ਸਾਰੀਆਂ ਮਾਰਾਂ ਸਹਿਣ ਪੰਜਾਬੀ
ਤਾਂ ਵੀ ਉਫ਼ ਨਾ ਕਹਿਣ ਪੰਜਾਬੀ।
ਦੁਨੀਆ ਜ਼ੋਰ ਲਗਾ ਕੇ ਥੱਕੀ
ਇਸ ਤੋਂ ਨਾ ਪਰ ਢਹਿਣ ਪੰਜਾਬੀ।
ਉਸ ਨੂੰ ਆਪਣਾ ਕਰ ਲੈਂਦੇ ਨੇ
ਜਿਸ ਦੇ ਨਾਲ਼ ਵੀ ਬਹਿਣ ਪੰਜਾਬੀ।
ਉਹ ਤਾਂ ਬਾਜ਼ੀ ਹਰ ਕੇ ਜਾਂਦਾ
ਜਿਸ ਨਾਲ਼ ਦਿਲ ਤੋਂ ਖਹਿਣ ਪੰਜਾਬੀ।
ਉਸ ਲਈ ਜਾਨ ਲੁਟਾ ਦਿੰਦੇ ਨੇ
ਜਿਸ ਨੂੰ ਆਪਣਾ ਕਹਿਣ ਪੰਜਾਬੀ।
ਚੰਗੇ ਦੇ ਲਈ ਠੰਢੀ ਛਾਂ ਨੇ
ਮਾੜੇ ਲਈ ਨੇ ਗ੍ਰਹਿਣ ਪੰਜਾਬੀ।
ਹਰ ਗੱਲ ਦੀ ਦੇ ਦਿੰਦੇ ਮੁਆਫ਼ੀ
ਜਦ ਜ਼ਜਬਾਤ ‘ਚ ਵਹਿਣ ਪੰਜਾਬੀ।
