ਸਿਫਰ ਦੀ ਹੈ ਅਜਬ ਕਹਾਣੀ
ਕਦੀ ਅੱਗੇ ਕਦੀ ਪਿਛੇ ਲੱਗ ਜਾਂਦੀ ।
ਹਿੰਦਸੇ ਪਿਛੇ ਕੋਈ ਲਾ ਦੇਵੇ
ਸੱਜੇ ਵਲ ਜਾ ਬਹਿੰਦੀ
ਕੀਮਤ ਉਸਦੀ ਕਈ ਗੁਣਾ ਹੋ ਜਾਂਦੀ ।
ਜਦੋਂ ਕਿਸੇ ਹਿੰਦਸੇ ਤੋ ਅੱਗੇ
ਖੱਬੇ ਜਾ ਉਹ ਬਹਿੰਦੀ,
ਤਾਂ ਉਸਦੀ ਕੀਮਤ ਸਿਫਰ ਹੀ ਰਹਿ ਜਾਂਦੀ ।
ਆਪਣੇ ਨੂੰ ਜੋ ਸਮਝ ਨਾ ਪਾਏ
ਉਹ ਅੱਗੇ ਹੋ ਹੋ ਬਹਿੰਦੇ
ਪਰ ਕੀਮਤ ਕੋਈ ਨਾ ਪੈਂਦੀ
ਹਾਸੋ-ਹੀਣਾ ਹਾਲ ਉਨ੍ਹਾਂ ਦਾ
ਸੱਖਣੇ ਹੀ ਤੁਰ ਜਾਂਦੇ
ਤੇ ਸਿਫਰੇ ਹੀ ਰਹਿੰਦੇ ।
ਮੂੰਹ ਤੋਂ ਉਚੀ ਬੋਲੀ ਬੋਲਣ
ਕੌਡੀ ਮੁੱਲ ਨਾ ਪੈਂਦਾ
ਜੋ ਖੁਦ ਨੂੰ ਦੀਰਘ ਜਾਣਨ
ਹੋਰਾਂ ਨੂੰ ਲਗ-ਮਾਤਰ
ਆਪਣੇ ਅੰਦਰ ਕਦੇ ਨਾ ਝਾਕਣ
ਉਹ ਸਿਫਰੇ ਹੀ ਰਹਿ ਜਾਂਦੇ।
ਕੋਈ ਸ਼ਿਕਾਇਤ ਨਹੀਂ ਜੋ ਕਰਦੇ
ਸ਼ੁਕਰ ਸਬਰ ਸੰਤੋਖ ’ਚ ਰਹਿੰਦੇ
ਨਾ ਝੋਰੇ ਤੇ ਨਾ ਸ਼ਿਕਵੇ ਕੋਈ ਪਾਲਣ
ਕੋਈ ਗਮ ਨਾ ਦਿਲ ਤੇ ਲਾਵਣ
ਤੇ ਚੁੱਪ ਚਾਪ ਹੀ…..
ਹਿੰਦਸੇ ਦੇ ਪਿਛਵਾੜੇ ਜੁੜ ਕੇ
ਸਿਫਰੇ ਬੰਦੇ ਗੁਣਾਂ ਵਾਲੇ ਹੋ ਜਾਵਣ।
ਆਪਣਾ ਮੁੱਲ ਵਧਾਵਣ।
