328 ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦਾ ਕੀਤਾ ਜਾ ਰਿਹਾ ਹੈ ਪਾਲਣ- ਸ਼੍ਰੋਮਣੀ ਕਮੇਟੀ

Screenshot_2026-01-06_21-08-43.resizedਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਹੋਈ ਅਧਿਕਾਰੀਆਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਸਮੁੱਚੇ ਮਾਮਲੇ ’ਤੇ ਸਿੱਖ ਸੰਸਥਾ ਦਾ ਪੱਖ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਜਿਹੜੇ ਇਸ ਮਾਮਲੇ ਵਿਚ ਦੋਸ਼ੀ ਮੁਲਾਜ਼ਮ ਸਨ, ਉਨ੍ਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ, ਜਿਸ ਅਨੁਸਾਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਅਤੇ ਰਿਕਾਰਡ ਵਿਚ ਹੇਰ-ਫੇਰ ਕਰਨ ਵਾਲੇ ਸਿੱਧੇ ਤੌਰ ’ਤੇ ਤਿੰਨ ਮੁਲਾਜ਼ਮ ਸ. ਕੰਵਲਜੀਤ ਸਿੰਘ, ਸ. ਬਾਜ ਸਿੰਘ ਤੇ ਸ. ਦਲਬੀਰ ਸਿੰਘ ਸਨ। ਇਨ੍ਹਾਂ ਨੇ ਆਪਣੀ ਲਾਲਸਾ ਖ਼ਾਤਿਰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਦਨਾਮ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਰਧਾਲੂ ਜਾਂ ਗੁਰਦੁਆਰਾ ਕਮੇਟੀਆਂ ਪਾਵਨ ਸਰੂਪਾਂ ਦੀ ਮੰਗ ਕਰਦੇ ਹਨ ਤਾਂ ਨਿਯਮਾਂ ਅਨੁਸਾਰ ਪ੍ਰਚਾਰਕ ਦੀ ਪੜਤਾਲ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਿਫਾਰਸ਼ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਬਾਅਦ ਪਾਵਨ ਸਰੂਪ ਦੇਣ ਸਮੇਂ ਭੇਟਾ ਜਮ੍ਹਾਂ ਕਰਕੇ ਰਸੀਦ ਕੱਟੀ ਜਾਂਦੀ ਹੈ ਅਤੇ ਉਸ ਨੂੰ ਰਿਕਾਰਡ ਵਿਚ ਦਰਜ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਕੇ ਇਹ ਜ਼ੁੰਮੇਵਾਰੀ ਪਬਲੀਕੇਸ਼ਨ ਵਿਭਾਗ ਵਿਖੇ ਤਾਇਨਾਤ ਤਤਕਾਲੀ ਮੁਲਾਜ਼ਮਾਂ ਨੇ ਨਹੀਂ ਨਿਭਾਈ। ਇਸ ਤਰ੍ਹਾਂ ਉਹ ਸਿੱਧੇ ਤੌਰ ’ਤੇ ਦੋਸ਼ੀ ਹੋਣ ਕਰਕੇ ਹੀ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਪ੍ਰਬੰਧਕੀ ਤੌਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸਿੱਖ ਗੁਰਦੁਆਰਾ ਐਕਟ ਦੀ ਭਾਵਨਾ ਅਨੁਸਾਰ ਕਾਰਜ ਕਰਦੀ ਹੈ ਅਤੇ ਇਸ ਦੌਰਾਨ ਕੰਮ ਕਰਨ ਵਾਲੇ ਹਰ ਮੁਲਾਜ਼ਮ ਦੀ ਆਪਣੀ ਨਿਰਧਾਰਤ ਜ਼ੁੰਮੇਵਾਰੀ ਹੈ। ਜੇਕਰ ਉਸ ਵਿਚ ਕੋਈ ਅਵੱਗਿਆ ਕਰਦਾ ਹੈ ਤਾਂ ਉਸ ਖਿਲਾਫ਼ ਸਰਵਿਸ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਨੀ ਸੰਸਥਾ ਦਾ ਆਪਣਾ ਅਧਿਕਾਰ ਹੈ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਨਿਰਆਧਾਰ ਬਿਆਨਬਾਜ਼ੀ ਨੂੰ ਵੀ ਸਿੱਖ ਸੰਸਥਾ ਨੂੰ ਜਾਣਬੁਝ ਕੇ ਬਦਨਾਮ ਕਰਨ ਵਾਲੀ ਹਰਕਤ ਕਰਾਰ ਦਿੱਤਾ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸਿੱਖ ਕੌਮ ਦੀ ਆਪਣੀ ਹੈ, ਜਿਸ ਪ੍ਰਤੀ ਝੂਠਾ ਪ੍ਰਾਪੇਗੰਡਾ ਸਿੱਖਾਂ ਦੀ ਇਕ ਮਾਣਮਤੀ ਸੰਸਥਾ ਨੂੰ ਸੱਟ ਮਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਬਲਤੇਜ ਪੰਨੂ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਇਹ ਖਿਆਲ ਨਹੀਂ ਰੱਖਿਆ ਜਾ ਰਿਹਾ ਕਿ ਉਨ੍ਹਾਂ ਦੇ ਸ਼ਬਦ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹਨ। ਮਨਮਰਜ਼ੀ ਦੀ ਬਿਆਨਬਾਜ਼ੀ ਨਾਲ ਸਿੱਖ ਸੰਸਥਾ ਦੀਆਂ ਪ੍ਰੰਪਰਾਵਾਂ ਅਤੇ ਆਭਾ ਨੂੰ ਭਾਰੀ ਢਾਹ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਦਿੱਤੇ ਜਾਂਦੇ ਹਨ। ਆਪ ਆਗੂ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸ ਪਾਵਨ ਸਰੂਪਾਂ ਦੇ ਸਬੰਧ ਵਿਚ ਇਕ ਡਾਇਰੀ ਹੈ, ਜੋ ਸੰਗਤਾਂ ਵਿਚ ਭੁਲੇਖਾ ਪੈਦਾ ਕਰਨ ਵਾਲੀ ਗੱਲ ਹੈ। ਅਜਿਹਾ ਕੋਈ ਵੀ ਵਿਧਾਨ ਨਹੀਂ ਹੈ, ਜਿਸ ਤਰ੍ਹਾਂ ਡਾਇਰੀ ਆਦਿ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।

ਵੱਖ-ਵੱਖ ਸਮੇਂ ’ਤੇ ਪਬਲੀਕੇਸ਼ਨ ਵਿਭਾਗ ਵਿਖੇ ਬਤੌਰ ਇੰਚਾਰਜ ਅਤੇ ਮੀਤ ਸਕੱਤਰ ਸੇਵਾ ਨਿਭਾਉਣ ਵਾਲੇ ਸ. ਗੁਰਿੰਦਰ ਸਿੰਘ, ਸ, ਗੁਰਨਾਮ ਸਿੰਘ ਅਤੇ ਸ. ਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪ ਦੇਣ ਲਈ ਡਾਇਰੀ ਜਾਂ ਪਰਚੀ ਦੀ ਕੋਈ ਵੀ ਵਿਵਸਥਾ ਨਹੀਂ ਹੈ। ਪਾਵਨ ਸਰੂਪਾਂ ਦੀ ਲਿਖਾਪੜ੍ਹੀ ਵਿਭਾਗੀ ਲੈਜਰਾਂ ਵਿਚ ਹੀ ਕੀਤੀ ਜਾਂਦੀ ਹੈ ਅਤੇ ਭੇਟਾ ਦੀ ਰਸੀਦ ਕੱਟੀ ਜਾਂਦੀ ਹੈ।

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲੈਣ ਤੋਂ ਗੁਰੇਜ ਕਰੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰਵਾਈ ਗਈ ਜਾਂਚ ਅਨੁਸਾਰ ਇਸ ਸੰਜੀਦਾ ਮਾਮਲੇ ’ਤੇ ਸਿੱਖ ਸੰਸਥਾ ਵੱਲੋਂ ਆਪਣੀ ਕਾਰਵਾਈ ਕਰਨ ਮੌਕੇ ਕੋਈ ਢਿੱਲ ਨਹੀਂ ਵਰਤੀ ਗਈ। ਉਨ੍ਹਾਂ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ, ਜਿਸ ਬਾਰੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਪਬਲੀਸਿਟੀ ਅਸਿਸਟੈਂਟ ਸ. ਜਗਤਾਰ ਸਿੰਘ ਖੋਦੇਬੇਟ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>