚੋਂ ਖ੍ਰੀਦਿਆ ਹੋਇਆ ਹੈ, ਪਰਿਵਾਰ ਦੇ ਗੁਜ਼ਾਰੇ ਨੂੰ ਉਹ ਘੱਟ ਤੋਂ ਘੱਟ ਖ਼ਰਚੇ ਨਾਲ ਪੂਰਾ ਕਰਦਾ ਸੀ, ਪ੍ਰੰਤੂ ਬਾਕੀ ਤਨਖ਼ਾਹ ਕਿਸੇ ਐਸ਼ ਆਰਾਮ ਦੇ ਸਾਮਾਨ ਲਈ ਨਹੀਂ, ਸਗੋਂ ਸਿਰਫ਼ ਇਹ ਸਾਜ਼ ਖ਼੍ਰੀਦਣ ਲਈ ਵਰਤਦਾ ਸੀ। ਬਹੁਤ ਸਾਰੇ ਪੁਰਾਣੇ ਗੀਤਾਂ ਦੇ ਸ਼ੌਕੀਨ ਸੰਗਤ ਪ੍ਰੇਮੀਆਂ ਨੇ ਉਸ ਕੋਲ ਇਨ੍ਹਾਂ ਨੂੰ ਮੂੰਹ ਮੰਗਿਆ ਮੁੱਲ ਦੇ ਕੇ ਖ੍ਰੀਦਣ ਦੀ ਪੇਸ਼ਕਸ਼ ਕੀਤੀ ਸੀ, ਪ੍ਰੰਤੂ ਨਰਾਤਾ ਸਿੰਘ ਸਿੱਧੂ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ। ਸਕੂਲ ਵਿੱਚ ਪੜ੍ਹਦਿਆਂ ਹੀ ਨਰਾਤਾ ਸਿੰਘ ਸਿੱਧੂ ਨੇ ਗੀਤ ਸੰਗੀਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾ ਵਿੱਚ ਉਹ ਗੀਤ ਗਾਉਂਦਾ ਹੁੰਦਾ ਸੀ। ਉਨ੍ਹਾਂ ਦਿਨਾ ਵਿੱਚ ਰੇਡੀਓ ਹੀ ਗੀਤ ਸੰਗੀਤ ਦਾ ਸਾਧਨ ਸੀ। ਉਹ ਰੇਡੀਓ ‘ਤੇ ਗੀਤ ਸੰਗੀਤ ਦਾ ਪ੍ਰੋਗਰਾਮ ਸੁਣਨ ਦਾ ਸ਼ੌਕੀਨ ਸੀ, ਪ੍ਰੰਤੂ ਉਸਦੇ ਘਰ ਰੇਡੀਓ ਨਹੀਂ ਸੀ, ਇਸ ਲਈ ਉਹ ਲੋਕਾਂ ਦੇ ਘਰ ਜਾ ਕੇ ਰੇਡੀਓ ਸੁਣਦਾ ਰਹਿੰਦਾ ਸੀ। ਸਕੂਲ ਦੇ ਅਧਿਆਪਕ ਆਰ.ਕੇ.ਮਧਾਨ ਨੇ ਨਰਾਤਾ ਸਿੰਘ ਸਿੱਧੂ ਦੀ ਗੀਤ ਸੰਗੀਤ ਦੀ ਰੁਚੀ ਨੂੰ ਪਛਾਣਦਿਆਂ ਉਸ ਵਲ ਵਿਸ਼ੇਸ਼ ਧਿਆਨ ਦੇ ਕੇ ਅਗਵਾਈ ਦੇਣੀ ਸ਼ੁਰੂ ਕਰ ਦਿੱਤੀ। ਫਿਰ ਨਰਾਤਾ ਸਿੰਘ ਸਿੱਧੂ ਨੇ ਬਰਨਾਲਾ ਦੇ ਪ੍ਰਸਿੱਧ ਕਥਾ ਵਾਚਕ ਰਾਮ ਸਰੂਪ ਪਾਂਧਾ ਦੀ ਸੰਗਤ ਕਰਕੇ ਉਸਤੋਂ ਸਿੱਖਿਆ ਲੈਣੀ ਸ਼ੁਰੂ ਕੀਤੀ। ਨਰਾਤਾ ਸਿੰਘ ਸਿੱਧੂ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ ਵਿੱਚ 6 ਅਕਤੂਬਰ 1961 ਨੂੰ ਕਲਾਕਾਰ ਲੱਗ ਗਿਆ। ਗੁਰਦੇਵ ਸਿੰਘ ਮਾਨ ਡਰਾਮਾ ਇਨਸਪੈਕਟਰ ਸੀ। ਗੁਰਦੇਵ ਸਿੰਘ ਮਾਨ ਨੇ ਇੱਕ ਨਾਟਕ ‘ਪੱਗੜੀ ਸੰਭਾਲ ਜੱਟਾ’ ਖੇਡਿਆ ਨਰਾਤਾ ਸਿੰਘ ਸਿੱਧੂ ਨੇ ਉਸ ਨਾਟਕ ਦੇ ਹੀਰੋ ਦੀ ਅਦਾਕਾਰੀ ਕੀਤੀ। ਉਸਨੇ ਮੁਹੰਮਦ ਸਦੀਕ, ਹਰਚਰਨ ਗਰੇਵਾਲ, ਕਰਨੈਲ ਗਿੱਲ ਅਤੇ ਸੀਮਾ ਵਰਗੇ ਗਾਇਕਾਂ ਨਾਲ ਗੀਤ ਸੰਗੀਤ ਦੇ ਪ੍ਰੋਗਰਾਮ ਪੇਸ਼ ਕੀਤੇ। ਲੋਕ ਸੰਪਰਕ ਵਿਭਾਗ ਨੇ ਜਦੋਂ ਰੋਸ਼ਨੀ ਤੇ ਆਵਾਜ਼ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਨਰਾਤਾ ਸਿੰਘ ਸਿੱਧੂ ਚਾਰ ਦਿਨ ਸ੍ਰੀ ਹਜ਼ੂਰ ਸਾਹਿਬ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਗਏ। ਇਸ ਤੋਂ ਇਲਾਵਾ ਸਭਿਅਚਾਰਕ ਟਰੁਪ ਦਿੱਲੀ ਟਰੇਡ ਫ਼ੇਅਰ ਤੇ ਵੀ ਉਹ ਲੈ ਕੇ ਜਾਂਦੇ ਰਹੇ। 31 ਅਕਤੂਬਰ 1995 ਨੂੰ ਉਹ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ।

ਨਰਾਤਾ ਸਿੰਘ ਸਿੱਧੂ ਦਾ ਜਨਮ 6 ਅਕਤੂਬਰ 1937 ਨੂੰ ਪਿਤਾ ਬਸੰਤ ਦਾਸ ਮਾਤਾ ਪ੍ਰਸਿੰਨ ਕੌਰ ਦੀ ਕੁੱਖੋਂ ਬਰਨਾਲਾ ਵਿਖੇ ਹੋਇਆ। ਉਸਨੇ ਦਸਵੀਂ ਤੱਕ ਦੀ ਪੜ੍ਹਾਈ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਫਿਰ ਸਰਕਾਰੀ ਹਾਈ ਸਕੂਲ ਬਰਨਾਲਾ ਤੋਂ ਦਸਵੀਂ ਪਾਸ ਕੀਤੀ। ਨਰਾਤਾ ਸਿੰਘ ਦਾ ਵਿਆਹ ਨਸੀਬ ਕੌਰ ਨਾਲ ਹੋਇਆ। ਉਨ੍ਹਾਂ ਦੀ ਇੱਕ ਲੜਕੀ ਇੰਦਰਜੀਤ ਕੌਰ ਹੈ ਜੋ ਕੈਨੇਡਾ ਵਿਖੇ ਰਹਿ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>