ਮੁੰਬਈ – ਬਾਲੀਵੁੱਡ ਦੇ ਹੀ-ਮੈਨ ਨਾਲ ਜਾਣੇ ਜਾਂਦੇ ਹਰਮਨ ਪਿਆਰੇ ਅਭਿਨੇਤਾ ਧਰਮਿੰਦਰ ਦਾ ਅੱਜ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸੋਮਵਾਰ ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਜੁਹੂ ਸਥਿਤ ਬੰਗਲੇ ਵਿੱਚ ਆਪਣੇ ਆਖਿਰੀ ਸਾਹ ਪੂਰੇ ਕੀਤੇ।ਉਨ੍ਹਾਂ ਦਾ ਅੰਤਿਮ ਸਸਕਾਰ ਵਿਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਹੈ। ਇਸ ਨਾਲ ਪੂਰੀ ਫਿ਼ਲਮ ਇੰਡਸਟਰੀ ਸਦਮੇ ਵਿੱਚ ਹੈ।
ਉਨ੍ਹਾਂ ਨੂੰ ਪਿੱਛਲੇ ਕੁਝ ਦਿਨਾਂ ਤੋਂ ਸਾਹ ਲੈਣ ਵਿੱਚ ਦਿਕਤ ਆ ਰਹੀ ਸੀ।ਜਿਸ ਕਰਕੇ ਉਨ੍ਹਾਂ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਉਥੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਇਸ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਵੀ ਰੱਖਿਆ ਗਿਆ।ਪਿੱਛ਼ੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਸੀ। ਉਨ੍ਹਾਂ ਨੂੰ 12 ਨਵੰਬਰ ਨੂੰ ਬਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰਵਾ ਕੇ ਘਰ ਵਿੱਚ ਹੀ ਇਲਾਜ ਕਰਵਾਇਆ ਜਾ ਰਿਹਾ ਸੀ। ਉਹ ਅਗਲੇ ਮਹੀਨੇ 8 ਦਸੰਬਰ ਨੂੰ 90 ਸਾਲ ਦੇ ਹੋਣ ਵਾਲੇ ਸਨ।
ਧਰਮਿੰਦਰ ਨੇ 1960 ਵਿੱਚ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ ‘ਫੂਲ ਔਰ ਪੱਥਰ’ ਧਰਮਿੰਦਰ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਸਾਬਿਤ ਹੋਈ ਅਤੇ ਰਾਤੋਰਾਤ ਪ੍ਰਸਿੱਧੀ ਮਿਲੀ। 2012 ਵਿੱਚ ਭਾਰਤ ਸਰਕਾਰ ਨੇ ਦੇਸ਼ ਦੇ ਤੀਸਰੇ ਸਰਵਉਚ ਨਾਗਰਿਕ ਅਵਾਰਡ ਪਦਮ-ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਸਿਨਮੇ ਦੇ ਸਵਰਣ-ਯੁਗ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।
