ਬਰਨਾਲਾ: ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਕਰਵਾਏ ਗਏ ਸਾਲਾਨਾ ਸਨਮਾਨ ਸਮਾਰੋਹ ਸਮੇਂ, ਇਸ ਵਾਰ ਦਾ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਐਵਾਰਡ’ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਬਚਿੰਤ ਕੌਰ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਭੋਲਾ ਸਿੰਘ ਸੰਘੇੜਾ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪੰਜਾਬੀ ਦੇ ਪ੍ਰਬੁੱਧ ਲੇਖਕਾਂ ਨੂੰ ਦਿੱਤਾ ਜਾਣ ਵਾਲਾ ਇਹ ਸਨਮਾਨ ਅੱਗੇ ਵੀ ਜਾਰੀ ਰਹੇਗਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਅੱਜ ਦਾ ਇਹ ਸਨਮਾਨ ਸਿਰਫ ਸ਼੍ਰੀਮਤੀ ਬਚਿੰਤ ਕੌਰ ਦਾ ਸਨਮਾਨ ਨਹੀਂ ਬਲਕਿ ਸਾਹਿਤ ਸਿਰਜਣਾ ਨਾਲ਼ ਜੁੜੀਆਂ ਹੋਈਆਂ ਸਮੁੱਚੀਆਂ ਔਰਤਾਂ ਦਾ ਸਨਮਾਨ ਹੈ। ਮੁੱਖ ਮਹਿਮਾਨ ਪ੍ਰੋ. ਸੁਰਜੀਤ ਜੱਜ ਅਤੇ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਬਚਿੰਤ ਕੌਰ ਨੇ ਸਾਹਿਤ ਦੇ ਖੇਤਰ ਵਿਚ ਓਦੋਂ ਕਦਮ ਰੱਖਿਆ ਜਦੋਂ ਆਮ ਔਰਤਾਂ ਨੂੰ ਘਰ ਤੋਂ ਬਾਹਰ ਕਦਮ ਰੱਖਣ ਦੀ ਇਜਾਜ਼ਤ ਨਹੀਂ ਸੀ। ਸਾਹਿਤ ਦੇ ਖੇਤਰ ਵਿਚ ਇਹਨਾਂ ਨੇ ਨਵੀਂਆਂ ਲੀਹਾਂ ਪਾਈਆਂ ਹਨ। ਡਾ. ਤੇਜਾ ਸਿੰਘ ਤਿਲਕ, ਡਾ. ਤਰਸਪਾਲ ਕੌਰ ਅਤੇ ਡਾ. ਰਾਮ ਪਾਲ ਸ਼ਾਹਪੁਰੀ ਨੇ ਕਿਹਾ ਕਿ ਬਚਿੰਤ ਕੌਰ ਦੀਆਂ ਰਚਨਾਵਾਂ ਨੇ ਅਜੋਕੀ ਨਾਰੀ ਨੂੰ ਲਿਖਣ ਲਈ ਹਿੰਮਤ ਪ੍ਰਦਾਨ ਕੀਤੀ। ਪੰਜਾਬੀ ਸਾਹਿਤ ਨੂੰ ਇਹਨਾਂ ਨੇ ਕਿੰਨੀਆਂ ਹੀ ਕਾਲਜਈ ਰਚਨਾਵਾਂ ਦਿੱਤੀਆਂਹਨ। ਵਿਚਾਰ ਵਟਾਂਦਰੇ ਵਿਚ ਡਾ. ਦਵਿੰਦਰ ਕੌਰ ਸੈਣੀ, ਪਰਮਜੀਤ ਮਾਨ, ਪ੍ਰਿੰ. ਦਰਸ਼ਨ ਚੀਮਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਹਾਕਮ ਰੂੜੇਕੇ, ਰਜਿੰਦਰ ਸ਼ੌਕੀ, ਲਛਮਣ ਦਾਸ ਮੁਸਾਫਿਰ, ਜਗਜੀਤ ਕੌਰ ਢਿਲਵਾਂ ਨੇ ਵੀ ਭਾਗ ਲਿਆ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਗੁਲਜ਼ਾਰ ਸਿੰਘ ਪੰਧੇਰ, ਡਾ. ਲਾਭ ਸਿੰਘ ਖੀਵਾ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਰਾਮਪੁਰੀ, ਹਰਮੀਤ ਵਿਦਿਆਰਥੀ, ਪਰਗਟ ਸਿੰਘ ਸਤੌਜ, ਸੋਮ ਪਾਲ ਹੀਰਾ ਆਦਿ ਹਾਜ਼ਰ
ਸਨ। ਮੰਚ ਸੰਚਾਲਨ ਦਾ ਫ਼ਰਜ਼ ਡਾ. ਤਰਸਪਾਲ ਕੌਰ ਨੇ ਨਿਭਾਇਆ।
ਕਹਾਣੀਕਾਰਾ ਬਚਿੰਤ ਕੌਰ ਦਾ ‘ਮਾਤਾ ਤੇਜ ਕੌਰ ਯਾਦਗਾਰੀ ਐਵਾਰਡ’ ਨਾਲ ਹੋਇਆ ਸਨਮਾਨ
This entry was posted in ਪੰਜਾਬ.
