2025 ਦੌਰਾਨ ਹਰਿਆਣੇ ’ਚ ਛਪੀਆਂ ਪੁਸਤਕਾਂ ਦਾ ਲੇਖਾ- ਜੋਖਾ : ਡਾ. ਨਿਸ਼ਾਨ ਸਿੰਘ ਰਾਠੌਰ

Screenshot_2025-11-30_21-41-40.resizedਅੱਜ ਦਾ ਦੌਰ ਸੋਸ਼ਲ- ਮੀਡੀਆ ਦਾ ਦੌਰ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤਕ; ਸਭ ਦੇ ਹੱਥਾਂ ਵਿੱਚ ਮੋਬਾਇਲ ਫੋਨ ਹਨ। ਸਕਰੀਨ ਦੇ ਇਸ ਯੁੱਗ ਵਿੱਚ ਲਿਖਤ ਦਾ ਆਪਣੀ ਹੋਂਦ ਨੂੰ ਬਚਾਈ ਰੱਖਣਾ ਮੁਸ਼ਕਿਲ ਕਾਰਜ ਬਣ ਗਿਆ ਹੈ। ਪਰੰਤੂ! ਬਾਵਜੂਦ ਇਸ ਚੁਣੌਤੀ ਦੇ; ਲਿਖਤ (ਪੁਸਤਕ, ਅਖ਼ਬਾਰ ਤੇ ਰਸਾਲੇ) ਅੱਜ ਵੀ ਪਾਠਕਾਂ ਦੇ ਜ਼ਿਹਨ ਵਿੱਚ ਆਪਣੀ ਛਾਪ ਨੂੰ ਬਰਕਰਾਰ ਰੱਖੀ ਬੈਠੇ ਹਨ। ਹਾਲਾਂਕਿ ‘ਸਕਰੀਨ’ ਨੇ ਇਸ ਖ਼ੇਤਰ ਨੂੰ ਢਾਹ ਜ਼ਰੂਰ ਲਾਈ ਹੈ ਪਰ! ਅਜੇ ਪੂਰੀ ਤਰ੍ਹਾਂ ਹਨੇਰਾ ਨਹੀਂ ਛਾਇਆ। ਲੋਕ ਅਜੇ ਵੀ ਪੁਸਤਕਾਂ, ਅਖ਼ਬਾਰਾਂ ਤੇ ਰਸਾਲਿਆਂ ਨਾਲ ਸਾਂਝ ਪਾਈ ਬੈਠੇ ਹਨ।

ਖ਼ੌਰੇ! ਇਹੋ ਕਾਰਨ ਹੈ ਕਿ ਸਾਹਿਤ ਜਗਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਹੈ। ਇਨ੍ਹਾਂ ਵਿੱਚੋਂ ਕੁਝ ਪੁਸਤਕਾਂ ਦੀ ਚਰਚਾ ਅਖ਼ਬਾਰਾਂ, ਰਸਾਲਿਆਂ ਅਤੇ ਸੋਸ਼ਲ- ਮੀਡੀਆ ਤੇ ਦੇਖਣ- ਸੁਣਨ ਨੂੰ ਮਿਲਦੀ ਹੈ ਅਤੇ ਕੁਝ ਪੁਸਤਕਾਂ ਸਿਰਫ਼ ਲੇਖਕਾਂ, ਪ੍ਰਕਾਸ਼ਕਾਂ ਅਤੇ ਨਜਦੀਕੀ ਦੋਸਤਾਂ- ਮਿੱਤਰਾਂ ਤਕ ਹੀ ਪਹੁੰਚ ਬਣਾ ਪਾਉਂਦੀਆਂ ਹਨ ਅਤੇ ਫਿਰ ਘਰਾਂ ਦੇ ਖੂੰਜਿਆਂ ’ਚ ਪਈਆਂ ਪਾਠਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਖ਼ੈਰ!

ਪੰਜਾਬ ਦੇ ਨਾਲ- ਨਾਲ ਹਰਿਆਣੇ ਵਿੱਚ ਹੀ ਹਰ ਸਾਲ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਹੈ, (ਪਿਛਲੇ ਲਗਭਗ ਦਸ ਸਾਲਾਂ ਦੇ ਅਨੁਭਵ ਦੇ ਆਧਾਰ ’ਤੇ) ਇਨ੍ਹਾਂ ਪੰਜਾਬੀ ਪੁਸਤਕਾਂ ਦੀ ਗਿਣਤੀ ਅਮੁਮਨ ਇੱਕ ਦਰਜਨ ਤੇ ਆਸ- ਪਾਸ ਹੀ ਰਹਿੰਦੀ ਹੈ। ਹਰਿਆਣੇ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਵੱਸਦਾ ਹੈ (ਲਗਭਗ 18 ਲੱਖ) ਦੇ ਕਰੀਬ ਪੰਜਾਬੀਆਂ ਦੀ ਗਿਣਤੀ ਦਾ ਅੰਦਾਜ਼ਾ ਹੈ। ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ ਅਤੇ ਸਿਰਸਾ ਪੰਜਾਬੀ ਵੱਸੋਂ ਵਾਲੇ ਜ਼ਿਲ੍ਹੇ ਹਨ। ਖ਼ੈਰ! ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਹਰਿਆਣੇ ਅੰਦਰ ਸਾਲ- 2025 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਬਾਰੇ ਸੰਖੇਪ ਰੂਪ ਵਿੱਚ ਚਰਚਾ ਕਰਨਾ ਹੈ ਤਾਂ ਕਿ ਮੁੱਖਧਾਰਾ ਦੇ ਪੰਜਾਬੀ ਲੇਖਕਾਂ ਅਤੇ ਪਾਠਕਾਂ ਨੂੰ ਹਰਿਆਣੇ ਦੇ ਪੰਜਾਬੀ ਪੁਸਤਕ ਸੱਭਿਆਚਾਰ ਬਾਰੇ ਪਤਾ ਲੱਗ ਸਕੇ।

Screenshot_2025-11-30_21-42-20.resizedਸਾਲ- 2025 ਦੌਰਾਨ ਹਰਿਆਣੇ ਦੇ ਲੇਖਕਾਂ ਦੀਆਂ ਛਪੀਆਂ ਪੰਜਾਬੀ ਪੁਸਤਕਾਂ : -

(1) ਕੌਣ ਲਿਖੂ ਸਿਰਨਾਵਾਂ? (2) ਪੰਜਾਬੀ ਭਾਸ਼ਾ: ਸਥਿਤੀ ਤੇ ਸੰਭਾਵਨਾਵਾਂ- ਲੇਖਕ ਡਾ. ਸੁਦਰਸ਼ਨ ਗਾਸੋ
ਅੰਬਾਲੇ ਰਹਿੰਦੇ ਸੇਵਾਮੁਕਤ ਪ੍ਰੋਫ਼ੈਸਰ ਡਾ. ਸੁਦਰਸ਼ਨ ਗਾਸੋ ਦੀਆਂ ਦੋ ਪੰਜਾਬੀ ਪੁਸਤਕਾਂ ਇਸ ਸਾਲ ਪ੍ਰਕਾਸ਼ਿਤ ਹੋਈਆਂ ਹਨ। ਇੱਕ ਕਾਵਿ- ਸੰਗ੍ਰਹਿ ‘ਕੌਣ ਲਿਖੂ ਸਿਰਨਾਵਾਂ?’ ਤੇ ਦੂਜੀ ਪੁਸਤਕ ‘ਪੰਜਾਬੀ ਭਾਸ਼ਾ: ਸਥਿਤੀ ਤੇ ਸੰਭਾਵਨਾਵਾਂ।’ ਸੁਦਰਸ਼ਨ ਗਾਸੋ ਜਿੱਥੇ ਵਧੀਆ ਕਵੀ ਹਨ ਉੱਥੇ ਹੀ ਉੱਘੇ ਆਲੋਚਕ ਵੀ ਹਨ। ਹਰਿਆਣੇ ਅੰਦਰ ਪੰਜਾਬੀ ਭਾਸ਼ਾ ਦੀ ਦਸ਼ਾ, ਦਿਸ਼ਾ ਅਤੇ ਦਰਪੇਸ਼ ਚੁਣੌਤੀਆਂ ਨੂੰ ਇਸ ਪੁਸਤਕ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚਲੇ ਬਹੁਤੇ ਲੇਖ ਪੰਜਾਬੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁਕੇ ਹਨ। ਲੇਖਕ ਨੇ ਇਹ ਲੇਖ ਇਕੱਤਰ ਕਰਕੇ ਪੁਸਤਕ ਰੂਪ ਵਿੱਚ ਸੰਭਾਲੇ ਹਨ ਤਾਂ ਕਿ ਪਾਠਕਾਂ ਦੇ ਕੰਮ ਆ ਸਕਣ।

ਯਾਰੜਿਆ (ਕਾਵਿ- ਸੰਗ੍ਰਹਿ) – ਲੇਖਿਕਾ ਛਿੰਦਰ ਕੌਰ ਸਿਰਸਾ

ਸਿਰਸੇ ਰਹਿੰਦੀ ਸ਼ਾਇਰਾ ‘ਛਿੰਦਰ ਕੌਰ ਸਿਰਸਾ’ ਦਾ ਕਾਵਿ- ਸੰਗ੍ਰਹਿ ‘ਯਾਰੜਿਆ’ ਵੀ ਇਸ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਵਿੱਚ ਸ਼ਾਇਰਾ ਨੇ ਜਿੱਥੇ ਔਰਤ ਮਨ ਦੇ ਕੋਮਲ ਵਲਵਲਿਆਂ ਨੂੰ ਖੂਬਸੂਰਤ ਲਫ਼ਜ਼ਾਂ ਵਿੱਚ ਪਰੋਇਆ ਹੈ ਉੱਥੇ ਹੀ ਅਜੋਕੇ ਦੌਰ ਵਿੱਚ ਮਨੁੱਖ ਦੇ ‘ਮਸ਼ੀਨ’ ਬਣਨ ਨੂੰ ਵੀ ਚਿੱਤਰਿਆ ਹੈ। ਛਿੰਦਰ ਦੀ ਸ਼ਬਦਾਵਲੀ ਪੇਂਡੂ ਧਰਾਤਲ ਨਾਲ ਜੁੜੀ ਹੋਈ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਬਾਬਲ ਦੇ ਵਿਹੜੇ ਦੀ ਸੁਖ ਮੰਗਦੀ ਦਿਖਾਈ ਦਿੰਦੀ ਹੈ। ਉਸਦੀਆਂ ਕਵਿਤਾਵਾਂ ਵਿੱਚ ਪ੍ਰੀਤਮ ਦੇ ਵਿਯੋਗ ਦੀ ਪੀੜ ਨੂੰ ਦੇਖਿਆ ਜਾ ਸਕਦਾ ਹੈ।

(1) ਮਾਣੋ ਬਿੱਲੀ (2) ਉਮੀਦ ਦੀ ਕਿਰਨ- ਲੇਖਕ ਅਨਿਲ ਕੁਮਾਰ ਸੌਦਾ

ਅਨਿਲ ਕੁਮਾਰ ਸੌਦਾ ਦੀਆਂ ਦੋ ਪੰਜਾਬੀ ਪੁਸਤਕਾਂ ਵੀ ਇਸੇ ਸਾਲ ਪ੍ਰਕਾਸ਼ਿਤ ਹੋਈਆਂ ਹਨ। ਇੱਕ ਬਾਲ ਕਾਵਿ- ਸੰਗ੍ਰਹਿ ‘ਮਾਣੋ ਬਿੱਲੀ’ ਤੇ ਦੂਜਾ ਪ੍ਰੇਰਣਾਦਾਇਕ ਨਾਅਰਿਆਂ ਦੀ ਪੁਸਤਕ ‘ਉਮੀਦ ਦੀ ਕਿਰਨ’। ‘ਮਾਣੋ ਬਿੱਲੀ’ ਵਿੱਚ ਬਾਲ ਮਨ ਨਾਲ ਸੰਬੰਧਤ ਨਿੱਕੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਗਈ ਹੈ। ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ ਹੈ ਤੇ ਪੜ੍ਹਾਈ ਦੀ ਅਹਿਮੀਅਤ ਬਾਰੇ ਪਾਠ ਪੜ੍ਹਾਇਆ ਗਿਆ ਹੈ। ਪ੍ਰੇਰਣਾਦਾਇਕ ਨਾਅਰਿਆਂ ਦੀ ਪੁਸਤਕ ਵਿੱਚ ਵੀ ਲੇਖਕ ਨੇ ਵਰਤਮਾਨ ਸਮੇਂ ਦੀਆਂ ਸਮੱਸਿਆਵਾਂ ਨੂੰ ਛੋਟੇ- ਛੋਟੇ ਨਾਅਰਿਆਂ ਦੇ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ।
ਨਸ਼ਤੂਰ (ਪੰਜਾਬੀ- ਹਿੰਦੀ ਸਾਂਝਾ ਕਾਵਿ- ਸੰਗ੍ਰਹਿ)- ਲੇਖਕ ਅਨਿਲ ਖ਼ਿਆਲ

ਕਰਨਾਲ ਰਹਿੰਦੇ ਲੇਖਕ ਅਨਿਲ ਖ਼ਿਆਲ ਦਾ ਪੰਜਾਬੀ- ਹਿੰਦੀ ਸਾਂਝਾ ਕਾਵਿ- ਸੰਗ੍ਰਹਿ ‘ਨਸ਼ਤੂਰ’ ਵੀ ਇਸੇ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਕਾਵਿ- ਸੰਗ੍ਰਹਿ ਵਿੱਚ ਸ਼ਾਇਰ ਨੇ ਜਿੱਥੇ ਜੀਵਨ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕੀਤਾ ਹੈ ਉੱਥੇ ਹੀ ਮਨੁੱਖੀ ਮਨ ਦੀਆਂ ਕੋਮਲ ਸੰਵੇਦਨਾਵਾਂ ਨੂੰ ਵਧੀਆ ਸ਼ਬਦਾਂ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਕਾਵਿ- ਸੰਗ੍ਰਹਿ ਵਿੱਚ ਪੇਸ਼ ਕਵਿਤਾਵਾਂ ਜਿਵੇਂ ਕਿ ਸ਼ਹਿਦ, ਹੁਕਮ ਦਾ ਰੰਗ, ਰਾਜਾ ਅਤੇ ਥੱਕੀਆਂ ਰਾਹਾਂ ਆਦਿਕ ਨੂੰ ਪੜ੍ਹ ਕੇ ਸ਼ਾਇਰ ਦੇ ਬਹੁਪੱਖੀ ਵਿਸ਼ਾ ਚੋਣ ਦਾ ਪਤਾ ਲੱਗਦਾ ਹੈ। ਸ਼ਾਇਰ ਆਪਣੀ ਕਲਮ ਰਾਹੀਂ ਜਿੱਥੇ ਹਾਕਮ ਧਿਰ ਨੂੰ ਸਵਾਲ ਪੁੱਛਦਾ ਹੈ ਉੱਥੇ ਹੀ ਲੋਕਾਂ ਨੂੰ ਜਗਾਉਣ ਦਾ ਯਤਨ ਕਰਦਾ ਵੀ ਦਿਖਾਈ ਦਿੰਦਾ ਹੈ।

ਉੱਚੀਆਂ ਉਡਾਰੀਆਂ (ਬਾਲ ਕਹਾਣੀ- ਸੰਗ੍ਰਹਿ)- ਲੇਖਿਕਾ ਮੀਨਾ ਨਵੀਨ

ਅੰਬਾਲੇ ਰਹਿੰਦੀ ਅਧਿਆਪਕਾ ਮੀਨਾ ਨਵੀਨ ਦਾ ਬਾਲ ਕਹਾਣੀ- ਸੰਗ੍ਰਹਿ ‘ਉੱਚੀਆਂ ਉਡਾਰੀਆਂ’ ਵੀ ਇਸੇ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਲੇਖਿਕਾ ਨੇ ਸਕੂਲੀ ਬੱਚਿਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਹੈ। ‘ਵੱਡੀ ਮਾਂ’ ਕਹਾਣੀ ਵਿੱਚ ਲੇਖਿਕਾ ਪੜ੍ਹਾਈ ਨੂੰ ਮਾਂ ਤੋਂ ਵੀ ਉੱਚਾ ਦਰਜ਼ਾ ਦਿੰਦੀ ਹੈ। ਅਸਲ ਵਿੱਚ ਮੀਨਾ ਨਵੀਨ ਦੇ ਕਹਾਣੀਆਂ ਦੇ ਪਾਤਰ ਉਸਦੇ ਆਲੇ- ਦੁਆਲੇ ਘੁੰਮਦੇ ਲੋਕ ਅਤੇ ਉਸਦੇ ਸਕੂਲ ਦੇ ਵਿਦਿਆਰਥੀ ਹੀ ਹਨ। ਉਹ ਆਪਣੇ ਆਸਪਾਸ ਘਟਿਤ ਘਟਨਾਵਾਂ ਨੂੰ ਆਪਣੀ ਕਲਮ ਰਾਹੀਂ ਪਾਠਕਾਂ ਤਕ ਪਹੁੰਚਾਉਣ ਦਾ ਕਾਰਜ ਬਹੁਤ ਵਧੀਆ ਢੰਗ ਨਾਲ ਕਰ ਰਹੀ ਹੈ।
ਭਗਤ ਸਿੰਘ ਹੁਣ ਸੰਧੂ ਹੋਇਆ (ਕਾਵਿ- ਸੰਗ੍ਰਹਿ)- ਲੇਖਕ ਨਿਸ਼ਾਨ ਸਿੰਘ ਰਾਠੌਰ

ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਦੀ ਪੰਜਵੀਂ ਪੁਸਤਕ ‘ਭਗਤ ਸਿੰਘ ਹੁਣ ਸੰਧੂ ਹੋਇਆ’ ਵੀ ਇਸੇ ਸਾਲ ਪ੍ਰਕਾਸ਼ਿਤ ਹੋਈ ਪੰਜਾਬੀ ਪੁਸਤਕ ਹੈ। ਇਸ ਕਾਵਿ- ਸੰਗ੍ਰਹਿ ਵਿੱਚ ਜਿੱਥੇ ਸਮਾਜਿਕ ਜੀਵਨ ਨਾਲ ਸੰਬੰਧਤ ਕਵਿਤਾਵਾਂ ਸਿਰਜੀਆਂ ਗਈਆਂ ਹਨ ਉੱਥੇ ਹੀ ਭ੍ਰਿਸ਼ਟਾਚਾਰ, ਰਿਸ਼ਵਤਖ਼ੋਰੀ, ਬਈਮਾਨੀ, ਧੱਕੇਸ਼ਾਹੀ, ਤਾਨਾਸ਼ਾਹੀ, ਅਨਿਆਂ, ਭਰੂਣ- ਹੱਤਿਆ, ਗਲੋਬਲ ਵਾਰਮਿੰਗ ਅਤੇ ਦਲਿਤ ਚੇਤਨਾ ਨਾਲ ਸੰਬੰਧਤ ਵਿਸ਼ੇ ਉਠਾਏ ਗਏ ਹਨ। ਸ਼ਾਇਰ ਕਹਿੰਦਾ ਹੈ ਕਿ ਅੱਜ ਅਸੀਂ ਆਪਣੇ ਸੂਰਬੀਰ- ਯੋਧਿਆਂ ਨੂੰ ਵੀ ਜਾਤਾਂ-ਗੋਤਾਂ ਦੇ ਬੰਧਨਾਂ ਵਿੱਚ ਬੰਨ੍ਹ ਲਿਆ ਹੈ;

“ਭਗਤ ਸਿੰਘ ਹੁਣ ਸੰਧੂ ਹੋਇਆ /ਊਧਮ ਸਿੰਘ ਕੰਬੋਜ,
ਸੂਰਬੀਰਾਂ ਨੂੰ ਵੰਡੀ ਜਾਵਣ / ਲੋਕ ਇੱਥੇ ਹਰ ਰੋਜ।” (ਪੰਨਾ- 13)

ਇਸ ਕਾਵਿ- ਸੰਗ੍ਰਹਿ ਵਿੱਚ ਫ਼ੌਜੀ ਜੀਵਨ ਨਾਲ ਸੰਬੰਧਤ ਕੁਝ ਕਵਿਤਾਵਾਂ ਦੀ ਸਿਰਜਣਾ ਵੀ ਕੀਤੀ ਗਈ ਹੈ। ਅਸਲ ਵਿੱਚ ਲੇਖਕ ਖ਼ੁਦ ਫ਼ੌਜੀ ਅਫ਼ਸਰ ਹੈ ਇਸ ਲਈ ਉਹ ਫ਼ੌਜੀ ਹਾਲਾਤਾਂ ਨੂੰ ਵਧੇਰੇ ਨੇੜੇ ਤੋਂ ਜਾਣਦਾ ਹੈ। ਉਹ ਇਸ ਵਕਤ ਕਿੱਥੇ ਹੈ?, ਸੁਰੱਖਿਆ ਕਾਰਨਾਂ ਕਰਕੇ ਦੱਸਣਾ ਵਾਜ਼ਬ ਨਹੀਂ। ਪਰ! ਉਸਦਾ ਪੱਕਾ ਟਿਕਾਣਾ ਕੁਰੂਕਸ਼ੇਤਰ ਹੈ।

(1) ਮਿੱਟੀ ਬੋਲ ਪਈ (ਬਾਲ ਨਾਟਕ- ਸੰਗ੍ਰਹਿ) (2) ਸਿੱਲ੍ਹੀਆਂ ਅੱਖਾਂ (ਮਿੰਨੀ ਕਹਾਣੀ- ਸੰਗ੍ਰਹਿ) – ਲੇਖਿਕਾ ਮਨਜੀਤ ਕੌਰ ਅੰਬਾਲਵੀ

ਅੰਬਾਲੇ ਰਹਿੰਦੀ ਲੇਖਿਕਾ ‘ਮਨਜੀਤ ਕੌਰ ਅੰਬਾਲਵੀ’ ਦੀ ਬਾਲ- ਨਾਟਕਾਂ ਦੀ ਪੁਸਤਕ ‘ਮਿੱਟੀ ਬੋਲ ਪਈ’ ਤੇ ਮਿੰਨੀ ਕਹਾਣੀ- ਸੰਗ੍ਰਹਿ  ‘ਸਿੱਲ੍ਹੀਆਂ ਅੱਖਾਂ’ ਵੀ ਇਸੇ ਸਾਲ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਹਨ। ਮਨਜੀਤ ਕੌਰ ਅੰਬਾਲਵੀ ਦਾ ਮੁੱਖ ਸਿਰਜਣਾ ਖ਼ੇਤਰ ਬਾਲ ਸਾਹਿਤ ਨਾਲ ਜੁੜਿਆ ਹੋਇਆ ਰਿਹਾ ਹੈ। ਇਸ ਤੋਂ ਪਹਿਲਾਂ ਉਹ ਇੱਕ ਬਾਲ ਕਾਵਿ- ਸੰਗ੍ਰਹਿ ਦੀ ਰਚਨਾ ਵੀ ਕਰ ਚੁਕੇ ਹਨ। ਇਸ ਲਈ ਉਹ ਬਾਲ ਮਨ ਨੂੰ ਵਧੇਰੇ ਚੰਗੀ ਤਰ੍ਹਾਂ ਅਤੇ ਨੇੜੇ ਤੋਂ ਸਮਝਦੇ ਹਨ ਅਤੇ ਸਿਰਜਣਾ ਕਰਦੇ ਹਨ। ‘ਸਿੱਲ੍ਹੀਆਂ ਅੱਖਾਂ’ ਵਿੱਚ ਕੁਲ- 50 ਮਿੰਨੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਅਜੋਕੇ ਸਮਾਜਿਕ ਪ੍ਰਸੰਗ ਦੀ ਗੱਲ ਵਧੀਆ ਢੰਗ ਨਾਲ ਕੀਤੀ ਗਈ ਹੈ।

ਸਾਡਾ ਲੋਕ ਵਿਰਸਾ (ਸੁਹਾਗ, ਘੋੜੀਆਂ, ਮਾਹੀਏ ਅਤੇ ਟੱਪੇ)- ਲੇਖਿਕਾ ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ ਜੀ ਬਹੁਤੀ ਸਿਰਜਣਾ ਲੋਕਧਾਰਾ ਸਾਹਿਤ ਨਾਲ ਜੁੜੀ ਹੋਈ ਹੈ। ਉਨ੍ਹਾਂ ਆਪਣੀ ਸਾਹਿਤਕ ਯਾਤਰਾ ਦਾ ਬਹੁਤਾ ਕਾਰਜ ਪੰਜਾਬੀ ਲੋਕ ਗੀਤਾਂ, ਘੋੜੀਆਂ ਸੁਹਾਗ ਅਤੇ ਟੱਪਿਆਂ ਉੱਪਰ ਕੀਤਾ ਹੈ। ਹੱਥਲੀ ਪੁਸਤਕ ਵਿੱਚ ਵੀ ਲੇਖਿਕਾ ਨੇ ਵਿਆਹਾਂ ਤੇ ਗਾਏ ਜਾਂਦੇ ਲੋਕ ਗੀਤਾਂ ਨੂੰ ਪੇਸ਼ ਕੀਤਾ ਹੈ। ਡਾ. ਚਰਨਜੀਤ ਕੌਰ ਜੀ ਨੇ ਇਸ ਪੁਸਤਕ ਵਿੱਚ ਉਨ੍ਹਾਂ ਲੋਕ ਗੀਤਾਂ ਨੂੰ ਸ਼ਾਮਿਲ ਕਰਨ ਦਾ ਯਤਨ ਕੀਤਾ ਹੈ ਜਿਹੜੇ ਪਹਿਲਾਂ ਕਦੇ ਕਿਸੇ ਪੁਸਤਕ ਵਿੱਚ ਸ਼ਾਮਿਲ ਨਹੀਂ ਕੀਤੇ ਗਏ।

ਲੋਕ ਗੀਤ ਕਿਸੇ ਵੀ ਸਮਾਜ ਦੀ ਸਿਰਜਣਾ, ਬਣਤਰ ਅਤੇ ਕਾਰਜ ਪ੍ਰਣਾਲੀ ਨੂੰ ਬਿਆਨ ਕਰਦੇ ਹਨ। ਡਾ. ਚਰਨਜੀਤ ਕੌਰ ਅਨੁਸਾਰ, “ਇਹਨਾਂ (ਲੋਕ ਗੀਤਾਂ) ਦੀਆਂ ਪਰਤਾਂ ਫਰੋਲਣ ਬਾਦ ਇਹਨਾਂ ਦੀ ਜਟਿਲਤਾ ਨੂੰ ਸਮਝਣਾ ਬਹੁਤ ਮੁਸ਼ਕਲ ਕਾਰਜ ਹੈ। ਇਹਨਾਂ ਦੀਆਂ ਪਰਤਾਂ ਵਿੱਚ ਸਮਕਾਲੀ ਸਮਾਜ ਦੀ ਸਮੁੱਚੀ ਰਹਿਤਲ ਦੇ ਐਨੇ ਯਥਾਰਥਕ ਭੇਦ ਪਰਦੇ ਛੁਪੇ ਹੋਏ ਹੁੰਦੇ ਹਨ ਕਿ ਇਹਨਾਂ ਨੂੰ ਸਮਝਣ ਲਈ ਅੱਖਾਂ ਦੇ ਫੋਲਿਆਂ ਵਿੱਚ ਬਹੁਤ ਹੀ ਮਹੀਨ ਮਾਈਕਰੋਸਕੋਪ ਫਿੱਟ ਕਰਨ ਦੀ ਲੋੜ ਪੈਂਦੀ ਹੈ।”

(ਸਾਡਾ ਲੋਕ ਵਿਰਸਾ: ਸੁਹਾਗ, ਘੋੜੀਆਂ, ਮਾਹੀਏ ਅਤੇ ਟੱਪੇ, ਪੰਨਾ- 8)
ਮੌਤਾਂ ਦੇ ਵਪਾਰੀ (ਨਾਵਲ)- ਲੇਖਕ ਜਸਬੀਰ ਸਿੰਘ ਸਾਹਨੀ

ਚੰਡੀਗੜ੍ਹ ਪੁਲਿਸ ਵਿੱਚ 37 ਸਾਲ ਸਰਵਿਸ ਕਰਕੇ ਬਤੌਰ ਇੰਸਪੈਕਟਰ ਸੇਵਾਮੁਕਤ (ਲੇਖਕ) ਜਸਬੀਰ ਸਿੰਘ ਸਾਹਨੀ ਦਾ ਨਾਵਲ ‘ਮੌਤਾਂ ਦੇ ਵਪਾਰੀ’ ਵੀ ਇਸੇ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਨਾਵਲ ‘ਸੋ ਕਿਉ ਮੰਦਾ ਆਖੀਐ’, ‘ਕਾਫ਼ਰ ਕੌਣ’ ਅਤੇ ‘ਔਨਰ ਕਿਲਿੰਗ’ ਪ੍ਰਕਾਸ਼ਿਤ ਹੋ ਚੁਕੇ ਹਨ। ਇਸ ਵਰ੍ਹੇ ਛਪੇ ਨਾਵਲ ‘ਮੌਤਾਂ ਦੇ ਵਪਾਰੀ’ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਗਲਤਾਨ ਨੌਜਵਾਨਾਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਲੇਖਕ ਪੁਲਿਸ ਵਿਭਾਗ ਵਿੱਚ ਲੰਮੀ ਸੇਵਾ ਨਿਭਾ ਚੁਕਿਆ ਹੈ ਇਸ ਲਈ ਉਸਨੂੰ ਸਮਾਜਕ ਬੁਰਾਈਆਂ ਦਾ ਵਧੇਰੇ ਪਤਾ ਹੈ, ਕਿਉਂਕਿ ਨੌਕਰੀ ਦੌਰਾਨ ਉਨ੍ਹਾਂ ਦਾ ਵਾਸਤਾ ਇਨ੍ਹਾਂ ਨਸ਼ੇੜੀਆਂ ਅਤੇ ਅਪਰਾਧੀਆਂ ਨਾਲ ਪੈਂਦਾ ਰਿਹਾ ਹੈ। ਉਹ ਅੱਜਕਲ੍ਹ ਅੰਬਾਲਾ ਸ਼ਹਿਰ ਵਿਖੇ ਰਹਿ ਰਹੇ ਹਨ।

ਅਸ਼ਵਮੇਧ (ਕਾਵਿ- ਸੰਗ੍ਰਹਿ)- ਲੇਖਕ ਤਰਲੋਚਨ ਮੀਰ

ਤਰਲੋਚਨ ਮੀਰ ਦਾ ਕਾਵਿ- ਸੰਗ੍ਰਹਿ ‘ਅਸ਼ਵਮੇਧ’ ਵੀ ਇਸੇ ਸਾਲ ਪ੍ਰਕਾਸ਼ਿਤ ਹੋਇਆ ਹੈ। ਤਰਲੋਚਨ ਦੀ ਸ਼ਾਇਰੀ ਵਿਦਰੋਹ ਦੀ ਸ਼ਾਇਰੀ ਕਹੀ ਜਾ ਸਕਦੀ ਹੈ। ਉਹ ਸਮਾਜ ਵਿੱਚ ਫੈਲੇ ਭ੍ਰਿਸ਼ਟ ਤਾਣੇ- ਬਾਣੇ ਨੂੰ ਮੂਲੋਂ ਹੀ ਬਦਲ ਦੇਣਾ ਚਾਹੁੰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਮਨੁੱਖ ਨੂੰ ਜਗਾਉਣ ਦਾ ਯਤਨ ਕਰਦਾ ਦਿਖਾਈ ਦਿੰਦਾ ਹੈ। ਪਿਛਲੇ ਸਾਲ ‘ਖ਼ੰਜ਼ਰ’ ਗ਼ਜ਼ਲ- ਸੰਗ੍ਰਹਿ ਵਿੱਚ ਵੀ ਇਸੇ ਤਰ੍ਹਾਂ ਦੀਆਂ ਗ਼ਜ਼ਲਾਂ ਪੜ੍ਹਨ ਨੂੰ ਮਿਲੀਆਂ ਸਨ। ਤਰਲੋਚਨ ਮੀਰ ਦੀ ਆਪਣੀ ਵੱਖਰੀ ਸ਼ੈਲੀ ਹੈ ਅਤੇ ਉਸ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ।

ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਹਰ ਸਾਲ ਵਾਂਗ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਧੀਆ ਕਾਰਗੁਜਾਰੀ ਵਿਖਾਈ ਹੈ। ਹਰ ਸਾਲ ਦੀ ਤਰ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਚੰਗੀਆਂ ਪੁਸਤਕਾਂ ਪਾਈਆਂ ਹਨ ਜਿਹੜੀਆਂ ਕਿ ਪਾਠਕਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀਆਂ ਹਨ ਬਸ਼ਰਤੇ; ਇਨ੍ਹਾਂ ਦੀ ਚਰਚਾ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਿੱਚ ਸਾਰਥਕ ਸ਼ਬਦਾਂ ਵਿੱਚ ਕੀਤੀ ਜਾਵੇ। ਸ਼ਾਲਾ! ਹਰਿਆਣੇ ਅੰਦਰ ਪੰਜਾਬੀ ਮਾਂ ਬੋਲੀ ਦਾ ਦੀਵਾ ਇੰਜ ਹੀ ਜਗਦਾ ਰਹੇ, ਇਹੋ ਅਰਦਾਸ ਹੈ ਮੇਰੀ…।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>