ਸੰਤ ਸਿੰਘ ਸੋਹਲ ਦਾ ‘ਬਾਬਾ ਬੰਦਾ ਸਿੰਘ ਬਹਾਦਰ ਮਹਾਂ-ਕਾਵਿ’ ਬਹਾਦਰੀ ਦੀ ਗਾਥਾ : ਉਜਾਗਰ ਸਿੰਘ

IMG_5406.resizedਸੰਤ ਸਿੰਘ ਸੋਹਲ ਸਥਾਪਤ ਸਾਹਿਤਕਾਰ ਹੈ। ਉਸਦੀਆਂ ਗਿਆਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ  ਸੱਤ ਗੀਤ/ਬਾਲ ਗੀਤ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਮਹਾਂ-ਕਾਵਿ, ਇੱਕ ਗ਼ਜ਼ਲ-ਸੰਗ੍ਰਹਿ ਅਤੇ ਇੱਕ ਸਾਕਾ ਸਰਹੰਦ ਸ਼ਾਮਲ ਹਨ। ਸੰਤ ਸਿੰਘ ਸੋਹਲ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਵਾਂ, ਇਤਿਹਾਸ ਅਤੇ ਮਿਥਿਹਾਸ ਨਾਲ ਪੂਰਾ ਬਾਵਾਸਤਾ ਹੈ। ਮਹਾਂ-ਕਾਵਿ ਖੋਜੀ ਵਿਦਵਾਨ ਹੀ ਲਿਖ ਸਕਦਾ ਹੈ, ਉਹ ਖੋਜੀ ਸਾਹਿਤਕਾਰ ਹੈ। ‘ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ (ਮਹਾਂ-ਕਾਵਿ)’ ਉਸਦੀ ਬਾਰਵੀਂ ਪੁਸਤਕ ਹੈ। ਮਹਾਂ-ਕਾਵਿ ਸਾਹਿਤ ਦੀ ਉਚ ਕੋਟੀ ਦੀ ਵੰਨਗੀ ਗਿਣੀ ਜਾਂਦੀ ਹੈ। ਇਹ ਮਹਾਂ-ਕਾਵਿ ਸਾਹਿਤ ਦੇ ਸਾਰੇ ਨਿਯਮਾਂ ਅਨੁਸਾਰ ਉਸਦੀ ਪਰਪੱਕ ਰਚਨਾ ਹੈ। ਸੰਤ ਸਿੰਘ ਸੋਹਲ ਦੀ ਸ਼ਬਦਾਵਲੀ ਤੇ ਸ਼ੈਲੀ ਸਰਲ ਹੈ। ਮਹਾਂ-ਕਾਵਿ ਨੂੰ ਉਸਨੇ ਦਸ  ਸਰਗਾਂ (ਅਧਿਆਇ) ਵਿੱਚ ਵੰਡਿਆ ਹੈ। ਇਹ ਮਹਾਂ-ਕਾਵਿ ਸੁਰ, ਤਾਲ, ਲੈ ਦੇ ਤੁਕਾਂਤ ਨਾਲ ਸਰੋਦੀ ਬਣਿਆਂ ਹੋਇਆ ਹੈ। ਉਸਨੇ ਸਬਦਾਂ ਨੂੰ ਸਮੇਂ ਅਤੇ ਸਥਿਤੀ ਅਨੁਸਾਰ ਤਰਾਸ਼ਿਆ ਹੈ। ਛੰਦ-ਬੰਦੀ ਦੀ ਪੁਰਾਤਨ ਪਰੰਪਰਾ ਅਨੁਸਾਰ ਲਿਖਿਆ ਗਿਆ ਹੈ। ਉਸਨੇ ਇਸ ਮਹਾਂ-ਕਾਵਿ ਵਿੱਚ ਦੋਹਿਰਾ, ਕਬਿੱਤ ਤੇ ਬੈਂਤ ਦੀ ਵਰਤੋਂ ਕਰਦਿਆਂ, ਵਾਰ-ਦਟਪਟਾ, ਨਿਸ਼ਾਨੀ ਅਤੇ ਸਿਰਖੰਡੀ ਛੰਦਾਂ ਦੀ ਵਰਤੋਂ ਕੀਤੀ ਹੈ। ਵਰਤਮਾਨ ਸਮੇਂ ਵਿੱਚ ਸਾਹਿਤ ਦੇ ਇਸ ਰੂਪ ਵਿੱਚ ਚੋਣਵੇਂ ਸਾਹਿਤਕਾਰ ਹੀ ਲਿਖਦੇ ਹਨ, ਕਿਉਂਕਿ ਇਸ ਵਿੱਚ ਇਤਿਹਾਸ ਘਟਨਾਵਾਂ ਦਾ ਅਧਿਐਨ ਬੜਾ ਜ਼ਰੂਰੀ ਹੁੰਦਾ ਹੈ। ਕਵੀ ਗੁਣੀ ਗਿਆਨੀ ਹੋਣਾ ਚਾਹੀਦਾ ਹੈ। ਸੰਤ ਸਿੰਘ ਸੋਹਲ ਦਾ ਇਹ ਮਹਾਂ-ਕਾਵਿ-ਸੰਗ੍ਰਹਿ ਉਸਦੀ ਬਿਹਤਰੀਨ ਰਚਨਾ ਹੈ। ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਤੋਂ ਲੈ ਕੇ ਸ਼ਹੀਦ ਹੋਣ ਤੱਕ ਦੇ ਘਟਨਾਕਰਮ ਨੂੰ ਤਰਬਤੀਬਵਾਰ ਤੱਥਾਂ ਸਮੇਤ ਇਤਿਹਾਸਿਕ ਪਰਿਪੇਖ ਵਿੱਚ ਲਿਖਿਆ ਗਿਆ ਹੈ। ਛੋਟੇ ਸਾਹਿਬਜ਼ਾਦਿਆਂ  ਦੀ ਸ਼ਹੀਦੀ ਦਾ ਬਦਲਾ, ਸਿੱਖ ਰਾਜ ਕਾਇਮ ਕਰਨਾ, ਜੰਗੀ ਕਰਤਵਾਂ ਦੀ ਜਾਣਕਾਰੀ, ਲੋਕਾਂ ਨੂੰ ਜ਼ਮੀਨਾ ਦੇ ਮਾਲਕ ਬਣਾਉਣ ਅਤੇ ਧਰਮ ਨਿਪੱਖਤਾ ਦੀ ਮਿਸਾਲ ਕਾਇਮ ਕਰਨ ਨੂੰ ਕਾਵਿ ਰੂਪ ਵਿੱਚ ਦਰਸਾਇਆ ਗਿਆ ਹੈ। ਇਸ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਕਿਵੇਂ ਤੇ ਕਿਹੜੀਆਂ ਸਥਿਤੀਆਂ ਵਿੱਚ ਬੱਝਿਆ ਦਾ ਕਾਵਿਕ ਰੂਪ ਵਿੱਚ ਵਰਣਨ ਕੀਤਾ ਹੋਇਆ ਹੈ? ਮੰਗਲਾ ਚਰਨ ਨਾਲ ਸ਼ੁਰੂ ਕਰਕੇ, ਪਹਿਲੇ ਸਰਗ (ਅਧਿਆਇ) ਵਿੱਚ ਜੰਮੂ ਕਸ਼ਮੀਰ ਦੀਆਂ ਵਾਦੀਆਂ ਦੀ ਕੁਦਰਤ ਦੀ ਪ੍ਰਕ੍ਰਿਤੀ ਦਾ ਵਰਣਨ, ਲਛਮਣ ਦਾਸ ਦਾ ਨਿਸ਼ਾਨਚੀ ਬਣਨ, ਹਰਨੀ ਦੇ ਸ਼ਿਕਾਰ ਸਮੇਂ ਉਸਦਾ ਗਰਭਵਤੀ ਹੋਣ ਦਾ ਪਤਾ ਲੱਗਣ ‘ਤੇ ਵੈਰਾਗ ਜਾਗਣ, ਲਛਮਣ ਦਾਸ ਤੋਂ ਸਾਧੂਆਂ ਦੇ ਸੰਗ ਜਾ ਕੇ ਮਾਧੋਦਾਸ ਬਣਨ, ਜਪ-ਤਪੁ ਕਰਨ ਕਰਕੇ ਸਾਧਨਾ ਹਾਸਲ ਕਰਨ, ਅਭਿਮਾਨ ਕਰਨ, ਗੁਰੂ ਗੋਬਿੰਦ ਸਿੰਘ ਨੂੰ ਮਿਲਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਬਣਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਸਾਜਕੇ ਪੰਜਾਬ ਨੂੰ ਸਿੰਘਾਂ ਦੇ ਜਥੇ ਦਾ ਆਗੂ ਬਣਾਕੇ ਭੇਜਣਾ ਤੇ ਪੰਜਾਬ ਆਉਣ ਦੀ ਵਿਥਿਆ ਨੂੰ ਛੰਦ-ਬੰਦ ਕਰਕੇ ਬਾਕਮਾਲ ਢੰਗ ਨਾਲ ਲਿਖਿਆ ਗਿਆ ਹੈ।IMG_5408.resized ਦੂਜੇ ਸਰਗ (ਅਧਿਆਇ) ਵਿੱਚ ਮਹਾਰਾਸ਼ਟਰ ਤੋਂ ਵਾਪਸ ਪੰਜਾਬ ਆਉਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਏਲਚੀਆਂ ਰਾਹੀਂ ਗੁਰੂ ਜੀ ਦਾ ਸੰਦੇਸ਼ ਪਹੁੰਚਾਇਆ, ਜਿਸਨੂੰ ਸੰਤ ਸਿੰਘ ਸੋਹਲ ਨੇ ਜੋਸ਼ੀਲੇ ਢੰਗ ਨਾਲ ਲਿਖਿਆ, ਜਿਸ ਨਾਲ ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਗਏ, ਜੋ ਇਸ ਪ੍ਰਕਾਰ ਲਿਖਿਆ ਹੈ:

ਖ਼ਤਾਂ ਦਾ ਸੰਦੇਸ਼, ਸਾਫ਼ ਗੁਰੂ ਮਾਰੀ ਨਗਰੀ ਤੋਂ,
ਬਦਲਾ ਮਾਸੂਮਾ ਦਾ ਹੈ, ਲੈਣਾ ਹਿੱਕ ਡਾਹਿ ਕੇ।

ਭੇਜਿਆ ਗੁਰਾਂ ਨੇ ਬੰਦਾ ਸਿੰਘ ਜਰਨੈਲ ਥਾਪ,
ਆ ਗਿਆ ਪੰਜਾਬ ਗੁਰੋਂ, ਥਾਪੜਾ ਜੋ ਪਾਇਕੇ।

ਗੁਰਾਂ ਦਾ ਹੁਕਮ ਉੱਠੋ, ਸਾਂਭੋ ਹਥਿਆਰ ਚੁੱਕੋ,
ਧਰਮ ਦੇ ਯੁੱਧ ਵਿੱਚ, ‘ਕੱਠੇ ਹੋਵੋ ਆਇਕੇ।

ਦੂਜੇ ਸਰਗ (ਅਧਿਆਇ) ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਪੰਜਾਬ ਆ ਕੇ ਲੋਕਾਂ ਨੂੰ ਲਾਮਬੰਦ ਕਰਨ ਨੂੰ ਸੰਤ ਸਿੰਘ ਸੋਹਲ ਨੇ ਸੁਚੱਜੇ ਢੰਗ ਨਾਲ ਕਾਵਿ ਰੂਪ ਵਿੱਚ ਦਰਸਾਇਆ ਹੈ ਕਿ ਲੋਕਾਂ ਨੂੰ ਗੁਰੂ ਸਾਹਿਬ ਦੇ ਸੰਦੇਸ਼ ਦਾ ਹਵਾਲਾ ਦੇ ਕੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਤਿਆਰ ਕੀਤਾ। ਇਹ ਵੀ ਦਰਸਾਇਆ ਕਿ ਜ਼ਾਲਮਾ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਰੋਲਿਆ ਹੈ, ਇਹ ਲਿਖਣ ਦਾ ਭਾਵ ਲੋਕਾਂ ਵਿੱਚ ਬਦਲਾ ਲੈਣ ਦੀ ਭਾਵਨਾ ਪੈਦਾ ਕਰਨਾ ਸੀ। ਲਗਾਨ ਦੇਣ ਤੋਂ ਰੋਕ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਨੂੰ ਸੋਹਲ ਨੇ ਕਮਾਲ ਦੇ ਢੰਗ ਨਾਲ ਲਿਖਿਆ ਹੈ। ਅਜਿਹੇ ਢੰਗ ਨਾਲ ਲਿਖਿਆ ਕਿ ਲੋਕਾਂ ਦੇ ਖ਼ੂਨ ਬਦਲਾ ਲੈਣ ਲਈ ਉਬਾਲਾ ਖਾਣ ਲੱਗ ਪਏ। ਜ਼ਾਲਮਾ ਦੀ ਹਓਮੈ ਦਾ ਪਾਜ ਉਘੇੜਿਆ, ਫਿਰ ਸਿੰਘ ਬਘਿਆੜਾਂ ਦੀ ਤਰ੍ਹਾਂ ਜ਼ਾਲਮਾ ‘ਤੇ ਟੁੱਟ ਕੇ ਪੈਂਦੇ ਦਰਸਾਏ ਗਏ ਹਨ। ਇਹ ਮਹਾਂ-ਕਾਵਿ ਨੂੰ ਪੜ੍ਹਕੇ ਪਾਠਕਾਂ ਦਾ ਵੀ ਖ਼ੂਨ ਖੌਲਣ ਲੱਗ ਜਾਂਦਾ ਹੈ। ਸਿੰਘ ਸਰਦਾਰਾਂ ਦੇ ਦਸਤਿਆਂ ਦੀ ਬਹਾਦਰੀ ਬਾਰੇ ਬਾਖ਼ੂਬੀ ਲਿਖਿਆ ਗਿਆ ਹੈ। ਸਰਗ (ਅਧਿਆਇ) ਤੀਜੇ ਵਿੱਚ ਪਾਪ ਦੇ ਭਰੇ ਭਾਂਡੇ ਦੀ ਦਾਸਤਾਂ ਬਿਆਨ ਕਰਦਿਆਂ ਵਜ਼ੀਰ ਖ਼ਾਂ ਦੇ ਜ਼ਬਰ ਦਾ ਭਾਂਡਾ ਭੰਨਿਆਂ ਹੈ। ਅਜਿਹੀ ਯੁੱਧ ਨੀਤੀ ਬਣਾਈ ਵਿਖਾਈ ਹੈ, ਜਿਸ ਨਾਲ ਵੈਰੀਆਂ ‘ਤੇ ਕੀਤੇ ਦ੍ਰਿਸ਼ਟਾਂਤਿਕ ਹਮਲੇ ਇਸ ਪ੍ਰਕਾਰ ਹਨ ;

ਟੁੱਟ ਕੇ ਪੈ ਗਏ ਤੋਪਾਂ ਨੂੰ ਸਿੰਘ ਹੱਥੀਂ, ਮਾਰੇ ਤੋਪਚੀ ਤੋਪਾਂ ਮੂੰਹ ਮੋੜ ਦਿੱਤੇ।

ਪਹਿਲੀ ਬਾੜ ਸੀ ਜ਼ਾਬਰ ਦੀ ਤੋੜ ਦਿੱਤੀ, ਪੰਨੇ ਸਿਰਜ ਇਤਿਹਾਸ ਦੇ ਜੋੜ ਦਿੱਤੇ।

ਇਸ ਘਟਨਾ ਤੋਂ ਬਾਅਦ ਕਵੀ ਲਿਖਦਾ ਹੈ ਕਿ ਸਾਰਾ ਕੁਝ ਵਾਹਿਗੁਰੂ ਦੀ ਮਿਹਰ ਸਕਦਾ ਹੋਇਆ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਹਿਨੁਮਾਈ ਤੋਂ ਹੀ ਪ੍ਰੇਰਨਾ ਲੈਂਦਾ ਸੀ :

ਖੇਡਾਂ ਸਮੇਂ ਦੀਆਂ ਆਪ ਕਰਤਾਰ ਜਾਣੇ, ਉਹਦਾ ਭੇਦ ਨਾ ਕਿਸੇ ਨੇ ਪਾਇਆ ਜੀ।

‘ਸੰਤ ਸਿੰਘਾ’ ਹੈ ਜ਼ਾਬਰਾਂ  ਹਾਰ ਹੋਈ, ਸਿੰਘਾਂ ਬੁਰਜ ਹੰਕਾਰ ਦਾ ਢਾਹਿਆ ਜੀ।

ਚੌਥੇ ਸਰਗ (ਅਧਿਆਇ) ਵਿੱਚ ਦਸ ਗੁਰੂ ਸਾਹਿਬਾਨ ਦੀ ਜ਼ਿੰਦਗੀ ਦੀ ਯਾਤਰਾ ਬਾਰੇ ਦੱਸਿਆ ਹੈ ਕਿ ਕਿਵੇਂ ਭਗਤੀ ਤੋਂ ਸ਼ਕਤੀ ਦਾ ਸਫਰ ਸ਼ੁਰੂ ਹੋਇਆ। ਬਹਾਦੁਰ ਸ਼ਾਹ ਰਾਜਪੂਤਾਂ ਦੀ ਬਗਾਬਤ ਦਬਾ ਰਿਹਾ ਸੀ, ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜ਼ਬਰ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਿਹਾ ਸੀ। ਇਸਨੂੰ ਸੰਤ ਸਿੰਘ ਸੋਹਲ ਨੇ ਬਾਖ਼ੂਬੀ ਬਿਆਨ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੋਚ ਵਿਚਾਰ ਤੋਂ ਬਾਅਦ ਲੋਹਗੜ੍ਹ ਨੂੰ ਸਿੱਖ ਸਟੇਟ ਦੀ ਰਾਜਧਾਨੀ ਬਣਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਸਿੱਕਾ ਜ਼ਾਰੀ ਕੀਤਾ। ਕਵੀ ਲਿਖਦਾ ਹੈ ਕਿ ਭਾਵੇਂ ਬੰਦਾ ਸਿੰਘ ਬਹਾਦਰ ਨੇ ਥੋੜ੍ਹਾ ਸਮਾਂ ਰਾਜ ਮਾਣਿਆਂ ਪ੍ਰੰਤੂ ਬਾਕਮਾਲ ਰਿਹਾ :

ਥੋੜ੍ਹਾ ਭਾਵੇਂ ਜੰਗੀ ਰਾਜ, ਮਾਣਿਆਂ ਹੈ ਖ਼ਾਲਸੇ ਨੇ,
‘ਬੰਦਾ ਸਿੰਘ’ ਯਾਦਗਾਰੀ, ਏਸ ਹੈ ਬਣਾ ਗਿਆ।

ਵੱਡੇ ਜ਼ਿੰਮੀਦਾਰਾਂ ਕੋਲੋਂ, ਖੋਹ ਜੋ ਜ਼ਮੀਨੀ ਹੱਕ,
ਕਿਰਤੀ ਨਿਤਾਣਿਆਂ ਦੇ, ਨਾਮ ਹੈ ਲੁਆ ਗਿਆ।

ਰਾਜ ਦਾ ਵਿਸਤਾਰ ਕਰਕੇ ਕਰਨਾਲ ਤੇ ਪਾਣੀਪਤ ਜਿੱਤ ਲਿਆ। ਪੰਜਵੇਂ ਸਰਗ (ਅਧਿਆਇ) ਵਿੱਚ ਮਾਝੇ ਦੇ ਕਈ ਇਲਾਕੇ ਬਟਾਲਾ, ਕਲਾਨੌਰ ਦੀ ਜੰਗ ਦੇ ਸ਼ਾਇਰ ਨੇ ਕਰਤਵਾਂ ਦਾ ਵਰਣਨ ਕਰਕੇ ਫ਼ੌਜਾਂ ਦੇ ਹੌਸਲੇ ਬੁਲੰਦ ਵਿਖਾਏ ਹਨ। ਫਿਰ ਲਾਹੌਰ ਵਲ ਨੂੰ ਚਾਲੇ ਪਾਉਣ ਦਾ ਵਿਵਰਣ ਦਿਲ ਨੂੰ ਟੁੰਬਣ ਵਾਲਾ ਹੈ। ਛੇਵੇਂ ਸਰਗ (ਅਧਿਆਇ) ਵਿੱਚ ਸਿੱਖ ਫ਼ੌਜਾਂ ਅਤੇ ਸ਼ਮਸ ਖਾਂ ਦੀਆਂ ਫ਼ੌਜਾਂ ਦਰਮਿਆਨ ਜੰਗ ਦਾ ਸੀਨ ਕਵੀ ਨੇ ਖਿੱਚਕੇ ਸਿੱਖ ਫ਼ੌਜਾਂ ਦੇ ਹੌਸਲੇ ਬੁਲੰਦ ਵਿਖਾਏ ਹਨ, ਪ੍ਰੰਤੂ ਕਦੀ ਇਕ ਤੇ ਕਦੀ ਦੂਜਾ ਭਾਰੂ ਰਿਹਾ। ਸੱਤਵੇਂ ਤੇ ਅੱਠਵੇਂ ਸਰਗ (ਅਧਿਆਇ) ਵਿੱਚ ਸਿੱਖਾਂ ਨੂੰ ਖ਼ਤਮ ਕਰਨ ਦੇ ਜ਼ਾਬਰਾਂ ਦੇ ਉਪਰਾਲਿਆਂ, ਸਿੰਘਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਵੱਖ-ਵੱਖ ਥਾਵਾਂ ‘ਤੇ ਹੋਈਆਂ ਜੰਗਾਂ ਬਾਰੇ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਜੰਗ ਦਾ ਸੀਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ। ਇਹ ਕਵੀ ਦੀ ਕਾਬਲੀਅਤ ਦਾ ਸਿਖ਼ਰ ਹੈ, ਇੱਕ ਬੈਂਤ ਵਿੱਚ ਕਵੀ ਲਿਖਦਾ ਹੈ :

ਚਾਰ ਜੂਨ ਨੂੰ ਬਾਦਸ਼ਾਹ ਖ਼ਬਰ ਪੁੱਜੀ, ਬਾਜ਼ੀਦ ਖ਼ਾਂ ਹੈ ਸਿੰਘਾਂ ਨੇ ਮਾਰ ਦਿੱਤਾ।

ਹਮਸ਼ ਖ਼ਾਂ ਤਲਵਾਰ ਦੀ ਭੇਟ ਚੜ੍ਹਿਆ, ਸਿੰਘਾਂ ਕਰ ਹੈ ਉਹ ਦੋਫਾੜ ਦਿੱਤਾ।

ਪਠਾਨਕੋਟ, ਜਲੰਧਰ ਵੀ ਲੁੱਟ ਲਿਆ, ਬਟਾਲਾ ਸ਼ਹਿਰ ਵੀ ਲੁੱਟ ਲਤਾੜ ਦਿੱਤਾ।

ਦਹਿਸ਼ਤ ਸਿੰਘਾਂ ਦੀ ਫੈਲੀ ਸੀ ਫ਼ੌਜ ਅੰਦਰ, ਆਇਆ ਸਾਹਵੇਂ ਜੋ ਜੰਡ ‘ਤੇ ਚਾੜ੍ਹ ਦਿੱਤਾ।

ਨੌਵੇਂ ਸਰਗ (ਅਧਿਆਇ) ਵਿੱਚ ਗੁਰਦਾਸ ਦੀ ਗੜ੍ਹੀ ਵਿੱਚ ਸਿੱਖ ਫ਼ੌਜਾਂ ਅਤੇ ਜ਼ਾਲਮਾ ਦੀਆਂ ਫ਼ੌਜਾਂ ਦੀ ਲੜਾਈ ਦਾ ਬਿਰਤਾਂਤ ਦਿੰਦਿਆਂ ਲਿਖਿਆ ਹੈ ਕਿ ਅੱਠ ਮਹੀਨੇ ਜ਼ਾਲਮਾ ਦੀਆਂ ਫ਼ੌਜਾਂ ਨੇ ਚਾਰੇ ਪਾਸੇ ਤੋਂ ਘੇਰ ਰੱਖਿਆ, ਰਾਸ਼ਣ ਪਾਣੀ ਖ਼ਤਮ ਹੋ ਗਿਆ, ਪਰ ਸਿੱਖ ਫ਼ੌਜਾਂ ਨੇ ਹਥਿਆਰ ਨਹੀਂ ਸੁੱਟੇ। ਭੁੱਖਣ ਭਾਣੇ ਲੜਦੇ ਰਹੇ ਸਿੱਖਾਂ ਦੀ ਪ੍ਰਸੰਸਾ ਵਿੱਚ ਲਿਖਿਆ :

ਪੱਤੇ ਛਿੱਲ ਉਤਾਰ, ਖਾਧੇ ਦਰਖਤੋਂ, ਪਿੰਜਰ ਬਣੇ ਸਰੀਰ, ਅਣਖੀ ਯੋਧਿਆਂ।

ਖੱਚਰ ਘੋੜੇ ਵੱਢ, ਖਾਧੇ ਖ਼ਾਲਸੇ, ਪੱਟ ਚੀਰ ਭੁੰਨ ਖਾਣ, ਮੇਟਣ ਭੁੱਖ ਨੂੰ।

ਅਖ਼ੀਰ ਸਮਝੌਤੇ ਦੀ ਤਰਕੀਬ ਨਾਲ ਸਿੰਘਾਂ ਨੂੰ ਕੈਦ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦੀ ਬਣਾਕੇ ਦਿੱਲੀ ਲਿਜਾਇਆ ਗਿਆ। ਦਸਵੇਂ ਸਰਗ (ਅਧਿਆਇ) ਵਿੱਚ ਧਰਮ ਬਦਲਣ, ਸਿੰਘਾਂ ਦੇ ਸਿਰਾਂ ਨੂੰ ਨੇਜਿਆਂ ‘ਤੇ ਟੰਗਣ ਵਰਗੇ ਅਨੇਕਾਂ ਹਿਰਦੇਵੇਦਿਕ ਜ਼ੁਲਮਾ ਦੇ ਦ੍ਰਿਸ਼ ਵੀ ਖ਼ਾਲਸੇ ਨੂੰ ਡਰਾ ਨਾ ਸਕੇ। ਕਵੀ ਲਿਖਦਾ ਹੈ :

ਤਿੰਨ ਮਹੀਨੇ ਜ਼ਾਬਰਾਂ, ਵਰਤੇ ਢੰਗ ਤਮਾਮ।

ਪਰ ਨਾ ਡੋਲੇ ਸੂਰਮੇ, ਸਿੰਘਾਂ ਸਿਦਕ ਸਲਾਮ।

ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਸੰਤ ਸਿੰਘ ਸੋਹਲ ਨੇ ਮਹਾਂ-ਕਾਵਿ ਲਿਖਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਦਿੱਤੀ ਹੈ।

264 ਪੰਨਿਆਂ, 500 ਰੁਪਏ ਕੀਮਤ ਵਾਲਾ ਇਹ ਮਹਾਂ ਕਾਵਿ ਪੰਜਾਬੀ ਸੱਥ ਵਾਲਸਲ (ਯੂ.ਕੇ.) ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਸੰਤ ਸਿੰਘ ਸੋਹਲ : 9316625738

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>