ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਤੀਜੇ ਦਿਨ ਸਵਰਾਜਬੀਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਬਾਰੇ ਗੱਲਾਂ

Photo- 24-11-2025 (sahit utsav).resizedਲੁਧਿਆਣਾ :  ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਨਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਤੀਜੇ  ਦਿਨ ਪੰਜਾਬ ਤੇ ਪੱਤਰਕਾਰੀ ਨੂੰ ਸਮਰਪਿਤ ਰਿਹਾ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ ਨੇ ਕੀਤੀ। ਮੁਖ ਮਹਿਮਾਨ ਵਜੋਂ ਡਾ. ਸ. ਪ. ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਚਾਨਾ ਸ਼ਾਮਲ ਹੋਏ। ਇਸ ਸੈਸ਼ਨ ਵਿਚ ਪੰਜਾਬ ਬਾਰੇ ਗੱਲਾਂ ਕਰਨ ਲਈ ਵਿਸ਼ੇਸ਼ ਤੌਰ ’ਤੇ ਡਾ. ਸਵਰਾਜਬੀਰ, ਆਰਿਸ਼ ਛਾਬੜਾ, ਸ਼ਿਵਇੰਦਰ ਸਿੰਘ, ਰਾਜੀਵ ਖੰਨਾ ਸ਼ਾਮਲ ਹੋਏ।

ਸਭ ਤੋਂ ਪਹਿਲਾਂ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਵਾਗਤੀ ਸ਼ਬਦ ਬੋਲਦਿਆਂ ਸਮੁੱਚੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਵਿਸਥਾਰ ਦਸਿਆ ਅਤੇ ਪ੍ਰਧਾਨਗੀ ਮੰਡਲ ਤੋਂ ਲੈ ਕੇ ਪਹੁੰਚੇ ਸਰਸਵਤੀ ਸਕੂਲ ਦੋਰਾਹਾ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਸਵਾਗਤ ਕੀਤਾ।

ਸੈਸ਼ਨ ਦੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਸ. ਪ. ਸਿੰਘ ਨੇ ਆਪਣੇ ਤਜਰਬੇ ਤੋਂ ਵਿਸਥਾਰਪੂਰਵਕ ਗੱਲਾਂ ਕੀਤੀਆਂ। ਉਨ੍ਹਾਂ ਨਾਮ ਲੈ ਲੈ ਕੇ ਧਾਰਮਿਕ ਅਤੇ ਖੱਬੇ ਪੱਖੀ ਆਗੂਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਸੁਚੇਤ ਕੀਤਾ ਕਿ ਸਾਨੂੰ ਜਾਤ-ਜਮਾਤ, ਪਹਿਰਾਵੇ ਅਤੇ ਧਰਮ ਤੋਂ ਵੱਖਰੇ ਤੌਰ ’ਤੇ ਇਕ ਚਿੰਤਨ ਸਿਰਜਣ ਦੀ ਲੋੜ ਹੈ। ਉਨ੍ਹਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਯੋਜਨ ਕਰਨ ਅਤੇ ਇਸ ਵਿਸ਼ੇ ’ਤੇ ਸੰਬਾਦ ਰਚਾਉਣ ਲਈ ਅਕਾਡਮੀ ਨੂੰ ਵਧਾਈ ਦਿੱਤੀ।

ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਪੰਜਾਬ ਵਿਚ ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਦੀੇ ਹਾਂ-ਪੱਖੀ ਪਰੰਪਰਾ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਦੀ ਬਾਣੀ ਅਤੇ ਉਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਰਮ ਪ੍ਰਤੀ ਕਰਮ ਦਾ ਜ਼ਿਕਰ ਕਰਦਿਆਂ ‘ਬਲ’ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਬਾਰੇ ਆਖਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੋਰਾਂ ਇਸ ਸੰਬਾਦ ਬਾਰੇ ਬੋਲਦਿਆਂ ਕਿਹਾ ਕਿ ਬੌਧਿਕ ਸੰਬਾਦ ਇਸ ਮੇਲੇ ਦਾ ਵਿਸ਼ੇਸ਼ ਸੈਸ਼ਨ ਬਣ ਗਿਆ ਹੈ ਜਿਸ ਵਿਚ ਅਸੀਂ ਆਪਣੀ ਧਰਤੀ ਬਾਰੇ ਫ਼ਿਕਰਮੰਦੀ ਕਰ ਰਹੇ ਹਾਂ। ਅਖ਼ੀਰ ’ਚ ਸੁਰਿੰਦਰ ਕੈਲੇ ਨੇ ਸਭ ਦਾ ਧੰਨਵਾਦ ਕਰਦਿਆਂ ‘ਅਣੂ’ ਸਮੇਤ ਸਾਹਿਤਕ ਪਰਚਿਆਂ ਬਾਰੇੇ ਵੀ ਗੱਲਾਂ ਕੀਤੀਆਂ।
ਪ੍ਰੋਗਰਾਮ ਦੇ ਕਨਵੀਨਰ ਸਾਰੇੇ ਸਮਾਗਮ ਨੂੰ ਵਿਧੀਵਤ ਚਲਾਉਣ ਲਈ ਸਿਰਸਾ ਤੋਂ ਡਾ. ਹਰਵਿੰਦਰ ਸਿੰਘ ਸਿਰਸਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬੜੀ ਸੰਜੀਦਗੀ ਨਾਲ ਮੰਚ ਸੰਚਾਲਨ ਕੀਤਾ। ਸਭ ਤੋਂ ਪਹਿਲਾਂ ਡਾ. ਸਵਰਾਜਬੀਰ ਨੇ ਪੰਜਾਬ ਬਾਰੇ ਗੱਲ ਕਰਦਿਆਂ ਇਤਹਾਸਿਕ ਨੁਕਤਾ ਨਿਗ਼ਾ ਤੋਂ ਪੰਜਾਬ ਦੇ ਫ਼ਿਰਕੂ ਮਾਹੌਲ ਅਤੇ ਜਾਤਪਾਤੀ ਪਹੁੰਚ ’ਤੇ ਬੜੇ ਗੰਭੀਰ ਪ੍ਰਸ਼ਨ ਖੜੇ ਕੀਤੇ। ਫ਼ਿਰਕਾਪ੍ਰਸਤੀ ਅੱਜ ਵੀ ਸਾਡੇ ਲਈ ਚੁਣੌਤੀ ਬਣੀ ਹੋਈ ਹੈ। ਸ਼ਿਵਇੰਦਰ ਸਿੰਘ ਨੇ ਇਸ ਗੱਲ ਨੂੰ ਅੱਗੇ ਤੋਰਦਿਆਂ ਪੱਤਰਕਾਰੀ ਦੇ ਅਜੋਕੇ ਪੱਧਰ ਅਤੇ ਉਸ ਵਿਚ ਕਾਰਪੋਰੇਟ ਅਤੇ ਸੰਸਾਰੀਕਰਨ ਵਲੋਂ ਪਾਏ ਜਾ ਰਹੇ ਚਿੱਬ ਬਾਰੇ ਫ਼ਿਕਰਮੰਦੀ ਕਰਦਿਆਂ ਗੱਲਾਂ ਕੀਤੀਆਂ। ਬੀ.ਬੀ.ਸੀ. ਤੋਂ ਆਏ ਪੱਤਰਕਾਰ ਆਰਿਸ਼ ਛਾਬੜਾ ਨੇ ਪੱਤਰਕਾਰੀ ਵਿਚ ਸਰਮਾਏ ਅਤੇ ਕਾਰਪੋਰੇਟ ਵਲੋਂ ਬੇਲੋੜੇ ਦਖ਼ਲ ਦੀ ਉਦਾਹਰਣਾਂ ਦੇ ਕੇ ਵਿਆਖਿਆ ਕੀਤੀ। ਬੀ.ਬੀ. ਸੀ. ਤੋਂ ਹੀ ਪਹੁੰਚੇ ਰਾਜੀਵ ਖੰਨਾ ਨੇ ਵੀ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਸਰਮਾਏ ਦੇ ਦਖ਼ਲ ਅਤੇ ਕੁਝ ਜ਼ੁਅਰਤਮੰਦ ਪੱਤਰਕਾਰਾਂ ਦੀ ਪੱਤਰਕਾਰੀ ਦਾ ਲਕੀਰ ਖਿੱਚਵਾਂ ਜ਼ਿਕਰ ਕੀਤਾ।

ਦੂਜੇ ਸੈਸ਼ਨ ਵਿਚ ਡਾ. ਗੁਰਇਕਬਾਲ ਸਿੰਘ ਨੇ ਸ੍ਰੀ ਰਵਿੰਦਰ ਸਹਿਰਾਅ ਨਾਲ ਕਵਿਤਾ ਅਤੇ ਪਰਵਾਸ ਬਾਰੇ ਗੰਭੀਰ ਸੰਬਾਦ ਰਚਾਇਆ। ਚਲਦੇ ਸੈਸ਼ਨ ’ਚ ਮਨਹੂਸ ਖ਼ਬਰ ਆਈ ਕਿ ਪੰਜਾਬ ਦੀ ਅਦਾ ਉੱਘੀ ਫ਼ਿਲਮੀ ਹਸਤੀ ਸ੍ਰੀ ਧਰਮਿੰਦਰ ਸਦੀਵੀ ਵਿਛੋੜਾ ਦੇ ਗਏ। ਸਮੁੱਚੇ ਇਕੱਠ ਨੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਸ੍ਰੀ ਧਰਮਿੰਦਰ ਜੀ ਅਕਾਡਮੀ ਦੇ ਮੁੱਢਲੇ ਸਰਪ੍ਰਸਤਾਂ ਵਿਚੋਂ ਸਨ। ਇਸ ਲਈ ਅਕਾਡਮੀ ਨੂੰ ਵਿਸ਼ੇਸ਼ ਸਦਮਾ ਪੁੱਜਿਆ ਹੈ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਉੱਘੇ ਨਾਟਕਕਾਰ ਸ੍ਰੀ ਪਾਲੀ ਭੂਪਿੰਦਰ ਦਾ ਨਾਟਕ ‘ਘਰ ਘਰ’ ਰਾਜਿੰਦਰ ਰਾਜਾ ਦੀ ਨਿਰਦੇਸ਼ਨਾ ਹੇਠ, ਸੱਤਿਆ ਗਰੁੱਪ ਆਫ਼ ਥੀਏਟਰ, ਲੁਧਿਆਣਾ ਵਲੋਂ ਖੇਡਿਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸ. ਅਮਰਜੀਤ ਸਿੰਘ ਟਿੱਕਾ ਨੇ ਨਾਟਕ ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਅਕਾਡਮੀ ਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾ. ਪਰਮਜੀਤ ਸਿੰਘ ਸੋਹਲ ਅਤੇ ਰਵੀ ਰਵਿੰਦਰ ਵਲੋਂ ਫ਼ੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਪੁਸਤਕ ਮੇਲੇ ਵਿਚ ਲਗਪਗ 40 ਦੇ ਕਰੀਬ ਪੁਸਤਕਾਂ ਦੇ ਸਟਾਲ ਲੱਗੇ ਹੋਏ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੂਹ ਪੁਸਤਕ ਅਤੇ ਪੰਜਾਬੀ ਪ੍ਰੇਮੀਆਂ ਨੂੰ ਹਾਰਦਿਕ ਖੁੱਲ੍ਹਾ ਸੱਦਾ ਹੈ ਕਿ ਉਹ ਪੰਜਾਬੀ ਭਵਨ, ਲੁਧਿਆਣਾ ਪਹੁੰਚ ਕੇ ਆਪਣੀਆਂ ਮਨਪਸੰਦ ਪੁਸਤਕਾਂ ਖ਼ੀਦਣ ਤੋਂ ਇਲਾਵਾਂ ਸਾਹਿਤਕ ਸਮਾਗਮ ਵਿਚ ਵੀ ਸ਼ਾਮਲ ਹੋਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਬਲਵਿੰਦਰ ਸਿੰਘ ਗਰੇਵਾਲ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਜਗਵਿੰਦਰ ਜੋਧਾ, ਡਾ. ਅਮਰਜੀਤ ਸਿੰਘ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਗੁਰਮੇਜ ਭੱਟੀ, ਡਾ. ਬਲਵਿੰਦਰ ਸਿੰਘ ਗਲੈਕਸੀ, ਬਲਵਿੰਦਰ ਸਿੰਘ ਗੁੱਜਰਵਾਲ, ਹਰੀਸ਼ ਮੋਦਗਿੱਲ, ਸਤੀਸ਼ ਗੁਲਾਟੀ, ਮੀਤ ਅਨਮੋਲ, ਇੰਦਰਜੀਤ ਲੋਟੇ, ਕੁਲਵਿੰਦਰ ਕਿਰਨ,  ਜਸਵਿੰਦਰ ਜੱਸੀ, ਕਵਿਤਾ ਵਿਦਰੋਹੀ, ਪੁਨੀਤ ਨਾਗਪਾਲ, ਹਰਦੀਪ ਸਿੰਘ ਮੁਕਤਸਰ ਸ਼ਾਮਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>