ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇ ਸਮੇ ਤੋਂ ਇਸ ਗੱਲ ਦਾ ਬਾਦਲੀਲ ਢੰਗ ਨਾਲ ਹੋਕਾ ਦਿੰਦਾ ਆ ਰਿਹਾ ਹੈ ਕਿ ਸੈਂਟਰ ਵਿਚ ਭਾਵੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਬੀਜੇਪੀ-ਆਰ.ਐਸ.ਐਸ ਦੀ ਜਾਂ ਕਿਸੇ ਹੋਰ ਹਿੰਦੂਤਵ ਸ਼ਕਤੀ ਦੀ ਇਹ ਸਭ ਹੁਕਮਰਾਨ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਆਦਿਵਾਸੀਆਂ, ਰੰਘਰੇਟਿਆ ਅਤੇ ਪਹਾੜਾਂ ਵਿਚ ਵੱਸਣ ਵਾਲੇ ਕਬੀਲਿਆ ਦੇ ਆਮਦਨ ਦੇ ਸਾਧਨਾਂ ਨੂੰ ਲੁੱਟਕੇ ਅਤੇ ਉਨ੍ਹਾਂ ਨੂੰ ਅੱਤਵਾਦੀ, ਨਕਸਲਾਈਟ, ਮਾਓਵਾਦੀ ਨਾਮ ਦੇ ਕੇ ਬਦਨਾਮ ਕਰਦੀਆਂ ਹਨ ਅਤੇ ਫਿਰ ਗੋਲੀ ਦਾ ਨਿਸ਼ਾਨਾਂ ਬਣਾਕੇ ਮਾਰ ਦੀਆਂ ਆ ਰਹੀਆ ਹਨ । ਜੋ ਕਿ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਮਨੁੱਖਤਾ ਵਿਰੋਧੀ ਨਿੰਦਣਯੋਗ ਅਮਲ ਹਨ । ਜਦੋ ਲੰਮੇ ਸਮੇ ਤੋ ਇਹ ਹਕੂਮਤਾਂ ਆਜਾਦੀ ਮੰਗਣ ਵਾਲੇ ਸਿੱਖਾਂ ਨਾਲ ਉਪਰੋਕਤ ਜ਼ਬਰ-ਜੁਲਮ ਕਰਕੇ ਮਾਰਦੀਆ ਹਨ ਤਾਂ ਅਸੀ ਉਸ ਜ਼ਬਰ ਜੁਲਮ ਵਿਰੁੱਧ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਆਵਾਜ ਉਠਾਉਦੇ ਹਾਂ ਤਾਂ ਸਾਡੇ ਉਤੇ ਵੀ ਝੂਠੇ ਕੇਸ ਬਣਾ ਦਿੱਤੇ ਜਾਂਦੇ ਹਨ ਅਤੇ ਸਾਨੂੰ ਅੱਤਵਾਦੀ ਕਹਿਕੇ ਬਦਨਾਮ ਵੀ ਕੀਤਾ ਜਾਂਦਾ ਹੈ ਅਤੇ ਗੋਲੀ ਬੰਦੂਕ ਨਾਲ ਮਾਰਿਆ ਵੀ ਜਾਂਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਬੀਤੇ ਸਮੇ ਦੇ ਇਹ ਜ਼ਬਰ-ਜੁਲਮਾਂ ਸਮੇ ਭਾਵੇ ਉਹ ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਆਈ (ਐਮ.ਐਲ) ਕਿਸੇ ਵੀ ਕਾਮਰੇਡ ਧੜੇ ਨਾਲ ਸੰਬੰਧਤ ਹੋਣ, ਅਜਿਹੇ ਜ਼ਬਰ ਸਮੇ ਇਹ ਸਭ ਕਾਮਰੇਡ ਜਾਬਰ ਹਿੰਦੂਤਵ ਤਾਕਤਾਂ ਦਾ ਸਾਥ ਹੀ ਦਿੰਦੇ ਰਹੇ ਹਨ । ਲੇਕਿਨ ਜੇਕਰ ਹੁਣ ਪਹਾੜਾਂ ਵਿਚ ਵੱਸਣ ਵਾਲੇ ਕਬੀਲਿਆ ਤੇ ਆਦਿਵਾਸੀਆ ਨੂੰ ਸਰਕਾਰਾਂ ਨਕਸਲਾਈਟ ਤੇ ਮਾਓਵਾਦੀ ਕਹਿਕੇ ਮਾਰ ਰਹੀਆ ਹਨ ਅਤੇ ਇਨ੍ਹਾਂ ਕਾਮਰੇਡਾਂ ਦੀ ਇਸ ਗੰਭੀਰ ਵਿਸੇ ਉਤੇ ਜਲੰਧਰ ਵਿਖੇ ਰੈਲੀ ਕਰਕੇ ਉਠਾਈ ਆਵਾਜ ਨਾਲ ਜਮੀਰ ਜਾਗੀ ਹੈ ਤਾਂ ਅਸੀ ਇਸਦਾ ਸਵਾਗਤ ਵੀ ਕਰਦੇ ਹਾਂ ਅਤੇ ਉਮੀਦ ਵੀ ਕਰਦੇ ਹਾਂ ਕਿ ਜਿਥੇ ਕਿਤੇ ਵੀ ਇਨਸਾਨੀਅਤ ਵਿਰੁੱਧ ਜ਼ਬਰ ਜੁਲਮ ਹੋਵੇ, ਉਥੇ ਇਹ ਕਾਮਰੇਡ ਇਮਾਨਦਾਰੀ ਨਾਲ ਆਵਾਜ ਉਠਾਉਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਭ ਜਮਾਤਾਂ ਨਾਲ ਸੰਬੰਧਤ ਕਾਮਰੇਡਾਂ ਦੀ ਆਦਿਵਾਸੀਆ ਤੇ ਕਬੀਲਿਆ ਨੂੰ ਸਰਕਾਰ ਵੱਲੋ ਮਾਰਨ ਉਤੇ ਜਮੀਰ ਜਾਗਣ ਤੇ ਇਸ ਜੁਲਮ ਵਿਰੁੱਧ ਆਵਾਜ ਉਠਾਉਣ ਦਾ ਸਵਾਗਤ ਕਰਦੇ ਹੋਏ ਅਤੇ ਬੀਤੇ ਸਮੇ ਅਜਿਹੇ ਜ਼ਬਰ ਜੁਲਮਾਂ ਸਮੇ ਸਰਕਾਰਾਂ ਦਾ ਸਾਥ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮਰਹੂਮ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਮੰਦਭਾਵਨਾ ਅਧੀਨ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਤਾਂ ਉਸ ਸਮੇ ਇਨ੍ਹਾਂ ਕਾਮਰੇਡਾਂ ਨੇ ਹਿੰਦੂਤਵ ਜਾਬਰ ਤਾਕਤਾਂ ਦਾ ਸਾਥ ਦੇ ਕੇ ਆਪਣੀ ਕਾਮਰੇਡੀ ਸੋਚ ਉਤੇ ਵੱਡਾ ਦਾਗ ਲਗਾਇਆ ਅਤੇ ਲੰਮਾਂ ਸਮਾਂ ਅਜਿਹੇ ਜ਼ਬਰ ਜੁਲਮਾਂ ਨੂੰ ਚੁੱਪੀ ਵੱਟਕੇ ਦੇਖਦੇ ਰਹੇ । ਜੇਕਰ ਹੁਣ ਇਨ੍ਹਾਂ ਨੇ ਹਕੂਮਤੀ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਈ ਹੈ ਤਾਂ ਇਨ੍ਹਾਂ ਨੂੰ ਆਪਣੇ ਇਨ੍ਹਾਂ ਫਰਜਾਂ ਨੂੰ ਵੀ ਪੂਰਨ ਕਰਨਾ ਚਾਹੀਦਾ ਹੈ ਕਿ ਜਦੋ ਕਦੇ ਵੀ ਹੁਕਮਰਾਨ ਘੱਟ ਗਿਣਤੀਆ ਜਾਂ ਕਬੀਲਿਆ ਉਤੇ ਅਜਿਹੇ ਅਮਲ ਕਰਨ ਤਾਂ ਉਸਦਾ ਸਖ਼ਤੀ ਨਾਲ ਬਾਦਲੀਲ ਢੰਗ ਨਾਲ ਵਿਰੋਧ ਵੀ ਕਰਨ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਸਰਕਾਰ ਵੱਲੋ ਕੁੱਚਲਣ ਵਿਰੁੱਧ ਕੀਤੇ ਜਾਣ ਵਾਲੇ ਸੰਘਰਸ ਵਿਚ ਇਮਾਨਦਾਰੀ ਨਾਲ ਸਹਿਯੋਗ ਦੇਣ । ਉਨ੍ਹਾਂ ਨੇ ਬੀਤੇ ਸਮੇ ਦੀ ਕਾਮਰੇਡਾਂ ਦੀ ਦੋਹਰੀ ਨੀਤੀ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਧਾਂਤ ਤੇ ਸੋਚ ਹਮੇਸ਼ਾਂ ਕਿਸੇ ਵਿਅਕਤੀ ਜਾਂ ਸੰਗਠਨ ਦੀ ਇਕ ਹੋਣੀ ਚਾਹੀਦੀ ਹੈ ਨਾ ਕਿ ਦੋਹਰੇ ਰੂਪ ਹੋਣੇ ਚਾਹੀਦੇ ਹਨ । ਤਦ ਹੀ ਕਿਸੇ ਸੰਘਰਸ ਜਾਂ ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਉਠਾਈ ਆਵਾਜ ਦੇ ਨਤੀਜੇ ਅੱਛੇ ਸਾਬਤ ਹੋ ਸਕਦੇ ਹਨ ਵਰਨਾ ਇਤਿਹਾਸ ਵਿਚ ਦੋਗਲੀ ਨੀਤੀ ਵਾਲਿਆ ਦਾ ਕਦੀ ਕੋਈ ਨਾਮ ਨਿਸਾਨ ਨਹੀ ਰਹਿੰਦਾ ।
