ਬਲਰਾਜ ਧਾਲੀਵਾਲ ਦਾ ਗ਼ਜ਼ਲ ਸੰਗ੍ਰਹਿ ‘ਹਸਤੀ ਵਿਚਲਾ ਚੀਰ’ ਮਨੁੱਖਤਾ ਦੀ ਚੀਸ ਦਾ ਪ੍ਰਤੀਕ : ਉਜਾਗਰ ਸਿੰਘ

IMG_4745.resizedਬਲਰਾਜ ਧਾਲੀਵਾਲ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ। ‘ਹਸਤੀ ਵਿਚਲਾ ਚੀਰ’ ਉਸਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦਾ ‘ਦਿਲ ਕਹੇ’ ਗ਼ਜ਼ਲ ਸੰਗ੍ਰਹਿ 2017 ਵਿੱਚ ਪ੍ਰਕਾਸ਼ਤ ਹੋ ਚੁੱਕਾ ਹੈ। ਬਲਰਾਜ ਧਾਲੀਵਾਲ ਮਾਤਰਾ ਨਾਲੋਂ ਮਿਆਰ ਵਿੱਚ ਵਿਸ਼ਵਾਸ਼ ਰੱਖਦਾ ਹੈ। ਇਸ ਲਈ ਇਹ ‘ਹਸਤੀ ਵਿਚਲਾ ਚੀਰ’ ਉਸਦੀਆਂ ਪਿਛਲੇ ਅੱਠ ਸਾਲ ਵਿੱਚ ਲਿਖੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 66 ਗ਼ਜ਼ਲਾਂ ਸ਼ਾਮਲ ਹਨ। ਬਲਰਾਜ ਧਾਲੀਵਾਲ ਦੀਆਂ ਗ਼ਜ਼ਲਾਂ ਇਨਸਾਨੀ ਮਾਨਸਿਕਤਾ ਦਾ ਬਹੁ-ਪਰਤੀ ਵਿਸ਼ਲੇਸ਼ਣ ਕਰਦੀਆਂ ਹਨ। ਗ਼ਜ਼ਲਗੋ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਜੋ ਪ੍ਰਸਥਿਤੀਆਂ ਅਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਮਹਿਸੂਸ ਕਰਦਾ ਹੈ, ਇਨ੍ਹਾਂ ਗ਼ਜ਼ਲਾਂ ਵਿੱਚ ਉਨ੍ਹਾਂ ਦਾ ਪ੍ਰਤੀਕ੍ਰਮ ਲਿਖਦਾ ਹੈ। ਜੇ ਇੰਝ ਕਹਿ ਲਈਏ ਕਿ ਉਹ ਮਨੁੱਖਤਾ ਦੀਆਂ ਸਰੀਰਕ ਅਤੇ ਮਾਨਸਕ ਭਾਵਨਾਵਾਂ ਦੀ ਤਸਵੀਰ ਖਿੱਚ ਦਿੰਦਾ ਹੈ ਤਾਂ ਇਸ ਵਿੱਚ ਵੀ ਭੋਰਾ ਝੂਠ ਨਹੀਂ ਹੈ। ਸ਼ਾਇਰ ਦੀ ਇੱਕ-ਇੱਕ ਗ਼ਜ਼ਲ ਵਿੱਚ ਅਨੇਕ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਨਸਾਨੀਅਤ ਨੂੰ ਝੰਜੋੜਨ ਲਈ ਬਹੁਤ ਹੀ ਗੁੱਝੇ ਤੀਰ ਮਾਰੇ ਹਨ, ਜਿਹੜੇ ਸਮਝਦਾਰ ਇਨਸਾਨ ਨੂੰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਲਈ ਮਜ਼ਬੂਰ ਕਰਦੇ ਹਨ। ਇਹ ਗ਼ਜ਼ਲ ਸੰਗ੍ਰਹਿ ਪਾਠਕ ਦੇ ਮਨ ਦੀਆਂ ਮਾਨਸਿਕ ਤਰੰਗਾਂ ਨੂੰ ਉਧੇੜਨ ਤੇ ਨਿਖੇੜਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਇਨ੍ਹਾਂ ਗ਼ਜ਼ਲਾਂ ਵਿੱਚ ਸਿਰਫ਼ ਸ਼ਬਦਾਂ ਦੀ ਜਾਦੂਗਰੀ ਹੀ ਨਹੀਂ, ਸਗੋਂ ਇਨਸਾਨ ਦੀ ਮਾਨਸਿਕਤਾ ਨੂੰ ਦੁਬਿਧਾ ਵਿੱਚੋਂ ਬਾਹਰ ਕੱਢਣ ਦੀ ਕਲਾ ਵੀ ਸੰਮਿਲਤ ਹੈ। ਇਨਸਾਨੀਅਤ ਦੇ ਕਦਰਦਾਨਾ ਲਈ ਇਹ ਗ਼ਜ਼ਲ ਸੰਗ੍ਰਹਿ ਇੱਕ ਤੋਹਫ਼ਾ ਹੈ, ਪ੍ਰੰਤੂ ਪਾਠਕ ਨੂੰ ਇਸਦੀ ਚੀਸ ਨੂੰ ਮਹਿਸੂਸ ਕਰਨ ਦੀ ਪਹਿਲ ਕਰਨੀ ਹੋਵੇਗੀ। ਬਲਰਾਜ ਧਾਲੀਵਾਲ ਦੀਆਂ ਗ਼ਜ਼ਲਾਂ ਤੋਂ ਪਤਾ ਚਲਦਾ ਹੈ ਕਿ ਮਨੁੱਖੀ ਮਨ ਬੜਾ ਚੰਚਲ ਹੈ, ਕਿਉਂਕਿ ਉਹ ਜੋ ਕੁੱਝ ਵੇਖਦਾ-ਸੁਣਾ ਹੈ, ਉਸਦੇ ਕਈ ਪੱਖਾਂ ਦੇ ਵਿਸਤਰਿਤ ਵਿਕਲਪਾਂ ਨੂੰ ਸ਼ਬਦਾਂ ਦੇ ਚਿਤਰਪਟ ਰਾਹੀਂ ਬਾਰੀਕੀ ਨਾਲ ਕਾਗ਼ਜ਼ ਦੀ ਕੈਨਵਸ ‘ਤੇ ਸ਼ਿੰਗਾਰ ਦਿੰਦਾ ਹੈ। ਇੱਥੋਂ ਤੱਕ ਕਿ ਸੁਪਨਿਆਂ ਦੇ ਸੰਸਾਰ ਦੀ ਸਿਰਜਣਾ ਦਾ ਰੇਖਾ ਚਿਤਰ ਵੀ ਖਿੱਚ ਦਿੰਦਾ ਹੈ। ਉਸਦੀ ਸ਼ਬਦਾਵਲੀ ਜਿਉਂਦੇ ਜਾਗਦੇ ਜ਼ਜ਼ਬਾਤਾਂ ਦੀਆਂ ਬਾਤਾਂ ਪਾਉਂਦੀ ਹੋਈ ਸਿੰਬਾਲਿਕ ਢੰਗ ਦ੍ਰਿਸ਼ਟਾਂਤਿਕ ਤੌਰ ‘ਤੇ ਪ੍ਰਗਟਾਉਂਦੀ ਹੈ, ਜਿਸਦਾ ਪਾਠਕ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਉਸਦੀਆਂ ਭਾਵਨਾਵਾਂ ਇੱਕ ਲੜੀ ਵਿੱਚ ਪ੍ਰੋਕੇ ਲੋਕਾਈ ਦੇ ਦਰਦ ਵਿੱਚ ਬਦਲ ਦਿੱਤਾ ਗਿਆ ਹੈ।IMG_4747.resized ਬਲਰਾਜ ਧਾਲੀਵਾਲ ਦੀ ਪਹਿਲੀ ਗ਼ਜ਼ਲ ‘ਐ ਜ਼ਿੰਦਗੀ ਤੂੰ ਦੇਖ ਲੈ’ ਸਮੁੱਚੀ ਲੋਕਾਈ ਦੇ ਮਨ ਮਸਤਕ ਵਿੱਚ ਉਠ ਰਹੇ ਸਵਾਲ-ਜਵਾਬ ਰਾਹੀਂ ਜ਼ਿੰਦਗੀ ਵਿੱਚ ਵਾਪਰਨ ਵਾਲੇ ਉਤਰਾਅ ਚੜ੍ਹਾਅ ਨੂੰ  ਪ੍ਰਗਟਾ ਰਹੀ ਹੈ। ਲੋਕਾਈ ਗ਼ਜ਼ਲ ਨੂੰ ਇਸ਼ਕ-ਮੁਸ਼ਕ ਦਾ ਜੰਜਾਲ ਸਮਝਦਾ ਹੋਇਆ, ਇਸਨੂੰ ਰੁਮਾਂਸਵਾਦ ਦਾ ਨਾਮ ਦਿੰਦੀ ਹੈ, ਪ੍ਰੰਤੂ ਗ਼ਜ਼ਲ ਵਿਚਲੇ ਸ਼ਿਅਰਾਂ ਦੇ ਅਰਥ ਹਮੇਸ਼ਾ ਦੋਹਰੇ ਹੁੰਦੇ ਹਨ। ਉਨ੍ਹਾਂ ਨੂੰ ਸਮਝਣ ਲਈ ਦਿਲ ਤੇ ਦਿਮਾਗ ਦੋਹਾਂ ਤੋਂ ਕੰਮ ਲੈਣਾ ਪੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਬਲਰਾਜ ਧਾਲੀਵਾਲ ਦੀਆਂ ਗ਼ਜ਼ਲਾਂ ਵਿੱਚ ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦੇ ਰੰਗ ਵੇਖਣ ਨੂੰ ਮਿਲਦੇ ਹਨ। ਕਈ ਵਾਰ ਲੇਖਕ ਸਹਿਜ ਸੁਭਾਅ ਹੀ ਲਿਖ ਦਿੰਦਾ ਹੈ, ਪ੍ਰੰਤੂ ਉਸ ਦੇ ਅਰਥ ਪਾਠਕਾਂ ਨੂੰ ਪਤਾ ਲੱਗਦੇ ਹਨ, ਜਿਵੇਂ ਪਹਿਲੀ ਗ਼ਜ਼ਲ ਵਿੱਚ ਇੱਕ ਸ਼ਿਅਰ ਹੈ:

‘ਗੱਲ ਯਾਦ ਕਰ ਇੱਕ ਦਿਨ ਸੀ ਤੂੰ, ਅਪਣਾ ਮੁਖੌਟਾ ਲਾਹ ਲਿਆ,
ਫਿਰ ਓਸ ਦਿਨ ਤੇਰੀ ਹੀ ਪਰਛਾਈ ਤੇਰੇ ਤੋਂ ਡਰ ਗਈ।

ਇਸ ਸ਼ਿਅਰ ਦਾ ਭਾਵ ਅਰਥ ਹੈ ਕਿ ਦੋਹਰੇ ਕਿਰਦਾਰ ਨਾਲ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ। ਇੱਕ-ਨਾ-ਇੱਕ ਦਿਨ ਸੰਸਾਰ ਅੱਗੇ ਸ਼ਰਮਿੰਦਾ ਹੋਣਾ ਪਵੇਗਾ। ਇਨਸਾਨ ਆਪਣੇ ਆਪ ਤੋਂ ਅੰਤਹਕਰਨ ਦੀ ਆਵਾਜ਼ ਸੁਣਕੇ ਡਰਨ ਲੱਗ ਜਾਂਦਾ ਹੈ। ਗ਼ਜ਼ਲ ਸੰਗ੍ਰਹਿ ਦੀ ਆਖ਼ਰੀ ਗ਼ਜ਼ਲ ਦਾ ਸ਼ਿਅਰ ਹੈ:

ਦੁਨੀਆਂ ਅੰਦਰ ਕਿਸ ਕਿਸ ਦੇ ਹਨ, ਨਕਲੀ ਚਿਹਰੇ, ਕੀ ਜਾਣਾ,
ਹਾਲੇ ਤਾਂ ਆਪਣਾ ਹੀ ਅਸਲੀ, ਚਿਹਰਾ ਭਾਲੀ ਜਾਂਦਾ ਹਾਂ।

‘ਬੜਾ ਮੁਸ਼ਕਲ ਹੈ’ ਸਿਰਲੇਖ ਵਾਲੀ ਗ਼ਜ਼ਲ ਸ਼ੀਸ਼ਿਆਂ ਦੇ ਰੂਬਰੂ ਹੋਣਾ ਕਹਿਕੇ ਦਸਦੀ ਹੈ, ਇਨਸਾਨ ਦੀਆਂ ਗ਼ਲਤੀਆਂ ਦੀ ਸਜ਼ਾ ਜ਼ਰੂਰ ਮਿਲੇਗੀ। ਅੱਗ ਦੇ ਬਸਤਰਾਂ ਵਾਲੇ ਸ਼ਿਅਰ ਤੋਂ ਪ੍ਰਭਾਵ ਮਿਲਦਾ ਹੈ ਕਿ ਇੱਕ ਦਿਨ ਹਰ ਇੱਕ ਪ੍ਰਾਣੀ ਨੇ ਅੱਗ ਵਿੱਚ ਸੜਨਾ ਹੈ, ਪ੍ਰੰਤੂ ਮਾੜੇ ਕੰਮਾ ਨੂੰ ਇਨਸਾਨ ਫਿਰ ਵੀ ਛੱਡਦਾ ਨਹੀਂ। ਚੁੱਪ ਰਹਿਣ ਵਾਲਾ ਵੀ ਦੋਸ਼ੀ ਹੁੰਦਾ ਹੈ। ਬਲਰਾਜ ਧਾਲੀਵਾਲ ਦੀ ਇੱਕ ਗ਼ਜ਼ਲ ਵਿੱਚ ਹੀ ਅਨੇਕਾਂ ਸਮਾਜਿਕ ਸਰੋਕਾਰਾਂ ਦੀਆਂ ਗੱਲਾਂ ਕੀਤੀਆਂ ਹੋਈਆਂ ਹਨ। ਬਦਲੀ, ਚੰਨ ਅਤੇ ਹਵਾ ਦੀਆਂ ਉਦਾਹਨਾ ਦੇ ਕੇ ਗ਼ਜਲਗੋ ਇਸ਼ਾਰਾ ਕਰਦਾ ਹੈ, ਹੰਕਾਰ ਵਾਲੇ ਇੱਕ ਦਿਨ ਮੂਧੇ ਮੂੰਹ ਡਿਗਦੇ ਹਨ। ਬਦਲਾਅ ਤੇ ਪਾਣੀ ‘ਚ ਦੀਵੇ ਤਾਰਨ ਨੂੰ ਵਹਿਮਾ ਭਰਮਾ ਦਾ ਪ੍ਰਤੀਕ ਕਹਿ ਰਿਹਾ ਹੈ। ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਸ਼ਾਇਰ ਲਿਖਦਾ ਹੈ, ਇਨਸਾਨ ਅੰਦਰੋਂ ਬਾਹਰੋਂ ਇੱਕ ਨਹੀਂ, ਸਫ਼ਲਤਾ ਲਈ ਜਦੋਜਹਿਦ ਜ਼ਰੂਰੀ ਹੈ, ਜ਼ੋਰ ਜ਼ਬਰਦਸਤੀ ਬਹੁਤੀ ਦੇਰ ਨਹੀਂ ਚਲਦੀ, ਸਿਆਸਤਦਾਨ ਲਾਰੇ ਲਾਉਂਦੇ ਹਨ, ਪ੍ਰਾਪਤੀ ਲਈ ਤਿਆਗ ਵੀ ਕਰਨਾ ਪੈਂਦਾ, ਸੰਗੀਤ ਦੀ ਚੁੱਪ ਬੜਾ ਕੁਝ ਕਹਿ ਦਿੰਦੀ ਹੈ, ਇਨਸਾਨ ਵਿਕਾਊ ਹੈ, ਭਰੋਸਾ ਲੋਕ ਬੇਕਿਰਕੀ ਨਾਲ ਤੋੜ ਦਿੰਦੇ ਹਨ, ਮਜ਼ਹਬੀ ਟਕਰਾਓ ਨੁਕਸਾਨਦਾਇਕ ਅਤੇ ਲੋਕ ਬੇਲਗਾਮ ਹੋ ਗਏ ਹਨ ਆਦਿ। ਰੁੱਖਾਂ ਦੇ ਕਟਾਈ ਕਰਕੇ ਇਨਸਾਨ ਆਪਣੇ ਪੈਰੀਂ ਕੁਹਾੜਾ ਮਾਰਦਾ ਹੈ। ਰੁੱਖਾਂ ਸੰਬੰਧੀ ਸ਼ਾਇਰ ਨੇ ਲਗਪਗ ਦਸ ਗ਼ਜ਼ਲਾਂ ਵਿੱਚ ਵੱਖੋ-ਵੱਖਰੇ ਢੰਗ ਨਾਲ ਸ਼ਿਅਰ ਲਿਖੇ ਹਨ।  ਸ਼ਾਇਰ ‘ਜਦੋਂ ਕੋਈ ਟੁੱਟ ਕੇ ਤਾਰਾ’ ਸਿਰਲੇਖ ਵਾਲੀ ਗ਼ਜ਼ਲ ਦਾ ਇੱਕ ਸਿਆਰ ਰੁੱਖਾਂ ਦੀ ਕਟਾਈ ਦੇ ਸੰਤਾਪ ਬਾਰੇ ਲਿਖਦਾ ਹੈ:

ਮੇਰੇ ਵਿਹੜੇ ਦਾ ਰੁੱਖ ਰੋਂਦਾ, ਸਵੇਰਾ ਹੋਣ ਤੱਕ ਅਕਸਰ,
ਜਦੋਂ ਇੱਕ ਲਿਸ਼ਕਦਾ ਆਰਾ, ਮੇਰੇ ਸੁਫ਼ਨੇ ‘ਚ ਆਉਂਦਾ ਹੈ।

ਸਮਾਜ ਵਿੱਚ ਵਿਚਰਦੇ ਲੋਕ ਆਪਣੇ ਆਪ ਨੂੰ ਇੱਕ ਦੂਜੇ ਤੋਂ ਉਤਮ ਸਮਝਦੇ ਹਨ, ਇਥੋਂ ਤੱਕ ਕਿ ਬਰਾਬਰ ਵੀ ਨਹੀਂ ਸਮਝਦੇ। ਉਨ੍ਹਾਂ ਵਿੱਚ ਦੁਸ਼ਮਣੀ ਪਲਦੀ ਰਹਿੰਦੀ ਹੈ। ਇਨਸਾਨ-ਇਨਸਾਨ ਦਾ ਦੁਸ਼ਮਣ ਹੈ, ਇਸ ਸੰਬੰਧੀ ‘ਦੋਸਤ ਖ਼ਜਰ ਚਲਾਉਣਾ’ ਸਿਰਲੇਖ ਵਾਲੀ ਗ਼ਜ਼ਲ ਦੇ ਇੱਕ ਸ਼ਿਅਰ ਵਿੱਚ ਸ਼ਾਇਰ ਗੁੱਝੇ ਤੀਰ ਮਾਰਦਾ ਲਿਖਦਾ ਹੈ:

ਦੋਸਤਾ ਖੰਜਰ ਚਲਾਉਣਾ, ਦੁਸ਼ਮਣਾਂ ਲਈ ਰਹਿਣ ਦੇ।
ਜਿਸ ਤਰ੍ਹਾਂ ਤੂੰ ਬਦਲਦਾਂ, ਇਹ ਮੌਸਮਾ ਲਈ ਰਹਿਣ ਦੇ।

ਇਸੇ ਤਰ੍ਹਾਂ ਇਨਸਾਨ ਦਾ ਆਪਣੇ ਇਸ਼ਟ ਦੀ ਪ੍ਰਾਪਤੀ ਲਈ ਆਪਣੇ ਅੰਦਰ ਝਾਤੀ ਮਾਰਨ ਦੀ ਥਾਂ ਡੇਰਿਆਂ, ਸਾਧਾਂ ਸੰਤਾਂ, ਵਿਚੋਲਿਆਂ ਦਾ ਸਹਾਰਾ ਲੈਣ ਅਤੇ ਧਾਰਮਿਕ ਕੱਟੜਵਾਦ ਬਾਰੇ ਵੀ ਕਈ ਸ਼ਿਅਰ ਲਿਖੇ ਗਏ ਹਨ, ਜਿਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਧਰਮ ਇੱਕ ਕਿਸਮ ਨਾਲ ਵਿਓਪਾਰ ਬਣ ਗਿਆ ਹੈ। ‘ਜਿਸ ਤਰ੍ਹਾਂ ਕੋਈ ਲਿਸ਼ਕਦੀ’ ਸਿਰਲੇਖ ਵਾਲੀ ਗ਼ਜ਼ਲ ਦਾ ਇੱਕ ਸ਼ਿਅਰ ਧਾਰਮਿਕ ਸੰਕੀਰਨਾ ਬਾਰੇ ਇਸ ਪ੍ਰਕਾਰ ਹੈ:

ਭੀੜ ਬਿਫ਼ਰੀ ਦੇਖ ਕੇ, ਇਉਂ ਕਹਿ ਰਿਹਾ ਸੀ ਇੱਕ ਫ਼ਕੀਰ,
ਧਰਮ ਕਿੱਧਰੇ ਖੋ ਗਿਆ, ਵਿਓਪਾਰ ਅੱਗੇ ਆ ਗਿਆ।

ਇਸ ਗ਼ਜ਼ਲ ਸੰਗ੍ਰਹਿ ਵਿੱਚ ਮੁੱਖ ਤੌਰ ‘ਤੇ ਸਮਾਜਿਕ ਸਰੋਕਾਰਾਂ ਦੀ ਵਕਾਲਤ ਕੀਤੀ ਗਈ ਹੈ, ਪ੍ਰੰਤੂ ਕੁਝ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਇਸ਼ਕ ਮੁਸ਼ਕ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਇਸ਼ਕ ਦੇ ਰਾਹ ਔਜੜ ਹੁੰਦੇ ਹਨ, ਅਨੇਕਾਂ ਅੜਚਣਾਂ ਆਉਂਦੀਆਂ ਹਨ। ਇਸ਼ਕ ਵਿੱਚ ਲੋਕ ਭੱਟਕਦੇ ਰਹਿੰਦੇ ਹਨ। ਉਹ ਆਪਣੀ ਅਮਨ ਚੈਨ ਖੋ ਬੈਠਦੇ ਹਨ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ਼ਕ ਛੁਪਾਇਆਂ ਛੁਪਦਾ ਨਹੀਂ। ‘ਕਿਸੇ ਕਾਤਲ ਨਜ਼ਰ ਦਾ’ ਗ਼ਜ਼ਲ ਵਿੱਚ ਇੱਕ ਸ਼ਿਅਰ ਹੈ:

ਤੁਰੇ ਦੋ ਪਲ ਅਸੀਂ ‘ਕੱਠੇ, ਕਹਾਣੀ ਸੀ ਬੜੀ ਛੋਟੀ,
ਬੜਾ ਮਸ਼ਹੂਰ ਪਰ ਜੱਗ ‘ਤੇ, ਫ਼ਸਾਨਾ ਹੋ ਗਿਆ ਯਾਰੋ।

ਬਲਰਾਜ ਧਾਲੀਵਾਲ ਆਪਣੇ ਸ਼ਿਅਰਾਂ ਵਿੱਚ ਰੂਹ ਦੇ ਇਸ਼ਕ ਦੀ ਗੱਲ ਵੀ ਕਰਦਾ ਹੈ, ਪ੍ਰੰਤੂ ਇਸਦੇ ਨਾਲ ਹੀ ਉਹ ਲਿਖਦਾ ਹੈ ਕਿ ਅੱਜ ਕਲ੍ਹ ਦੇ ਜ਼ਮਾਨੇ ਵਿੱਚ ਲੋਕਾਂ ਨੇ ਇਸ਼ਕ ਨੂੰ ਵੀ ਵਿਓਪਾਰ ਬਣਾ ਲਿਆ ਹੈ। ਇਸ ਕਰਕੇ ਧੋਖੇ, ਫ਼ਰੇਬ ਆਮ ਹੋ ਰਹੇ ਹਨ। ‘ਸ਼ੀਸ਼ਿਆਂ ਦੇ ਸ਼ਹਿਰ ਅੰਦਰ’ ਸਿਰਲੇਖ ਵਾਲੀ ਗ਼ਜ਼ਲ ਦਾ ਆਧੁਨਿਕ ਇਸ਼ਕ ਬਾਰੇ ਇੱਕ ਸ਼ਿਅਰ ਇਸ ਪ੍ਰਕਾਰ ਹੈ:

ਕੰਮ ਧੰਦਾ ਇਸ ਤਰ੍ਹਾਂ, ਬਾਜ਼ਾਰ ਵਿੱਚ ਵੀ ਕਦ ਰਿਹਾ,
ਇਸ਼ਕ ਵਿੱਚੋਂ ਜਿਸ ਤਰ੍ਹਾਂ, ਵਿਉਪਾਰ ਦੇ ਹਾਸਿਲ ਦਿਸੇ।

ਇਸ਼ਕ ਦੇ ਵਣਜ ਬਾਰੇ ‘ਜੇ ਸਫ਼ਰ ‘ਤੇ ਤੁਰਨ ਲਈ’ ਸਿਰਲੇਖ ਵਾਲੀ ਗ਼ਜ਼ਲ ਇੱਕ ਸ਼ਿਅਰ ਹੈ:

ਇਸ਼ਕ ਵਿੱਚੋਂ ਜਿਸ ਤਰ੍ਹਾਂ, ਘਾਟਾ ਨਫ਼ਾ ਤੂੰ ਦੇਖਦੈਂ,
ਇਹ ਅਲਾਮਤ ਵਣਜ ਦੀ ਹੈ, ਪਿਆਰ ਦਾ ਹਾਸਿਲ ਨਹੀਂ।

ਬਲਰਾਜ ਧਾਲੀਵਾਲ ਨੇ ਆਪਣੀਆਂ ਗ਼ਜ਼ਲਾਂ ਦੇ ਕੁਝ ਸ਼ਿਅਰਾਂ ਵਿੱਚ ਪਰਵਾਸ ਦੇ ਸੰਤਾਪ ਨੂੰ ਮਹਿਸੂਸ ਕਰਦਿਆਂ ਲਿਖਿਆ ਹੈ। ਦੋ ਗ਼ਜ਼ਲਾਂ ਦੇ ਪਰਵਾਸ ਬਾਰੇ ਸ਼ਿਅਰ ਇਸ ਪ੍ਰਕਾਰ ਹਨ:

ਫ਼ਰਕ ਨਹੀਂ ਤੂੰ ਸੌਂ ਗਿਆ, ਮੈਂ ਜਾਗਦਾਂ ਪਰਦੇਸ ਵਿੱਚ,
ਸੌਂ ਗਏ ਜੇ ਦੋਸਤੀ ਦੇ ਵਲਵਲੇ, ਤਾਂ ਰੱਬ ਰਾਖਾ।

ਘਰ ਜਾਣ ਦੀ ਇੱਕ ਤਾਂਘ, ਦਿਲ ਦੇ ਵਿੱਚ ਸਦਾ ਪਲਦੀ ਰਹੀ,
ਭਾਰੂ ਰਿਹਾ ਸਫ਼ਰਾਂ ਦਾ ਪਰ, ਉਮਰੋਂ ਲੰਮੇਰਾ ਸਿਲਸਿਲਾ।

ਉਚੇ ਮਿਨਾਰਾਂ ‘ਚੋਂ ਉਹ ਪੰਛੀ, ਕਰ ਗਏ ਪਰਵਾਸ ਕਿਉਂ,
ਉਹ ਜਾਣਦੇ ਸਨ ਆਵਣਾ ਹੈ, ਇੱਕ ਨਾ ਇੱਕ ਦਿਨ ਜ਼ਲਜ਼ਲਾ।

ਬਲਰਾਜ ਧਾਲੀਵਾਲ ਤੋਂ ਭਵਿਖ ਵਿੱਚ ਹੋਰ ਵੀ ਬਿਹਤਰੀਨ ਗ਼ਜ਼ਲਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।

86 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਬਲਰਾਜ ਧਾਲੀਵਾਲ: 001 6478865068

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>