ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ : ਉਜਾਗਰ ਸਿੰਘ

IMG_5148.resizedਯਾਦਵਿੰਦਰ ਸਿੰਘ ਕਲੌਲੀ ਸਮਾਜਿਕਤਾ ਦੇ ਰੰਗ ਵਿੱਚ ਰੰਗਿਆ ਕਵੀ ਹੈ। ਉਸਨੂੰ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ, ਕਿਉਂਕਿ ਉਸ ਦੀਆਂ ਕਵਿਤਾਵਾਂ ਲੋਕ ਹਿੱਤਾਂ ‘ਤੇ  ਪਹਿਰਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਲੋਕਾਈ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਪੀੜ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ 68 ਨਿੱਕੀਆਂ-ਵੱਡੀਆਂ ਕਵਿਤਾਵਾਂ ਹਨ, ਪ੍ਰੰਤੂ ਇਹ ਕਵਿਤਾਵਾਂ ਭਾਵਪੂਰਤ ਹਨ। ਨਿੱਕੀਆਂ ਕਵਿਤਾਵਾਂ ਵਿੱਚ ਵੱਡੀਆਂ ਗੱਲਾਂ ਕੀਤੀਆਂ ਗਈਆਂ ਹਨ। ਯਾਦਵਿੰਦਰ ਸਿੰਘ ਕਲੌਲੀ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਵਿਚਲੀਆਂ ਕਵਿਤਾਵਾਂ ਇਨਸਾਨੀਅਤ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ, ਕਿਉਂਕਿ ਉਹ ਆਪਣੇ ਪਿੰਡ ਦਾ ਸਰਪੰਚ ਰਿਹਾ ਹੈ, ਇਸ ਲਈ ਲੋਕਾਈ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂੰ ਹੈ। ਇਸ ਤੋਂ ਇਲਾਵਾ ਉਹ ਗੁਰਸ਼ਰਨ ਸਿੰਘ ਨਾਟਕਕਾਰ ਦੇ ਪ੍ਰਗਤੀਸ਼ੀਲ ਨਾਟਕਾਂ ਵਿੱਚ ਅਦਾਕਾਰੀ ਕਰਦਾ ਰਿਹਾ ਹੈ। ਇਹ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਵਿਤਾਵਾਂ ਦੇ ਵਿਸ਼ੇ ਮਨੁੱਖੀ ਰਿਸ਼ਤਿਆਂ ਵਿੱਚ ਤ੍ਰੇੜਾਂ, ਸਮਾਜਿਕ ਨਾ ਬਰਾਬਰੀ, ਵਾਤਾਵਰਨ, ਕੁਦਰਤ, ਪੌਣ ਪਾਣੀ, ਰੁੱਖਾਂ ਤੇ ਪੰਛੀਆਂ ਦੀ ਸੰਭਾਲ, ਚਾਪਲੂਸੀ, ਗ਼ਰੀਬੀ, ਜ਼ਿੰਦਗੀ ਦੀ ਜਦੋਜਹਿਦ, ਜ਼ਬਰ ਜ਼ੁਲਮ, ਸਿਆਸਤਦਾਨਾ ਦਾ ਮੁੱਦਿਆਂ ਤੋਂ ਭਟਕਣਾ ਅਤੇ ਇਨਸਾਫ਼ ਆਦਿ ਹਨ। ‘ਉਹ ਕਿੱਸੇ’ ਸਿਰਲੇਖ ਵਾਲੀ ਪਹਿਲੀ ਕਵਿਤਾ ਵਿੱਚ ਲਿਖਦਾ ਹੈ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਇੱਕ ਸ਼ਿਅਰ ਹੈ:
ਖਾਲੀ ਖੀਸੇ ‘ਚ ਲੱਭਦਾ ਸੀ ਸੰਸਾਰ, ਹਰ ਪਗਡੰਡੀ ਤੇ ਚੇਤੇ ਆਏ, ਉਹ ਕਿੱਸੇ।

ਜਦ ਕਦੇ ਵੀ ਘੇਰਿਆ ਹਨ੍ਹੇਰਿਆਂ ਨੇ, ਔਕੜ ਵੇਲੇ ਦੋਸਤ ਬਣ, ਸਾਥ ਨਿਭਾਏ, ਉਹ ਕਿੱਸੇ।

IMG_5149.resizedਇਸ ਸ਼ਿਅਰ ਦੀ ਗੰਭੀਰਤਾ ਵੇਖਣ ਵਾਲੀ ਹੈ ਕਿ ਮੁਸੀਬਤਾਂ ਦੇ ਹਨ੍ਹੇਰਿਆਂ ਸਮੇਂ ਕੋਈ ਸਾਥ ਨਹੀਂ ਦਿੰਦਾ, ਸਿਰਫ਼ ਮਿਹਨਤ ਹੀ ਰਾਸ ਆਉਂਦੀ ਹੈ, ਸਫ਼ਲਤਾ ਤੋਂ ਬਾਅਦ ਹਰ ਇੱਕ ਸਾਥ ਦੇਣ ਲਈ ਤਿਆਰ ਹੁੰਦਾ ਹੈ, ਜਦੋਂ ਇਨਸਾਨ ਮੁਸ਼ਕਲਾਂ ‘ਤੇ ਕਾਬੂ ਪਾ ਲੈਂਦਾ ਹੈ।   ਸਮਾਜਿਕ ਤਾਣੇ-ਬਾਣੇ ਵਿੱਚ ਰਿਸ਼ਤਿਆਂ ਵਿੱਚ ਗਿਰਾਵਟ ਆ ਗਈ ਹੈ। ਕਿਸੇ ‘ਤੇ ਵੀ ਇਤਬਾਰ ਕਰਨ ਤੋਂ ਡਰ ਲੱਗਦਾ ਹੈ। ਕਵੀ ਨੇ ਦਸ ‘ਕੁਝ ਹੋਰ’, ਉਹ ਕਿੱਸੇ’, ‘ਭਾ ਜੀ’, ‘ਆਹ ਵਾਲੀ’, ‘ਔਖੇ ਪੈਂਡੇ’, ‘ਤੇਰੇ ਸ਼ਹਿਰ ਦੇ ਲੋਕ’, ‘ਹੋਰ’, ‘ਤੇਰੀ ਟੋਲੀ’, ‘ਖਾਸ ਚਿਹਰੇ’  ਕਵਿਤਾਵਾਂ ਵਿੱਚ  ਰਿਸ਼ਤਿਆਂ ਨੂੰ ਅਣਡਿਠ ਕਰਨ ਦਾ ਦ੍ਰਿਸ਼ਟਾਂਤਿਕ ਦ੍ਰਿਸ਼ ਪੇਸ਼ ਕੀਤਾ ਹੈ। ਕਿਵੇਂ ਲੋਕ ਆਪਣਿਆਂ ਤੋਂ ਔਖੇ ਸਮੇਂ ਮੂੰਹ ਮੋੜ ਲੈਂਦੇ ਹਨ। ਇਹ ਕਵਿਤਾਵਾਂ ਸਮਾਜਿਕ ਰਿਸ਼ਤਿਆਂ ਵਿੱਚ ਆਈ ਖਟਾਸ ਦਾ ਨਮੂਨਾ ਹਨ। ‘ਕਾਇਨਾਤ’ ਕਵਿਤਾ ਵਿੱਚ ਕਵੀ ਨੇ ਬੜੇ ਅਹਿਮ ਨੁਕਤੇ ਮਹਿੰਗਾਈ, ਬੇਰੋਜ਼ਗਾਰੀ, ਵਿਦਿਆ ਦਾ ਵਿਓਪਾਰ, ਗ਼ਰੀਬੀ, ਜਿਸਮਾਨੀ ਸ਼ੋਸ਼ਣ, ਬਦਲੇ ਦੀ ਭਾਵਨਾ, ਹੰਕਾਰ, ਗ਼ਲਤ ਰਸਮੋ ਰਿਵਾਜ਼ ਅਤੇ ਸਿਆਸਤਦਾਨਾ ਦਾ ਮੁੱਦਿਆਂ ਤੋ ਭਟਕਣਾ ਆਦਿ ਉਠਾਏ ਹਨ। ਇਸ ਤੋਂ ਕਵੀ ਦੀ ਆਪਣੇ ਸਮਾਜ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਦੀ ਰੁਚੀ ਦਾ ਪਤਾ ਲੱਗਦਾ ਹੈ। ਇਹ ਨੁਕਤੇ ਜ਼ਿੰਦਗੀ ਨੂੰ ਸਿੱਧੇ ਰਸਤੇ ਜਾਣ ਤੋਂ ਰੋਕਦੇ ਹਨ। ਰੁੱਖਾਂ, ਹਵਾਵਾਂ ਅਤੇ ਪੰਛੀਆਂ ਦੀ ਸਾਂਭ ਸੰਭਾਲ ਦੀ ਚੇਤਨਾ ਪੈਦਾ ਕਰਨ ਵਾਲੀਆਂ ‘ਸੁਣਲੋ ਜ਼ਰਾ’, ‘ਬਿਰਖਾਂ ਸੰਗ ਵੰਡਾਂ’, ‘ਖ਼ੁਸ਼ਹਾਲੀ’ ਅਤੇ ‘ਪਰਿੰਦੇ’ ਚਾਰ ਕਵਿਤਾਵਾਂ ਹਨ, ਜਿਹੜੀਆਂ ਸਮਾਜ ਨੂੰ ਰੁੱਖਾਂ, ਸਾਫ਼ ਸੁਥਰੀਆਂ ਹਵਾਵਾਂ ਤੇ ਪੰਛੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ।  ਰੁੱਖ, ਹਵਾ ਅਤੇ ਪਰਿੰਦੇ ਆਪਣੀਆਂ ਨਿਆਮਤਾਂ ਦੀ ਖ਼ੁਸ਼ਬੋ ਵੰਡਣ ਲਈ ਦੇਸ਼ਾਂ ਦੀਆਂ ਸਰਹੱਦਾਂ ਦੇ ਮੁਹਤਾਜ ਨਹੀਂ ਹੁੰਦੇ। ਸ਼ਾਇਰ ਨੇ ਦੇਸ਼ ਦੀ ਵੰਡ ਦੇ ਸੰਤਾਪ ਦਾ ਪ੍ਰਗਟਾਵਾ ਵੀ ਕੀਤਾ ਹੈ, ਕਿਉਂਕਿ ਇਨਸਾਨੀਅਤ ਦਾ ਖ਼ੂਨ ਡੁੱਲਣ ਨਾਲ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਦੋਹਾਂ ਦੇਸ਼ਾਂ ਦੇ ਲੋਕ ਗਲਵਕੜੀਆਂ ਪਾਉਣਾ ਚਾਹੁਦੇ ਹਨ। ਨਸ਼ਿਆਂ ਦੇ ਪ੍ਰਕੋਪ ਬਾਰੇ ਵੀ ਕਵੀ ਨੇ ਕਈ ਕਵਿਤਾਵਾਂ ਵਿੱਚ ਦੁੱਖ ਪ੍ਰਗਟਾਇਆ ਹੈ ਜਿਵੇਂ ‘ਚਿੱਟਾ ਨੱਚੇ’ ਕਵਿਤਾ ਵਿੱਚ ਪੰਜਾਂ ਪਾਣੀਆਂ ਦੀ ਪਵਿਤਰਤਾ ਨੂੰ ਕਾਲਖ਼ ਦੀ ਬਦਲੀ ਨੇ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਨਸ਼ਿਆਂ ਦਾ ਛੇਵਾਂ ਦਰਿਆ ਵੱਗਣ ਲੱਗਿਆ ਹੈ। ਕਈ ਘਰ ਤਬਾਹ ਹੋ ਗਏ ਹਨ।  ਯਾਦਵਿੰਦਰ ਸਿੰਘ ਕਲੌਲੀ ਦੀਆਂ ਕਵਿਤਾਵਾਂ ਵੀ ਬਹੁ-ਰੰਗੀ ਹਨ, ਜਿਥੇ ਨਸ਼ਿਆਂ ਦੀ ਦਲਦਲ ਦੀ ਗੱਲ ਕਰਦਾ ਹੈ, ਉਥੇ ਹੀ ਕਿਰਤੀਆਂ ਦੀ ਬਾਤ ਪਾਉਂਦਾ ‘ੳੁੱਠ ਕਿਰਤੀਆ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ, ਕਿਰਤੀਆ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ, ਸਭ ਲੋਕ ਅਮੀਰਾਂ ਦੇ ਮੁੱਦਈ ਬਣਦੇ ਹਨ। ਤੁਹਾਨੂੰ ਇੱਕਮੁੱਠਤਾ ਨਾਲ ਹਿੰਮਤ ਕਰਨੀ ਪਵੇਗੀ, ਕਿਉਂਕਿ ਏਕੇ ਵਿੱਚ ਬਰਕਤ ਹੁੰਦੀ ਹੈ, ਤੂੰ ਸੰਸਾਰ ਲਈ ਅਨਾਜ ਪੈਦਾ ਕਰਦਾ ਹੈਂ ਤੇ ਖੁਦ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਦਾ ਹੈਂ। ਤਰਲੇ ਮਿੰਨਤਾਂ ਕਰਨ ਦੀ ਲੋੜ ਨਹੀਂ, ਸਗੋਂ ਕਾਫ਼ਲਾ ਬਣਾਕੇ ਚਲੋ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ਸਿਆਸਤਦਾਨ ਤਾਂ ਧਰਮਾ, ਜ਼ਾਤਾਂ, ਫਿਰਕਿਆਂ, ਮੰਦਰਾਂ ਮਸਜਿਦਾਂ ਦੀਆਂ ਵੰਡੀਆਂ ਪਾ ਕੇ ਰਾਜ ਕਰਦੇ ਹਨ। ਲੋਕਾਂ ਦੇ ਹਿੱਤਾਂ ਤੇ ਪਹਿਰਾ ਨਹੀਂ ਦਿੰਦੇ। ਚੋਣਾਂ ਮੌਕੇ ਵਾਅਦੇ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਵਾਅਦੇ ਕਦੀਂ ਵਫ਼ਾ ਨਹੀਂ ਹੁੰਦੇ। ਇਸਦੇ ਨਾਲ ਹੀ ਕਵੀ ਨਫ਼ਰਤਾਂ ਦੇ ਬੀਜ ਬੀਜਣ ਵਾਲਿਆਂ ਤੋਂ ਲੋਕਾਈ ਨੂੰ ਸੁਚੇਤ ਰਹਿਣ ਦੀ ਤਾਕੀਦ ਵੀ ਕਰਦਾ ਹੈ। ਨਫ਼ਰਤਾਂ ਇਨਸਾਨੀਅਤ ਦੀ ਸੋਚ ਦਾ ਨੁਕਸਾਨ ਕਰਦੀਆਂ ਹਨ। ਸਦਭਾਵਨਾ ਦਾ ਮਾਹੌਲ ਤਰੱਕੀ ਦਾ ਪ੍ਰਤੀਕ ਹੁੰਦਾ ਹੈ। ਹਾਕਮ ਧਿਰ ਹਮੇਸ਼ਾ ਪੁੱਠੀ ਖੇਡ ਖੇਡਦੀ ਰਹਿੰਦੀ ਹੈ। ਨਿਖੱਟੂ ਤੇ ਵਿਹਲੜ ਸਰਕਾਰਾਂ ਦਾ ਸਾਥ ਦਿੰਦੇ ਹਨ। ਲੋਕ ਮੁਖੌਟੇ ਪਾਈ ਫਿਰਦੇ ਹਨ, ਦੋਹਰੇ ਕਿਰਦਾਰਾਂ ਨਾਲ ਜ਼ਿੰਦਗੀ ਜਿਓ ਰਹੇ ਹਨ, ਜਿਸਦਾ ਇਨਸਾਨੀਅਤ ਨੂੰ ਨੁਕਸਾਨ ਹੁੰਦਾ ਹੈ। ‘ਸਿਖਰ ਦੀ ਪੌੜੀ’ ਕਵਿਤਾ ਵਿੱਚ ਲੋਕਾਈ ਨੂੰ ਜਾਗ੍ਰਤ ਕਰਦਾ ਕਵੀ ਕਹਿੰਦਾ ਹੈ ਕਿ ਤੇਰੇ ਰਸਤੇ ਵਿੱਚ ਭਾਵੇਂ ਕੰਡੇ ਬੜੇ ਹਨ, ਪ੍ਰੰਤੂ ਤੂੰ ਅਜੇ ਸਿਖਰ ਦੀ ਪੌੜੀ ਚੜ੍ਹਨਾ ਹੈ, ਇਸ ਲਈ ਭਾਈਵਾਲੀ ਨਾਲ ਅੱਗੇ ਵੱਧਦਾ ਰਹਿ, ਧਰਮਾ ਵਾਲੇ ਤੇਰੇ ਰਸਤੇ ਵਿੱਚ ਰੋੜਾ ਬਣਨਗੇ, ਡਰਨਾ ਨਹੀਂ। ਡੇਰਾਵਾਦ ਬਾਰੇ ‘ਫਿਰ ਚੱਲਿਆ’ ਕਵਿਤਾ ਵਿੱਚ ਦੱਸਦਾ ਹੈ ਕਿ ਚਿੱਟੇ ਚੋਲੇ ਪਾ ਕੇ ਮਹਿੰਗੀਆਂ ਗੱਡੀਆਂ ਵਿੱਚ ਆਨੰਦ ਮਾਣਦੇ ਫਿਰਦੇ ਹਨ, ਪ੍ਰੰਤੂ ਸਦਭਾਵਨਾ ਦੀ ਥਾਂ ਲੋਕਾਈ ਨੂੰ ਗੁੰਮਰਾਹ ਕਰਕੇ ਆਪਣਾ ਕਾਰੋਬਾਰ ਕਰਦੇ ਹਨ। ਇੱਕ ਹੋਰ ‘ਗੱਲ ਸੁਣੀ ਏ’ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਮੁਖੌਟੇ ਪਾ ਕੇ ਇਹ ਸਫ਼ੈਦ ਪੋਸ਼ਾਂ ਦੇ ਪਹਿਰਾਵੇ ਵਿੱਚ ਲੋਕਾਈ ਨੂੰ ਨੋਚ-ਨੋਚ ਕੇ ਖਾ ਜਾਂਦੇ ਹਨ। ਏਸੇ ਤਰ੍ਹਾਂ ‘ਝਗੜਾ ਅੰਦਰ ਦਾ’ ਕਵਿਤਾ ਵਿੱਚ ਵੀ ਸਫ਼ੈਦ ਪੋਸ਼ਾਂ ਦੇ ਕਿਰਦਾਰ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਤੋਂ ਬਚਣ ਦੀ ਇਹ ਕਵਿਤਾ ਤਾਕੀਦ ਕਰਦੀ ਹੈ। ਲੋਕ ਮੌਕਾਪ੍ਰਸਤ ਹਨ। ਆਧੁਨਿਕ ਦੌਰ ਵਿੱਚ ਇਨਸਾਨ ਬਹੁਤ ਹੀ ਖ਼ੁਦਗਰਜ਼ ਹੋ ਗਿਆ ਹੈ, ਕਵੀ ਨੇ ਖੁਦਗਰਜ਼ੀ ਨਾਲ ਸੰਬੰਧਤ ‘ਤੇਰੀਆਂ ਰਾਹਵਾਂ’, ‘ਰੋਹ’ ਅਤੇ ‘ਖਾਸ ਚਿਹਰੇ’, ਕਵਿਤਾਵਾਂ ਵਿੱਚ ਦੱਸਿਆ ਹੈ ਕਿ ਔਖੇ ਸਮੇਂ ਦੋਸਤ ਵੀ ਕੰਮ ਨਹੀਂ ਆਉਂਦੇ। ਲੋਕ ਨਿੱਜੀ ਲਾਭ ਲਈ ਹੀ ਤੁਹਾਡਾ ਸਾਥ ਦਿੰਦੇ ਹਨ। ਸਮਾਜਿਕ ਸਰੋਕਾਰਾਂ ਦੀਆਂ ਕਵਿਤਾਵਾਂ ਤੋਂ ਇਲਾਵਾ ‘ਵਿਖਾਵੇ ਵਿੱਚ’,  ‘ਕੰਡਿਆਂ ਵਾਂਗੂੰ ਖੜ੍ਹੇ ਲੂੰ’, ‘ਚਿੱਠੀ’, ‘ਤੇਰੇ ਕਿੱਸੇ’, ‘ਰੌਣਕ’, ‘ਸੌਦਾ ਜ਼ਿੰਦਗੀ ਦਾ’, ‘ਛੋਹ ਜਿਹਾ’ ਅਤੇ ‘ਜੋਗੀ’ ਅੱਠ  ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਵੀ ਹਨ।

ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਭਵਿਖ ਵਿੱਚ ਯਾਦਵਿੰਦਰ ਸਿੰਘ ਕਲੌਲੀ ਤੋਂ ਹੋਰ ਬਿਹਤਰੀਨ ਕਵਿਤਾਵਾਂ ਲਿਖਕੇ ਮਾਂ ਬੋਲੀ ਦੀ ਝੋਲੀ ਵਿੱਚ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।

80 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਜੇ ਪੀ. ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਯਾਦਵਿੰਦਰ ਸਿੰਘ ਕਲੌਲੀ : 9541436253

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>