ਡਾ.ਸਰਬਜੀਤ ਕੰਗਣੀਵਾਲ ਦੀ ਪੁਸਤਕ ‘ਪੰਜਾਬ ਦੀ ਖੱਬੀ ਲਹਿਰ’ ਦਾ ਵਿਸ਼ਲੇਸ਼ਣ (1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ): ਉਜਾਗਰ ਸਿੰਘ

IMG_6588.resizedਡਾ.ਸਰਬਜੀਤ ਕੰਗਣੀਵਾਲ ਖੱਬੇ-ਪੱਖੀ ਸੋਚ ਵਾਲਾ ਸਥਾਪਤ ਵਿਦਵਾਨ ਲੇਖਕ ਤੇ ਪੱਤਰਕਾਰ ਹੈ। ਉਸਨੇ ਹੁਣ ਤੱਕ ਚਾਰ ਖ਼ੋਜੀ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਵਿੱਚ ‘ਪੰਜਾਬ ਦੀ ਖੱਬੀ ਲਹਿਰ-ਬਸਤੀਵਾਦ ਤੋਂ ਮੁਕਤੀ ਤੱਕ’  2024 ਵਿੱਚ ਪ੍ਰਕਾਸ਼ਤ ਪੁਸਤਕ ਵੀ ਸ਼ਾਮਲ ਹੈ। ਉਹ ਇਸ ਲੜੀ ਵਿੱਚ ਪੰਜ ਜਿਲਦਾਂ ਪ੍ਰਕਾਸ਼ਤ ਕਰਵਾਉਣ ਜਾ ਰਿਹਾ ਹੈ।

‘ਪੰਜਾਬ ਦੀ ਖੱਬੀ ਲਹਿਰ (1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ)’ ਪੁਸਤਕ ਦੂਜੀ ਜਿਲਦ ਹੈ। ਇਸ ਪੁਸਤਕ ਨੂੰ ਉਸਨੇ 9 ਅਧਿਆਇ ਵਿੱਚ ਵੰਡਿਆ ਹੈ। ਤੱਥਾਂ ‘ਤੇ ਅਧਾਰਤ ਹਵਾਲੇ ਦਿੱਤੇ ਗਏ ਹਨ। ਪੰਜਾਬ ਦੀ ਖੱਬੀ-ਲਹਿਰ ਬਾਰੇ ਲਿਖਦਿਆਂ ਕੰਗਣੀਵਾਲ ਨੇ ਖੱਬੀ-ਲਹਿਰ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਗਰਮੀ ਦੇ ਸੰਦਰਭ ਵਿੱਚ ਜਾ ਕੇ ਪੰਜਾਬ ਬਾਰੇ ਲਿਖਿਆ ਹੈ। ਇੱਕ ਕਿਸਮ ਨਾਲ ਪੰਜਾਬ ਦੀ ਖੱਬੀ-ਲਹਿਰ ਦੇ ਨਾਲ ਹੀ ਰਾਸ਼ਟਰੀ ਲਹਿਰ ਦੇ ਇਤਿਹਾਸਿਕ ਤੱਥਾਂ ਬਾਰੇ ਵੀ ਚਾਨਣਾ ਪਾਇਆ ਹੈ, ਕਿਉਂਕਿ ਪੰਜਾਬ ਦੀ ਇਕੱਲੀ ਖੱਬੀ- ਲਹਿਰ ਨੂੰ ਨਿਖੇੜਿਆ ਨਹੀਂ ਜਾ ਸਕਦਾ। ਪਹਿਲਾ ਅਧਿਆਇ ‘ਜਾਣ-ਪਛਾਣ’ ਵਿੱਚ ਦੱਸਿਆ ਹੈ ਕਿ ਖੱਬੀ-ਲਹਿਰ ਸ਼ੁਰੂ ਹੋਣ ਤੇ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਆਰਥਿਕ ਉਦਾਰਵਾਦ ਆਰੰਭ ਹੋਣ ਤੱਕ ਸੱਤਾ ਦੀ ਮਾਰ ਝੱਲਣ ਅਤੇ ਵਿਚਾਰਧਾਰਕ ਵਿਰੁੱਧ ਸੰਘਰਸ਼ਾਂ ਵਿੱਚ ਅਹੂਤੀਆਂ ਦੇਣੀਆਂ ਪਈਆਂ। ਇਹ ਲਹਿਰ 1948 ਵਿੱਚ ਸ਼ੁਰੂ ਹੋਈ। ਪਹਿਲਾਂ ਪੂਰਬੀ ਤੇ ਪੱਛਵੀ ਪੰਜਾਬ ਵੰਡੇ ਗਏ ਤੇ ਪੁਨਰਗਠਨ 1966 ਨਾਲ ਪੰਜਾਬ ਹੋਰ ਛੋਟਾ ਹੋ ਗਿਆ। ਆਮਦਨ ਦੇ ਬਹੁਤੇ ਸਾਧਨਾਂ ਤੋਂ ਵਰਤਮਾਨ ਪੰਜਾਬ ਵਾਂਝਾ ਰਹਿ ਗਿਆ। ਦਰਿਆ ਵੀ ਤਿੰਨ ਹੀ ਰਹਿ ਗਏ। ਸਿੰਜਾਈ ਦੇ ਸਾਧਨ ਨਾਮਾਤਰ ਰਹਿ ਗਏ। ਰਿਆਸਤਾਂ ਆਜ਼ਾਦ ਰਹਿ ਗਈਆਂ। ਪੈਪਸੂ ਵਿੱਚ ਇਸ ਲਹਿਰ ਨੇ ਮਜ਼ਬੂਤੀ ਨਾਲ ਕੰਮ ਕੀਤਾ। ਦੋ ਧੜੇ ਬਰਾਬਰ ਕੰਮ ਕਰਦੇ ਰਹੇ। 1991 ਦੀ ਆਰਥਿਕ ਉਦਾਰਵਾਦੀ ਨੀਤੀ ਨੇ ਪਾਰਟੀ ਦੀਆਂ ਜੜਾਂ ਵਿੱਚ ਤੇਲ ਦੇਣ ਦਾ ਕੰਮ ਕੀਤਾ। ਇੱਕ ਕਿਸਮ ਨਾਲ ਇਸ ਅਧਿਆਇ ਵਿੱਚ ਪੁਸਤਕ ਦਾ ਸਾਰੰਸ਼ ਹੈ। ਅਧਿਆਇ  2 ‘ਖੱਬੀ ਲਹਿਰ ਦਾ ਆਜ਼ਾਦੀ ਪਿੱਛੋਂ ਮੁੱਢਲਾ ਦੌਰ’ ਵਿੱਚ ਦੱਸਿਆ ਹੈ ਕਿ 1948 ਵਿੱਚ ਪਹਿਲੀ ਸੂਬਾ ਕਾਨਫਰੰਸ ਤੋਂ ਬਾਅਦ ਪਾਰਟੀ ਸਰਗਰਮੀ ਨਾਲ ਕੰਮ ਕਰਨ ਲੱਗ ਗਈ, ਪ੍ਰੰਤੂ ਖਿਚੋਤਾਣ ਜ਼ਾਰੀ ਰਹੀ। ਖੱਬੇ-ਪੱਖੀਆਂ ਦੇ ਦੋ ਜ਼ਬਰਦਸਤ ਧੜੇ ਬਣ ਗਏ। ਤੇਜਾ ਸਿੰਘ ਸੁਤੰਤਰ ਦੀ ਲਾਲ ਕਮਿਊਨਿਸਟ ਪਾਰਟੀ ਵੱਖਰੀ ਵਿਚਾਰਧਾਰਾ ਲੈ ਕੇ ਕੰਮ ਕਰਦੀ ਰਹੀ, ਪ੍ਰੰਤੂ ਫਿਰ ਸੀ.ਪੀ.ਆਈÑ. ਪਾਰਟੀ ਦੀ ਲਾਈਨ ਅਖਤਿਆਰ ਕਰ ਲਈ। ਇਸ ਆਜ਼ਾਦੀ ਨੂੰ ਜ਼ਾਅਲੀ ਆਜ਼ਾਦੀ ਕਿਹਾ ਗਿਆ।

ਵਰਕਰਾਂ ਅਤੇ ਨੇਤਾਵਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ। ਸਰਕਾਰ ਨੇ ਸੀ.ਪੀ.ਆਈ ਤੇ ਪਾਬੰਦੀ ਲਗਾ ਦਿੱਤੀ ਤੇ 1951 ਵਿੱਚ ਪਾਬੰਦੀ ਹਟਾਈ ਗਈ। ਮੁਜ਼ਾਆਰਾ ਲਹਿਰ ਸਰਗਰਮੀ ਨਾਲ ਕੰਮ ਕਰਦੀ ਰਹੀ, ਜਿਸ ਕਰਕੇ ਖੱਬੇ-ਪੱਖੀਆਂ ਵਿੱਚ ਮਜ਼ਬੂਤੀ ਆਈ। ਆਜ਼ਾਦੀ ਤੋਂ ਬਾਅਦ ਪੰਜ ਸਾਲ ਖੱਬੀ ਲਹਿਰ ਨੇ ਬੜੀਆਂ ਘਾਲਣਾਵਾਂ ਘਾਲੀਆਂ, ਪ੍ਰੰਤੂ ਗੰਭੀਰ ਵਿਚਾਰਧਾਰਕ ਮੱਤਭੇਦਾਂ ਦਾ ਸਾਹਮਣਾ ਕਰਨਾ ਪਿਆ। ਅਖ਼ੀਰ ਲਾਲ ਪਾਰਟੀ ਦਾ ਰਲੇਵਾਂ ਹੋ ਗਿਆ। ਅਧਿਆਇ 3 ਵਿੱਚ ‘ਸੀ.ਪੀ.ਆਈ.ਤੇ ਲਾਲ ਪਾਰਟੀ ਦੇ ਰਲੇਵੇਂ ਤੋਂ ਬਾਅਦ’ ਦੱਸਿਆ ਗਿਆ ਕਿ ਪਾਰਟੀ ਨੇ ਦਫ਼ਤਰ ਖੋਲ੍ਹਣੇ ਤੇ ਦੋ ਅਖ਼ਬਾਰ ‘ਲੋਕ ਯੁੱਧ’ ਅਤੇ ‘ਨਯਾ ਜ਼ਮਾਨਾ’ ਪ੍ਰਕਾਸ਼ਤ ਕਰਨੇ ਸ਼ਰੂ ਕੀਤੇ, ਬਹੁਤ ਸਾਰੀਆਂ ਕਾਨਫ਼ਰੰਸਾਂ ਅਤੇ ਕਾਂਗਰਸ ਕਰਨ ਦੇ ਬਾਵਜੂਦ ਪਾਰਟੀ ਵਿੱਚ ਮਤਭੇਦ ਬਰਕਰਾਰ ਰਹੇ, ਕਿਉਂਕਿ ਲਾਲ ਪਾਰਟੀ ਦੇ ਵਿਅਕਤੀਆਂ ਨੂੰ ਅਹੁਦੇਦਾਰੀਆਂ ਦੇਣ ਵਿੱਚ ਅਣਡਿਠ ਕੀਤਾ ਜਾ ਰਿਹਾ ਸੀ। ਮੁਜ਼ਾਆਰਾ ਕਾਨੂੰਨ ਬਣਨ ਨਾਲ ਵੀ ਸਰਗਰਮੀ ਸੰਖੇਪ ਹੋ ਗਈ। ਕਾਂਗਰਸ ਪਾਰਟੀ ਨਾਲ ਵੀ ਲੁਕਣ ਮੀਟੀ ਖੇਡਦੇ ਰਹੇ। ਪ੍ਰਤਾਪ ਸਿੰਘ ਕੈਰੋਂ ਨਾਲ ਟਕਰਾਓ ਕਰਕੇ ਅਖ਼ਬਾਰਾਂ ‘ਤੇ ਸੈਂਸਰ ਲਗਾ ਦਿੱਤਾ। ਖ਼ੁਸ਼ਹੈਸੀਅਤ ਮੋਰਚਾ ਅਤੇ ਅੰਨ ਅੰਦੋਲਨ ਵਾਪਸ ਲੈ ਲਏ। 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀ.ਪੀ.ਆਈ.ਨੇ 9 ਤੇ ਸ਼ੋਸ਼ਲਿਸਟਾਂ ਨੇ ਚਾਰ ਸੀਟਾਂ ਜਿੱਤੀਆਂ। ਚੌਥੇ ਅਧਿਆਇ ‘ਖੱਬੀ-ਲਹਿਰ ‘ਚ ਮੁੜ ਦੋਫੇੜ ਅਤੇ ਸੀ.ਪੀ.ਆਈ. (ਐਮ) ਦਾ ਗਠਨ’ ਵਿੱਚ ਦੱਸਿਆ ਗਿਆ ਹੈ ਕਿ ਕੇਂਦਰ ਵਿੱਚ ਪਾਰਟੀ ਦੇ ਦੋਫਾੜ ਹੋਣ ਕਰਕੇ 1 ਅਕਤੂਬਰ ਤੋਂ 4 ਅਕਤੂਬਰ 1964 ਵਿੱਚ ਲੁਧਿਆਣਾ ਵਿਖੇ ਹੋਈ ਪਹਿਲੀ ਸੂਬਾ ਕਾਨਫ਼ਰੰਸ ਵਿੱਚ ਪੰਜਾਬ ਇਕਾਈ ਦੇ ਗਠਨ ਨੂੰ ਪ੍ਰਵਾਨਗੀ ਮਿਲ ਗਈ। ਆਪਣਾ ‘ਲੋਕ ਜਮਹੂਰੀਅਤ’ ਅਖ਼ਬਾਰ ਸ਼ੁਰੂ ਕੀਤਾ, ਜੋ ਬਾਅਦ ਵਿੱਚ ‘ਲੋਕ ਲਹਿਰ’ ਬਣ ਗਿਆ। ਭਾਰਤ ਸਰਕਾਰ ਨੇ ਗਰਮ ਖਿਆਲੀਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ, ਕਮਿਊਨਿਸਟ ਸੋਵੀਅਤ ਸੰਘ ਅਤੇ ਚੀਨ ਦੇ ਸਮਰਥਕਾਂ ਵਿੱਚ ਵੰਡੇ ਗਏ। ਪਾਰਟੀਆਂ ਦੇ ਬਾਕੀ ਵਿੰਗ ਵੀ ਦੋਫਾੜ ਹੋ ਗਏ। ਪੰਜਾਬੀ ਸੂਬੇ ਸੰਬੰਧੀ ਸੀ.ਪੀ.ਆਈ. ਦੀ ਨੀਤੀ ਸਪੱਸ਼ਟ ਰਹੀ। ਸੀ.ਪੀ.ਆਈ. ਦੋਫਾੜ ਹੋਣ ਤੋਂ ਬਾਅਦ 1967 ਵਿੱਚ ਹੋਈਆਂ ਚੋਣਾਂ ਵਿੱਚ ਸੀ.ਪੀ.ਆਈ.9 ਅਤੇ ਸੀ.ਪੀ.ਐਮ.8 ਸੀਟਾਂ ਜਿੱਤ ਗਈਆਂ। ਦੋਹਾਂ ਦੇ ਸਮਰਥਨ ਨਾਲ ਸਾਂਝੀ ਸਰਕਾਰ ਬਣ ਗਈ, ਪ੍ਰੰਤੂ ਸਰਕਾਰ ਦੋਹਾਂ ਪਾਰਟੀਆਂ ਦੀਆਂ ਇਛਾਵਾਂ ਤੇ ਪੂਰੀ ਨਾ ਉਤਰੀ, ਸਿਰਫ 9 ਮਹੀਨੇ ਹੀ ਚਲ ਸਕੀ। ਅਧਿਆਇ 5  ‘ਨਕਸਲੀ ਲਹਿਰ ਦੀ ਸ਼ੁਰੂਆਤ’ ਵਿੱਚ ਦੱਸਿਆ ਗਿਆ ਹੈ ਕਿ  ਪੱਛਵੀਂ ਬੰਗਾਲ ਦੀਆਂ ਫਰਵਰੀ 1967 ਦੀਆਂ ਵਿਧਾਨ ਸਭਾ ਚੋਣਾਂ ਨੇ ਖੱਬੀ-ਲਹਿਰ ‘ਤੇ ਬਹੁ-ਦਿਸ਼ਾਵੀ ਪ੍ਰਭਾਵ ਪਾਇਆ।

ਸਰਕਾਰ ਵਿੱਚੋਂ ਇੱਕ ਵਰਗ ਨੇ ਕ੍ਰਾਂਤੀਕਾਰੀ ਟੀਚਿਆਂ ਦੀ ਪ੍ਰਾਪਤੀ ਲਈ ਹਥਿਆਰਬੰਦ ਰਸਤਾ ਅਪਣਾਇਆ। ਜਿਸ ਕਰਕੇ ਨਕਸਲਵਾੜੀ ਪਿੰਡ ਕੋਲ ਕਿਸਾਨ ਸਭਾ ਦਾ ਸੰਮੇਲਨ ਹੋਇਆ, ਜਿਸ ਵਿਚ ਮੁਜ਼ਾਆਰਿਆਂ ਨੂੰ ਜਾਗੀਰਦਾਰਾਂ ਨੂੰ ਫਸਲਾਂ ਦਾ ਅੱਧ ਦੇਣ ਤੋਂ ਰੋਕਿਆ ਗਿਆ। ਫਿਰ ਕਲੇਸ਼ ਸ਼ੁਰੂ ਹੋਇਆ, ਹਲਵਾਹਕਾਂ ਦੇ ਇਸਤਰੀਆਂ ਦੇ ਇਕੱਠ ਤੇ ਗੋਲੀਆਂ ਚਲਾਈਆਂ ਤੇ 11 ਮਰਨ ਵਾਲਿਆਂ ਵਿੱਚ 8 ਔਰਤਾਂ ਦੋ ਬੱਚੇ ਸ਼ਾਮਲ ਸਨ। ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ। ਛੇਤੀ ਹੀ ਪੰਜਾਬ ਤੱਕ ਪਹੁੰਚ ਗਿਆ। ਸੀ.ਪੀ.ਆਈ. ਐਮ ਇਸਦਾ ਵਿਰੋਧ ਕਰਦੀ ਸੀ। ਸੰਗਰੂਰ, ਰੋਪੜ, ਲੁਧਿਆਣਾ ਅਤੇ ਜਲੰਧਰ ਮੋਹਰੀ ਰਹੇ। 1968 ਵਿੱਚ ਤਾਲਮੇਲ ਕਮੇਟੀ ਬਣੀ। ਜ਼ਮੀਨਾ ‘ਤੇ ਕਬਜ਼ੇ ਸ਼ੁਰੂ ਕੀਤੇ। ਸੰਗਰੂਰ ਵਿੱਚ ਬ੍ਰਗੇਡੀਅਰ ਬਲਵੰਤ ਸਿੰਘ ਦੀ ਜ਼ਮੀਨ ਤੇ ਕਬਜ਼ੇ ਸਮੇਂ ਗ੍ਰਿਫ਼ਤਾਰੀਆਂ ਹੋਈਆਂ। ਸੀ.ਪੀ.ਆਈ.ਐਮ ਐਲ ਬਣ ਗਈ। ਚਮਕੌਰ ਸਾਹਿਬ ਥਾਣੇ ‘ਤੇ ਹਮਲਾ ਕੀਤਾ ਕਈ ਜ਼ਖ਼ਮੀ ਹੋਏ। ਆਪਸੀ ਫੁੱਟ ਜੱਗ ਜ਼ਾਹਰ ਹੋਈ। ਚੀਨ ਦੀ ਸਪੋਰਟ ਸੀ। ਦਇਆ ਸਿੰਘ, ਬਾਬਾ ਹਰੀ ਸਿੰਘ ਮਰਗਿੰਦ ਅਤੇ ਬਾਬਾ ਬੂਝਾ ਸਿੰਘ ਦੀ ਮੌਤ ਨਾਲ ਮੁਹਿੰਮ ਨੂੰ ਝਟਕਾ ਲੱਗਾ। ਸੀ.ਪੀ.ਆਈ.ਐਮ.ਐਲ.ਦੀ ਪਹਿਲੀ ਕਾਂਗਰਸ ਅਪ੍ਰੈਲ 1970 ਵਿੱਚ ਹੋਈ। ਖੱਬੀਆਂ ਪਾਰਟੀਆਂ ਵਿੱਚ ਵਿਚਾਰਧਾਰਕ ਵਿਰੋਧ ਸਨ। ਪੁਲਿਸ ਭਾਰੂ ਪੈਣ ਲੱਗ ਪਈ। ਗ੍ਰਿਫ਼ਤਾਰੀਆਂ ਅਤੇ ਨਕਸਲਵਾੜੀਆਂ ਨਾਲ ਮੁਕਾਬਲਿਆਂ ਦਾ ਦੌਰ ਵੱਧ ਗਿਆ। ਕਤਲੇਆਮ ਹੋਣ ਲੱਗ ਪਏ। ਕੰਗਣੀਵਾਲ ਨੇ ਇਸ ਸਮੇਂ ਦੌਰਾਨ ਪੁਲਿਸ ਅਤੇ ਨਕਸਲਵਾੜੀਆਂ ਦੀ ਹਰ ਕਾਰਵਾਈ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ। ਸੀ.ਪੀ.ਆਈ ਵਿੱਚ ਅੰਤਰ ਵਿਰੋਧ ਰਿਹਾ। ਨਕਸਲਵਾੜੀ ਲਹਿਰ ਦਾ ਸੀ.ਪੀ.ਆਈ. ਤੇ ਸੀ.ਪੀ.ਐਮ.ਦੀ ਕਾਰਗੁਜ਼ਾਰੀ ਤੇ ਮਾੜਾ ਅਸਰ ਪਿਆ, ਕਿਉਂਕਿ ਇਨ੍ਹਾਂ ਪਾਰਟੀਆਂ ਵਿੱਚੋਂ ਹੀ ਲੋਕ ਲਹਿਰ ਨਾਲ ਜੁੜੇ ਸਨ। ਪੰਜ ਸਾਲ ਇਹ ਪਾਰਟੀਆਂ ਚੰਗੇ ਨਤੀਜੇ ਨਹੀਂ ਵਿਖਾ ਸਕੀਆਂ। ਅਧਿਆਇ  6 ‘ਅੱਠਵੇਂ ਦਹਾਕੇ ਦਾ ਨਵਾਂ ਦੌਰ’ ਵਿੱਚ ਦੱਸਿਆ ਕਿ ਇਹ ਸਮਾਂ ਸੌਖਾ ਨਹੀਂ ਸੀ। ਮੋਗਾ ਵਿਖੇ ਵਿਦਿਆਰਥੀਆਂ ਦੀ ਹੜਤਾਲ ਸਮੇਂ ਪੂਰੇ ਪੰਜਾਬ ਵਿੱਚ ਖੱਬੇ-ਪੱਖੀਆਂ ਨੂੰ ਸਰਗਰਮ ਹੋਣ ਦਾ ਮੌਕਾ ਮਿਲ ਗਿਆ, ਉਹ ਵਿਦਿਆਰਥੀ ਸੰਘਰਸ਼ ਵਿੱਚ ਕੁੱਦ ਪਏ। ਵਿਦਿਆਰਥੀਆਂ ਨਾਲ ਸਰਕਾਰ ਦਾ ਸਮਝੌਤਾ ਹੋ ਗਿਆ। ਖੱਬੇ-ਪੱਖੀ ਸਰਗਰਮ ਰਹੇ। ਐਮਰਜੈਂਸੀ ਵਿੱਚ ਜੇਲ੍ਹਾਂ ਅੰਦਰ ਡੱਕ ਦਿੱਤੇ ਗਏ। ਐਮਰਜੈਂਸੀ ਤੋਂ ਬਾਅਦ 1977 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀ.ਪੀ.ਆਈ.ਐਮ, ਸੀ.ਪੀ.ਆਈ ਅਤੇ ਨਕਸਲਵਾੜੀਆਂ ਨੇ ਚੋਣਾਂ ਲੜੀਆਂ। 1980 ਵਿੱੱਚ ਵੀ ਇਨ੍ਹਾਂ ਪਾਰਟੀਆਂ ਦੀ ਕਾਰਗੁਜ਼ਾਰੀ ਚੰਗੀ ਰਹੀ। ਵੋਟਾਂ ਦੀ ਫ਼ੀ ਸਦੀ ਵੀ ਵੱਧ ਗਈ। ਅਧਿਆਇ 7 ‘ਖ਼ਾਲਿਸਤਾਨੀ ਲਹਿਰ ਦੌਰਾਨ ਖੱਬੀਆਂ ਧਿਰਾਂ ਦੀ ਭੂਮਿਕਾ’ ਵਿੱਚ ਦੱਸਿਆ ਗਿਆ ਹੈ ਕਿ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਅਤੇ ਸਿੱਖਾਂ ਵਿੱਚ ਟਕਰਾਅ ਨਾਲ 13 ਸਿੱਖ ਮਾਰੇ ਜਾਣ ਤੋਂ ਬਾਅਦ ਖਾਲਿਸਤਾਨ ਦੀ ਮੁਹਿੰਮ ਨੂੰ ਬਲ ਮਿਲਿਆ। ਆਨੰਦਪੁਰ ਸਾਹਿਬ ਦਾ ਮਤਾ ਬਲਦੀ ਤੇ ਤੇਲ ਬਣਿਆਂ। ਖੱਬੀਆਂ ਪਾਰਟੀਆਂ ਖ਼ਾਲਿਸਤਾਨ ਦੇ ਵਿਰੁੱਧ ਡੱਟਕੇ ਲੜੀਆਂ। ਸਤਲੁਜ ਯਮਨਾ ☬ਲੰਕ ਨਹਿਰ ਦਾ ਮੋਰਚਾ ਅਕਾਲੀ ਦਲ ਨਾਲ ਰਲਕੇ ਸੀ.ਪੀ.ਆਈ ਐਮ. ਨੇ ਸ਼ੁਰੂ ਕਰ ਦਿੱਤਾ। ਦੋਹਾਂ ਪਾਰਟੀਆਂ ਦੇ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਜਦੋਂ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ, ਸੀ.ਪੀ.ਆਈ.ਐਮ ਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ। 1982, 83 ਵਿੱਚ ਫ਼ਿਰਕਾਪ੍ਰਸਤੀ ਦਾ ਦੌਰ ਸ਼ੁਰੂ ਹੋਇਆ, ਖੱਬੇ-ਪੱਖੀ ਇਸ ਦਾ ਵਿਰੋਧ ਕਰਦੇ ਰਹੇ। ਰਾਸ਼ਟਰਪਤੀ ਰਾਜ ਹੋ ਗਿਆ। ਕਤਲੇਆਮ ਵੱਧ ਗਿਆ, ਜਿਸਦਾ ਅਸਰ ਖੱਬੇ-ਪੱਖੀ ਪਾਰਟੀਆਂ ਤੇ ਵਧੇਰੇ ਪਿਆ। ਬਲਿਊ ਸਟਾਰ ਅਪ੍ਰੇਸ਼ਨ, ਇੰਦਰਾ ਗਾਂਧੀ ਤੇ ਫਿਰ ਸੰਤ ਲੌਂਗੋਵਾਲ ਦੀ ਹੱਤਿਆ ਹੋ ਗਈ। ਨਕਸਲੀਆਂ ਅਤੇ ਦੋਹਾਂ ਪਾਰਟੀਆਂ ਦੀ ਨਵੀਂ ਕਤਾਰਬੰਦੀ ਹੁੰਦੀ ਰਹੀ।1987, 88 ਅਤੇ 89 ਵਿੱਚ ਖੱਬੀ ਪਾਰਟੀ ਦੇ ਨੇਤਾਵਾਂ ਦਾ ਕਤਲੇਆਮ ਵੱਡੀ ਪੱਧਰ ‘ਤੇ ਹੋਇਆ, ਪ੍ਰੰਤੂ ਉਹ ਪਿੱਛੇ ਨਹੀਂ ਹਟੇ। ਨਕਸਲਵਾੜੀ ਧੜਿਆਂ ਵਿੱਚ ਉਥਲ ਪੁਥਲ ਹੋਈ ਤੇ ਵੰਡੇ ਵੀ ਗਏ। ਮੰਡਲ ਕਮਿਸ਼ਨ ਦੀ ਰਿਪੋਰਟ ਸੰਬੰਧੀ ਰਾਖਵੇਂ ਕਰਨ ਦੇ ਹੱਕ ਵਿੱਚ ਉਤਰੇ। ਜਦੋਂ ਸਾੜ ਫੂਕ ਹੋ ਗਈ ਤਾਂ ਫ਼ੈਸਲਾ ਬਦਲਣਾ ਪਿਆ। ਦਸ ਸਾਲ ਖਾਲਿਸਤਾਨੀ ਲਹਿਰ ਸਮੇਂ ਖੱਬੇ-ਪੱਖੀਆਂ ਨੇ ਡੱਟ ਕੇ ਮੁਕਾਬਲਾ ਕੀਤਾ, ਪ੍ਰੰਤੂ ਅੱਤਵਾਦ ਨੇ ਖੱਬੇ-ਪੱਖੀਆਂ ਨੂੰ ਢਾਹ ਲਾਈ। ਉਹ ਪਿੱਛੇ ਨਹੀਂ ਹਟੇ। ਅਧਿਆਇ 8 ‘ਖੱਬੀਆਂ ਧਿਰਾਂ ਅਤੇ ਸੰਸਦੀ ਪ੍ਰਣਾਲੀ’ ਕੰਗਣੀਵਾਲ ਨੇ ਦੱਸਿਆ ਹੈ ਕਿ 1952 ਦੀਆਂ ਚੋਣਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਤੇ ਲਾਲ ਕਮਿਊਨਿਸਟ ਪਾਰਟੀ ਨੇ ਹਿੱਸਾ ਲਿਆ, ਪ੍ਰੰਤੂ ਨਕਸਲਵਾੜੀ ਧੜਿਆਂ ਨੇ 1991 ਤੱਕ ਪਹੁੰਚਦਿਆਂ ਚੋਣਾਂ ਵਿੱਚ ਹਿੱਸਾ ਲੈਣਾਂ ਸ਼ੁਰੂ ਕਰ ਦਿੱਤਾ। ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਕਮਿਊਨਿਸਟ ਇੱਕ ਵੀ ਸੀਟ ਨਾ ਜਿੱਤ ਸਕੇ। 1952 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਮੁਜ਼ਾਆਰਾ ਆਗੂ ਚੋਣ ਜਿੱਤ ਗਏ। 1954 ਦੀਆਂ ਮੱਧਕਾਲੀ ਚੋਣਾਂ ਵਿੱਚ ਦਸ ਸੀਟਾਂ ਤੇ ਚੋਣ ਲੜੀ ਤੇ ਚਾਰ ਜਿੱਤ ਲਈਆਂ। 1957 ਵਿੱਚ ਸੀ.ਪੀ.ਆਈ.ਨੇ 6 ਸੀਟਾਂ ਜਿੱਤ ਲਈਆਂ।

ਐਸ.ਜੀ.ਪੀ.ਸੀ. ਦੀਆਂ ਚੋਣਾਂ ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ਨਾਲ ਮਿਲਕੇ ਚੋਣਾਂ ਲੜਦੇ ਰਹੇ। 1962 ਦੀ ਲੋਕ ਸਭਾ ਚੋਣਾਂ ਵਿੱਚ ਪੰਜ ਤੇ ਚੋਣ ਲੜੀ ਤੇ ਇੱਕ ਸੀਟ ਜਿੱਤੀ। 1967 ਵਿੱਚ ਇੱਕ ਵੀ ਸੀਟ ਨਾ ਜਿੱਤ ਸਕੇ। 1969 ਵਿਧਾਨ ਸਭਾ ਦੀਆਂ ਚਾਰ ਸੀਟਾਂ ਸੀ.ਪੀ.ਆਈ.ਅਤੇ ਸੀ.ਪੀ.ਆਈ ਐਮ ਨੂੰ ਦੋ ਮਿਲੀਆਂ। 1977 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਖੱਬੀਆਂ ਪਾਰਟੀਆਂ ਨੇ 15 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਸੰਸਦੀ ਪ੍ਰਣਾਲੀ ਵਿੱਚ ਹਿੱਸਾ ਲੈਣ ਤੋਂ ਬਾਅਦ ਪਾਰਟੀ ਦੀ ਕਾਰਜਸ਼ੈਲੀ ਵਿੱਚ ਵੱਡਾ ਪਰਿਵਰਤਨ ਆਇਆ। ਇਸ ਅਧਿਆਇ ਵਿੱਚ ਕੰਗਣੀਵਾਲ ਨੇ ਹਰ ਇੱਕ ਚੋਣ ਵਿੱਚ ਹਿੱਸਾ ਲੈਣ ਵਾਲੇ ਨੇਤਾਵਾਂ ਦੇ ਹਲਕਿਆਂ ਤੇ ਵੋਟਾਂ ਦੀ ਗਿਣਤੀ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਹੈ। ਅਧਿਆਇ 9 ‘ ਸੰਸਾਰ ਕਮਿਊਨਿਸਟ ਲਹਿਰ ਨੂੰ ਪਛਾੜ ਤੇ ਪੰਜਾਬ ਦੀ ਖੱਬੀ-ਲਹਿਰ’ ਵਿੱਚ ਸੋਵੀਅਤ ਸੰਘ ਦੇ ਢਹਿ ਢੇਰੀ ਹੋ ਜਾਣ ਦੀ ਹਰ ਘਟਨਾ ਦੇ ਸਾਰੇ ਕਾਰਨਾ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿੱਚ ਗੋਰਬਾਚੋਵ ਦੇ ਸੁਧਾਰ, ਪੋਲੈਂਡ ਦੀ ਤਬਦੀਲੀ, ਬਾਲਟਿਕ ਗਣਰਾਜਾਂ ਦੀ ਕਰਵਟ, ਯੇਲਸਤਾਨ ਦੀਆਂ ਸਰਗਰਮੀਆਂ, ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਵਿੱਚ ਮੱਤਭੇਦ, ਸੀ.ਪੀ.ਆਈ. ਐਮ ਦੇ 13ਵੀਂ ਸੂਬਾਈ ਕਾਨਫਰੰਸ, ਸੋਵੀਅਤ ਸੰਘ ਨੂੰ ਬਚਾਉਣ ਦੇ ਆਖਰੀ ਯਤਨ ਅਤੇ ਭਾਰਤੀ ਖੱਬੇ ਪੱਖੀਆਂ ਦੀ ਪ੍ਰਤੀਕ੍ਰਿ☬ਆ ਆਦਿ। ਭਾਰਤੀ ਕਮਿਊਨਿਸਟ ਪਾਰਟੀ ਨੇ ਸੋਵੀਅਤ ਸੰਘ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਇਸਦਾ ਅਧਿਐਨ ਕੀਤਾ, ਜਿਸਦੇ ਨਤੀਜਿਆਂ ਵਿੱਚ ਫਿਰਕਾਪ੍ਰਤੀ ਦੀ ਚੁਣੌਤੀ ਤੇ ਅਨੇਕਾਂ ਯੋਧਿਆਂ ਦੀਆਂ ਕੁਰਬਾਨੀਆਂ, ਸੀ.ਪੀ.ਆਈ. ਵਿੱਚ ਦੁਫੇੜ, ਨਕਸਲੀ ਲਹਿਰ ਦੀ ਅੰਦਰੂਨੀ ਜਮਹੂਰੀਅਤ ਦੀ ਅਣਹੋਂਦ, ਹਰੀ ਕ੍ਰਾਂਤੀ ਦੇ ਵਿਪਰੀਤ ਅਸਰ, ਜਾਤੀਵਾਦ ਦਾ ਨੁਕਸਾਨ, ਝੂਠੇ ਪੁਲਿਸ ਮੁਕਾਬਲੇ, ਪੰਜਾਬ ਦੀਆਂ ਸਰਕਾਰਾਂ ਉਚ ਵਰਗਾਂ ਨੂੰ ਉਭਾਰਦੀਆਂ ਰਹੀਆਂ ਅਤੇ ਮਜ਼ਦੂਰਾਂ ਵਿੱਚ ਬੈਚੈਨੀ ਆਦਿ ਨੁਕਤੇ ਸਾਹਮਣੇ ਆਏ। ਇਸ ਕਰਕੇ ਇਹ ਲਹਿਰ ਮੁੜਕੇ ਪੈਰਾਂ ‘ਤੇ ਖੜ੍ਹੀ ਨਹੀਂ ਹੋ ਸਕੀ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਕੰਗਣੀਵਾਲ ਨੇ ਬੜੀ ਬਾਰੀਕੀ ਨਾਲ ਅਧਿਐਨ ਕਰਕੇ ਲਿਖਿਆ ਹੈ, ਜੋ ਇਤਿਹਾਸ ਦਾ ਹਿੱਸਾ ਬਣੇਗਾ।

705 ਪੰਨਿਆਂ, 995 ਰੁਪਏ ਕੀਮਤ ਵਾਲੀ ਇਹ ਵੱਡ ਆਕਾਰੀ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>