ਮਹਾਂਮਾਰੀ, ਇੱਕ ਬਿਮਾਰੀ ਹੈ ਜੋ ਥੋੜ੍ਹੇ ਸਮੇਂ ਵਿੱਚ ਇੱਕ ਵੱਡੀ ਆਬਾਦੀ ਵਿੱਚ ਤੇਜ਼ੀ ਨਾਲ ਫੈਲਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕੋਰੋਨਾਵਾਇਰਸ ਭਾਵ ਕੋਵਿਡ-19 ਮਹਾਂਮਾਰੀ ਦਸੰਬਰ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਦੇਖਦੇ ਦੇਖਦੇ ਇਹ ਏਸ਼ੀਆ ਦੇ ਹੋਰ ਹਿੱਸਿਆਂ ਵਿੱਚ ਅਤੇ ਫਿਰ 2020 ਦੇ ਸ਼ੁਰੂ ਵਿੱਚ ਦੁਨੀਆਂ ਭਰ ਵਿੱਚ ਫੈਲ ਗਈ।
ਮਹਾਂਮਾਰੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ 27 ਦਸੰਬਰ ਨੂੰ ਅੰਤਰ-ਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। 07 ਦਸੰਬਰ 2020 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੇ 27 ਦਸੰਬਰ ਨੂੰ ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ। ਇਸਦਾ ਉਦੇਸ਼ ਸੂਚਨਾ ਦੇ ਆਦਾਨ ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣਾ, ਵਿਗਿਆਨਿਕ ਗਿਆਨ ਦਾ ਪ੍ਰਸਾਰ ਕਰਨਾ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਸਰਵਉੱਤਮ ਕਾਰਜ ਪ੍ਰਣਾਲੀਆਂ ਦਾ ਆਦਾਨ ਪ੍ਰਦਾਨ ਸੁਨਿਸ਼ਚਿਤ ਕਰਨਾ ਹੈ।
ਮਹਾਂਮਾਰੀਆਂ ਵਿੱਚ ਜ਼ਿਆਦਾਤਰ ਛੂਤ ਦੀਆਂ ਬਿਮਾਰੀਆਂ ਸ਼ਾਮਲ ਹੁੰਦੀਆਂ ਹਨ। ਸਾਲ 1200 ਈਸਾ ਪੂਰਵ ਵਿੱਚ ਬੇਬੀਲੋਨ ਇਨਫਲੂਐਂਜ਼ਾ ਮਹਾਂਮਾਰੀ ਨੇ ਫਾਰਸੀ, ਮੇਸੋਪੋਟੇਮੀਅਨ, ਮੱਧ ਏਸ਼ੀਆ ਅਤੇ ਦੱਖਣੀ ਏਸ਼ੀਆ ਨੂੰ ਪ੍ਰਭਾਵਿਤ ਕੀਤਾ। ਸਾਲ 429 ਈਸਾ ਪੂਰਵ ਅਤੇ 426 ਈਸਾ ਪੂਰਵ ਦੇ ਦਰਮਿਆਨ ਪਲੇਗ ਨੇ ਲੀਬੀਆ, ਗ੍ਰੀਸ, ਮਿਸਰ ਅਤੇ ਇਥੋਪੀਆ ਦੇ ਖੇਤਰਾਂ ਨੂੰ ਸੰਕ੍ਰਮਿਤ ਕੀਤਾ। ਸਾਲ 737 ਈਸਾ ਪੂਰਵ ਵਿੱਚ ਚੇਚਕ ਨੇ ਜਾਪਾਨ ਨੂੰ ਪ੍ਰਭਾਵਿਤ ਕੀਤਾ। ਸਾਲ 2013 ਵਿੱਚ ਚਿਕਨਗੁਨੀਆ ਦੇ ਪ੍ਰਕੋਪ ਨੇ ਸੰਯੁਕਤ ਰਾਜ ਅਮਰੀਕਾ ਨੂੰ ਪ੍ਰਭਾਵਿਤ ਕੀਤਾ। ਸਾਲ 2014 ਵਿੱਚ ਭਾਰਤੀ ਰਾਜ ਓਡੀਸ਼ਾ ਨੂੰ ਮੁੱਖ ਰੂਪ ਵਿੱਚ ਹੈਪੇਟਾਈਟਸ ਏ ਦੇ ਕਾਰਨ ਪੀਲੀਆ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ। ਸਾਲ 2015 ਵਿੱਚ ਭਾਰਤ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਹੋਇਆ। ਸਾਲ 2015 ਅਤੇ 2016 ਦੇ ਦਰਮਿਆਨ ਜ਼ੀਕਾ ਵਾਇਰਸ ਨੇ ਦੁਨੀਆ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਸਾਲ 2016 ਵਿੱਚ ਯਮਨ ਵਿੱਚ ਹੈਜ਼ਾ ਦਾ ਪ੍ਰਕੋਪ ਹੋਇਆ ਅਤੇ ਅੱਜ ਵੀ ਜਾਰੀ ਹੈ। ਸਾਲ 2017 ਵਿੱਚ ਜਾਪਾਨੀ ਇਨਸੇਫਲਾਈਟਿਸ ਨੇ ਦੇਸ਼ ਦੇ ਉੱਤਰ ਪ੍ਰਦੇਸ਼ ਰਾਜ ਨੂੰ ਸੰਕਰਮਿਤ ਕੀਤਾ। ਸਾਲ 2018 ਵਿੱਚ ਨਿੱਪਾ ਵਾਇਰਸ ਨੇ ਭਾਰਤ ਦੇ ਕੇਰਲਾ ਰਾਜ ਵਿੱਚ ਲੋਕਾਂ ਨੂੰ ਸੰਕ੍ਰਮਿਤ ਕੀਤਾ। ਸਾਲ 2019 ਵਿੱਚ ਨਾਈਜੀਰੀਆ ਵਿੱਚ ਲਾਸਾ ਬੁਖਾਰ ਦਾ ਪ੍ਰਕੋਪ ਹੋਇਆ। ਸਾਲ 2019 ਵਿੱਚ ਕੁਆਲਾ ਕੋਹ ਖਸਰੇ ਨੇ ਮਲੇਸ਼ੀਆ ਨੂੰ ਪ੍ਰਭਾਵਿਤ ਕੀਤਾ।
ਜਿਵੇਂ ਕਿਹਾ ਜਾਂਦਾ ਹੈ ਕਿ ‘ਜਾਨ ਹੈ ਤਾਂ ਜਹਾਨ ਹੈ,’ ਸੋ ਮਹਾਂਮਾਰੀ ਦੌਰਾਨ ਸਾਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਪਾਲਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਲੋੜੀਂਦਾ ਸਹਿਯੋਗ ਕਰਨਾ ਚਾਹੀਦਾ ਹੈ।
