ਫ਼ਤਹਿਗੜ੍ਹ ਸਾਹਿਬ – “ਜੋ ਮੋਦੀ ਦੀ ਮੁਤੱਸਵੀ ਸਰਕਾਰ ਵੱਲੋ ਪਾਰਲੀਮੈਟ ਵਿਚ ਇੰਡੀਆ ਦੇ ਕੌਮੀ ਗੀਤ ਵੰਦੇ ਮਾਤਰਮ ਬਾਰੇ ਬਹਿਸ ਹੋ ਰਹੀ ਹੈ, ਇਹ ਤਾਂ ਬਹੁਗਿਣਤੀ ਹਿੰਦੂ ਕੌਮ ਦਾ ਕੌਮੀ ਗੀਤ ਹੈ। ਦੂਸਰੇ ਪਾਸੇ ਘੱਟ ਗਿਣਤੀ ਸਿੱਖ ਕੌਮ ਇਕ ਵੱਖਰੀ ਕੌਮ ਹੈ । ਜਿਸਦਾ ਇਤਿਹਾਸ ਮਨੁੱਖਤਾ ਪੱਖੀ, ਨਿਵੇਕਲਾ ਅਤੇ ਫਖ਼ਰ ਵਾਲਾ ਹੈ । ਸਾਡਾ ਕੌਮੀ ਸ਼ਬਦ ਤਾਂ ‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥’ ਹੈ । ਜੇਕਰ ਹੁਕਮਰਾਨ ਇੰਡੀਅਨ ਵਿਧਾਨ ਦੀ ਧਾਰਾ 14 ਅਨੁਸਾਰ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਕਬੀਲਿਆ ਨੂੰ ਸਹੀ ਮਾਇਨਿਆ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਲਈ ਸੰਜੀਦਾ ਹਨ ਤਾਂ ਸਾਡੇ ਪੰਜਾਬ ਦੇ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆ ਵਿਚ ਜ਼ਬਰੀ ਜਨ-ਗਨ-ਮਨ ਜਾਂ ਵੰਦੇ ਮਾਤਰਮ ਵਰਗੇ ਗੀਤਾਂ ਨੂੰ ਲਾਗੂ ਕਰਨ ਦੀ ਬਜਾਇ ਘੱਟ ਗਿਣਤੀ ਕੌਮ ਦੇ ਉਪਰੋਕਤ ਸ਼ਬਦ ਨੂੰ ਲਾਗੂ ਕਰੇ ਨਾ ਕਿ ਹਿੰਦੂਤਵ ਸੋਚ ਵਾਲੇ ਗੀਤਾਂ ਨੂੰ ਵੀ ਘੱਟ ਗਿਣਤੀ ਕੌਮਾਂ ਤੇ ਥੋਪਿਆ ਜਾਵੇ । ਅਸੀ ਸਭ ਕੌਮਾਂ ਧਰਮਾਂ, ਫਿਰਕਿਆ, ਕਬੀਲਿਆ ਦਾ ਸਤਿਕਾਰ ਕਰਦੇ ਹਾਂ । ਅਸੀ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਮਨਫੀ ਕਰਕੇ ਇਹ ਬਿਲਕੁਲ ਵੀ ਹਿੰਦੂਤਵ ਸੋਚ ਵਾਲੇ ਅਮਲ ਨਹੀ ਹੋਣੇ ਚਾਹੀਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਲੀਮੈਟ ਵਿਚ ਵੰਦੇ ਮਾਤਰਮ ਦੇ ਬਹੁਗਿਣਤੀ ਨਾਲ ਸੰਬੰਧਤ ਗੀਤ ਉਤੇ ਬਹਿਸ ਹੋਣ ਦੀ ਗੱਲ ਕਰਦੇ ਹੋਏ ਆਪਣੇ ਕੌਮੀ ਪੱਖ ਨੂੰ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਅਨੇਕਾ ਧਰਮਾਂ, ਬੋਲੀਆ, ਸੱਭਿਅਤਾਵਾ ਅਤੇ ਧਾਰਿਮਕ ਰਹੁਰੀਤੀ ਰਿਵਾਜਾ ਵਾਲਾ ਸਾਂਝਾ ਮੁਲਕ ਹੈ ਜਿਥੇ ਕਿਸੇ ਵੀ ਕੌਮ ਉਤੇ ਹਿੰਦੂਤਵ ਸੋਚ ਨੂੰ ਨਹੀ ਥੋਪਿਆ ਜਾ ਸਕਦਾ ਅਤੇ ਨਾ ਹੀ ਸਿੱਖ ਕੌਮ ਅਜਿਹੇ ਬਹੁਗਿਣਤੀ ਸੋਚ ਵਾਲੇ ਪ੍ਰੋਗਰਾਮਾਂ ਨੂੰ ਕਤਈ ਪ੍ਰਵਾਨ ਕਰੇਗੀ । ਇਸ ਲਈ ਬਿਹਤਰ ਹੋਵੇਗਾ ਕਿ ਨਿਰਪੱਖਤਾ ਤੇ ਸਾਫਗੋਈ ਨਾਲ ਇਥੇ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਨੂੰ ਆਜਾਦੀ ਨਾਲ ਜਿਊਂਣ, ਵਿਚਰਣ ਤੇ ਆਪਣੀ ਕੌਮੀ ਸੋਚ ਤੇ ਸੱਭਿਅਤਾ ਨਾਲ ਜਿੰਦਗੀ ਬਸਰ ਕਰਨ ਦੇ ਪੂਰਨ ਰੂਪ ਵਿਚ ਖੁੱਲ੍ਹ ਦਿੱਤੀ ਜਾਵੇ ।
