ਅੰਮ੍ਰਿਤਸਰ : ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਮਾਰਚ 2025 ਤੋਂ ਬਾਅਦ ਬੀਤੇ ਮਹੀਨੇ ਨਵੰਬਰ 2025 ਦੌਰਾਨ ਯਾਤਰੀਆਂ ਦੀ ਆਵਾਜਾਈ ਮੁੜ 3 ਲੱਖ ਦੇ ਅੰਕੜੇ ‘ਤੇ ਪਹੁੰਚ ਗਈ ਹੈ। ਇਹ ਖੁਲਾਸਾ ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵੱਲੋਂ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਹਰ ਮਹੀਨੇ ਜਾਰੀ ਕੀਤੇ ਜਾਂਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕੀਤਾ ਗਿਆ ਹੈ।
ਵਿਸ਼ਲੇਸ਼ਣ ਅਨੁਸਾਰ ਜਨਵਰੀ ਤੋਂ ਨਵੰਬਰ 2025 ਤੱਕ ਹਵਾਈ ਅੱਡੇ ‘ਤੇ ਆਉਣ ਅਤੇ ਜਾਣ ਵਾਲੇ ਕੁੱਲ ਯਾਤਰੀਆਂ ਦੀ ਗਿਣਤੀ 28.77 ਲੱਖ ਦਰਜ ਕੀਤੀ ਗਈ, ਜੋ ਕਿ 2024 ਦੇ ਇਸੇ ਅਰਸੇ ਦੌਰਾਨ ਦਰਜ 30.85 ਲੱਖ ਦੇ ਮੁਕਾਬਲੇ 6.7 ਫੀਸਦੀ ਘੱਟ ਹੈ। ਗੁਮਟਾਲਾ ਨੇ ਦੱਸਿਆ ਕਿ ਯਾਤਰੀਆਂ ਦੀ ਗਿਣਤੀ ਵਿੱਚ ਇਹ ਗਿਰਾਵਟ ਮਈ ਮਹੀਨੇ ਤੋਂ ਸ਼ੁਰੂ ਹੋਈ ਸੀ, ਜਦੋਂ ਭਾਰਤ-ਪਾਕਿਸਤਾਨ ਫੌਜੀ ਟਕਰਾਅ ਕਾਰਨ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ। ਇਸ ਦੌਰਾਨ ਹਵਾਈ ਅੱਡਾ ਕੁੱਝ ਸਮੇਂ ਲਈ ਅਸਥਾਈ ਤੌਰ ‘ਤੇ ਬੰਦ ਰਿਹਾ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਸੀ।
2025 ਦੀ ਸ਼ੁਰੂਆਤ ਕਾਫੀ ਮਜਬੂਤ ਰਹੀ ਸੀ ਅਤੇ ਜਨਵਰੀ ਤੋਂ ਅਪ੍ਰੈਲ ਤੀਕ ਯਾਤਰੀ ਆਵਾਜਾਈ ਵਿੱਚ 7 ਤੋਂ 19 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ। ਮਾਰਚ 2025 ਹਵਾਈ ਅੱਡੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ 3,43,384 ਯਾਤਰੀਆਂ ਵਾਲਾ ਮਹੀਨਾ ਸੀ। ਫਿਰ ਮਈ ਮਹੀਨੇ ਵਿੱਚ ਹੀ ਯਾਤਰੀਆਂ ਦੀ ਕੁੱਲ ਗਿਣਤੀ ਵਿੱਚ 43 ਫੀਸਦੀ ਗਿਰਾਵਟ ਆਈ, ਜਿਸਦਾ ਮੁੱਖ ਕਾਰਨ ਘਰੇਲ਼ੂ ਯਾਤਰੀਆਂ ਵਿੱਚ 50 ਫੀਸਦੀ ਦੀ ਕਮੀ ਸੀ। ਗੁਮਟਾਲਾ ਦੇ ਵਿਸ਼ਲੇਸ਼ਣ ਅਨੁਸਾਰ ਮਈ ਤੋਂ ਅਕਤੂਬਰ ਤੱਕ ਯਾਤਰੀ ਆਵਾਜਾਈ 2024 ਦੇ ਪੱਧਰ ਤੋਂ ਹੇਠਾਂ ਰਹੀ, ਪਰ ਨਵੰਬਰ ਵਿੱਚ ਇਸ ਮੁੜ ਵੱਧ ਕੇ 3,00,146 ਯਾਤਰੀਆਂ ਤੱਕ ਪਹੁੰਚ ਗਈ, ਜੋ ਕਿ ਨਵੰਬਰ 2024 ਦੇ 2,97,130 ਦੇ ਅੰਕੜਿਆਂ ਨਾਲੋਂ ਥੋੜੀ ਵੱਧ ਹੈ। ਇਸ ਵਾਧੇ ਵਿੱਚ ਘਰੇਲੂ ਯਾਤਰੀਆਂ ਦੀ ਗਿਣਤੀ 2,01,125 ਤੋਂ ਵੱਧ ਕੇ 2,04,087 ਹੋ ਗਈ, ਜਦਕਿ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 96,005 ਤੋਂ ਵੱਧ ਕੇ 96,059 ਰਹੀ।
ਯਾਤਰੀਆਂ ਦੀ ਗਿਣਤੀ ‘ਚ ਗਿਰਾਵਟ ਦੇ ਨਾਲ ਜਨਵਰੀ ਤੋਂ ਨਵੰਬਰ 2025 ਦਰਮਿਆਨ ਅੰਤਰਰਾਸ਼ਟਰੀ ਅਤੇ ਘਰੇਲੂ ਜਹਾਜ਼ਾਂ ਦੀ ਆਵਾਜਾਈ (ਏਅਰਕਰਾਫਟ ਮੂਵਮੈਂਟ) ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 11.5 ਫੀਸਦੀ ਦੀ ਕਮੀ ਆਈ ਹੈ। ਗੁਮਟਾਲਾ ਨੇ ਕਿਹਾ ਕਿ ਨਵੰਬਰ 2025 ਦੇ ਅੰਕੜੇ ਇੱਕ ਵੱਖਰਾ ਰੁਝਾਨ ਦਰਸਾਉਂਦੇ ਹਨ, ਜਿਸ ਅਨੁਸਾਰ ਨਵੰਬਰ 2024 ਦੇ ਮੁਕਾਬਲੇ 6.7 ਫੀਸਦੀ ਏਅਰਕਰਾਫਟ ਮੂਵਮੈਂਟ ਘੱਟ ਹੋਣ ਦੇ ਬਾਵਜੂਦ, ਯਾਤਰੀ ਆਵਾਜਾਈ ਵਿੱਚ ਵਾਧਾ ਹੋਇਆ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਜਹਾਜ਼ ਵੱਧ ਭਰ ਰਹੇ ਹਨ।
ਇਸ ਸਾਲ ਅੰਤਰਰਾਸ਼ਟਰੀ ਉਡਾਣਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੂਨ ਮਹੀਨੇ ਵਿੱਚ ਅਹਿਮਦਾਬਾਦ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ – ਲੰਡਨ ਗੈਟਵਿੱਕ ਉਡਾਣਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ, ਜੋ ਕਿ ਨਵੰਬਰ ਮਹੀਨੇ ਵਿੱਚ ਮੁੜ ਸ਼ੁਰੂ ਹੋਈ ਹੈ। ਇਟਲੀ ਦੀ ‘ਨੀਓਸ ਏਅਰ’ ਵੱਲੋਂ ਅਕਤੂਬਰ ਤੋਂ ਮਿਲਾਨ ਲਈ ਆਪਣੀਆਂ ਉਡਾਣਾਂ ਦੀਆਂ ਸੇਵਾਵਾਂ ਮੁਲਤਵੀ ਕਰਨ ਨਾਲ ਮਿਲਾਨ ਅਤੇ ਰੋਮ ਦੇ ਨਾਲ ਨਾਲ ਟੋਰਾਂਟੋ ਦੇ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗਾ ਹੈ। ਇਸੇ ਤਰ੍ਹਾਂ ਕੁਆਲਾਲੰਪੁਰ ਲਈ ਬਾਟਿਕ ਏਅਰ ਵਲੋਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਘਰੇਲੂ ਖੇਤਰ ਵਿੱਚ ਵੀ ਇੰਡੀਗੋ ਅਤੇ ਏਅਰ ਇੰਡੀਆ ਨੇ ਉਡਾਣਾਂ ਦੀ ਗਿਣਤੀ ਘਟਾਈ ਸੀ, ਜੋ ਹੁਣ ਹੌਲੀ-ਹੌਲੀ ਸਥਿਰ ਹੋ ਰਹੀ ਹੈ।
ਗੁਮਟਾਲਾ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਵਿੱਚ ਮੁੜ ਵਾਧਾ ਪੰਜਾਬ ਦੀ ਆਰਥਿਕਤਾ ਅਤੇ ਸੈਰ-ਸਪਾਟੇ ਦੇ ਖੇਤਰ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਮੰਗ ਕੀਤੀ ਕਿ ਵਧਦੇ ਰੁਝਾਨ ਨੂੰ ਦੇਖਦਿਆਂ ਏਅਰਪੋਰਟਸ ਅਥਾਰਟੀ ਵੱਲੋਂ ਹਵਾਈ ਅੱਡੇ ਦੇ ਟਰਮੀਨਲ ਦਾ ਵਿਸਥਾਰ ਜਲਦ ਸ਼ੁਰੂ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਹਵਾਈ ਅੱਡੇ ਲਈ ਜਨਤਕ ਬੱਸ ਸੇਵਾ ਸ਼ੁਰੂ ਕਰੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਨਵੰਬਰ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਸੁਧਾਰ ਹੋਇਆ ਹੈ, ਪਰ ਸਾਲ 2025 ਦੌਰਾਨ ਮੁਸਾਫਰਾਂ ਦੀ ਕੁੱਲ ਗਿਣਤੀ ਸਾਲ 2024 ਦੇ 34.25 ਲੱਖ ਦੇ ਸਭ ਤੋਂ ਵੱਧ ਯਾਤਰੀਆਂ ਦੇ ਰਿਕਾਰਡ ਨੂੰ ਪਾਰ ਨਹੀਂ ਕਰ ਸਕੇਗੀ।
ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡਾ ਦੁਬਈ, ਸ਼ਾਰਜਾਹ, ਦੋਹਾ, ਬਰਮਿੰਘਮ, ਲੰਡਨ ਗੈਟਵਿੱਕ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਵਰਗੇ ਅੰਤਰਰਾਸ਼ਟਰੀ ਅਤੇ ਭਾਰਤੇ ਦੇ ਸ਼ਹਿਰਾਂ ਦਿੱਲੀ, ਮੁੰਬਈ, ਬੈਂਗਾਲੁਰੂ, ਸ੍ਰੀਨਗਰ, ਅਹਿਮਦਾਬਾਦ, ਹੈਦਰਾਬਾਦ, ਕੁੱਲੂ ਅਤੇ ਪੁਣੇ ਨਾਲ ਜੁੜਿਆ ਹੋਇਆ ਹੈ।
