ਨਾਇਟ ਸਰਵਿਸ

——-(ਕੁਝ ਕਹਾਣੀ ਬਾਰੇ) ——-

“ ………….. ਉਂਝ ਤਾਂ ਲੇਖਕ ਦੀ ਸਮੁੱਚੀ ਹੋਂਦ ਉਸਦੀ ਹਰ ਲਿਖਤ ਵਿਚ ਹਾਜ਼ਰ –ਨਾਜ਼ਰ ਹੁੰਦੀ ਹੈ । ਕਿਉਂਕਿ ਲੇਖਕ ਨੇ ਅਮੂਰਤ ਚੀਜ਼ਾਂ ਤੋਂ ਪਹਿਲਾਂ ਨਿੱਗਰ ਯਥਾਰਥ ਦੇ ਰੂ-ਬ-ਰੂ ਹੋਣਾ ਹੁੰਦਾ । ਤਾਂ ਵੀ ਯਥਾਰਥ ਦੀ ਨਿਰੀ –ਪੁਰੀ ਫੋਟੋਗਰਾਫੀ ਵੀ ਸਾਹਿਤ ਨੂੰ ਪ੍ਰਵਾਨ ਨਹੀਂ । ਹਰ ਲਿਖਤ ਅੱਧੇ-ਪਚੱਧੇ ਕਾਲਪਨਿਕ ਵਿਸਥਾਰ ਦੇ ਆਸਰੇ ਉਸਰਦੀ ਹੈ । ਇਸ ਕਾਲਪਨਿੱਕਤਾ ਤੇ ਯਥਾਰਥ ਦੇ ਸੁਮੇਲ ਨੂੰ ਸਮਤਲ ਰੱਖਣ ਲਈ ਮੈਂ ਇਹ ਕਹਾਣੀ  ‘ ਮੈਂ “ ਪਾਤਰ ਨਾਲ ਲਿਖੀ । ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉੱਤਮ-ਪੁਰਖ ਰਾਹੀਂ ਲਿਖੀਆਂ ਮੇਰੀਆਂ ਕਹਾਣੀਆਂ ਵਿੱਚ ਮੈਂ ਲਿਖਤ ਅੰਦਰਲੇ ਸੱਚ ਦੇ ਬਹੁਤ ਨੇੜੇ ਪੁੱਜਿਆ ਰਿਹਾਂ ਹਾਂ ਜਾਂ ਇਹਨਾਂ ਅੰਦਰ ਪੇਸ਼ ਹੋਏ ਪਾਤਰਾਂ ਦੇ ਸਾਰੇ ਦੁੱਖ-ਦਰਦ ਮੈਂ ਆਪਣੇ ਅੰਦਰ ਵੀ ਸਮੋਅ ਲਏ ਹਨ , ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਉਂ ਕਰਦਿਆਂ ਮੈਨੂੰ ਉਹਨਾਂ ਵਰਗਾ ਹੋਣ-ਦਿਸਣ ਲੱਗਿਆਂ ਚੰਗਾ-ਚੰਗਾ ਲੱਗਦਾ ਰਿਹਾ । “ ਨਾਇਟ ਸਰਵਿਸ “ ਕਹਾਣੀ ਮੇਰੀ ਦਿੱਲੀ ਤੋਂ ਜਲੰਧਰ ਤਕ ਕੀਤੀ ਇਕ ਰਾਤ ਦੀ ਬੱਸ-ਯਾਤਰਾ ਦੀ ਪ੍ਰਤੀਫਲ ਹੈ । ਹੁਣ ਮੈਨੂੰ ਪੱਕਾ ਚੇਤਾ ਨਹੀਂ ਇਸ ਕਹਾਣੀ ਨੂੰ ਹੁੱਝ ਮਾਰਨ ਵਾਲਾ ਪਾਤਰ ਅੰਬਾਲੇ ਉੱਤਰਿਆ ਸੀ ਜਾਂ ਲਧਿਆਣੇ । ਚੜ੍ਹਿਆ ਉਹ ਦਿੱਲੀ ਸਬਜ਼ੀ ਮੰਡੀਉਂ ਸੀ । ਸ਼ਕਲੋਂ-ਸੂਰਤੋਂ ਉਹ ਨਾ ਨਿਪਾਲੀ ਗੋਰਖਾ ਲੱਗਦਾ ਸੀ ਨਾ ਬਿਹਾਰੀ ਭਈਆ । ਮਧਰਾ-ਭਰਵਾਂ ਬਦਨ, ਮੋਕਲੇ ਹੱਡ-ਪੈਰ , ਮੂੰਹ-ਚਿਹਰਾ ਅਤਿ ਦਾ ਕਰੂਪ । ਮਨੁੱਖੀ ਨਸਲ ਦੇ ਕਿਸੇ ਪੁਰਖੇ ਸ਼ਮਪੈਂਜੀ ਜਾਂ ਬੋਬੀਨ ਵਰਗਾ । ਉਸਦੇ ਗਲ ਇਕ ਵੰਡੀ ਸੀ ਤੇ ਤੇੜ ਕੱਛਾ । ਵੰਡੀ ਦੀ ਲੰਮੀ-ਲਮਕਦੀ ਜੇਬ ਤੁੰਨੀ ਪਈ ਸੀ , ਪਤਾ ਨਹੀਂ ਕੀ ਕੁਝ ਨਾਲ । ਉਹ ਮੇਰੇ ਨਾਲ ਦੀ ਖਾਲੀ ਸੀਟ ‘ਤੇ ਬੈਠਦਿਆਂ ਸਾਰ ਸੌਂ ਗਿਆ । ਉਸਦਾ ਭਾਰਾ ਸਿਰ ਕਦੀ ਮੇਰੇ ਮੋਢੇ ‘ਚ ਵੱਜਦਾ, ਕਦੀ ਸਾਹਮਣੀ ਸੀਟ ਦੇ ਡੰਡੇ ‘ਤੇ । ਮੈਨੂੰ ਉਸ ਅੰਦਰ ਅਭਿਵਿਅਕਤ ਭਾਰਤ ਦੀ ਕੋਈ ਪੁਰਾਣੀ ਸਦੀ ਦ੍ਰਿਸ਼ਟੀਮਾਨ ਹੋ ਗਈ । ਮੈਂ ਇਸ ਨੂੰ ਅਠਾਰਵੀਂ ਦਾ ਨਾਮ ਦੇ ਲਿਆ । ਬਾਕੀ ਦੋਨੋਂ ‘ਸਦੀਆਂ ‘ ਨਾਲ ਬੱਸ ਭਰੀ ਪਈ ਸੀ – “ਕੋਈ  ਆਧੁਨਿਕ” ,”ਕੋਈ ਅਤਿ-ਆਧੁਨਿਕ” । ਮੈਨੂੰ ਲੱਗਾ ਇਸ ਪਾਤਰ ਨੂੰ ਉਘਾੜਨ ਲਈ ਆਮ ਤਰਕਪੂਰਨ ਮਨੌਤਾਂ ਦਾ ਸਹਾਰਾ ਵੀ ਲੈਣਾ ਪਵੇਗਾ ਤੇ ਮੇਰੇ ਨਾਲ ਖਹਿ ਕੇ ਬੈਠੇ “ ਯਥਾਰਥ “ ਦਾ ਵੀ । ਇਹ ਕੰਮ ਅਨਯ-ਪੁਰਖ ਰਾਹੀਂ ਨਹੀਂ ਸੀ ਹੋ ਸਕਣਾ । ……………….”

ਬੜਾ ਘੁਟਿਆ ਘੁਟਿਆ ਬੈਠਾ ਹਾਂ, ਔਖਾ । ਰਾਤ ਦਾ ਸਫ਼ਰ ਹੈ , ਹੈ ਲੰਮਾ । ਵੱਡੀ ਰਾਜਧਾਨੀ ਤੋਂ ਛੋਟੀ ਰਾਜਧਾਨੀ ਤੱਕ । ਬਾਰਾਂ ਘੰਟੇ ਲੱਗਦੇ ਹਨ , ਪੂਰੇ ।

ਸੀਟਾਂ ਬੁੱਕ ਹਨ ,ਸਾਰੀਆਂ । ਮੇਰੀ ਸੀਟ ਦਾ ਨੰਬਰ ਹੈ ,ਉੱਨੀ । ਅਠਾਰਾਂ ਨੰਬਰ ‘ ਤੇ ਇੱਕ ਗੋਰਖਾ ਹੈ । ਰੇਲ ਦੇ ਸਫ਼ਰ ਕਰਕੇ ਥੱਕਿਆ ਹੈ , ਜਾਂ ਪਹਿਲੀ ਵਾਰ ਬੱਸ  ਦਾ ਸਫ਼ਰ ਕੀਤਾ ਹੈ , ਜਾਂ ਗੱਦੇਦਾਰ ਸੀਟ ‘ਤੇ ਬੈਠਣੋ ਸੰਗਦਾ ਹੈ । ਉਹ ਬੈਠਾ ਹੋਇਆ ਨਹੀਂ ਹੈ , ਲੁੜ੍ਹਕਿਆ ਹੋਇਆ ਹੈ । ਉਹਦੇ ਤੇੜ ਇੱਕ ਮੈਲਾ ਜਿਹਾ ਸਾਫਾ ਹੈ ਤੇ ਗਲ ਛੀਂਟ ਦੀ ਸਾਫ਼ ਬੰਡੀ । ਬੰਡੀ ‘ਤੇ ਲੱਗੀ ਵੱਡੀ ਸਾਰੀ ਜੇਬ ਅੰਦਰ ਇੱਕ-ਦੋ ਟਾਕੀਆਂ ਹਨ । ਟਾਕੀਆਂ ਲੜ ਜ਼ਰਦੇ ਦੀਆਂ ਪੁੜੀਆਂ ਹਨ । ਜੇਬ ਨੇ ਮੂੰਹ ਅੱਡਿਆ ਹੋਇਆ ਹੈ , ਗੋਰਖੇ ਦੇ ਮੂੰਹ ਦੀ ਤਰ੍ਹਾਂ । ਉਹਦੀਆਂ ਅੱਖਾਂ ਬੰਦ ਹਨ , ਜਿਵੇਂ ਸੁੱਤਾ ਹੋਵੇ। ਉਹ ਸੌਂ ਗਿਆ ਹੈ । ਖੁਲ੍ਹੇ ਮੂੰਹ ‘ਚੋਂ ਲਾਲ੍ਹਾਂ ਡਿਗਦੀਆਂ ਹਨ ਵਧੀ ਦਾੜ੍ਹੀ ‘ਤੇ । ਮੈਂ ਸਰਕ ਕੇ ਪਰ੍ਹਾਂ ਹੁੰਦਾ ਹਾਂ । ਲਾਲ੍ਹਾਂ ਸੀਟ ‘ਤੇ ਡਿੱਗੀ ਜਾਂਦੀਆਂ ਹਨ । ਗੋਰਖਾ ਹੋਰ ਟੇਢਾ ਹੋਈ ਜਾਂਦਾ ਹੈ । ਮੈਂ ਘੁੱਟਣ ਮਹਿਸੂਸ ਕਰਦਾ ਹਾਂ । ਥੋੜ੍ਹਾ ਹੋਰ ਪਰ੍ਹਾਂ ਸਰਕਦਾ ਹਾਂ । ਵੀਹ ਨੰਬਰ ਸੀਟ ਜੁ ਖਾਲੀ ਹੈ ।

ਹਵਾ ਨਾਲ ਗੱਲਾਂ ਕਰਦੀ ਬੱਸ ਹਾਰਨ ‘ਤੇ ਹਾਰਨ ਮਾਰਦੀ ਹੈ । ਵੱਡੀ ਰਾਜਧਾਨੀ ਤੋਂ ਬਾਹਰ ਆਈ ਹੈ । ਨਾਕੇ ‘ਤੇ ਜ਼ਰਾ ਕੁ ਰੁਕੀ ਹੈ । ਸਵਾਰੀਆਂ ਚੜ੍ਹੀਆਂ ਹਨ । ਵੀਹ ਨੰਬਰ ਸੀਟ ਇੱਕ ਇਸਤਰੀ ਲਈ ਬੁੱਕ ਹੈ । ਕੁਲੀ ਉਹਨੂੰ ਸੀਟ ਤਕ ਲਿਆਉਂਦਾ ਹੈ । ਉਹਦਾ ਬਰੀਫ਼-ਕੇਸ ਮੇਰੇ ਸੱਜੇ ਹੱਥ ਰੱਖ ਕੇ ਮੁੜ ਜਾਂਦਾ ਹੈ । ਗੋਰਖੇ ਤੇ ਮੈਨੂੰ ਉਲੰਘ ਕੇ ਉਹ ਆਪਣੀ ਸੀਟ ‘ਤੇ ਜਾ ਬੈਠਦੀ ਹੈ। ਬੱਤੀਆਂ ਬੁਝਦੀਆਂ ਹਨ । ਬੱਸ ਤੁਰਦੀ ਹੈ , ਤੁਰਦੀ ਨਹੀਂ ਦੌੜ ਪੈਂਦੀ ਹੈ , ਦੌੜਦੀ ਨਹੀਂ ਹਵਾ ਨਾਲ ਗੱਲਾਂ ਕਰਨ ਲੱਗਦੀ ਹੈ । ਗੋਰਖਾ ਸੌਂ ਚੁੱਕਾ ਹੈ। ਮੈਂ ਘੁਟਿਆ ਬੈਠਾ ਹਾਂ , ਬੜਾ ਔਖਾ ।

ਵੀਹ ਨੰਬਰ ਸੀਟ ‘ਤੇ ਵੀਹਵੀਂ ਸਦੀ ਵਰਗੀ ਆਧੁਨਿਕਤਾ ਆ ਬੈਠੀ ਹੈ , ਬੈਠੀ ਨਹੀਂ ਪੱਸਰ ਗਈ ਹੈ । ਆਪਣੀ ਸੀਟ ਦੀ ਹੱਦ ਤੋਂ ਲਾਪ੍ਰਵਾਹ ਹੈ ।  ਗੋਡਿਆਂ ਤਕ ਲਮਕਿਆਂ ਜੰਪਰ ,ਗਲ ‘ਚ ਪਈ ਚੁੰਨੀ ਮੇਰੀ ਸੀਟ ਤਕ ਖਿਲਰੀ ਪਈ ਹੈ । ਬਰੀਫ਼ –ਕੇਸ ਨੇ ਵੀਹ ਨੰਬਰ ਸੀਟ ਚਾਰ-ਪੰਜ ਇੰਚ ਮੱਲੀ ਹੋਈ ਹੈ ।  ਰਾਤ ਵਰਗਾ ਹਨੇਰਾ ਹੈ , ਬੱਸ ਅੰਦਰ । ਉਹਦੇ ਚਿਹਰੇ ‘ਤੇ ਐਨਕ ਹੈ , ਐਨਕ ਨਹੀਂ ਚਸ਼ਮਾ ਹੈ । ਫੈਂਨਸ਼ੀ ਉਹਦੇ  ਗੋਰੇ ਭਰਵੇਂ ਚਿਹਰੇ ਵਰਗਾ , ਉਹਦੇ ਕੱਟੇ ਵਾਲਾਂ ਵਰਗਾ , ਉਹਦੀ ਸੁਰਾਹੀਦਾਰ ਧੌਣ ਵਰਗਾ , ਉਹਦੇ ਜੰਪਰ ਦੇ ਗਲੇ ਦੀ ਕਾਟ ਵਰਗਾ ,ਉਹਦੀਆਂ ਨੰਗੀਆਂ ਬਾਹਾਂ ਵਰਗਾ,ਬਾਹਾਂ ਨਾਲ ਜੁੜੇ ਹੱਥਾਂ , ਹੱਥਾਂ ਨਾਲ ਜੁੜੀਆਂ ਉਂਗਲਾਂ , ਉਂਗਲਾਂ ਨਾਲ ਜੁੜੇ ਲੰਮੇ ਲੰਮੇ ਪੋਟਿਆਂ ਵਰਗਾ । ਉਹਦਾ ਕਈ ਕੁਝ ਗੋਲ ਹੈ , ਵੀਹ ਨੰਬਰ ਦੇ ਸਿਫ਼ਰੇ ਵਰਗਾ ।
ਗੋਰਖਾ ਆਪਣੀ ਸੀਟ ‘ਤੇ ਆਠਾ ਬਣ ਗਿਆ ਹੈ , ਅਠਾਰਵੀਂ ਸਦੀ ਦੇ ਕੁਬ ਵਰਗਾ। ਮੈਂ ਆਪਣੀ ਸੀਟ ‘ਤੇ ਤੰਗ ਬੈਠਾ ਹਾਂ , ਘੁਟਿਆ ਘੁਟਿਆ । ਗੱਦਰ ਮੋਟੀਆਂ ਲੱਤਾਂ-ਬਾਹਾਂ ,ਪੈਂਟ ਤੇ ਪੂਰੀ ਬਾਂਹ ਦੀ ਬੁਸ਼-ਸ਼ਰਟ ਨਾਲ ਕੱਜੀਆਂ ਹੋਈਆਂ । ਵਧਿਆ ਢਿੱਡ, ਨਾਏਂ ਦੀ ਗੁਲਾਈ ਵਰਗਾ । ਕੱਛੂ ਵਰਗੀ ਧੌਣ ,ਭਾਰੇ ਸਿਰ ‘ਤੇ ਤਹਿ ਲਾ ਕੇ ਬੰਨ੍ਹੀ ਮਾਂਡੀ ਵਾਲੀ ਪੱਗ ਵਿੱਚ ਲੱਗੀਆਂ ਪਿੰਨਾਂ ਦੀ ਪਾਲ ਜਿਵੇਂ ਕੋਈ ਸਨਅਤੀ ਇਸ਼ਤਿਹਾਰ ਹੋਵੇ ।ਮੋਟੇ ਸ਼ੀਸ਼ਿਆਂ ਦੀ ਨਿਗਾਹ ਦੀ ਐਨਕ ਨੇ ਨੱਕ ‘ਤੇ ਪਾਏ ਮੋਟੇ ਰੱਟਨ ,ਪੱਧਰੀ ਸੜਕ ‘ਚ ਪਏ ਟੋਇਆਂ ਵਰਗੇ ਵੀ ਹਨ  ਅਤੇ ਟਿੱਬੇ ਬਣੀ ਉਨੀਵੀਂ ਸਦੀ ਵਰਗੇ ਵੀ । ਬੱਸ ਪੂਰੀ ਗਤੀ ਨਾਲ ਦੌੜ ਰਹੀ ਹੈ , ਹਾਰਨ ‘ਤੇ ਹਾਰਨ ਮਾਰਦੀ ਹੈ ,ਵਿੱਚ ਵਾਰ ਸਹਿਜੇ ਹੁੰਦੀ ਹੈ ,ਰੁਕਣ ਲੱਗਦੀ ਹੈ ,ਬੱਤੀਆਂ ਜਗਦੀਆਂ ਹਨ , ਫਿਰ ਦੌੜਨ ਲੱਗਦੀ ਹੈ, ਤੇਜ਼ । ਬੱਤੀਆਂ ਫਿਰ ਬੁਝਦੀਆਂ ਹਨ । ਸਫ਼ਰ ਲੰਮਾ ਹੈ । ਗੋਰਖਾ ਸੁੱਤਾ ਹੈ । ਮੈਂ ਉਂਘਲਾਉਂਦਾ ਹਾਂ । ਵੀਹ ਨੰਬਰ ਵਾਲੀ ਜਾਗਦੀ ਹੈ ,ਚੇਤਨ ਹੈ , ਸਾਵਧਾਨ । ਮੈਨੂੰ ਨੀਂਦ ਦਾ ਝਾਉਂਕਾ ਆਉਂਦਾ ਹੈ । ਟੇਢਾ ਹੋ ਕੇ ਵੀਹ ਵਿੱਚ ਵਜਦਾ ਹੈ । ਜਾਗ ਖੁੱਲ੍ਹਦੀ ਹੈ, ਫਿਰ ਨੀਂਦ । ਵੀਹ ਨੰਬਰ ਨੇ ਮੇਰੀ ਧੌਣ ਨੂੰ ਮੋਢਾ ਦਿੱਤਾ ਹੈ । ਮੈਂ ਸੁੱਤਾ ਹੋਇਆ ਹਾਂ । ਉਹ ਮੋਢਾ ਫੜ ਕੇ ਜਗਾਉਂਦੀ ਹੈ । ਬੱਸ ਕਿਸੇ ਅੱਡੇ ‘ਤੇ ਰੁਕੀ ਹੈ  ।ਉਹ ਅੰਗਰੇਜ਼ੀ ਵਿੱਚ ਮੈਨੂੰ ਕਾਫੀ ਪੀਣ ਲਈ ਪੁੱਛਦੀ ਹੈ । ‘ਨਹੀਂ ਧੰਨਵਾਦ ’ ਮੈਂ ਆਖਦਾ ਹਾਂ । ਮੈਂ ਸ਼ਰਮਿੰਦਾ ਹਾਂ । ਬੱਸ ਅੱਧੀ ਤੋਂ ਵੱਧ ਖਾਲੀ ਹੈ ।ਗੋਰਖਾ ਅਹਿਲ ਸੁੱਤਾ ਪਿਆ ਹੈ। ਬੱਤੀਆਂ ਜਗਦੀਆਂ ਹਨ ।

ਮੈਂ ਬੱਸ ‘ਚੋਂ ਉਤਰਦਾ ਹਾਂ । ਕੁਆਲਟੀ ਆਈਸ ਕ੍ਰੀਮ ਦੀਆਂ ਦੋ ਡੱਬੀਆਂ ਲਿਆਇਆ ਹਾਂ। ਇਕ ਵੀਹ ਨੰਬਰ ਵਲ ਵਧਾਈ ਹੈ । ਉਸ ਨੇ ਬਿਨਾਂ ਝਿਜਕ ਸਵੀਕਾਰ ਕੀਤੀ ਹੈ  । ਚਸ਼ਮਾ ਉਤਾਰੇ ਬਿਨਾਂ ਖਾਧੀ ਹੈ । ਮੈਂ ਕੁਝ ਗੱਲ ਕਰਨੀ ਲੋਚੀ ਹੈ , ਉਸ ਨੇ ਵੀ । ਸਿਲਸਲਾ ਚਾਲੂ ਹੈ ।ਕਿੱਥੇ ਜਾਣ ਹੈ ? ਕਿਹੜਾ ਸ਼ਹਿਰ ਹੈ ? ਕੀ ਕਰਦੇ ਹੋ ?- ਤੋਂ ਪਤਾ ਲਗਦਾ ਹੈ ਕਿ ਮੈਂ ਯਨੀਵਰਸਿਟੀ ਲੈਕਚਰਾਰ ਹਾਂ ,ਦੋ ਬੱਚੇ ਹਨ ਮੇਰੇ । ਉਹ ਇੱਕ ਮਿੱਲ-ਮਾਲਕ ਦੀ ਧੀ ਹੈ । ਤਲਾਕ ਹੋ ਚੁੱਕਾ ਹੈ । ਕਸ਼ਮੀਰ ਜਾ ਰਹੀ ਹੈ ,ਗਰਮੀਆਂ ਕੱਟਣ । ਮੈਂ……… ਉਹ, ਕਈ ਕੁਝ ਦੱਸ ਬੈਠੇ ਹਾਂ ਇੱਕ ਦੂਜੇ ਨੂੰ ।

ਗੋਰਖਾ ਇਕ ਵਾਰ ਸਿੱਧਾ ਹੋਇਆ ਹੈ ,ਫਿਰ ਲੁੜ੍ਹਕ ਗਿਆ ਹੈ , ਅਠਾਰਾਂ ਜਮਾਂ ਇਕ ਚੌਥਾਈ ਉੱਨੀ ਨੰਬਰ ਸੀਟ ‘ਤੇ ।ਮੈਂ ਤੇ ਵੀਹ ਨੰਬਰ ਅਤੇ ਬਰੀਫ਼-ਕੇਸ ਤਿੰਨ ਚੌਥਾਈ ਉੱਨੀ ਅਤੇ ਵੀਹ ਨੰਬਰ ਸੀਟ ‘ਤੇ ਨਾਲ ਨਾਲ ਜੁੜੇ ਬੈਠੇ ਹਾਂ ।

ਬੱਸ ਫਿਰ ਦੌੜਨ ਲੱਗਦੀ ਹੈ , ਹਾਰਨ ‘ਤੇ ਹਾਰਨ । ਮੈਂਨੂੰ ਊਂਘ ਆਈ ਹੈ । ਬੱਤੀਆਂ ਜਗੀਆਂ ਹਨ ਕਿ ਬੁਝੀਆਂ , ਬੱਸ ਰੁੱਕੀ ਹੈ ਕਿ ਨਹੀਂ, ਮੈਨੂੰ ਪਤਾ ਨਹੀਂ ਹੈ , ਗੂੜ੍ਹੀ ਨੀਂਦ ਸੌਂ ਗਿਆ ਹਾਂ ….. ਮੈਨੂੰ ਜਾਗ ਹੈ । ਮੈਂ ਅਤੀਤ ਵਿੱਚ ਹਾਂ , ਇਕਦਮ ਮੁੱਢਲੇ ਅਤੀਤ ਵਿੱਚ ……… ਮੇਰੇ ਸਰੀਰ ‘ਤੇ ਜੱਤ ਹੈ ,ਲੰਮੀ ਲੰਮੀ । ਮੇਰੀ ਪੂਛ ਵੀ ਹੈ ,ਮੂੰਹ ਸਿਰ ‘ਤੇ ਵਾਲ ਹਨ,ਮੇਰੇ ਹੱਥਾਂ ਵਿੱਚ ਪੱਥਰ ਹਨ,ਮੈਂ ਸ਼ਿਕਾਰ ਕਰਦਾ ਹਾਂ , ਮੇਰੀਆਂ  ਬਰਾਛਾਂ ਲਹੂ ਨਾਲ ਲੱਥ ਪੱਥ ਹਨ, ਮੈਂ ……

ਦੌੜਦੀ ਬੱਸ ਇਕਦਮ ਰੁੱਕਦੀ ਹੈ , ਫਿਰ ਦੌੜ ਪਈ ਹੈ ।ਮੇਰਾ ਅਤੀਤ ਟੁੱਟ ਕੇ ਫਿਰ ਜੁੜਦਾ ਹੈ …. ਮੇਰੀ ਜੱਤ ਉਖੜ ਚੁੱਕੀ ਹੈ । ਪੂਛ ਗਾਇਬ ਹੈ । ਮੈਂ ਪੱਤਿਆਂ ਵਿੱਚ ਲਿਪਟਿਆ ਹਾਂ । ਆਪਣੇ ਨੰਗੇਜ਼ ਤੋਂ ਸੰਗਦਾ ਹਾਂ , ਇਸ ਨੂੰ ਢੱਕਦਾ ਹਾਂ।ਪੱਤੇ ਸਾਫਾ ਬਣ ਗਏ ਹਨ ਤੇ ਪਿੰਡਾ ਬੰਡੀ । ਮੋਟੇ ਬੁਲ੍ਹ , ਫੀਨਾ ਨੱਕ ,ਡੂੰਘੀਆਂ ਅੱਖਾਂ ਵਾਲਾ ਮੈਂ ਅਠਾਰਾਂ ਨੰਬਰ ਸੀਟ ‘ਤੇ ਹਾਂ… ਸੁੱਤਾ ਹੋਇਆ ,ਬੇਸੁਧ । ….. ਝਟਕੇ ਲੱਗਣ ਨਾਲ ਵਿੱਚ ਵਾਰ ਜਾਗਦਾ ਹਾਂ ……. ਸਾਫਾ – ਧੋਤੀ , ਪਜਾਮਾ , ਪੈਂਟ ਬਣਦਾ ਗਿਆ ਹੈ , ਤੇ ਬੰਡੀ-ਕੁੜਤਾ , ਕਮੀਜ਼ , ਬੁਸ਼ –ਸ਼ਰਟ ਤੇ ਸਲੀਵਲੈੱਸ ਜੰਪਰ ਬਣ ਗਿਆ ਹੈ । ਅਠਾਰਾਂ ਨੰਬਰ ਸੀਟ ਉੱਨੀ ਬਣ ਗਈ ਹੈ ਅਤੇ ਉੱਨੀ ਨੰਬਰ ਵੀਹ ਬਣ ਗਈ ਹੈ ਅਤੇ ਵੀਹ …..

ਬਾਹਰ ਘੁੱਪ ਹਨੇਰਾ ਹੈ ,ਰਾਤ ਵਰਗਾ ।  ਹਾਰਨ ਵੱਜਦਾ ਹੈ। ਬੱਤੀ ਜਗਦੀ ਹੈ । ਬਰੇਕ ਲੱਗਦੀ ਹੈ , ਫਿਰ ਗਤੀ । ਮੈਨੂੰ ਝਟਕਾ ਲੱਗਦਾ ਹੈ , ਜਾਗ ਆਉਂਦੀ ਹੈ ,ਫਿਰ ਅਤੀਤ , ਅਤੀਤ ਨਹੀਂ ਵਰਤਮਾਨ ।

ਮੇਰੀ ਹਿੱਕ ‘ਤੇ ਜੱਤ ਉੱਗ ਆਈ ਹੈ। ਨੌਨਦਰਾਂ ਵਧ ਆਈਆਂ ਹਨ । ਸਿਰ ‘ਤੇ ਸਿੰਗ ਉੱਗ ਪਏ ਹਨ । ਮੈਂ ਘੁਰਕਦਾ ਹਾਂ ,ਚਿੰਗਾੜਦਾ ਹਾਂ । ਅੱਖਾਂ ‘ਚ ਲਾਲ-ਲਾਲ ਡੋਰੇ ਉੱਭਰੇ ਹਨ, ਨਸਾਂ ‘ਚੋਂ ਅੱਗ ਨਿਕਲਦੀ ਹੈ । ‘ ਆਦਮ ਬੋ, ਆਦਮ ਬੋ ‘ ਕਰਦਾ ਹਾਂ । ਮੋਢਿਆਂ ‘ਤੇ ਸਲੀਬ ਚੁਕੀ ਫਿਰਦਾ ਹਾਂ । ਯੋਗ ਥਾਂ ਦੀ ਭਾਲ ਹੈ । ਕਦੀ ਕਦੀ ਸਿੰਗ , ਨੌਂਹ, ਜੱਤ ਲੁਕੋ ਵੀ ਲੈਂਦਾ ਹਾਂ । ਹਵਾ ਵਿੱਚ ਉੜ ਲੈਂਦਾ ਹਾਂ । ਗਤੀ ਤੇਜ਼ ਹੈ , ਪਰ ਚਾਲ ਮੁਲਾਇਮ ਹੈ। ਪੁਲਾੜ ‘ਚ ਰੁਕਿਆ ਹਾਂ । ਸ਼ਿਸ਼ਤ ਲਾਈ ਬੈਠਾ ਹਾਂ । ਨਰਮ ਪੋਟਿਆਂ ‘ਚ ਕੋਈ ਸ਼ਖਤ ਸ਼ੈਅ ਫੜੀ  ਹੋਈ ਹੈ ….. ਧਮਾਕਾ । ਤ੍ਰਬਕ ਕੇ ਉਠਦਾਂ ਹਾਂ ….. ਬੱਸ ਦਾ ਟਾਇਰ ਫਟਿਆ ਹੋਇਆ ਹੈ । ਬੱਸ ਕੱਚੇ ‘ਤੇ ਖੜੀ ਹੈ । ਬੱਤੀਆਂ ਜਗਦੀਆਂ ਹਨ । ਕਾਲਖ਼ ਵਰਗਾ ਹਨੇਰਾ ਨਹੀਂ ਹੈ । ਸਭ ਦੀ ਨੀਂਦ ਉਖੜ ਗਈ ਹੈ । ਥੋੜ੍ਹੀ ਘੁਸਰ-ਮੁਸਰ ਹੋਈ । ਉਠਿਆ ਕੋਈ ਨਹੀਂ ,ਕੇਵਲ ਅਠਾਰਾਂ ਨੰਬਰ ਸੀਟ ਜਾਗਦਾ ਹੈ , ਪੂਰਾ ਚੇਤਨ ਹੈ । ਚੁੱਚੀਆਂ ਅੱਖਾਂ ਘੁਮਾ ਕੇ ਦੇਖਦਾ ਹੈ , ਕਿ ਉੱਨੀ ਤੇ ਵੀਹ ਨੰਬਰ ਜੁੜੇ ਬੈਠੇ ਹਨ । ਅੱਖਾਂ ‘ਤੇ ਐਨਕਾਂ ਹਨ ਦੋਨਾਂ ਦੇ । ਇਕ ਦੀਆਂ ਚਿੱਟੀਆਂ ,ਦੂਜੀ ਦੀਆਂ ਕਾਲੀਆਂ । ਅੱਗੇ ਬੱਸ ਦੀ ਬਾਡੀ ,ਤਾਕੀ ,ਸ਼ੀਸ਼ਾ । ਪਰ ਅਠਾਰਾਂ ਨੰਬਰ ਬਾਹਰ ਨਹੀਂ ਦੇਖਦਾ ,ਸ਼ੀਸ਼ੇ ਤੋਂ ਪਰ੍ਹਾਂ ਨਹੀਂ ਦੇਖਦਾ ਜਿੱਦਾਂ ਉੱਨੀ ਨੰਬਰ ਦੇਖਦਾ ਹੈ ਜਿਵੇਂ ਵੀਹ ਨੰਬਰ ਦੇਖਦੀ ਹੈ ।

ਕਿੱਥੇ ਖੜੇ ਹਾਂ ,ਕਿੰਨੇ ਸ਼ਹਿਰ ਲੰਘ ਆਏ ਹਾਂ, ਕਿੰਨੇ ਬਾਕੀ ਹਨ ,ਕੇਵਲ ਮੈਨੂੰ ਪਤਾ ਹੈ । ਕਿਉਂਕਿ ਭੂਗੋਲ ਜਾਣਦਾ ਹਾਂ ,ਇਤਿਹਾਸ ਤੋਂ ਵਾਕਫ਼ ਹਾਂ । ਅਠਾਰਾਂ ਨੰਬਰ ਨੂੰ ਇਸ ਨਾਲ ਸਰੋਕਾਰ ਹੀ ਨਹੀਂ । ਵੀਹ ਨੰਬਰ ਜਾਨਣਾ ਨਹੀਂ ਚਾਹੁੰਦੀ । ਉਸ ਨੂੰ ਲੋੜ ਹੀ ਨਹੀਂ ,ਜਿਥੇ ਰਾਤ ਪਈ ਜਾਗ ਲਿਆ , ਜਿੱਥੇ ਦਿਨ ਚੜ੍ਹਿਆ ਸੌਂ ਗਏ ।

ਬੱਸ ਦਾ ਪਹੀਆ ਬਦਲਿਆ ਗਿਆ ਹੈ । ਫਿਰ ਦੌੜ ਪਈ ਹੈ । ਹਵਾ ਨਾਲ ਗੱਲਾਂ ਨਹੀਂ ਕਰਦੀ ,ਬਸ ਦੌੜ ਹੀ ਰਹੀ ਹੈ , ਚੜ੍ਹਦੇ ਵਲ ,ਹਨੇਰਾ ਚੀਰਦੀ ਲੋਅ ਵਲ । ਦਿਨ ਦਾ ਚੜ੍ਹਾਅ ਹੈ ਨਾ ! ਹਨੇਰਾ ਪਤਲਾ ਪੈ ਗਿਆ ਹੈ । ਖੇਤ ਜਾਗੇ ਹਨ ।ਬ੍ਰਿਛਾਂ ਨੇ ਉਬਾਸੀਂਆਂ ਲਈਆਂ ਹਨ । ਪੰਛੀ ਗੁਣ-ਗੁਣਾਏ ਹਨ । ਬਸ ਹਾਰਨ ਮਾਰਦੀ ਹੈ ਪਰ ਘੱਟ । ਦੌੜੀ ਜਾ ਰਹੀ ਹੈ । ਇਸ ਦਾ ਕੰਮ ਦੌੜਨਾ ਜੁ ਹੈ , ਭਾਰ ਚੁਕ ਕੇ ਸਮੇਂ ਦਾ , ਮਨੁੱਖ ਦਾ , ਅਠਾਰਾਂ ਦਾ , ਉੱਨੀ ਦਾ ,ਵੀਹ ਦਾ ।

ਦਿਨ ਚੜ੍ਹਦਾ ਜਾਂਦਾ ਹੈ । ਲੋਅ ਵੱਧਦੀ ਜਾਂਦੀ ਹੈ ਤੇ ਵੀਹ ਉਂਘਲਾਉਣ ਲੱਗੀ ਹੈ । ਉਸ ਨੇ ਆਪਣਾ ਬਰੀਫ਼-ਕੇਸ ਸੱਜੇ ਪਾਸਿਓਂ ਚੁੱਕ ਖੱਬੇ ਪਾਸੇ ਰੱਖ ਦਿੱਤਾ ਹੈ ।ਆਪ ਸ਼ੀਸ਼ੇ ਨਾਲ ਢੋਅ ਲਾ ਲਈ ਹੈ । ਬਰੀਫ਼-ਕੇਸ ਦੀ ਨੁੱਕਰ ਮੇਰੀ ਵੱਖੀ ਵਿੱਚ ਖੁੱਭੀ ਹੈ । ਗੋਡਿਆਂ ‘ਤੇ ਧਰਿਆ ਏਅਰ ਬੈਗ ,ਉਹਦੇ ਬਰੀਫ਼-ਕੇਸ ਨਾਲ ਟਕਰਾ ਕੇ, ਮੈਂ ਅਠਾਰਾਂ ਵਲ ਸਕਰ ਜਾਂਦਾ ਹੈ ।

ਦਿਨ ਚੜ੍ਹ ਚੁੱਕਾ ਹੈ , ਵੀਹ ਸੌਂ ਚੁੱਕੀ ਹੈ । ਅਠਾਰਾਂ ਜਾਗ ਚੁੱਕਾ ਹੈ । ਆਪਦੀ ਸੀਟ ਦਾ ਚੌਥਾ ਹਿੱਸਾ ਮੇਰੇ ਲਈ ਛੱਡ ਦਿੱਤਾ ਹੈ । ਮੈਂ ਵੀਹ ਵਲੋਂ ਹੱਟ ਕੇ ਅਠਾਰਾਂ ਨਾਲ ਜੁੜ ਗਿਆ ਹਾਂ । ਉਹਦੇ ਹੱਥ ਸਡੌਲ ਹਨ, ਵੀਹ ਦੇ ਨਿੱਸਲ । ਉਹਦਾ ਚਿਹਰਾ ਚੁਸਤ ਹੈ , ਵੀਹ ਦਾ ਮੁਰਝਾਇਆ ਹੋਇਆ ।ਦਿਨ ਦੇ ਚਾਨਣ ਵਿੱਚ ਦਿਸਿਆ ਹੈ ਕਿ ਉਹ ਕਿਰਤੀ ਹੈ, ਵੀਹ ਬੁਰਜ਼੍ਰਆ । ਮੈਂ ਉੱਨੀ …. ਮੱਧ ਵਰਗ , ਬੁੱਧੀਜੀਵ ,ਇਤਿਹਾਸ ਦਾ ਪ੍ਰੋਫੈਸਰ ,ਰਾਤ ਨੂੰ ਵੀਹ ਨਾਲ, ਦਿਨ ਵੇਲੇ ਅਠਾਰਾਂ ਵਲ ।ਅਧਿਐਨ ਜੁ ਕਰਨਾ ਹੈ !!
ਸੂਰਜ ਚੜ੍ਹ ਚੁੱਕਾ ਹੈ । ਬੱਸ ਰੁਕ ਰੁਕ ਕੇ ਦੌੜਦੀ ਹੈ । ਕਿਸੇ ਨੂੰ ਉਤਾਰਦੀ ਹੈ , ਕਿਸੇ ਨੂੰ ਚੜ੍ਹਾ ਰਹੀ ਹੈ ।ਰਾਜਧਾਨੀ ਆ ਚੁੱਕੀ ਹੈ ।ਬੱਸ ਅੱਡੇ ਵਲ ਵਧ ਰਹੀ ਹੈ । ਅਠਾਰਾਂ ਨੇ ਅਗਲੀਆਂ ਪਿਛਲੀਆਂ ਸੀਟਾਂ ਨੂੰ ਦੇਖਿਆ ਹੈ , ਹੋਰ ਵੀ ਕਈ ਅਠਾਰਾਂ ਹਨ । ਮੈਂ ਵੀ ਅੱਗੇ ਪਿੱਛੇ ਦੇਖਿਆ ਹੈ ,ਉੱਨੀ ਘੱਟ ਹਨ । ਵੀਹ  ਬਹੁਤੇ ਹੀ ਘੱਟ,ਸੁੱਤੇ ਹੋਏ ਹਨ । ਉੱਨੀ ਜਾਗਦੇ ਹਨ,ਅਠਾਰਾਂ ਬਿਲਕੁਲ ਸਾਵਧਾਨ ।

ਬੱਸ ਅੱਡੇ ਅੰਦਰ ਆਈ ਹੈ ।ਖੜੀ ਹੋਈ ਹੈ । ਅਠਾਰਾਂ ਨੇ ਛਾਲਾਂ ਮਾਰੀਆਂ ਹਨ  । ਵੀਹਾਂ ਨੂੰ ਟੈਕਸੀਆਂ ਵਾਲੇ ਜਗਾ ਜਗਾ ਕੇ ਬੰਗਲਿਆਂ ਹੋਟਲਾਂ ਦੇ ਨਾਂ ਪੁੱਛਦੇ ਹਨ । ਉੱਨੀ ਏਅਰ ਬੈਗ ਚੁੱਕੀ ਹੌਲੀ ਹੌਲੀ ਸਰਕਦੇ ਹਨ । ਫੁਟ-ਪਾਥ ‘ਤੇ ਆਏ ਹਨ । ਲੋਕਲ ਬਸ ਉਡੀਕਦੇ ਹਨ। ਅਠਾਰਾਂ ਵਾਂਗ ਪੈਦਲ ਨਹੀਂ ਤੁਰ ਸਕਦੇ । ਵੀਹਾਂ ਵਾਂਗ ਟੈਕਸੀਆਂ ਨਹੀਂ ਕਰ ਸਕਦੇ – ਵਿਚਾਰੇ ਉੱਨੀ ।
ਸੜਕ ਜਿਸ ‘ਤੇ ਲੋਕਲ ਬਸ ਆਉਣੀ ਹੈ ,ਕਾਰਾਂ ਨੇ ਨੱਪ ਲਈ ਹੈ । ਫੁਟ ਪਾਥ ਜਿਸ ‘ਤੇ ਕੀਊ ਬਣੀ ਹੈ , ਨੰਗੇ ਪੈਰਾਂ ਨੇ ਸਾਂਭ ਲਈ ਹੈ । ਪੈਰ ਤੁਰਦੇ ਹਨ । ਕਾਰਾਂ ਦੌੜਦੀਆਂ ਹਨ ਕੀਊ ਖੜੀ ਹੈ , ਲੋਕਲ ਬਸ ਦੀ ਉਡੀਕ ਹੈ । ਧੁੱਪ ਤੇਜ਼ ਹੋਈ ਹੈ । ਗਰਮੀ ਵਧੀ ਹੈ । ਛਤਰੀ ਦੀ ਲੋਚਾ ਹੈ । ਚਾਹ ਦੀ ਭਾਲ ਹੈ । ਲੋਕਲ ਬਸ ਦੀ ਉਡੀਕ ਹੈ । ਸਮੇਂ ਦੀ ਬੰਦਸ਼ ਹੈ ।ਅਧਿਐਨ ? ….. ਅਧਿਐਨ ਵੀ ਚਾਲੂ ਹੈ । ਬਣਮਾਨਸ ਤੋਂ ਮਨੁੱਖ ਦਾ , ਪੱਥਰ ਯੁਗ ਤੋਂ ਐਟਮੀ ਯੁਗ ਦਾ ,ਮੁੱਢਲੇ ਸਾਮਵਾਦ ਤੋਂ ਸਮਾਜਵਾਦ ਦਾ , ਪਤਾਲ ਤੋਂ ਪੁਲਾੜ ਦਾ ……. ਔਹ ! ਲੋਕਲ ਬਸ ਆਈ ਹੈ ….. ਉਹ ਰੁਕੀ ਨਹੀਂ …. ਨਹੀਂ ਰੁਕੀ ਹੈ ਪਰ ਬਹੁਤ ਅੱਗੇ ਜਾ ਕੇ  , ਬਿੰਦ ਕੁ ਲਈ । ਫਿਰ ਦੌੜ ਪਈ ਹੈ । ਅਗਲੀ ? ਬਹੁਤ ਲੇਟ ! ਯੂਨੀਵਰਸਿਟੀ ਜਾਣਾ ਹੈ । ਸਮੇਂ ਦੀ ਬੰਦਸ਼ ਹੈ ।

ਏਅਰ ਬੈਗ ਮੋਢੇ ਨਾਲ ਲਟਕਦਾ ਹੈ । ਖੜੀ ਕੀਊ ,ਫੁਟ ਪਾਥ ‘ਤੇ ਤੁਰੀ ਹੈ । ਢੱਕੇ ਪੈਰ ਨੰਗੇ ਪੈਰਾਂ ਨਾਲ ਰਲਦੇ ਹਨ । ਚਾਹ , ਛੱਤਰੀ ਦੀ ਹੁਣ ਲੋਚਾ ਨਹੀਂ ਹੈ ਅਤੇ ਅਧਿਐਨ ……. ਉਹ ਵੀ ਚਾਲੂ ਹੈ , ਅਤੀਤ ਦਾ ਨਹੀਂ , ਭੂਤ ਦਾ ਨਹੀਂ ,ਵਰਤਮਾਨ ਦਾ , ,ਅਠਾਰਾਂ ਦਾ ,ਉੱਨੀ ਦਾ ,ਵੀਹ ਦਾ ,ਅਤੇ ਆਲੇ –ਦੁਆਲੇ ਪੱਸਰੇ ਦੁੱਧ-ਚਿੱਟੇ ਚਾਨਣ ਦਾ ਅਧਿਐਨ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>