ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਕੁਝ ਫਿਲਮਾਂ ਉਹ ਹਨ, ਜੋ ਸ਼ੋਰ-ਸ਼ਰਾਬੇ ਦੇ ਸਮੁੰਦਰ ਵਿੱਚ ਇੱਕ ਹੌਲੀ ਜਿਹੀ ਲਹਿਰ ਬਣਕੇ ਦਿਲ ਨੂੰ ਜਬਰਦਸਤ ਛੂਹ ਜਾਂਦੀਆਂ ਹਨ। ਬਸੁ ਚਟਰਜੀ ਦੀ ਫਿਲਮ ਹੈ। ਨਾਮ ਹੈ ‘ਰੰਜਨੀਗੰਧਾ’। ਇਹ ਅਜਿਹੀਆਂ ਹੀ ਫਿਲਮਾਂ ਵਿੱਚੋਂ ਇੱਕ ਹੈ। ਫਿਲਮ ਇੱਕ ਐਸੀ ਕਲਾ-ਰਚਨਾ ਹੈ, ਜੋ ਕਿਸੇ ਦਾਵੇ ਤੋਂ ਬਿਨਾਂ, ਕਿਸੇ ਦਿਖਾਵੇ ਤੋਂ ਬਿਨਾਂ, ਮਨੁੱਖੀ ਜਜ਼ਬਾਤਾਂ ਦੇ ਸਭ ਤੋਂ ਨਰਮ ਕੋਨੇ ਨੂੰ ਛੂਹੰਦੀ ਹੈ।
1970 ਦੇ ਦਹਾਕੇ ਵਿੱਚ, ਜਦੋਂ ਇਕ ਪਾਸੇ ਬਾਲੀਵੁੱਡ ਦੀ ਬੋਲ, ਵਾਣੀ ਉਚੇ ਸੁਰਾਂ ਵਿੱਚ ਗੂੰਜ ਰਹੀ ਸੀ। ਐਕਸ਼ਨ, ਡਰਾਮਾ ਅਤੇ ਚਮਕਦਾਰ ਰੋਮਾਂਸ ਦੇ ਘੇਰੇ ਵਿੱਚ ਸੀ। ਠੀਕ ਉਸੇ ਦੌਰ ਦੌਰਾਨ ਫਿਲਮ ਰੰਜਨੀਗੰਧਾ’ ਨੇ ਇਹ ਯਾਦ ਕਰਵਾਇਆ ਕਿ ਸਿਨੇਮਾ ਸਿਰਫ਼ ਮਨੋਰੰਜਨ ਨਹੀਂ, ਬਲਕਿ ਇੱਕ ਸੱਚੀ ਮਨਸ਼ਾ ਅਤੇ ਕਲਾ ਦਾ ਨਾਂ ਵੀ ਹੈ। ਇਕ ਹਵਾ ਦਾ ਨਰਮ ਠੰਡਾ ਬੁੱਲ੍ਹਾ ਵੀ ਹੈ। ਵਿਦਿਆ ਸਿਨ੍ਹਾ, ਅਮੋਲ ਪਾਲੇਕਰ ਅਤੇ ਦਿਨੇਸ਼ ਠਾਕੁਰ ਦੀ ਅਦਾਕਾਰੀ ਦੀ ਅਦਾਇਗੀ ਨੇ ਉਹ ਸਾਦਗੀ ਜਿਉਂਦੀ ਕੀਤੀ, ਜੋ ਪਰਦੇ ‘ਤੇ ਨਹੀਂ, ਬਲਕਿ ਅਸਲ ਜੀਵਨ ਵਿੱਚ ਅਕਸਰ ਅਤੇ ਜ਼ਿਆਦਾ ਮਿਲਦੀ ਹੈ।
ਹਿੰਦੀ ਲੇਖਕ ਮਨੂੰ ਭੰਡਾਰੀ ਦੀ ਛੋਟੀ ਕਹਾਣੀ ‘ਯੇਹੀ ਸੱਚ ਹੈ’ ਤੋਂ ਜਨਮੀ ਇਹ ਫਿਲਮ, ਪਿਆਰ ਦੇ ਇੱਕ ਸੱਚੇ ਪ੍ਰਗਟਾਵੇ ਦੇ ਨਾਲ ਨਾਲ ਮੁਹੱਬਤ ਦੇ ਡੂੰਘੇ ਸੰਕਟ ਦੀ ਕਹਾਣੀ ਵੀ ਹੈ। ਇਹ ਘਿਸੀ-ਪਿਟੀ ਪ੍ਰੇਮ ਤ੍ਰਿਕੋਣ ਨਹੀਂ, ਸਗੋਂ ਇੱਕ ਜਵਾਨ ਔਰਤ ਦੇ ਮਨ ਵਿੱਚ ਚੱਲ ਰਹੇ ਸਵਾਲਾਂ, ਪਛਤਾਵਿਆਂ ਅਤੇ ਚੋਣਾਂ ਦੀ ਬੇਚੈਨੀ ਹੈ। ਮਨ ਦਾ ਅੰਦਰੂਨੀ ਸੰਘਰਸ਼, ਇੱਕ ਪੁਰਾਣੇ ਪਿਆਰ ਦੀ ਨਰਮੀ ਅਤੇ ਮੌਜੂਦਾ ਰਿਸ਼ਤੇ ਦੀ ਸੁਰੱਖਿਆ ਵਿਚਕਾਰ ਇਕ ਹਿਚਕ, ਖਾਰਾ ਅਤੇ ਮਿੱਠਾਪਣ ਹੈ। ਇਨਾਂ ਸਾਰਿਆਂ ਦ੍ਰਿਸ਼ਾਂ ਚ ਹਰ ਦਰਸ਼ਕ ਆਪਣੀ ਜ਼ਿੰਦਗੀ ਦਾ ਪਰਛਾਂਵਾ ਦੇਖ ਲੈਂਦਾ ਹੈ।
ਸਲੀਲ ਚੌਧਰੀ ਦਾ ਸੰਗੀਤ, ਯੋਗਾਸ਼ ਦੇ ਬੋਲ ਅਤੇ ਅਮੋਲ ਪਾਲੇਕਰ ਦੀ ਭੋਲੀ-ਭਾਲੀ ਸੂਰਤ ਅਤੇ ਅਦਾਕਾਰੀ ਦੇ ਅੰਦਾਜ਼, ਕਿਰਦਾਰ। ਇਹ ਸਭ ਮਿਲਕੇ ਫਿਲਮ ਨੂੰ ਇੱਕ ਐਸੀ ਖ਼ਾਮੋਸ਼ ਗਹਿਰਾਈ ਦਿੰਦੇ ਹਨ, ਜੋ ਦਿਲ ਦੀ ਧੜਕਣ ਦੇ ਨੇੜੇ ਬਹਿ ਜਾਂਦੀ ਹੈ।
ਰੰਜਨੀਗੰਧਾ ਦੀ ਟੀਮ ਨੇ ਸਿਰਫ਼ ਇੱਕ ਫਿਲਮ ਨਹੀਂ ਦਿੱਤੀ, ਸਗੋਂ ਇੱਕ ਰਾਹ ਵੀ ਦਿੱਤਾ। ਇਹ ਉਹ ਸਮਾਂ ਸੀ ਜਦੋਂ ਮਿਡਲ, ਪੈਰੇਲ, ਆਰਟ ਸਿਨੇਮੇ ਨੇ ਵੀ ਜਨਮ ਲਿਆ। ਉਹ ਸਿਨੇਮਾ, ਜਿਸ ਵਿੱਚ ਨਾਇਕ ਆਮ ਲੋਕ ਹੁੰਦੇ ਹਨ, ਕਹਾਣੀਆਂ ਆਮ ਦਿਨਾਂ ਦੀਆਂ ਅਤੇ ਜਜ਼ਬਾਤ ਅਸਧਾਰਣ ਤੌਰ ‘ਤੇ ਸੱਚੇ ਹੁੰਦੇ ਹਨ। 1975 ਦੇ ਢਲਿਮਡੳਰੲ ਆੳਰਦਸ ਵਿੱਚ ਭੲਸਟ ਫਚਿਟੁਰੲ ਦੀ ਜਿੱਤ ਇਸਦੀ ਕਲਾ ਦਾ ਮਜ਼ਬੂਤ ਪ੍ਰਮਾਣ ਹੈ।
ਅੱਜ ਦੇ ਦੌਰ ਵਿੱਚ, ਜਿੱਥੇ ਪਿਆਰ ਦੀਆਂ ਕਹਾਣੀਆਂ ਵੱਡੇ ਫਰੇਮਾਂ ਅਤੇ ਵੱਡੇ ਨਾਟਕਾਂ ਦੇ ਆਸਰੇ ਟਿਕੀਆਂ ਹਨ। ਉਥੇ ‘ਰੰਜਨੀਗੰਧਾ’ ਇਹ ਸਵਾਲ ਚੁੱਪ-ਚਾਪ ਪੁੱਛਦੀ ਹੈ:
ਕੀ ਸਾਦਗੀ ਵਾਕਈ ਪੁਰਾਣੀ ਹੋ ਜਾਂਦੀ ਹੈ?
ਜਵਾਬ ਹੈ—ਬੇਸ਼ੱਕ, ਕਦੇ ਵੀ ਨਹੀਂ।
ਸਾਦਗੀ ਦੀ ਇਸ ਖੁਸ਼ਬੂ ਵਿੱਚ ਹੀ ਸਿਨੇਮਾ ਦੀ ਬਾਕੀ ਬਚੀ ਸੱਚਾਈ ਵੱਸਦੀ ਹੈ।
