ਸੰਸਾਰ ਵਿੱਚ ਅਰਾਜਕਤਾ, ਹਿੰਸਾ ਅਤੇ ਦੇਸ਼ਾਂ ਦੀਆਂ ਆਪਸੀ ਖ਼ਹਿਬਾਜ਼ੀਆਂ ਕਰਕੇ ਜੰਗਾਂ ਦਾ ਮਾਹੌਲ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਸਮਾਜਿਕ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ। ਇਸ ਦਾ ਖਮਿਆਜ਼ਾ ਵੀ ਲੋਕਾਈ ਹੀ ਭੁਗਤ ਰਹੀ ਹੈ। ਇਹ ਹਾਲਾਤ ਵੀ ਇਨਸਾਨ ਹੀ ਪੈਦਾ ਕਰ ਰਹੇ ਹਨ, ਪ੍ਰੰਤੂ ਸੰਵੇਦਨਸ਼ੀਲ ਲੋਕਾਂ ਖਾਸ ਤੌਰ ‘ਤੇ ਵਿਦਵਾਨਾ ਅਤੇ ਸਾਹਿਤਕਾਰਾਂ ਨੂੰ ਇਨਸਾਨੀਅਤ ਦੀ ਤਬਾਹੀ ਬਹੁਤ ਮਹਿਸੂਸ ਹੁੰਦੀ ਹੈ। ਇਸ ਕਰਕੇ ਸੂਝਵਾਨ ਤੇ ਸੰਵੇਦਨਸ਼ੀਲ ਲੇਖਕਾਂ ਅਰਵਿੰਦਰ ਕੌਰ ਕਾਕੜਾ ਤੇ ਅਜਮੇਰ ਸਿੱਧੂ ਨੇ ਇੱਕ ਕਾਵਿ ਸੰਗ੍ਰਹਿ ‘ਮੈਂ ਗਾਜ਼ਾ ਕਹਿਨਾ’ ਸੰਪਾਦਿਤ ਕੀਤਾ ਹੈ, ਜਿਸ ਵਿੱਚ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਗਾਜ਼ਾ ਵਿੱਚ ਹੋ ਰਹੇ ਕਤਲੇਆਮ ਦੀ ਦਰਦਨਾਕ ਤਸਵੀਰ ਖਿੱਚ ਕੇ ਰੱਖ ਦਿੱਤੀ ਹੈ। ‘ਮੈਂ ਗਾਜ਼ਾ ਕਹਿਨਾ’ ਅਤਿਅੰਤ ਸੰਵੇਦਨਸ਼ੀਲਤਾ ਵਾਲਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ 73 ਕਵੀਆਂ ਦੀਆਂ ਮੌਲਿਕ ਅਤੇ 5 ਕਵੀਆਂ ਦੀਆਂ ਅਨੁਵਾਦਿਤ ਕੁਲ 83 ਕਵਿਤਾਵਾਂ ਸ਼ਾਮਲ ਹਨ, ਜਿਹੜੀਆਂ ਇਜ਼ਰਾਈਲ ਵੱਲੋਂ ਅਮਰੀਕਾ ਦੀ ਸ਼ਹਿ ਤੇ ਮੱਦਦ ਨਾਲ ਗਾਜ਼ਾ ਵਿੱਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਕਰਨ ਲਈ ਕੀਤੇ ਜਾ ਰਹੇ ਜ਼ਾਲਮਾਨਾ ਤੇ ਨਿਰਦਈ ਕਤਲੇਆਮ ਦੀ ਤ੍ਰਾਸਦੀ ਨੂੰ ਬਿਆਨ ਕਰਦੀਆਂ ਹਨ। ਇਸ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸਾਮਰਾਜਵਾਦੀ ਤਾਕਤਾਂ ਦੇ ਮਾਨਵਤਾਵਾਦੀ ਮਖੌਟੇ ਦਾ ਵੀ ਪਰਦਾ ਫਾਸ਼ ਕਰਦੀਆਂ ਹਨ, ਉਹ ਕਹਿਣੀ ਤੇ ਕਰਨੀ ਤੇ ਪੂਰੇ ਨਹੀਂ ਉਤਰਦੇ। ਸੰਸਾਰ ਦੇ ਵਰਤਮਾਨ ਪਰਜਾਤੰਤਰਕ ਢਾਂਚੇ ਵਿੱਚ ਵੀ ਧਰਮ, ਜਾਤ ਤੇ ਨਸਲ ਦੀਆਂ ਵੰਡੀਆਂ ਕਰਕੇ ਹੋ ਰਹੀਆਂ ਲੜਾਈਆਂ ਇਨਸਾਨੀਅਤ ਵਿੱਚ ਨਫ਼ਰਤਾਂ ਦੇ ਬੀਜ, ਬੀਜਕੇ ਭਾਈਚਾਰਕ ਸਾਂਝ ਨੂੰ ਖ਼ੇਰੂੰ-ਖ਼ੇਰੂੰ ਕਰ ਰਹੀਆਂ ਹਨ, ਜਿਨ੍ਹਾਂ ਕਰਕੇ ਗਾਜ਼ਾ ਵਿੱਚ ਦਰਿੰਦਗੀ ਦਾ ਨੰਗਾ ਨਾਚ ਹੋ ਰਿਹਾ ਹੈ। ਇਨ੍ਹਾਂ ਕਵਿਤਾਵਾਂ ਵਿੱਚ ਜੰਗਾਂ ਦੇ ਵਿਨਾਸ਼ਕਾਰੀ ਸਿੱਟਿਆਂ ਨਾਲ ਇਨਸਾਨੀਅਤ ਦੇ ਹੋ ਰਹੇ ਘਾਣ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੰਪਾਦਕੀ ਮੰਡਲ ਨੇ ਕਵਿਤਾਵਾਂ ਦੀ ਚੋਣ ਬਹੁਤ ਹੀ ਸੰਜੀਦਗੀ ਨਾਲ ਕੀਤੀ ਹੈ। ਕਵਿਤਾਵਾਂ ਸੰਵੇਦਨਸ਼ੀਲ ਲੋਕਾਂ ਨੂੰ ਗਾਜ਼ਾ ਵਿੱਚ ਹੋ ਰਹੀ ਜੰਗ ਦੇ ਮਾਰੂ ਸਿੱਟਿਆਂ ਦੀ ਜਾਣਕਾਰੀ ਦੇ ਕੇ ਕੋਈ ਸਾਰਥਿਕ ਕਦਮ ਚੁੱਕਣ ਲਈ ਝੰਜੋੜਦੀਆਂ ਹਨ। ਸਾਮਰਾਜੀ ਤਾਕਤਾਂ ਜੰਗਾਂ ਦੇ ਰਾਹੀਂ ਆਪਣਾ ਦਬਦਬਾ ਬਣਾਕੇ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਮਰੀਕਾ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਹੋਣ ਦੀ ਧੌਂਸ ਵਿਖਾ ਰਿਹਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਰਾਹੀਂ ਅਦਾਰਾ ਪਰਵਾਜ਼ ਨੇ ਫ਼ਲਸਤੀਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਇਸ ਧੱਕੇਸ਼ਾਹੀ ਵਿਰੁੱਧ ਲੋਕ ਰਾਇ ਪੈਦਾ ਕੀਤੀ ਜਾ ਸਕੇ। ਇਨ੍ਹਾਂ ਕਵਿਤਾਵਾਂ ਨੇ ਇਹ ਵੀ ਦਰਸਾਇਆ ਹੈ ਕਿ ਇਤਨੀ ਬੇਰਹਿਮੀ ਨਾਲ ਮਨੁੱਖੀ ਜਾਨਾ ਖਾਸ ਤੌਰ ‘ਤੇ ਇਸਤਰੀਆਂ ਅਤੇ ਬੱਚਿਆਂ ਦੀ ਦਰਦਨਾਕ ਕਤਲੋਗਾਰਤ ਵੀ ਗਾਜ਼ਾ ਵਾਸੀਆਂ ਦੇ ਹੌਸਲੇ ਨੂੰ ਤੋੜ ਨਹੀਂ ਸਕੀ। ਭੁੱਖ ਨਾਲ ਵਿਲਕਦੇ ਬੱਚਿਆਂ ਦੀਆਂ ਕਿਲਕਾਰੀਆਂ ਹਰ ਇਨਸਾਨ ਦੇ ਦਿਲ ਵਿੱਚ ਇਜ਼ਰਾਈਲ ਦੇ ਵਤੀਰੇ ਦੀ ਨਿੰਦਿਆ ਕਰਨ ਅਤੇ ਇਸ ਜੰਗ ਦੇ ਵਿਰੁੱਧ ਪਰਜਾਤੰਤਰਿਕ ਢੰਗ ਰਾਹੀਂ ਲਾਮਬੰਦ ਹੋ ਕੇ ਇੱਕਮੁੱਠਤਾ ਨਾਲ ਵਿਰੋਧ ਕਰਨ ਦੀ ਜਾਗ ਲਗਾਉਂਦੀ ਹੈ। ਫ਼ਲਸਤੀਨੀਆਂ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਅਜਿਹੇ ਕਰੂਰਤਾ ਦੇ ਵਿਵਹਾਰ ਦਾ ਮੁਕਾਬਲਾ ਕਰਦਿਆਂ ਆਪਣੀ ਹੋਂਦ ਦੀ ਲੜਾਈ ਤਨਦੇਹੀ ਨਾਲ ਲੜ ਰਹੇ ਹਨ। ਇਸ ਕਾਵਿ ਸੰਗ੍ਰਹਿ ਦੀ ਹਰ ਕਵਿਤਾ ਆਪੋ-ਆਪਣੇ ਢੰਗ ਨਾਲ ਸਾਮਰਾਜੀ ਤਾਕਤਾਂ ਦੀਆਂ ਅਮਾਨਵੀ ਹਰਕਤਾਂ ਨੂੰ ਨੰਗਿਆ ਕਰਦੀ ਹੈ। ਅਜਿਹੀਆਂ ਜੰਗਾਂ ਸਮੇਂ ਲਿਖੀਆਂ ਗਈਆਂ ਕਵਿਤਾਵਾਂ ਤੇ ਸਾਹਿਤ ਇਤਿਹਾਸ ਦਾ ਹਿੱਸਾ ਬਣਕੇ ਆਉਣ ਵਾਲੀ ਪੀੜ੍ਹੀ ਨੂੰ ਸਾਮਰਾਜੀ ਤਾਕਤਾਂ ਦੇ ਗ਼ੈਰ ਮਨੁਖੀ ਵਿਵਹਾਰ ਬਾਰੇ ਜਾਣੂੰ ਕਰਵਾਏਗੀ। ‘ਗਾਜ਼ਾ ਤੋਂ ਆਈ ਪੁਕਾਰ’ ਕਵਿਤਾ ਵਿੱਚ ਮਾਵਾਂ ਦੀਆਂ ਦੁੱਧ ਬਿਨਾ ਸੁੱਕੀਆਂ ਛਾਤੀਆਂ, ਬੱਚਿਆਂ ਨੂੰ ਤੜਪਣ, ਵਿਲਕਣ ਤੇ ਭੁੱਖ ਨਾਲ ਮਰਨ ਲਈ ਮਜ਼ਬੂਰ ਕਰ ਰਹੀਆਂ ਹਨ। ਮਾਵਾਂ ਬੱਚਿਆਂ ਨੂੰ ਭੁੱਖ ਨਾਲ ਰੋਂਦੇ ਕੁਰਲਾਂਦੇ ਵੇਖਦੀਆਂ ਬੇਬਸ ਹਨ:
ਮਾਵਾਂ ਦੇ ਵੀ ਦੁੱਧ ਮੁੱਕ ਗਏ
ਭੁੱਖੀਆਂ ਭਾਣੀਆਂ ਉਹ ਵੀ ਕਿਥੋਂ ਚੁੰਘਾਉਣ
ਛਾਤੀ ਨਾਲ ਲਾ ਰੋਂਦੀਆਂ ਸਾਨੂੰ
ਦੇਖ ਸਾਨੂੰ ਦੁੱਧ ਨੂੰ ਤਰਸਦੇ।
ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪਾਠਕਾਂ ਦੇ ਦਿਲਾਂ ਨੂੰ ਵਲੂੰਧਰਦੀਆਂ ਹਨ। ਲੋਕਾਂ ਨੂੰ ਇਸ ਅਣਹੋਣੀ ਖਿਲਾਫ਼ ਸਖ਼ਤ ਫ਼ੈਸਲੇ ਕਰਨ ਦੀ ਤਾਕੀਦ ਕਰਦੀਆਂ ਹਨ। ‘ਗਾਜ਼ਾ ਦੇ ਪੀੜਤ’ ਸਿਰਲੇਖ ਵਾਲੀ ਕਵਿਤਾ ਮਨੁੱਖੀ ਹੱਕਾਂ ਦੇ ਅਖੌਤੀ ਪਹਿਰੇਦਾਰਾਂ ਨੂੰ ਵੰਗਾਰਦੀ ਹੈ:
ਉਹ ਜੋ ਮਨੁੱਖੀ ਹੱਕਾਂ ਦੇ ਅਖੌਤੀ ਅਲੰਬਰਦਾਰਾਂ ਦਾ
ਹੁੰਦੇ ਜ਼ੁਲਮ ਸਾਹਵੇਂ
ਹਾਅ ਦਾ ਨਾਅਰਾ ਗੁੰਗਾ ਹੋ ਗਿਆ ਹੈ
ਧਰਮਾਂ, ਨਸਲਾਂ ਤੇ ਸਵਾਰਥਾਂ ਨਾਲ ਜਾ ਖੜ੍ਹਿਆ ਹੈ
ਭਵਿਖ ਇਨ੍ਹਾਂ ਨੂੰ ਕਟਹਿਰੇ ‘ਚ ਖੜ੍ਹਾ ਕਰੇਗਾ
ਤੇ ਇਹ ਯਾਦ ਰੱਖਣ ਕਿਸੇ ਇਤਿਹਾਸ ਦਾ ਬਦਲਾ
ਵਰਤਮਾਨ ਨਹੀਂ ਲੈ ਸਕਦਾ
ਤੇ ਵਰਤਮਾਨ ਦੇ ਦਾਗ਼ ਭਵਿਖ ਨਹੀਂ ਧੋ ਸਕਦਾ
ਪੀੜਤਾਂ ਦੇ ਹੱਕ ‘ਚ ਵੱਜੇ ਕਿਸੇ ਨਾਅਰੇ ਦੀ ਗੂੰਜ
ਸਦੀਆਂ ਬੀਤਣ ਨਾਲ ਵੀ ਮੱਧਮ ਨਹੀਂ ਹੁੰਦੀ।
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਜਿਥੇ ਇਜ਼ਰਾਈਲ ਦੀ ਕਾਰਵਾਈ ਨੂੰ ਇਨਸਾਨੀਅਤ ਨਾਲ ਧ੍ਰੋਹ ਗਰਦਾਨ ਰਹੀਆਂ ਹਨ, ਉਥੇ ਹੀ ਸੰਸਾਰ ਦੇ ਮਨੁੱਖੀ ਹੱਕਾਂ ਦੇ ਰਖਵਾਲਿਆਂ ਵੱਲੋਂ ਪੀੜਤਾਂ ਦੀ ਮਦਦ ਲਈ ਮੋਹਰੀ ਦੀ ਭੂਮਿਕਾ ਨਿਭਾਉਣ ਦੀ ਪ੍ਰਸੰਸਾ ਵੀ ਕਰ ਰਹੀਆਂ ਹਨ। ਵਰ੍ਹ ਰਹੀਆਂ ਗੋਲੀਆਂ ਦੇ ਦਰਮਿਆਨ ਵੱਖ-ਵੱਖ ਦੇਸ਼ਾਂ ਦੇ ਲੋਕ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਲੈ ਕੇ ਜਾ ਰਹੇ ਹਨ। ‘ਇਨਸਾਨੀਅਤ ਦੀਆਂ ਚਿੱਠੀਆਂ’ ਸਿਰਲੇਖ ਵਾਲੀ ਕਵਿਤਾ ਲੋਕਾਈ ਦੀ ਹਮਦਰਦੀ ਦਾ ਪ੍ਰਗਟਾਵਾ ਇਸ ਪ੍ਰਕਾਰ ਕਰਦੀ ਹੈ:
ਸਮੁੰਦਰ ਦੀ ਹਿੱਕ ਤੇ ਤੈਰਦੀਆਂ
ਇਹ ਪਾਣੀ, ਦੁੱਧ, ਦਾਲਾਂ ਨਾਲ ਭਰੀਆਂ ਬੋਤਲਾਂ
ਚਿੱਠੀਆਂ ਨੇ ਮੁਹੱਬਤ ਦੀਆਂ
ਜਿਹੜੀਆਂ ਲੈ ਕੇ
ਜਾ ਰਹੀਆਂ ਖਾਣਾ
ਉਨ੍ਹਾਂ ਭੁੱਖ ਨਾਲ ਵਿਲਕਦੇ ਬੱਚਿਆਂ ਕੋਲ
ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।
ਗਾਜ਼ਾ ‘ਤੇ ਹੋ ਰਹੇ ਹਮਲਿਆਂ ਨੇ ਦੁਨੀਆਂ ਨੂੰ ਸ਼ਰਮਸ਼ਾਰ ਕੀਤਾ ਹੈ। ਦੁਨੀਆਂ ਦੇ ਲੋਕ ਜੰਗ ਵਿੱਚ ਹੋ ਰਹੀ ਤਬਾਹੀ ਬਾਰੇ ਸੁਣਕੇ ਤ੍ਰਾਹ-ਤ੍ਰਾਹ ਕਰ ਰਹੇ ਹਨ, ਪ੍ਰੰਤੂ ਉਥੋਂ ਦੇ ਬਹਾਦਰ ਲੋਕਾਂ ਦੇ ਹੌਸਲਿਆਂ ਨੂੰ ‘ਗਾਜ਼ਾ ਦਾ ਦਰਦ’ ਸਿਰਲੇਖ ਵਾਲੀ ਕਵਿਤਾ ਵਿੱਚ ਅਜਿਹੇ ਅੰਦਾਜ਼ ਵਿੱਚ ਲਿਖਿਆ ਹੈ ਕਿ ਪਾਠਕ ਫ਼ਲਸਤੀਨੀਆਂ ਦੀ ਹਿੰਮਤ ਨੂੰ ਸਲਾਮ ਕਰਨੋ ਰਹਿ ਨਹੀਂ ਸਕਦੇ:
ਆਪਣੀ ਮਿੱਟੀ ਖ਼ਾਤਰ ਲੜਦੇ ਲੋਕ, ਤਖ਼ਤਾਂ ਸੰਗ ਟਕਰਾਉਂਦੇ ਲੋਕ,
ਧੜ ਤੋਂ ਸਿਰ ਹੀ ਵੱਖ ਹੋ ਜਾਏ, ਫਿਰ ਵੀ ਨੇ ਮੁਸਕਰਾਉਂਦੇ ਲੋਕ।
ਮਨ ਦੇ ਅੰਦਰ ਝੱਖੜ ਲੈ ਕੇ, ਭੁੱਖੇ ਰਹਿ ਕੇ ਲੜਨ ਦਾ ਜਜ਼ਬਾ,
ਗਾਜ਼ਾ ਦੇ ਵਿੱਚ ਜੰਮੇ ਜਾਏ, ਮਹਿਲ ਰੇਤ ਦੇ ਢਾਹੁੰਦੇ ਲੋਕ।
ਦੁਨੀਆਂ ਦਾ ਉਹ ਕਰਤਾ-ਧਰਤਾ, ਨਿੱਤ ਫੁੰਕਾਰੇ ਰਹੇ ਮਾਰਦਾ,
ਈਨ ਉਹਦੀ ਨਾ ਮੰਨੇ ਗਾਜ਼ਾ, ਬੱਦਲ ਬਣਕੇ ਭਾਉਂਦੇ ਲੋਕ।
ਇਨ੍ਹਾਂ ਕਵਿਤਾਵਾਂ ਵਿੱਚ ਅਰਬ ਦੇ ਅਮੀਰਜ਼ਾਦਿਆਂ ਨੂੰ ਵੀ ਨਿਹੋਰੇ ਮਾਰੇ ਗਏ ਹਨ, ਉਨ੍ਹਾਂ ਨੂੰ ਗਾਜ਼ਾ ਵਿੱਚ ਹੋ ਰਿਹਾ ਕਤਲੇਆਮ ਤੇ ਤਬਾਹੀ ਕਿਉਂ ਨਹੀਂ ਦਿਸ ਰਹੀ? ਉਹ ਆਪਣੀ ਖ਼ੁਸ਼ਹਾਲੀ ਦੇ ਜਸ਼ਨਾ ਵਿੱਚ ਡੁੱਬੇ ਹੋਏ ਹਨ। ਇਤਨੇ ਭਿਅੰਕਰ ਹਾਲਾਤ ਵਿੱਚੋਂ ਵੀ ‘ਉਸਰ ਜਾਣਗੇ’ ਅਤੇ ‘ਕੁਕਨਸ’ ਕਵਿਤਾਵਾਂ ਵਿੱਚੋਂ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਇਨ੍ਹਾਂ ਕਵਿਤਾਵਾਂ ਦੇ ਕਵੀ ਕਹਿੰਦੇ ਹਨ ਕਿ ਜਿਤਨੀ ਮਰਜ਼ੀ ਤਬਾਹੀ ਕਰ ਲਓ ਪ੍ਰੰਤੂ ਇੱਕ-ਨਾ- ਇੱਕ ਦਿਨ ਫ਼ਲਸਤੀਨੀ ਲੋਕ ਮੁੜ ਉਠ ਖੜ੍ਹੇ ਹੋਣਗੇ ਤੇ ਆਪਣੇ ਘਰ ਬਾਰ ਉਸਾਰ ਲੈਣਗੇ। ਇਹ ਕਵਿਤਾਵਾਂ ਗਾਜ਼ਾ ਦੇ ਲੋਕਾਂ ਦੀ ਹਿੰਮਤ ਦੀ ਪ੍ਰਤੀਨਿਧਤਾ ਇਸ ਪ੍ਰਕਾਰ ਕਰਦੀਆਂ ਹਨ:
ਤੁਸੀਂ ਜੋ ਤਬਾਹੀ ਕੀਤੀ
ਹਮੇਸ਼ਾ ਨਹੀਂ ਰਹੇਗੀ
ਉਗ ਪੈਣਗੇ
ਰੁੱਖਾਂ ਵਾਂਗ ਹੌਸਲੇ
ਆਲ੍ਹਣਿਆਂ ‘ਚ ਬੋਟ
ਚੁੰਝਾਂ ‘ਚ ਸਪਨੇ।
ਏਸੇ ਤਰ੍ਹਾਂ ‘ਕੁਕਨਸ’ ਕਵਿਤਾ ਵਿੱਚ ਲਿਖਿਆ ਹੈ:
ਕੁਕਨਸ ਨੇ ਇਸੇ ਰਾਖ ‘ਚੋਂ
ਸੁਭਾਗੀ ਇਸੇ ਖ਼ਾਕ ‘ਚੋਂ
ਬਿਨਾਂ ਸ਼ੱਕ ਉਦੈ ਹੋਣਾ ਹੈ
ਜੀਵਨ ਦਾ ਗੀਤ ਛੋਹਣਾ ਹੈ।
ਅਖ਼ੀਰ ਵਿੱਚ ਮੈਂ ਕਾਵਿ ਸੰਗ੍ਰਹਿ ਦੀ ਸੰਪਾਦਕ ਅਰਵਿੰਦਰ ਕੌਰ ਕਾਕੜਾ, ਸਹਾਇਕ ਸੰਪਾਦਕ ਅਜਮੇਰ ਸਿੱਧੂ, ਸੰਪਾਦਕੀ ਮੰਡਲ ਅਤੇ ਅਦਾਰਾ ਪਰਵਾਜ਼ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤਾ ਹੈ।
158 ਪੰਨਿਆਂ, 160 ਰੁਪਏ, 10 ਡਾਲਰ ਕੀਮਤ ਵਾਲਾ ਕਾਵਿ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਅਰਵਿੰਦਰ ਕੌਰ ਕਾਕੜਾ: 9463615536, ਅਜਮੇਰ ਸਿੱਧੂ :9463063990
