ਨਵਾਂ ਸਾਲ ਆਇਆ ਏ ਆਪਾਂ ਰਲ ਮਿਲ ਜਸ਼ਨ ਮਨਾਈਏ।
ਢੋਲੇ ਮਾਈਏ ਭੰਗੜੇ ਲੁਡੀ ਗੀਤ ਖੁਸ਼ੀ ਦੇ ਗਾਈਏ ।
ਅਮਨ ਦਾ ਦੀਵਾ ਬਾਲ ਕੇ ਰੱਖੀਏ ਵਿੱਚ ਦਿਲਾਂ ਦੀ ਖਿੜਕੀ
ਘੁੱਪ ਹਨੇਰਾ ਜਹਾਲਤ ਵਾਲਾ ਘਰ ਘਰ ਚੋਂ ਮੁਕਾਈਏ ।
ਇਲਮ ਖ਼ਜ਼ਾਨੇ ਵੰਡਦੇ ਜਿੱਥੇ ਉਹ ਘਰ ਨੇ ਰੱਬ ਦੇ
ਬਾਗ ਸਕੂਲੇ ਸ਼ਿਕਸ਼ਾ ਦੇ ਲਈ ਕਲੀਆਂ ਫੁੱਲ ਖਿੜਾਈਏ।
ਬੂਟਾ ਲਾਈਏ ਭਾਈਚਾਰੇ ਦਾ ਫੇ਼ਰ ਸਜਾਈਏ ਤ੍ਰਿੰਝਣ
ਦਾਨ ਪੁੰਨ ਦਾ ਪਾਣੀ ਲਾ ਕੇ ਨਵੀਂ ਫ਼ਸਲ ਉਗਾਈਏ ।
ਕਰਜ਼ ਹੈ ਸਾਡੇ ਉੱਤੇ ਯਾਰੋ ਮਾਂ ਬੋਲੀ ਦਾ ਡਾਢਾ
ਲਹਿੰਦੇ ਚੜਦੇ ਫੁੱਲਾਂ ਦੇ ਨਾਲ ਇਸਨੂੰ ਖੂਬ ਸਜਾਈਏ ।
ਰੱਬ ਅੱਗੇ ਅਰਦਾਸਾਂ ਕਰੀਏ ਜੋ ਹੈ ਪਾਲਣਹਾਰਾ
ਸੱਚੇ ਅੱਲ੍ਹਾ ਤਾਲਾ ਅੱਗੇ ਮਨ ਨੂੰ ਸਦਾ ਝੁਕਾਈਏ ।
ਘਰ ਘਰ ਚਾਨਣ ਲੈ ਕੇ ਨਿਕਲੇ ਸੂਰਜ ਸਾਲ ਨਵੇਂ ਦਾ
ਇਲਮ ਗਿਆਨ ਖਜ਼ਾਨੇ ਜਗ ਦੇ ਰਬ ਸੋਹਣੇ ਤੋਂ ਪਾਈਏ।
ਛੱਡ ਕੇ ਝਗੜੇ ਮੇਰ-ਤੇਰ ਦੇ ਬਣ ਜਾਈਏ ਹੁਣ ਬੰਦੇ
“ਸਲੀਮ” ਵਾਹਦਤ ਬੂਟੇ ਰਾਹੀਂ ਜਗ ਸਾਰਾ ਰੁਸਨਾਈਏ।
************************************
