ਸੰਸਾਰ

ਸਾਰੇ ਪਿੰਡ ਦੇ ਸਾਹ ਸੂਤੇ ਗਏ । ਭਲਾ-ਚੰਗਾ ਖੁਸ਼-ਪ੍ਰਸੰਨ ਦਿੱਸਦਾ ਆਸਾ-ਪਾਸਾ ਇੱਕ ਅਜੀਬ ਜਿਹੀ ਖ਼ਬਰ ਨੇ ਗੰਧਲਾ ਕਰ ਦਿੱਤਾ । ਕਦੀ ਅੱਗੇ ਨਾ ਪਿੱਛੇ । ਉਂਝ ਅੱਗੇ –ਪਿੱਛੇ ਲਗਾਤਾਰ ਮਿਲਦੀ ਰਹੀ ਖ਼ਬਰ ਅਜੇ ਥੋੜ੍ਹੇ ਦਿਨ ਪਹਿਲਾਂ ਵਫਾ ਹੋਈ ਸੀ । ਕਈ ਸਾਰੀਆਂ ਚੋਣਾਂ ਪਿੱਛੋਂ । ਕਈਆਂ ਦਾ ਮਤਲਬ ਪਿੰਡ ਦੀ ਪੰਚਾਇਤ ਤੋਂ ਲੈ ਕੇ ਦਿੱਲੀ ਦੀ ਮਹਾਂ-ਪੰਚਾਇਤ ਤੱਕ ਦੀਆਂ ਚੋਣਾਂ ਸਮੇਂ ਲਗਦੇ ਰਹੇ ਲਾਰਿਆਂ ਪਿੱਛੋਂ । ਇਸ ਘੋੜ ਦੌੜ ‘ਚ ਸ਼ਾਮਿਲ ਹੁੰਦੇ ਰਹੇ ਸਾਰੇ ਖਿਡਾਰੀ ਅਜੀਬ ਤਰ੍ਹਾਂ ਦੇ ਵਾਅਦੇ ਕਰਦੇ ਰਹੇ। ਰੰਗ-ਬਿੰਰੇਗੀ ਭਾਸ਼ਣਬਾਜੀ ਕਰਦੇ , ਉਹ ਗਲੀਆਂ-ਨਾਲੀਆਂ,ਫਿਰਨੀਆਂ-ਸੜਕਾਂ ਪੱਕੀਆਂ ਕਰਨ ਤੋਂ ਲੈ ਕੇ ਪਿੰਡ ਨੂੰ ਸਿੱਖਿਆ-ਸਿਹਤ ਸਹੂਲਤਾਂ ਪੁੱਜਦੀਆਂ ਕਰਨ ਤੱਕ ਦੇ ਅਹਿਦਨਾਮੇ ਕਰਦੇ ਰਹੇ । ਕੋਈ ਸਹਿਜ ਮਤੇ ਨਾਲ ਕੋਈ ਤਿੱਖੀ-ਗੂੰਜਵੀਂ ਸੁਰ ‘ਚ । ਇੱਕ ਵਾਰ ਤਾਂ ਇਕ ਬੇ-ਪਛਾਣ ਜਿਹਾ ਭਾਸ਼ਣਕਾਰ ਇਥੋਂ ਤੱਕ ਵੀ ਆਖ ਗਿਆ ,”ਤੁਸੀ ਮੈਨੂੰ ਵੋਟ ਦਿਓ , ਮੈਂ ਤੁਆਨੂੰ ਖੁਸ਼ਹਾਲੀ ਦਿਆਂਗਾ । ” ਬਿਲਕੁਲ ਉਵੇਂ ਜਿਵੇਂ ਸੁਭਾਸ਼ ਚੰਦਰ ਬੋਸ ਕਿਹਾ ਕਰਦਾ ਸੀ , “ ਤੁਸੀਂ ਮੈਨੂੰ ਖੂਨ ਦਿਓ , ਮੈਂ ਤੁਆਨੂੰ ਆਜ਼ਾਦੀ ਦਿਆਂਗਾ ।“ ਅੰਗਰੇਜ਼ੀ ਰਾਜ ਤੋਂ ਅੱਕੇ-ਥੱਕੇ ਲੋਕ ਤਾਂ ਸੁਭਾਸ਼ ਦੀ ਹਾਮੀ ਕਿਰਨਮ-ਕਿਰਨੀ ਹੀ ਭਰਿਆ ਕਰਦੇ ਸਨ , ਪਰ ਮੰਤਰ-ਮੁਗਧ ਹੋਇਆ ਪਿੰਡ ਟੇਰਕਿਆਣਾ ਉਸ ਤੇਜ਼-ਤਰਾਰ ਦਾਅਵੇਦਾਰ ਦੀ ਪਿੱਠ ਪੂਰਨ ਲਈ ਉਸ ਵੇਲੇ ਹੀ ਪੱਬਾਂ ਭਾਰ ਹੋ ਗਿਆ ਸੀ । ਸਾਹਮਣੇ ਬੈਠੀ ਸੱਥ ਨੂੰ ਮੂਰਛੱਤ ਹੋਈ ਜਾਚ ਕੇ ਉਸ ਨੇ ਅਪਣਾ ਵਿਖਿਆਨ ਫਿਰ ਮੁੱਢੋਂ ਸ਼ੁਰੂ ਕੀਤਾ ਸੀ , “ ਨਗਰ ਨਿਵਾਸਿਓ ,ਮੇਰੇ ਭਹਿਨੋ –ਭਰਾਓ, ਬਜ਼ੁਰਗੋ ! ਆਪ ਅਪਨਾ ਹਾਥ ਇਸ ਨਾਚੀਜ਼ ਸੇਵਾਦਾਰ ਦੇ ਸਿਰ ਪੇ ਰੱਖ ਕੇ ਏਕ ਵਾਰ ਜ਼ਰੂਰ ਆਜ਼ਮਾਓ । ਆਪ ਇਸ ਵਾਰ ਅਪਣਾ ਕੀਮਤੀ ਵੋਟ ਮੁਝੇ ਦੇ ਕੇ ਕਾਮਯਾਬ ਕਰੋ । ਮੈਂ ਆਪ ਕੋ ਖੁਸ਼ਹਾਲੀ ਦਿਆਂਗਾ ।  ਪੁਲ ਦਿਆਂਗਾ ਪੱਕਾ । ਆਰ-ਪਾਰ ਕੇ ਪੱਤਣਾਂ ਕੋ ਜੋੜਤਾ ਲੰਮਾ ਪੁਲ । ਬੇੜੀਆਂ ਉਪਰ ਨਈਂ , ਫਿਰ ਆਪ ਅਪਣੇ ਅਪਣੇ ਘੜੁੱਕਿਆਂ ਪੇ ਲਾਇਆ ਕਰੋਗੇ ਫਸਲਬਾੜੀ । ਹੱਲ-ਗੱਡੇ ,ਰੇੜ੍ਹੇ-ਠੇਲ੍ਹੇ ਰਾਤ-ਪਰ-ਦਿਨ ਆ-ਜਾ ਸਕਣਗੇ ਊਧਰ ਵਾਲੇ ਖੇਤੀਂ । ਫਿਰ ਅੱਧ-ਕੱਚਾ ਸਾ ਦੀਖਤਾ ਪਾਰ ਕਾ ਪਾਸਾ ਭਰਪੂਰ ਫਸਲ ਉਗਾਇਆ ਕਰੇਗਾ । ਫਿਰ….ਫਿਰ ਖੁਸ਼ੀ-ਖੁਸ਼ਹਾਲੀ ਆਪ ਕੇ ਵਿਹੜੋ ਮੇਂ ਹੀ ਨਹੀਂ ,ਚੁੱਲ੍ਹੇ-ਚੌਂਕਿਆਂ ਊਪਰ ਵੀ ਨੱਚਿਆ ਕਰੇਗੀ । “
ਅਪਣੇ ਫਿਲਮੀ ਕਿੱਤੇ ਦੀ ਖਿਚੜੀ ਜਿਹੀ ਅਦਾਕਾਰੀ ਦਾ ਅਸਰ ਪੂਰੀ ਤਰ੍ਹਾਂ ਹੋਇਆ ਦੇਖ ,ਸੈਂਕੜੇ ਮੀਲ ਦੂਰੋਂ ਆਏ ਉਸ ਉਮੀਦਵਾਰ ਨੇ ਅਗਲੇ ਹੀ ਛਿੰਨ ਅਪਣੀ ਜਾਣ-ਪਛਾਣ ਦੀ ਇਕ ਹੋਰ ਕਾਤਰ ਵੀ ਸੱਥ ਵੱਲ ਨੂੰ ਸੁੱਟਦੀ ਕਰ ਦਿੱਤੀ ਸੀ । ਉਸ ਨੇ ਬੇਹੱਦ ਨਿਮਰ ਹੁੰਦੇ ਨੇ ਦੱਸਿਆ ਸੀ , “ ਮਾਰ੍ਹੇ ਪੁਰਖੇ , ਮਾਰ੍ਹੇ ਬਾਪ-ਦਾਦਾ ਵੀ ਇਸੀ ਗਾਂਵ,ਇਸੀ ਇਲਾਕੇ ਕੇ ਜੰਮਪਲ ਹੈਂ । ਕਾਰੋਬਾਰੀ ਸਿਲਸਲੇ ਸੇ ਪਹਿਲੇ ਵੋਹ ਦਿੱਲੀ ਜਾ  ਵਸੇ , ਫਿਰ ਮੁੰਬਈ । ਘਰ ਸੇਂ ਸੈਂਕੜੇ ਮੀਲ ਦੂਰ ਜਾ ਕਰ ਵੀ ,ਨਾ ਵੋਹ ਅਪਣੇ ਗਾਂਵ ਕੀ ਮਿੱਟੀ ਕੋ ਭੁਲਾ ਸਕੇ ,ਅਰ ਨਾ ਹੀ ਮੈਂ । ਮੈਂ ….. ਉਨ ਕੀ ਚੌਥੀ ਪੀੜ੍ਹੀ ਕੀ ਅੰਸ਼-ਵੰਸ਼ , ਆਪ ਕੀ ਹਰ ਕਿਸਮ ਕੀ ਸੇਵਾ ਲਈ ਫਿਰ ਸੇ ਹਾਜ਼ਰ ਹੂੰ । “
ਜ਼ਰਾ ਕੁ ਰੁਕਦੇ ਨੇ ਫਿਰ ਉਸ ਨੇ ਇਕ ਮਾਰ੍ਹਕੇਦਾਰ ਐਲਾਨ ਵੀ ਕਰ ਮਾਰਿਆ ਸੀ ਲਗਦੇ ਹੱਥ । ਉਸ ਨੇ ਬੜੀ ਠਾਠ ਨਾਲ ਕਿਹਾ ਸੀ,” ਯਹ…ਯਹ ਢਾਈ ਤੀਨ ਮੀਲ ਲੰਮੇ ਪਾੜ ਮੇਂ ਬਨਣੇ ਵਾਲੇ ਹਜ਼ਾਰ ਕੁ ਗਜ਼ ਲੰਮੇ ਪੁਲ ਕਾ ਖਰਚ-ਵਰਚ ਤੋਂ ਮੇਰੀ ਛੇਏ ਕੁ ਮਹੀਨੇ ਕੀ ਪਾਕਿਟ-ਮਨੀ ਸੇ ਹੀ ਨਿਕਲ ਜਾਏਗਾ ….ਬੱਸ ਆਪ ਏਕ ਵਾਰ ਮੁਝੇ ਕਾਮਯਾਬ ਕਰਾ ਕੇ ਦੇਖੇ ….।”
ਉਸ ਦੀ ਅਲੋਕਾਰ ਵਾਰਤਾ ਸੁਣਦਾ ਸਾਰਾ ਪਿੰਡ ਮੋਹਿਆ ਹੀ ਨਹੀਂ ਜਿਵੇਂ ਡੰਗਿਆ ਗਿਆ ਸੀ । ਉਸੇ ਵੇਲੇ ਉਸ ਦੀ ਜੈ-ਜੈਕਾਰ ਜੱਗੂ –ਭੀਮੇਂ ਸਮੇਤ ਹਰ ਕਿਸੇ ਮੂੰਹੋਂ ਆਪ ਮੁਹਾਰੇ ਨਿਕਲ ਕੇ ਆਸਪਾਸ ਪੱਸਰੀ , ਉਸ ਦੀ ਜਿੱਤ ਤੱਕ ਗੂੰਜਦੀ ਰਹੀ ਸੀ ।
ਪਰ,ਉਸ ਦਾ ਐਲਾਨ –ਨਾਮਾ ਗੱਜਣ ਫੌਜੀ ਨੂੰ ਬਿਲਕੁਲ ਹਜ਼ਮ ਨਹੀਂ ਸੀ ਹੋਇਆ । ਉਹ ਰਹਿੰਦਾ ਵੀ ਉਦਾਸ ਹੋ ਗਿਆ । ਇੱਕ ਵਾਰ ਉਸ ਦੇ ਮਨ ’ ਚ ਆਈ ਵੀ ਕਿ ਹਾਰ ਪਾਈ ਗਲੀਓ-ਗਲੀ ਘੁੰਮਦੇ ਕੁੜਤੀਧਾਰੀ ਅਦਾਕਾਰ ਨੂੰ ਵੱਡੇ ਚੁਰਾਹੇ ‘ ਚ ਰੋਕ ਕੇ ਪੁੱਛੇ ,” ਦਿੱਸਿਆ ਕੋਈ ਫਰਕ ਦਿੱਲੀ-ਬੰਬੇ ਨਾਲੋਂ ਇਥੋਂ ਦਾ ! ਹੈਅ ਇਹ ਮਨੁੱਖੀ ਨਸਲ ਲਈ ਰਹਿਣ ਗੋਚਰੀ ਥਾਂ ? ਮ੍ਹਾਂਰਾਜ ਪੁਲ ਨਈਂ ਪਹਿਲਾਂ ਗਲੀਆਂ-ਨਾਲੀਆਂ ਚਾਹੀਦੀਆਂ ਤੁਆਡੇ ਜੱਦੀ ਪਿੰਡ ਨੂੰ । ਕੋਈ ਛੋਟਾ-ਮੋਟਾ ਸਕੂਲ ਚਾਹੀਦਾ , ਬਾਲਾਂ ਦੀ ਅਕਲ-ਸੂਝ ਨੂੰ ਰਮਾਂ ਕਰਨ ਲਈ , ਕੋਈ ਨਿੱਕੀ-ਮੋਟੀ ਡਿਸਪੈਂਸਰੀ ਚਾਹੀਦੀ ਐ, ਘਰ-ਘਰ ਛੌਣੀ ਪਾਈ ਬੈਠੀ ਜਹਿਮਤ ਤੋਂ ਬਚਦੇ ਹੋਣ ਲਈ …..।“
ਪਰ ਉਸ ਤੋਂ ਨਾ ਰੁਕਿਆ ਗਿਆ ਸੀ ਜੇਤੂ ਵਿਧਾਨਕਾਰ ਨੂੰ , ਨਾ ਕੋਈ ਕਿੰਤੂ-ਪ੍ਰੰਤੂ ਹੋ ਸਕਿਆ ਸੀ ਉਸ ‘ਤੇ ।
ਲਾਚਾਰ ਜਿਹਾ ਹੋਇਆ , ਉਹ ਇੱਕ ਪਾਸੇ ਜਿਹੇ ਖੜਾ ਰਿਹਾ ਸੀ ,ਚੁੱਪ ਦਾ ਚੁੱਪ ।
ਉਸ ਨੇ ਹਰ ਕਿਸੇ ਰੁੱਖੇ-ਮੁਰਝਾਏ ਚਿਹਰੇ ‘ ਤੇ ਛਾਈ ਦਿਸਦੀ ਪੁਲ ਦੇ ਬਣ ਜਾਣ ਦੀ ਖੁਸ਼ੀ , ਉਵੇਂ ਦੀ ਉਵੇਂ ਚਿਪਕੀ ਰਹਿਣ ਦਿੱਤੀ ਸੀ ।ਕਿਸੇ ਨਾਲ ਥੋੜ੍ਹੀ –ਬਹੁਤੀ ਵੀ ਛੇੜਛਾੜ ਨਹੀਂ ਸੀ ਕੀਤੀ । ਜੱਗੂ ਭੀਮੇ ਨਾਲ ਵੀ ਨਹੀਂ ।
ਜੱਗੂ ਨੂੰ ਤਾਂ ਇਵੇਂ ਦੀ ਵਾਧ-ਘਾਟ ਨੇ ਕਦੀ ਕੋਈ ਝਰੀਟ ਨਹੀਂ ਸੀ ਲਾਈ , ਪਰ ਭੀਮੇਂ ਨੂੰ ਵਿੱਚ-ਵਾਰ ਦੋਨਾਂ ਮੰਡਾਂ ਨੂੰ ਜੋੜਦਾ ਪੱਕਾ ਪੁਲ ਨਵੀਂ ਤਰ੍ਹਾਂ ਦੀ ਆਫ਼ਤ ਲਿਆਉਣ ਦੇ ਸੁਨੇਹੇ ਵਰਗਾ ਲੱਗਣ ਲੱਗਦਾ ।…….ਉਂਝ ਤਾਂ ਦੋਨਾਂ ਪਾਸਿਆਂ ਦੇ ਪੁਲਸੀ-ਛਾਪੇ  ਉਸ ਨੂੰ ਅਗਾਉਂ ਇੱਤਲਾਹ ਦੇ ਕੇ ਹੀ ਪਿਆ ਕਰਦੇ ਸਨ , ਨਿਸ਼ਚਿਤ ਮਹੀਨਾ-ਮਿਤੀਆਂ ਦੇ ਆਸ-ਪਾਸ । ਉਸਦੀ ਇਹ ਸਾਕਾਚਾਰੀ ਉਪਰਲੇ ਵੱਡੇ ਛਾਪਿਆਂ ਦੀ ਗੁਪਤ ਸੂਚਨਾ ਵੀ ਲੱਗਦੀ ਵਾਹ ਉਸ ਤੱਕ ਅੱਪੜਦੀ ਕਰ ਦਿਆਂ ਕਰਦੀ ਸੀ ਵੇਲੇ ਸਿਰ । ਅਕਸਰ ਉਹ ਸਾਰਾ ਲਕਾ-ਤੁਕਾ ਸਾਂਭ-ਸਮੇਟ ਵੀ ਲਿਆ ਕਰਦਾ ਸੀ ਨੱਠ-ਭੱਜ ਕਰਕੇ । ਫਿਰ ਵੀ ਉਸ ਦਾ ਕੋਈ ਆਲਸੀ-ਅਲਗਰਜ਼ੀ ਕਾਮਾ ਇਹ ਗੈਰ-ਕਾਨੂੰਨੀ ਕੰਮ ਕਰਦਾ ਫੜਿਆ ਹੀ ਜਾਂਦਾ ਤਾਂ ਉਸ ਦੇ ਮਿੱਲ ਮਾਲਕ ਝੱਟ ਉਸ ਦੀ ਪਿੱਠ ‘ਤੇ ਆ ਖੜ੍ਹੋਂਦੇ । ਉਸ ਦੇ ਉਸ ਅਲਸੀ ਅਲਗਰਜ਼ੀ ਕਾਮੇ ਨੂੰ ਵੱਧ ਤੋਂ ਵੱਧ ਇਕ ਰਾਤ ਅੰਦਰ ਕੱਟਣ ਦਿੰਦੇ ।
ਅਗਲੇ ਹੀ ਦਿਨ ਉਹ ਆਪਣਾ ਬਾਹਰੀ ਕਾਰੋਬਾਰ ਫੇਰ ਉਸੇ ਤਰ੍ਹਾਂ ਆ ਸਾਂਭਦਾ ।
ਇਸ ਵਾਰ ਫਿਰ ਭੀਮੇ ਦੇ ਮਿੱਲ ਮਾਲਕਾਂ ਪੂਰਾ ਗੱਜ-ਵਜਾ ਕੇ ਉਸ ਦੇ ਪਿੱਠ ਆ ਥਾਪੜੀ , “ ਭੀਮ ਸਿਆਂ , ਤੂੰ ….ਤੂੰ ਕੇੜ੍ਹੀ ਚਿੰਤਾ ਚ’ ਡੁੱਬ ਗਿਆਂ …. ਤੂੰ ਕਾਨੂੰ ਫਿਕਰਮੰਦ ਹੋਇਆ ਫਿਰਦਾ ਆਂ ! ਹੁਣ …. ਹੁਣ ਅਸੀਂ ਤੇਰੇ ਕਿਸੇ ਬੰਦੇ ਨੂੰ ਆਉਣ ਈ ਕਿਥੇ ਦਿਆਂਗੇ , ਕਿਸੇ ਦੇ ਹੱਥ ! ਸਾਡੀਆਂ ਜੀਪਾਂ ਤਾਂ ਹੁਣ ਸਗੋਂ ਸਿੱਧੀਆਂ ਆਰ-ਪਾਰ ਦੌੜਿਆ ਕਰਨਗੀਆਂ,ਫੁੱਲ-ਸਪੀਡ ‘ਤੇ । ਆਹ …. ਆਹ ਬੇੜੀਆਂ-ਬੁੱਕੇ ਤਾਂ ਤੇਰਾ ਸਾਡਾ ਕਿੰਨਾ ਸਾਰਾ ਟੈਮ  ਊਈਂ ਬਰਬਾਦ ਕਰੀ ਰੱਖਦੇ ਆ ,ਮੱਠੀ ਚਾਲੇ ਢੋਆ-ਢੁਆਈ ਕਰਦੇ । “
ਇਧਰਲੀ –ਓਧਰਲੀ ਮੰਡ ‘ਚ ਚਲਦੀਆਂ ਲਾਅਹਣ-ਭੱਠੀਆਂ ‘ਤੇ ਪੈਣ ਵਾਲੇ ਛਾਪਿਆਂ ਦੇ ਵਧ ਜਾਣ ਦਾ ਡਰ ਭੀਮੇ ਅੰਦਰੋਂ ਮੁੱਢੋਂ-ਸੁੱਢੋਂ ਚੁੱਕਿਆ ਗਿਆ ਸੀ । ….ਉਸ ਦੇ ਚਿੰਤਾ ਮੁਕਤ ਹੋਏ ਚਿਹਰੇ ‘ਤੇ ਛਾਈ ਪੁਲ ਬਣ ਜਾਣ ਦੀ ਖੁਸ਼ੀ ਉਸ ਦਿਨ ਤਾਂ ਫੌਜੀ ਗੱਜਣ ਨੇ ਉਵੇਂ ਦੀ ਉਵੇਂ ਚਿਪਕੀ ਰਹਿਣ ਦਿੱਤੀ ਸੀ ,ਪਰ ਪਿੱਛੋਂ ਉਸ ਨਾਲ ਉਹ ਆਹਟੀ ਛੇੜਛਾੜ ਕਰਦਾ ਰਿਹਾ । ਜੱਗੂ ਸਮੇਤ ਹੋਰਨਾਂ ਪਿੰਡ ਵਾਸੀਆਂ ਦੇ ਕੰਨੀਂ ਕੱਢਣ ਲਈ, ਉਹ ਸੌ ਵਲ੍ਹ ਮਾਰ ਕੇ ਵੀ ਭੀਮੇ ਨੂੰ ਘੇਰ-ਖਲੋਂਦਾ , “ ਫੇਰ ਕਦੋਂ ਕੁ ਬਣ ਜੂ ਭੀਮ ਸਿਆਂ ਨਮਾਂ ਪੁਲ ? ਆਰ-ਪਾਰ ਨੂੰ ਜੋੜਦਾ ਉਚਾ-ਪੱਕਾ ਪੁੱਲ । “
ਭੀਮਾ ਕਦੇ-ਕਦਾਈਂ ਤਾਂ ਹੱਸ-ਮੁਸਕਰਾ ਕੇ ਟਾਲ ਜਾਂਦਾ ਰਿਹਾ , ਪਰ ਬਹੁਤੀ ਵਾਰ ਖਿਝਿਆ-ਖਪਿਆ ਉਹ ਤੋੜਵਾਂ ਜਿਹਾ ਉੱਤਰ ਹੀ ਦਿੰਦਾ ਰਿਹਾ ਸੀ ਫੌਜੀ ਨੂੰ ,” ਮੈਨੂੰ ਕੇੜ੍ਹਾ ਪਟਾ ਲਿਖਾ ਕੇ ਦੇ ਗਿਆ ਸੀ ਉਹ ਮਾਂ ਅਪਣੀ ਦਾ ….। ਜਿੰਨਾ ਕੁ ਤੈਨੂੰ ਪਤਾ ,ਓਨਾ ਕੁ ਈ ਮੈਨੂੰ  ਇਲਮ ਆਂ ….। ਏਦੇ ‘ਚ ਘੜੀ-ਮੁੜੀ ਪੁਛਣ-ਪਛਾਉਣ ਆਲੀ ਕੇੜ੍ਹੀ ਗੱਲ ਹੋਈ । “
ਫੌਜੀ ਨੇ ਉਸ ਅੰਦਰ ਕੁਝ-ਕੁਝ ਉਬਲਦਾ –ਕੜ੍ਹਦਾ ਜਾਚ ਕੇ ਉਸ ਨਾਲ ਇਵੇਂ ਦੀ ਚੁੰਝ-ਫਸਾਈ ਉੱਕਾ ਹੀ ਬੰਦ ਕਰ ਦਿੱਤੀ । ਹੁਣ ਉਸ ਦਾ ਜੋਟੀਦਾਰ ਜੱਗੂ ਸੀ ।
ਉਨ੍ਹਾਂ ਕਦੀ ਇਕ-ਦੂਜੇ ਦੀ ਆਖੀ ਦਾ ਗੁੱਸਾ ਨਹੀਂ ਸੀ ਕੀਤਾ । ਦੋਨਾਂ ਵਿਚਕਾਰ ਇਵੇਂ ਦੀ ਛੇੜਛਾੜ ਨੂੰ ਇੱਕ-ਦੋ ਢਾਈ ਨਹੀਂ, ਪੂਰੇ ਤਿੰਨ ਸਾਲ ਲੰਘ ਗਏ । ਦਿੱਲੀ-ਬੰਬਈ ਪੁੱਜੇ ਪੁਲ-ਦਾਤੇ ਦੇ ਉਹਨਾਂ ਨੂੰ ਮੁੜ ਕਦੀ ਦਰਸ਼ਨ-ਪਰਸ਼ਨ ਤੱਕ ਵੀ ਨਹੀਂ ਸੀ ਹੋਏ ।
ਤੇ……ਤੇ ਜਿਹਨਾਂ ਦੇ ਹੋਏ ਤਿੰਨੀ ਕੁ ਸਾਲੀਂ , ਉਹਨਾਂ ਕਦੀ ਐਹੋ ਜਿਹਾ ਐਲਾਨ ਨਹੀਂ ਸੀ ਕੀਤਾ ਪਹਿਲੋਂ ।ਕੋਈ ਫੜ ਨਹੀਂ ਸੀ ਮਾਰੀ । ਉਹਨਾਂ ਦਾ ਲਾਮ-ਲਸ਼ਕਰ ਇਕ ਦਿਨ ਅਛੋਪਲੇ ਜਿਹੇ ਹੀ ਆ ਉਤਰਿਆ ਜ਼ੈਲਦਾਰਾਂ ਦੀ ਹਵੇਲੀ । ਕਈ ਸਾਰੀਆਂ ਰੰਗ-ਬਰੰਗੀਆਂ ਮੋਟਰ ਗੱਡੀਆਂ । ਕਿਸੇ ‘ਤੇ ਲਾਲ ਬੱਤੀ , ਕਿਸੇ ‘ਤੇ ਨੀਲੀ , ਕੋਈ ਬਿਨਾਂ ਹੀ ਬੱਤੀਓਂ । ਸਾਰਾ ਪਿੰਡ ਹੈਰਾਨ-ਪ੍ਰੇਸ਼ਾਨ । ਪਹਿਲਾਂ ਤਾਂ ਐਉਂ ਕਦੀ ਨਹੀ ਸੀ ਹੋਈ । ਚੋਣਾਂ ਦਿਨੀਂ ਵੀ ਨਹੀਂ ਸੀ ਦੇਖੇ ਐਨੇ ਜਣੇ ਇਕੱਠੇ । ਇਹਨਾਂ ਦੀ ਚਾਲ-ਢਾਲ ਵਰਗੇ ਆਉਂਦੇ ਤਾਂ ਜ਼ਰੂਰ ਰਹੇ ਸਨ ਕਦੇ-ਕਦਾਈਂ,ਇਕੱਲੇ-ਦੁਕੱਲੇ । ਉਹ ਚਲਾਵਾਂ ਜਿਹਾ , ਸਰਸਰੀ ਜਿਹਾ ਗੇੜਾ ਵੀ ਮਾਰਦੇ ਰਹੇ ਸਨ ਪਿੰਡ ਦਾ  । ਕਈ ਵਾਰ ਲਾਰੇ ਵੀ ਲਾਉਂਦੇ ਰਹੇ ਸਨ ਛੋਟੇ-ਮੋਟੇ ,ਛੋਟੇ ਸਕੂਲ ਨੂੰ ਵੱਡਾ ਕਰਨ ਦੇ ,ਪਿੰਡ ‘ਚ ਕੋਈ ਨਿੱਕੀ-ਮੋਟੀ ਡਿਸਪੈਂਸਰੀ ਖੋਲ੍ਹਣ ਦੇ । ਪਰ ਹੁਣ ਤੱਕ ਇਹ ਲਾਰੇ , ਲਾਰੇ-ਲੱਪੇ ਹੀ ਰਹੇ ਸਨ । ਪਿੰਡ ਦਾ ਪਰਨਾਲਾ ਅਪਣੀ ਥਾਹੋਂ ਕਿਧਰੇ ਇੰਚ ਭਰ ਵੀ ਨਹੀਂ ਸੀ ਹਿੱਲਿਆ ।
ਗੱਜਣ ਫੌਜੀ ਨੇ ਇਸ ਵਾਰ ਵਾਹਵਾ ਘੋਖਵੀਂ ਸੂਹ ਕੱਢ ਲਿਆਂਈ । ਦੀਨੇ ਚੌਕੀਦਾਰ ਨੂੰ ਭਰਮਾ-ਪਤਿਆ ਕੇ ਕਿ ਇਸ ਵਾਰ ਵੱਡੀ ਹਵੇਲੀ ਆਈ ਸਰਕਾਰ ਸਭ ਤੋਂ ਵੱਡੀ ਸਰਕਾਰ ਸੀ । ਅਪਣੇ ਸੂਬੇ ਦਾ ਵੱਡਾ ਸੂਬੇਦਾਰ । ਨਾਲ ਉਸਦੇ ਕਈ ਸਾਰੇ ਮੰਤਰੀ –ਸੰਤਰੀ ਢੇਰ ਸਾਰਾ ਅਮਲਾ-ਫੈਲਾ । ਉਹ ਆਖ਼ਰੀ ਸਾਹ ਗਿਣਦੇ ਜ਼ੈਲਦਾਰ ਸੰਸਾਰ ਸਿਓਂ ਦੀ ਖ਼ਬਰ-ਸਾਰ ਲੈਣ ਆਏ ਸਨ ਸਾਰੇ ।
ਜ਼ੈਲਦਾਰ ਚਲਦੀ-ਪੁਰਜ਼ੀ ਸਾਮੀਂ ਤਾਂ ਸੀ , ਪਰ ਉਸ ਦੀ ਐਨੀ ਦੂਰ ਤੱਕ ਦੀ ਪਹੁੰਚ ਦਾ ਨਾ ਫੌਜੀ ਗੱਜਣ ਨੂੰ ਪਤਾ ਸੀ , ਨਾ ਕਿਸੇ ਹੋਰ ਨੂੰ । ਉਹ ਆਉਂਦਾ ਤਾਂ ਰਿਹਾ ਸੀ , ਵਿਚ-ਵਾਰ ਪਿੰਡ । ਉਹ ਵੀ ਫਸਲ-ਬਾੜੀ ਦਿਨੀਂ । ਬਾਕੀ ਦਾ ਕਾਰੋਬਾਰ ਉਸ ਦੇ ਕਾਮੇ-ਕਰਿੰਦੇ ਹੀ ਸਾਂਭਦੇ ਸਨ । ਉਸ ਦਾ ਕੰਮ ਹੁੰਦਾ ਪੱਕੀ ਫਸਲ ਸਾਂਭਣਾਂ, ਅਗਲੀ ਲਈ ਹਦਾਇਤਾਂ ਜਾਰੀ ਕਰਨਾ । ਕਣਕ-ਕਮਾਦ ਤਾਂ ਭਲਾ ਚਾਲੂ ਫਸਲਾਂ ਸਨ । ਇਹਨਾਂ ਦੀ ਸਾਂਭ-ਸੰਭਾਲ ਲਈ ਉਸ ਨੂੰ ਬਹੁਤੀ ਖੇਚਲ ਨਹੀਂ ਸੀ ਕਰਨੀ ਪੈਂਦੀ ।ਪਰ ਬਾਸਮਤੀਆਂ ਦੀ ਮੰਡੀਕਾਰੀ ਉਸ ਦੇ ਹੁਕਮਾਂ ਅਨੁਸਾਰ ਹੀ ਹੁੰਦੀ । ਮੰਡ ਦੀ ਸੱਤਰ-ਪਝੱਤਰ ਨਿਕਾਸੀ-ਘੇਰ ਸਮੇਤ ਲਾਈ ਸੌ ਸਵਾ-ਸੌ ਏਕੜ ਦਾ ਵਿਤਰਣ-ਵਿਸਰਜਨ ਉਹ ਆਪ ਕਰਿਆ ਕਰਦਾ ਸੀ ਹਰ ਵਰ੍ਹੇ । ਉਸ ਨੂੰ ਪਤਾ ਹੁੰਦਾ ਸੀ ਕਿਹੜੀ ਵੰਨਗੀ ਕਿਹੜੀ ਮੰਡੀ ‘ਚ ਪੁੱਗਦੀ ਐ। ਕਿਹੜਾ ਮਾਰਕਾ ਕਿਥੇ ਵੱਧ ਖਪਦਾ ।  ਕਿਹੜੇ ਲੋਕ ਪਾਕਿਸਤਾਨੀ ਜਾਂ ਪੂਛਲ ਖਾਣੀ ਪਸੰਦ ਕਰਦੇ , ਕਿਹੜੇ ਗਿਆਰਾਂ –ਇੱਕੀ , ਚੌਂਤੀ ਜਾਂ ਫਿਰ ਪੂਸਾ ਬਾਸਪਤੀ ।
ਇਸ ਵਾਰ ਇਸ ਕੰਮ ਆਇਆ , ਉਹ ਆਉਂਦਾ ਹੀ ਬਿਮਾਰ ਪੈ ਗਿਆ । ਝੱਟ ਇਸ ਦੀ ਤਾਰ ਰਾਜਧਾਨੀ ਜਾ ਖੜਦੀ । ਅਗਲੇ ਦਿਨ ਅੱਧੀ ਸਰਕਾਰ ਉਹਦੇ ਦੀਵਾਨਖਾਨੇ ਆ ਪੁੱਜੀ , ਨਰਸਾਂ-ਡਾਰਟਰਾਂ ਸਮੇਤ ।
ਬਿਮਾਰੀ ਸੀ ਵੀ ਕੋਈ ਗੁੱਝੀ ਜਿਹੀ ।
ਗੱਜਣ ਨੇ ਇਹ ਸਾਰੀ ਸੂਚਨਾ ਆਸੇ-ਪਾਸੇ ਖਿਲਾਰ ਦਿੱਤੀ ।
ਬਾਹਰ-ਅੰਦਰ ਨਾਲ ਵਾਹ-ਵਾਸਤਾ ਰੱਖਣ ਵਾਲੇ ਲੋਕ ਤਾਂ ਉਸ ਦੀ ਗੱਲ ਛੇਤੀ ਹੀ ਸਮਝ ਗਏ ।ਥੋੜੇ ਕੁ ਜਿੰਨੇ ਜਾਣੂ-ਸਨੇਹੀ ਦੀਵਾਨਖਾਨੇ ਦੇ ਵਿਹੜੇ-ਬਰਾਂਡੇ ਤੱਕ ਘੁੰਮ-ਫਿਰਾ ਵੀ ਆਏ, ਮੂੰਹ ਮੁਲਾਜ਼ੇ ਵਜੋਂ । ਕੰਮੀਂ-ਧੰਨੀਂ ਰੁੱਝੇ ਨੌਕਰਾਂ-ਚਾਕਰਾਂ ਤੋਂ ਉਹਨਾਂ ਜ਼ੈਲਦਾਰ ਦਾ ਹਾਲ-ਹਵਾਲ ਪੁੱਛ ਵੀ ਲਿਆ । ਪਰ ਠੀਕ –ਸੇਹੀ ਜਾਣਕਾਰੀ ਨਾ ਕਿਸੇ ਨੂੰ ਮਿਲੀ , ਨਾ ਉਹਨਾਂ ਅੱਗੇ ਦੱਸੀ । ਪਿਛਲੇ ਅੰਦਰੀ ਜਾ ਸਕਣ ਦੀ ਉਹਨਾਂ ‘ਚੋਂ ਹੈਸੀਅਤ ਹੈ ਨਹੀਂ ਕਿਸੇ ਦੀ । ਬੱਸ ਐਨੀ ਕੁ ਖ਼ਬਰ ਹੱਥ ਲੱਗੀ ਸੀ ਉਹਨਾਂ ਦੇ ਕਿ , “ ਸਰਦਾਰ ਹੋਣਾਂ ਨੂੰ ਕੋਈ ਖ਼ਤਰਨਾਕ ਦੌਰਾ ਪਿਆ । ਅਜੇ ਤਾਂ ਹਾਲਤ ਕਾਬੂ ਹੇਠ ਐ , ਅੱਗੋਂ ਦੋਖੋ ……. । “
ਅੱਗੇ ਜੋ ਕੁਝ ਦਿੱਸਿਆ ਉਹ ਸਿਰੇ ਦਾ ਅਚੰਭਾ ਸੀ ਉਹਨਾਂ ਲਈ ।
ਸੁਬਹ-ਸਵੇਰੇ ਪਿੰਡ ਪੁੱਜਾ ਸਰਕਾਰੀ ਅਮਲਾ ਅੱਧਾ ਕੁ ਤਾਂ ਦੀਵਾਨਖਾਨੇ ਟਿਕਿਆ ਰਿਹਾ । ਬਾਕੀ ਦਾ ਵੱਡੇ ਚੁਰਾਹੇ ‘ਚ  ਆ ਜੁੜਿਆ ।ਕੋਈ ਜਣਾ ਢਿੱਬਲ-ਟੋਏ ਹੋਏ ਵੱਡੇ ਰਾਹ ਨੂੰ ਪੱਧਰਾ  ਕਰਨ-ਕਰਾਉਣ ‘ਚ ਰੁਝ ਗਿਆ । ਕੋਈ ਥੋੜ੍ਹੀਆਂ ਕੁ ਇੱਟਾਂ , ਬੋਰੀ ਕੁ ਸੀਮਿੰਟ ਦਾ ਪ੍ਰਬੰਧ ਕਰਨ ਨਿਕਲ ਤੁਰਿਆ । ਕਿਸੇ ਨੇ ਉਸ ਦਿਨ ਲਈ ਕੁੰਡੀ-ਕਨੈਕਸ਼ਨ ਲਾਹ ਕੇ ਰੱਖਣ ਦੀ ਬੇਨਤੀ ਕਰਨੀ ਸੀ ਘਰੋ-ਘਰੀ ਪੁੱਜ ਕੇ , ਕਿਸੇ ਨੇ  ਪਿੱਪਲਾਂ-ਬੋਹੜਾਂ ਹੇਠ ਤਾਸ਼-ਵਾਸ਼ ਖੇਲ੍ਹਦੇ ,ਗੱਪ-ਸ਼ੱਪ ਮਾਰਦੇ ਪਿੰਡ –ਵਾਸੀਆਂ ਨੂੰ ਸ਼ਾਮੀਂ ਚਾਰ ਕੁ ਵਜੇ ਵੱਡੀ ਸਭਾ ‘ਚ ਜੁੜਨ ਲਈ ਆਖਣਾ ਸੀ । ਸਾਰਾ ਪਿੰਡ ਉਸ ਦਿਨ ਖੁਸ਼-ਪ੍ਰਸੰਨ ਸੀ । ਵੋਟਾਂ-ਬਾਹਰੇ ਕਿਸੇ ਮੌਸਮ ‘ਚ ਉਹਨਾਂ ਨੂੰ ‘ਆਓ ਜੀ ’ ਕਹਿਣ ਦਾ ਇਸ ਸ਼ਾਇਦ ਪਹਿਲਾਂ ਸੱਦਾ ਸੀ । ਸਾਰੇ ਜਣੇ ਦਿੱਤੇ ਸਮੇਂ ਤੋਂ ਅਗਾਓਂ ਹੀ ਪੁੱਜ ਗਏ ।ਵੱਡੇ ਚੁਰਾਹੇ ਦੀ ਜਿਵੇਂ ਕਾਇਆ-ਕਲਪ ਹੋਈ ਪਈ ਸੀ । ਇਕ ਪਾਸੇ ਚਾਰ ਕੁ ਕੁਰਸੀਆਂ , ਅੱਗੇ ਛੋਟਾ ਜਿਹਾ ਮੇਜ਼, ਉਪਰ ਗੁਲਦਸਤਾ , ਲਾਗੇ ਹੀ ਚਾਰ ਵਾਈ-ਛੇ ਫੁੱਟ ਦੀ ਓਟੇ ਜਿਹੇ ਵਰਗੀ ਨੌਂ-ਇੰਚੀ ਕੰਧ । ਵਿਚਕਾਰ ਇਕ ਚੋਰਸ ਜਿਹੀ ਟਾਕੀ ਉਪਰ ਲਟਕਦਾ ਦੁੱਧ-ਚਿੱਟਾ ਪੋਣਾ ।
ਇਹ ਕੋਈ ਨਵੀਂ ਘਟਨਾ ਨਹੀਂ ਸੀ ਨਗਰ ਵਾਸੀਆਂ ਲਈ । ਉਹਨਾਂ ਪਹਿਲਾਂ ਵੀ ਕਈ ਵਾਰ ਦੇਖੇ-ਸੁਣੇ ਸਨ ਐਹੋ ਜਿਹੇ ਜਲਵੇ ।ਅਨੇਕਾਂ ਵਾਰ ਪਹਿਲਾਂ ਵੀ ਉਸਰੇ ਸਨ ਐਹੋ ਜਿਹੇ ਜ਼ਾਮਨੀ –ਬੋਰਡ । ਪਰ ਉਸਰੇ-ਬਣੇ ਸਨ ਉਹ ਚੋਣਾਂ ਦੀ ਗਹਿਮਾਂ-ਗਹਿਮੀਂ ਤੋਂ ਮਹੀਨਾ –ਖੰਡ ਪਹਿਲਾਂ ।
ਵੱਡੇ ਚੁਰਾਹੇ ‘ਚ ਆ ਜੁੜੀ ਸਾਰੀ ਭੀੜ ਨੂੰ ਵੱਡੀ ਹੈਰਾਨੀ ਵੀ ਇਹੋ ਸੀ , “ਨਾ ਕੋਈ ਭਾਸ਼ਣਬਾਜ਼ੀ , ਨਾ ਕੋਈ ਚੋਣ-ਰੌਲਾ ,ਫਿਰ ਐਹੋ ਜਿਹੇ ਖੁਸ਼ਕ ਮੌਸਮ ‘ਚ ਵੀ ਉਦਘਾਟਣੀ ਕੰਧ ! “
ਇਸ ਕਿਉਂ-ਕਿੰਝ ਦੀ ਘੁਸਰ-ਮੁਸਰ ‘ਚ ਉਲਝੇ ਉਹ ਅਜੇ ਕਿਸੇ ਸਿਰੇ ਨਹੀਂ ਸੀ ਲੱਗੇ ਕਿ ਦੀਵਾਨਖਾਨਿਉਂ ਤੁਰੀਆਂ ਹੁਟਰ-ਚੀਕਾਂ ਝੱਟ-ਪੱਟ ਚੁਰਾਹੇ ‘ਚ ਆ ਰੁਕੀਆਂ । ਮਗਰੇ-ਮਗਰ ਕਈ ਸਾਰੀਆਂ ਮੋਟਰਾਂ-ਗੱਡੀਆਂ । ਕਿਸੇ ‘ਤੇ ਲਾਲ ਬੱਤੀ,ਕਿਸੇ ‘ਤੇ ਨੀਲੀ, ਕੋਈ ਬਿਨਾਂ ਹੀ ਬੱਤੀਉਂ । ਅੱਖ-ਫਰੋਕੇ ਅੰਦਰ ਚੁੱਪ-ਗੜੁੱਪ ਹੋਈ ਮੂਹਰਲੀ ਜੀਪ ਥੋੜ੍ਹਾ ਕੁ ਇਕ ਪਾਸੇ ਵੱਲ ਨੂੰ ਸਰਕ ਗਈ । ਉਸ ਪਿੱਛੇ ਡੋਲਦੀ-ਡੁਲਕਦੀ ਆਈ ਕਰੀਮ-ਰੰਗੀ ਵੱਡੀ ਸਾਰੀ ਕਾਰ ਐਨ਼ ਚੁਰਾਹੇ ‘ਚ ਆ ਰੁਕੀ । ਪਰ ਉਸ ਵਿੱਚੋਂ ਨਿਕਲਿਆ ਕੋਈ ਨਾ । ਉਸ ਪਿੱਛੇ  ਆ ਲੱਗੀ ਲੰਮੀ ਪਾਲ ਦੇ ਚਾਰੋਂ-ਚਾਰੋਂ ਦਰਵਾਜ਼ੇ ਫਟਾ-ਫਟ ਖੁੱਲ ਕੇ ਝਟਾ-ਪੱਟ ਬੰਦ ਹੋ ਗਏ । ਇਹਨਾਂ ਕਾਰਾਂ ‘ਚੋਂ ਬਾਹਰ ਨਿਕਲੇ ਸਾਰੇ ਸਰੀਰ ਦਰਸ਼ਣੀ ਸਨ – ਬਹੁਤੇ ਜੈਕਟਧਾਰੀ ਨੇਤਾ-ਨੁਮਾ ,ਥੋੜ੍ਹੇ ਕੁ ਵਰਦੀਧਾਰੀ ਰਾਖੇ-ਰਖਵਾਲੇ । ਉਹ ਸਾਰੇ ਮੂਹਰਲੀ ਕਾਰ ਦੁਆਲੇ ਆ ਰੁਕੇ । ਉਹਨਾਂ ਆਸ-ਪਾਸ ਦਾ ਘੋਖਵਾਂ ਜਾਇਜ਼ਾ ਲਿਆ । ਤੇ …..ਅਗਲੇ ਹੀ ਪਲ ਮੂਹਰਲੀ ਕਾਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਦਾ ਹੋ ਗਿਆ ।
ਕੋਈ ਜਣਾ ਬੇਹੱਦ-ਧੀਰਜ ਨਾਲ , ਪੂਰੇ ਠਰੰਮੇ ਨਾਲ ਅੰਦਰੋਂ ਬਾਹਰ ਨਿਕਲ ਆਇਆ । ਸਾਰੇ ਇਕੱਠ ਦੀ ਟਿਕਵੀਂ-ਤਾੜਵੀਂ ਨਿਗਾਹ ਉਸ ਨੂੰ ਸਿਰ ਤੋਂ ਲੈ ਕੇ ਪੈਰਾ ਤੱਕ ਜਿਵੇਂ ਘੋਖਣ ਲੱਗ ਪਈ । ਉਹ ਦਰਮਿਆਨੇ ਜਿਹੇ ਕੱਦ ਦਾ ਔਸਤ ਜਿਹਾ ਮਾਨੁੱਖ ਸੀ । ਨਾ ਮੋਟਾ ਨਾ ਪਤਲਾ ,ਨਾ ਮੱਧਰਾ , ਨਾ ਉੱਚਾ । ਉਸ ਦੀ ਦੁੱਧ-ਚਿੱਟੀ ਦਾੜ੍ਹੀ ਬੇਤਰਤੀਬੀ ਜਿਹੀ ਖਿੱਲਰੀ ਪਈ ਸੀ । ਸਿਰ ‘ਤੇ ਗੂੜ੍ਹੀ ਨੀਲੀ ਪਗੜੀ ਜਿਵੇਂ ਕਿਸੇ ਅਨਾੜੀ ਨੇ ਵਲ੍ਹੇਟ ਮਾਰੇ ਹੋਣ । ਇਸ ਦਾ ਆਖਰੀ ਲੰਮਾ ਲੜ ਅਣ-ਟੰਗਿਆ , ਪਿਛਾਂਹ ਵੱਲ ਨੂੰ ਲਮਕ ਰਿਹਾ ਸੀ । ਨਾ ਉਸ ਦਾ ਕੁੜਤਾ –ਪਜਾਮਾਂ ਚਮਕਦਾਰ ਸੀ , ਨਾ ਉਪਰ ਪਹਿਨੀ ਜੈਕਟ । ਢਿੱਲਕੂ ਢਿੱਲਕੂ ਕਰਦੇ ਪਜਾਮੇਂ ਦਾ ਇਕ ਪਹੁੰਚਾ ਨੀਵਾਂ , ਇਕ ਉੱਚਾ । ਨਾਲੇ ਦੀ ਇਕ ਲੜ ਕੁੜਤਿਓਂ ਹੇਠਾਂ ਤੱਕ ਲਮਕਦੀ ਸਾਫ-ਸਾਫ ਦਿਸ ਰਹੀ ਸੀ । ਇਕ ਛੋਟਾ ਜਿਹਾ ਤੌਲੀਆ ਉਸ ਨੇ ਮੋਢੇ ‘ਤੇ ਸੁੱਟ ਰੱਖਿਆ ਸੀ , ਐਵੇਂ-ਕਿਵੇਂ ਜਿਹੇ ਢੰਗ ਨਾਲ ।
ਪਹਿਲੀ ਨਜ਼ਰੇ ਹਰ ਕਿਸੇ ਨੂੰ ਉਹ ਅਗੜ-ਦੂਤ ਜਿਹਾ ,ਝੱਲਾ ਜਿਹਾ ਮਾਨੁੱਖ ਜਾਪਿਆ । ਕਈ ਜਣੇ ਉਸ ਦੀ ਸ਼ਕਲ-ਸੂਰਤ ਦੇਖ ਕੇ ਊਈਂ ਝੇਡਾਂ ਮਾਰਨ ਲੱਗ ਪਏ ਆਪੋ-ਆਪ ਵਿੱਚ ਦੀ । ਮੂੰਹ-ਫੁੱਟ ਜੱਗੂ ਵੀ ਕਿਸੇ ਤੋਂ ਪਿੱਛੇ ਨਾ ਰਿਹਾ । ਉਸ  ਨੇ ਫੱਟ ਦੇਣੀ ਸਿਰੇ ਦੀ ਕਹਿ ਮਾਰੀ ਭੀਮੇ ਨੂੰ ਮੁਖਾਤਿਬ ਹੁੰਦਿਆਂ , “ ਭਾਅ ਭੀਮਿਆਂ ਏਨੂੰ ਮੇਰੇ ਨਾਲ ਜੋੜਨ ਦਾ ਪ੍ਰਬੰਧ ਕਰ , ਫੇਏ ਦੇਖੀਂ ਕਿੱਦਾਂ ਗੜ੍ਹਕੇ ਮਾਰਦੀਆਂ ਭੱਠੀਆਂ । “
ਭੀਮੇ ਨੇ ਤਾਂ ਉਸ ਨੂੰ ਸੁਣਿਆ-ਗੋਲਿਆ ਨਾ,ਪਰ ਥੋੜ੍ਹਾ ਕੁ ਹਟਵੇਂ ਖੜ੍ਹੇ ਗੱਜਣ ਨੂੰ ਉਸ ਦੇ ਬੋਲ-ਕਬੋਲ ਬਹੁਤੇ ਹੀ ਬੁਰੇ ਲੱਗੇ ।ਉਸ ਅੰਦਰ ਪੱਸਰ ਆਈ ਤਲਖੀ ਪੂਰਾ ਯਤਨ ਕਰਨ ‘ਤੇ ਵੀ ਉਸ ਤੋਂ ਰੋਕੀ ਨਾ ਗਈ , “ ਤੂੰ…ਤੂੰ ਚੁੱਪ ਵੀ ਕਰੇਗਾਂ ਹੁਣ ਕਿ ਟੋਕੀ ਈ ਜਾਏਗਾ …. ਜਿਣਸ ਕਿਸੇ ਥਾਂ ਦੀ ……. । ਜੋ ਮੂੰਹ ‘ਚ ਆਇਆ ਅਵਾ-ਤਵਾ ਬੋਲ ਛੱਡਦੈ । ਤੂੰ ਪਹਿਲਾਂ ਦੇਖ-ਜਾਚ ਤਾਂ ਲੈ , ਏਹ ਹੈਅ ਕੌਣ ….?”
ਗੱਜਣ ਫੌਜੀ ਨੂੰ ਕਾਰੋਂ ਉਤਰੀ ਸ਼ਖਸੀਅਤ ਐਵੇਂ –ਕਿਵੇਂ ਦੀ ਨਹੀਂ ਸੀ ਲੱਗੀ । ਇਕ ਪਾਸੇ ਪਈਆਂ ਕੁਰਸੀਆਂ ‘ਚੋਂ ਇਕ ‘ਤੇ ਜਾ ਬੈਠਣ ਨਾਲ ਉਸ ਦੀ ਪਛਾਣ ਸਭ ਦੇ ਸਾਹਮਣੇ ਆ ਗਈ –ਇਹ ਮੰਤਰੀ ਸੀ , ਮਹਾਂ-ਮੰਤਰੀ ਤੋਂ ਛੋਟਾ । ਦੋ ਨੰਬਰ ਦਾ ਰਾਜਾ ।
ਉਸ ਦੀ ਆਗਿਆ ਅਨੁਸਾਰ ਉਸ ਦੇ ਆਸ-ਪਾਸ ਚਾਰ ਕੁ ਜਣੇ ਹੋ ਬੈਠ ਗਏ ।
ਉਹ ਲੰਮੇ-ਉੱਚੇ ਦਿੱਸਣ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਉਸ ਦੀ ਬਰਾਬਰੀ ਨਹੀਂ ਸੀ ਕਰਦੇ । ਉਦਘਾਟਨੀ ਪੱਥਰ ਨੂੰ ਮੁਖਾਤਿਬ ਹੁੰਦਿਆਂ , ਉਸ ਅੰਦਰਲੀ ਸਹਿਜਤਾ-ਵਿਦਵਤਾ ਹੋਰ ਵੀ ਉਘੜ ਆਈ । ਪਰ ਸੱਤ ਸੌ ਅੱਸੀ ਮੀਟਰ ਲੰਮੇ ਪਚਾਸੀ ਕਰੋੜੀ ਪੁਲ ਦਾ ਸਿਆਸੀ ਮੁਕਟ ਜ਼ੈਲਦਾਰ ਸੰਸਾਰ ਸਿੰਘ ਦੇ ਸਿਰ ‘ਤੇ ਬੰਨ੍ਹਣ-ਸਜਾਉਣ ਤੋਂ ਉਹ ਵੀ ਨਹੀਂ ਸੀ ਉਕਿਆ । ਉਸ ਨੇ ਵੀ ਐਡੇ ਵੱਡੇ ‘ਲਾਭਕਾਰੀ’ ਪਿੰਡ ਨੂੰ ਅਣਗੌਲਿਆਂ ਕਰੀ ਰੱਖਣ ਲਈ ਪੂਰਬਲੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਸੀ । ਬੀਤੇ ਤਿੰਨਾਂ ਸਾਲਾਂ ‘ਚ ਇਕ ਵਾਰ ਵੀ ਮੂੰਹ ਨਾ ਦਿਖਾਉਣ ਵਾਲੇ ਹਵਾਈ ਕਿਸਮ ਦੇ ਵਾਹਿਦਾਕਾਰ ਦੀ ਖਿੱਲੀ ਉਸ ਨੇ ਰੱਜ ਕੇ ਉਡਾਈ ।
ਉਸ ਦੀ ਚੋਭਵੀਂ-ਚੁਭਵੀਂ ਵਾਰਤਾ ਸੁਣਦਾ, ਗੱਜਣ ਫੌਜੀ ਪੈਰ ਦਰ ਪੈਰ ਜਿਵੇਂ ਡੋਲਦਾ ਗਿਆ ਹੋਵੇ । ਉਸ ਦੀ ਸਾਦਗੀ ਤੇ ਸੁੱਚਤਾ ਦੇ ਮੇਲ-ਸੁਮੇਲ ਦੀ ਕਿਧਰੋਂ ਸੁਣ ਰੱਖੀ ਮਿੱਥ , ਸੱਚ-ਮੁੱਚ ਹੀ ਟੁੱਟਦੀ-ਭੁਰਦੀ ਗਈ ਸੀ ।
ਉਹ ਰਹਿੰਦਾ ਵੀ ਉਦਾਸ ਹੋ ਗਿਆ ।
ਪਰ ਟੇਰਕੀਆਣਾ ਸਾਰਾ ਪਿੰਡ ਇਕ ਵਾਰ ਫਿਰ ਪੂਰੋ ਜਲ-ਜਲੌਅ ਵਿੱਚ ਰੰਗਿਆ ਗਿਆ । ਹਰ ਗਲੀ,ਹਰ ਮੋੜ ‘ਤੇ ਇਸ ਵਾਰ ਪੁਲ ਦੇ ਸੱਚ-ਮੁੱਚ ਹੀ ਬਣ ਜਾਣ ਦੇ ਚਰਚੇ , ਹਰ ਗਰਮ-ਨਰਮ ਬਾਤ-ਚੀਤ ਦਾ ਹਿੱਸਾ ਸਨ । ਅਪਣੇ ਆਰ-ਪਾਰ ਦੇ ਕਾਰੋਬਾਰ ਦੇ ਹੋਰ ਵੀ ਵੱਧ ਜਾਣ ਦਾ ਚਾਅ ਭੀਮ ਸਿਓਂ ਠੇਕੇਦਾਰ ਤੋਂ ਜਿਵੇਂ ਸਾਂਭਿਆ ਨਹੀਂ ਸੀ ਜਾਂਦਾ । ਉਸ ਦਾ ਹੈਡ-ਝੋਕਾ ਜੱਗੂ ਤਾਂ ਭੀਮੇ ਤੋਂ ਵੀ ਦੋ ਲਾਂਘਾਂ ਅੱਗੇ ਸੀ । ਇਸ ਵਾਰ ਗੱਜਣ ਨਹੀਂ ਜੱਗੂ ਆਪ ਅਗਲਵਾਂਡੀ ਹੋ ਕੇ ਫੌਜੀ ਨੂੰ ਛੇੜਦਾ ਰਿਹਾ । ਵਿਚ-ਵਾਰ ਹਾਸਾ-ਠੱਠਾ ਕਰਦਿਆਂ , ਵਿਚ-ਵਾਰ ਗਹਿਰ-ਗੰਭੀਰ ਹੁੰਦਿਆਂ । ਇੱਕ ਵਾਰ ਤਾਂ ਉਸ ਨੇ ਫੌਜੀ ਤੋਂ ਹੀ ਸੁਣੀ-ਸੁਣਾਈ ,ਥੌੜ੍ਹਾ ਕੁ ਫੇਰ-ਬਦਲ ਕਰਕੇ ਮੁੜ ਉਸੇ ਨੂੰ ਹੀ ਆਖ ਪੁੱਛੀ ,  “ਕਿਉਂ ਫੌਜੀਆ, ਹੋਇਆ ਕੋਈ ਫੈਦਾ ਤੇਰੇ ਰੌਲਾ-ਰੱਪੇ ਦਾ ……। ਸੁਣੀ ਕੋਈ ਤੇਰੀ ਵੀ ਗੱਲ ਕਿਸੇ ਨੇ ਧਿਆਨ ਨਾਲ ? ਐਨੇ ਚਿਰਾਂ ਦਾ ਮੁੜ-ਮੁੜ ਉਹੀ ਮੁਹਾਰਨੀ ਪੜ੍ਹੀ ਜਾਨਾ ਤੂੰ । ਅਖੇ-ਏਹ ਸੜੀਆਂ-ਸਰਕਾਰਾਂ ,ਏਹ ਮੰਤਰੀ-ਸੰਤਰੀ ਸਾਰੇ ਦੇ ਸਾਰੇ ਜ਼ੈਲਦਾਰੀ ਲਾਣਾ ਈ ਹੁੰਦਾ, ਅਮੀਰਾਂ-ਧਨਾਢਾਂ ਦਾ ਟੱਬਰ । ਵਾਰੀ ਬਦਲ ਕੇ ਇਕ ਵਾਰ ਇਕ ਟੋਲਾ ਅੱਗੇ ਹੋ ਜੁੜਦਾ,ਦੂਜੀ ਵਾਰ ਦੂਜਾ । ਹੁਣ ………….ਹੁਣ ਤੂੰ  ਈ ਦੱਸ , ਆਹ ਜੇੜ੍ਹਾ ਪਰਸੋਂ-ਚੌਥ ਆਇਆ ਬੈਠਾ ਸੀ ਵੱਡੇ ਚੁਰਾਹੇ ‘ਚ ਉਹ ਕਿੱਡਾ ਕੁ ਵੱਡਾ ਜ਼ੈਲਦਾਰ ਲੱਗਦਾ ਸੀ ਤੈਨੂੰ …? “
ਗੱਜਣ ਫੌਜੀ ਨੂੰ ਇਸ ਦਾ ਕੋਈ ਢੁਕਵਾਂ ਉੱਤਰ ਨਾ ਲੱਭਾ । ਇਸ ਵਾਰ ਉਹ ਜੱਗੂ ਨੂੰ ਨਹੀਂ ਅਪਣੇ ਆਪ ਨੂੰ ਮੁਖਾਤਿਬ ਸੀ ,ਏਹ ਮਾਇਆਧਾਰੀ ਜਮਾਤ ਭਲੇ –ਚੰਗੇ ਦਿਸਦੇ ਸ਼ਰੀਫਾਂ-ਵਿਦਵਾਨਾਂ ਦਾ ਵੀ ਫੱਕਾ ਨਈਂ ਛੱਡਦੀ । ਪਤਾ ਨਈਂ ਇਹ ਲੋਕ ਵੀ ਕਿਸ ਲਾਲਸਾ ਵੱਸ ਵਿਕਣ ਦੀ ਹੱਦ ਤੱਕ ਹੇਠਾਂ ਆ ਡਿੱਗਦੇ ਆ । “
ਉਹ ਕਿੰਨੇ ਹੀ ਦਿਨ ਇਸ ਅੜਾਉਣੀ ‘ਚ ਘਿਰਿਆ ਅਪਣੇ ਅੰਦਰ ਨਾਲ ਗੁੱਥਮ-ਗੁੱਥਾ ਹੋਇਆ ਰਿਹਾ । ਇਕ ਦਿਨ ਸਹਿਜ ਭਾਅ ਹੀ ਉਸ ਦੀ ਇਹ ਗੁੱਥੀ ਵੀ ਸੁਲਝ ਗਈ । ਹੋਇਆ-ਵਾਪਰਿਆ ਵੀ ਐਨ ਉਸ ਦੇ ਗੁਆਂਡ ਮੱਥੇ। ਅੱਵਲ ਉਸ ਦੇ ਪਿੰਡ,ਉਸ ਦੇ ਘਰ । ਉਸ ਦੇ ਪਿੰਡ –ਘਰ ਪੁੱਜੀ ਸੂਚਨਾ ਪੂਰੇ ਢੋਲ-ਢਮੱਕੇ ਨਾਲ ਅੱਪੜਦੀ ਹੋਈ ਸੀ ।
ਉੱਚ-ਧੂਤੀ ਆਵਾਜ਼ ਪਹਿਲਾਂ ਵੱਡੇ ਚੁਰਾਹੇ ‘ਚ ਆ ਰੁਕੀ , ਫਿਰ ਗਲੀਉਂ ਗਲੀ ਘੁੰਮਦੀ ਹੋਕਾ ਦਿੰਦੀ ਗਈ । ਨਾਲ-ਨਾਲ ਸ਼ਬਦ –ਟੇਪ,ਨਾਲ-ਨਾਲ ਹੋਕਰਾ , “ਪਿਆਰੇ ਖਾਲਸਾ ਜੀਓ , ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਹਿ ! ਆਪ  ਜੀ ਨੂੰ ਏਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਵੇਗੀ ਕਿ ਪਾਰਲੇ ਛੰਭ ‘ਚ ਨਮੀਂ ਉਸਰੀ ਘੱਲੂਘਾਰਾ ਯਾਦਗਾਰ ਅਗਲੇ ਭਲਕ ਸਮੁੱਚੀ ਕੌਮ ਨੂੰ ਸਮਰਪਿਤ ਹੋਵੇਗੀ । ਇਸ ਸਮਾਰੋਹ ਵਿੱਚ ਸਿੱਖ ਕੌਮ ਦੇ ਉਘੇ ਆਗੂਆਂ,ਸੰਤਾਂ-ਮਹਾਂਸੰਤਾਂ, ਧਰਮ-ਪ੍ਰਚਾਰਕਾਂ ਸਮੇਤ ਸੂਬਾ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਸ਼ਵ ਪੱਧਰ ਦੀਆਂ ਅਨੇਕਾਂ ਮਹਾਨ ਹਸਤੀਆਂ ਸ਼ਾਮਲ ਹੋਣਗੀਆਂ । ਸਿੱਖੀ ਰਵਾਇਤਾਂ ਅਨੁਸਾਰ ਸ਼ਬਦ-ਕੀਰਤਨ ਪ੍ਰਵਾਹ ਲਗਾਤਾਰ ਜਾਰੀ ਰਹੇਗਾ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ  । ਆਪ ਸਭ ਮਾਈ-ਭਾਈ ਨੂੰ ਗੁਰ –ਚਰਨਾਂ ਵਿੱਚ ਹਾਜ਼ਰੀ ਭਰ ਕੇ ਅਪਣਾ ਜੀਵਨ ਸਫ਼ਲਾ ਕਰਨ ਦੀ ਪੁਰਜ਼ੋਰ ਅਪੀਲ ਹੈ ਜੀ …ਈ…ਈ ।
ਪਿਆਰੇ ਖਾਲਸਾ ਜੀ  , ਆਰ-ਪਾਰ ਜਾਣ-ਆਉਣ ਲਈ ਬੇੜੀਆਂ-ਬੱਸਾਂ ਦੀ ਕੁਲ ਸੇਵਾ ਗੁਰੂ ਦੇ ਲਾਡਲੇ ਜ਼ੈਲਦਾਰ ਸੰਸਾਰ ਸਿੰਘ ਦੇ ਪਰਿਵਾਰ ਨੇ ਅਪਣੇ ਸਿਰ ਓਟ ਲਈ ਹੈ ਜੀ …ਈ….ਈ ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਪੈਂਦੀ ਸੱਟੇ ਤਾਂ ਗੱਜਣ ਨੂੰ ਨਵੀਂ ਉਸਰੀ ਯਾਦਗਾਰ ਦੀ ਨਸ਼ਰ ਹੋਈ ਸੂਚਨਾ ਅਪਣੇ ਅੰਦਰਲੇ ਤੜਫਾ ਤੇ ਇਕ ਤਰ੍ਹਾਂ ਨਾਲ ਟਕੋਰ ਕਰਦੀ ਜਾਪੀ । ਨਿੱਘੇ-ਲੂਣਕੇ ਪਾਣੀ ਨਾਲ ਗੜੂੱਚ ਹੋਏ ਲੋਗੜ-ਫੈਹੇ ਦੀ ਟਕੋਰ । ਉਸ ਨੂੰ ਅਪਣਾ ਆਪ ਢਾਈ-ਪੌਣੇ ਤਿੰਨ ਸਦੀਆਂ ਪਹਿਲਾਂ ਪਰਲੇ ਛੰਬ ‘ਚ ਹੋਏ ਕਤਲੇਆਮ ਨਾਲ ਜੁੜਦਾ ਵੀ ਜਾਪਿਆ । ਉਸ ਨੂੰ ਲੱਗਾ , ਅਪਣੀ ਹੋਂਦ-ਹੋਣੀ ਦੀ ਸਲਾਮਤੀ ਲਈ, ਉਸ ਨੇ ਵੀ ਅਪਣੀ ਤੇਜ਼ਧਾਰ ਮੀਰੀ ਮਿਆਨੋਂ ਬਾਹਰ ਧੂਅ ਲਈ ਹੈ । ਉਹ ਵੀ ਘਰ-ਬਾਰ ਤਿਆਗ ਕੇ ਕਾਹਨੂੰਆਣ ਜੂਹ ਅੰਦਰਲੀ ਲੁਕਣਗਾਹ ਵੱਲ ਨੂੰ ਦੌੜ੍ਹਦਾ ਹੋਰਨਾਂ ਕਈਆਂ ਸਿੰਘ-ਸੂਰਮਿਆਂ ਨਾਲ ਜਾ ਰਲਿਆ ਹੈ । ਉਸ ਨੇ ਵੀ ਭੇਡਾਂ-ਬੱਕਰੀਆਂ ਵਾਂਗ ਵੇਚਣ ਲਈ ਤੋਰੀਆਂ ਅਬਲਾ ਕੰਜਕਾਂ ਦੀ ਇੱਜ਼ਤ-ਆਬਰੂ ਦੀ ਰਾਖੀ ਕਰਨ ਲਈ ਅਪਣਾ ਸਾਰਾ ਤਾਣ ਝੋਕ ਦਿੱਤਾ ਹੈ। ਆਖ਼ਰ ਮੁੱਠੀ ਭਰ ਭੁੱਜੇ ਦਾਣਿਆਂ ਦੀ ਖਾਣ-ਪੂੰਜੀ ਮੁੱਕ ਜਾਣ ‘ਤੇ ਉਹ ਵੀ ਲਖਪਤ ਰਾਏ-ਯਾਹੀਆਂ ਖਾਂ ਦੇ ਟਿੱਡੀ ਦਲ ਅੰਦਰ ਘਿਰਿਆ ਗਿਆਰਾਂ ਹਜ਼ਾਰ ਲਾਸ਼ਾਂ ‘ਚ ਕਿਧਰੇ ਵਿੱਛ ਗਿਆ ਹੈ ……।
ਪਰ ਝੱਟ ਹੀ ਉਸ ਅੰਦਰ ਸਿਮਟ ਆਇਆ ਇਤਿਹਾਸ , ਉਸ ਅੰਦਰਲੀ ਹੁਣ ਦੀ ਕਸ਼ਮਕਸ਼ ਦੇ ਰੂ-ਬ-ਰੂ ਸੀ , ‘ਫੌਜੀ ਉਹ ਹੁਣ ਵੀ ਰਿਹਾ ਸੀ । ਇੱਕ ਅੱਖੋਂ ਨਿਕਾਰਾ ਵੀ ਹੋਇਆ ਫਿਰਦਾ ਸੀ ਉਹ । ਤੇ …..ਤੇ ਜੰਗਾਂ ਇਸ ਵਾਰ ਉਸ ਨੇ ਉਪਰਲੇ ਹੁਕਮਾਂ ਦੀ ਤਾਲੀਮ ਕਰਦਿਆਂ ਲੜੀਆਂ ਸਨ । ਪਰ….ਪਰ ਗਿਆਰਾਂ ਹਜ਼ਾਰ ਯੋਧਿਆਂ ‘ਚ ਸ਼ਾਮਿਲ ਹੋਣ ਲਈ ਉਸ ਨੇ ਕਿਸੇ ਉਪਰਲੇ ਹੁਕਮ ਦੀ ਉਡੀਕ ਨਹੀਂ ਸੀ ਕੀਤੀ । ਉਦੋਂ ਉਹ ਅਪਣੇ ਅੰਦਰ ਦੀ ਆਵਾਜ਼ , ਅਪਣੀ ਰੂਹ ਦੇ ਬੋਲਾਂ ਦਾ ਮਾਣ-ਤਾਣ ਰੱਖਣ ਲਈ ਨਿਕਲ ਤੁਰਿਆ ਸੀ ਘਰੋਂ । ਅਪਣੀ ਦਿੱਖ,ਅਪਣੀ ਪਹਿਚਾਣ ਦੀ ਇੱਜ਼ਤ-ਆਬਰੂ ਲਈ,ਇਸ ਦੀ ਸਲਾਮਤੀ ਲਈ । ਪਰ ਹੁਣ …ਹੁਣ ਉਸ ਨੂੰ ਲੱਗਾ , ਇਹ ਪਹਿਚਾਣ,ਇਹ ਦਿੱਖ,ਉਸ ਵਰਗੇ ਸਾਰੇ ਯੁੱਧਵੀਰਾਂ ਤੋਂ ਹਥਿਆ ਕੇ ਅੱਜ ਦੇ ਸੰਤਾਂ , ਮਹਾਂਸੰਤਾਂ , ਡੇਰਿਆਂ –ਮੱਠਾਂ ,ਮੰਤਰੀਆਂ-ਸੰਤਰੀਆਂ ਸਮੇਤ ਉਸ ਦੇ ਅਪਣੇ ਪਿੰਡ ਦੇ ਜ਼ੈਲਦਾਰ ਸੰਸਾਰ ਸਿੰਘ ਨੇ ਵੰਡ-ਵੰਡਾ ਕੇ ਅਪਣੇ-ਅਪਣੇ ਖਾਤਿਆਂ ‘ਚ ਚਾੜ੍ਹ ਲਈ ਹੈ । ਉਸ ਨੂੰ ਇਹ ਵੀ ਸਮਝ ਪੈਂਦੀ ਲੱਗੀ ਕਿ ਸਾਰੀ ਲਿਖਤ-ਪੜ੍ਹਤ , ਸਾਰੀ ਇੰਤਕਾਲੀ ਕਾਰਵਾਈ ਪੁਲ ਦਾ ਨੀਂਹ ਪੱਥਰ ਰੱਖਣ ਆਏ ਉਸ ਵਿਦਵਾਨ ਦਿੱਸਦੇ ‘ਮਾਲ-ਅਫ਼ਸਰ ‘ ਵਰਗਿਆਂ ਨੂੰ ਹੱਥ-ਠੋਕੇ ਬਣਾ ਕੇ ਅਮਲ ਵਿੱਚ ਲਿਆਂਦੀ ਗਈ ਹੈ ।
ਚਿੰਤਾਵਾਨ ਹੋਏ ਰਹਿੰਦੇ ਫੌਜੀ ਗੱਜਣ ਨੂੰ ਇਹ ਤੱਥ ਸਮਝਣ ਵਿੱਚ ਹੋਰ ਬਹੁਤਾ ਚਿਰ ਨਾ ਲੱਗਾ ਕਿ ਸੂਝਵਾਨ ਗਿਣ ਹੁੰਦੇ ਬੁੱਧੀਜੀਵੀਆਂ ਅੰਦਰ ਘਰ ਕਰੀ ਬੈਠੀ ਤਰਕਹੀਣ ਧਾਰਮਿਕਤਾ , ਪਹਿਲਾਂ ਇਨ੍ਹਾਂ ਤੋਂ ਸੱਚ ਵਰਗੇ ਇਤਿਹਾਸ ਦੀ ਭੰਨ-ਤੋੜ ਕਰਵਾ ਲੈਦੀ  ਹੈ ਤੇ ਫਿਰ …ਫਿਰ ਇਸ ਭੰਨ –ਘੜ ਨੂ ਵਰਤਮਾਨ ਦੀ ਭਾਰੂ ਧਿਰ ਦੀ ਝੋਲੀ ‘ਚ ਪਰੋਸਣ ਲਈ ਤਰਲੋ-ਮੱਛੀ ਹੋ ਤੁਰਦੀ ਹੈ ।
ਅਪਣੇ ਅੰਦਰ ਅੱਛੀ-ਖਾਸੀ ਸੰਵਾਦਕਸ਼ੀ ਕਰਕੇ ਉਸ ਨੇ ਅਪਣੀ ‘ਲਭਤ ’ ਦੀ ਥੋੜ੍ਹੀ ਕੁ ਜਿੰਨੀ ਪੱਚਰ ਜੱਗੂ ਕੇ ਕੰਨਾਂ ‘ਚ ਵੀ ਜਾ ਚੋਭੀ । ਜੱਗੂ ਉਸਨੂੰ ਜਿਵੇਂ ਖੁਰ ਚੱਕ ਕੇ ਪੈ ਗਿਆ ,”ਮੈਂ ….ਮੈਂ ਤਾਂ ਆਹਨਾਂ ਫੌਜੀਆਂ , ਪਿਲਸਣ ਆਉਣ ਲੱਗੇ ਦੀ ਤੇਰੀ ਵਰਦੀ-ਬੰਦੂਕ ਈ ਨਈਂ ,ਅਗਲਿਆਂ ਅਕਲ-ਬੱਧ ਵੀ ਓਥੇ ਈ ਜਮਾਂ ਕਰਾ ਲਈ ਲੱਗਦੀ ਆ । ਰਹਿੰਦੀ ਕਸਰ ਤੇਰੇ ਆਹ ਲਾਲ –ਝੰਡੇ ਆਲਿਆਂ ਪੂਰੀ ਕਰ ਛੱਡੀ । ਤੁਹਾਨੂੰ ਲੋਕਾਂ ਨੂੰ ਤਾਂ ਕੋਈ ਖਾਂਦਾ-ਪੀਂਦਾ ਬੰਦਾ ਈ ਚੰਗਾ ਲਗਦਾ , ਨਾ ਧਰਮ-ਕਰਮ ਦਾ ਕੋਈ ਕਾਰ-ਵਿਹਾਰ । ਤੂੰ…ਤੂੰ ਆਪ ਈ ਦੱਸ ਭਲਾ ਘੱਲੂਕਾਰਾ-ਸਾਬ੍ਹ ਦੀ ਨਮੀਂ ਇਮਾਰਤ ਦਾ ਸਾਡੇ ਐਸ ਪੁਲ ਦੇ ਨੀਂਹ ਪੱਥਰ ‘ਨਾ ਕੀ ਸਰਬੰਧ ਹੋਇਆ ….?” “ ਹੈਗਾ …ਹੈਗਾ ਵੱਡੇ ਭਾਈ , ਮੇਰੇ ਭਾਅ ਜੱਗਾ ਸਿਆਂ ਹੈਗਾ ਸੰਬੰਧ । ਤੂੰ …..ਤੂੰ ਮੇਰੀ ਗੱਲ ਧਿਆਨ ਨਾਲ ਸੁਣੇ ਤਾਂ ਪਤਾ ਲੱਗੇ ਤੈਨੂੰ ਕੁਸ਼ ! ਤੇਰੇ ਅੰਦਰ …ਤੇਰੇ ਅੰਦਰ ਤਾਂ ਰਾਤ-ਪੁਰ-ਦਿਨੇ ਤੱਤੀ ਠੰਡੀ ਲਾਅਣ ਹੀ ਬੋਲਦੀ ਰਹਿੰਦੀ । ਹੋਰ ਕੁਛ ਤਾਂ ਸੁੱਝਦਾ ਈ ਨਈਂ ਤੈਨੂੰ …।“
ਤੱਤੀ-ਠੰਡੀ ਲਾਅਣ ਦੀ ਟਕੋਰ ਇਸ ਵਾਰ ਜੱਗੂ ਨੂੰ ਜਿਵੇਂ ਅੰਦਰੋਂ-ਬਾਹਰੋਂ ਸੁੰਨ ਕਰ ਗਈ । ਬੀਤੇ ਕਿੰਨੇ ਸਾਰੇ ਵਰ੍ਹੇ ਉਸ ਦੀ ਸਿਮਰਤੀ ‘ਚ ਆ ਚੜ੍ਹੇ ਸਨ । ਉਹ ਕੋਈ ਜੱਦੀ-ਪੁਸ਼ਤੀ ਝੋਕਾ ਨਹੀਂ ਸੀ ਚੋਭਿਆਂ-ਭੱਠੀਆਂ ਦਾ । ਉਸ ਦਾ ਬਾਪ ਬੇ-ਜ਼ਮੀਨਾ ਜ਼ਰੂਰ ਸੀ ; ਪਰ ਸੀ ਕਿਸਾਨ ।ਉਹ ਵੀ ਸੰਸਾਰ ਸਿੰਘ ਦਾ ਹਮ-ਗੋਤੀ । ਇਹੋ ਲਿਹਾਜ਼ਦਾਰੀ ਉਸ ਨੂੰ ਜ਼ੈਲਦਾਰਾਂ  ਦੀ ਹਿੱਸੇਦਾਰਾਂ-ਵਾਹੀ  ‘ਚ ਸ਼ਾਮਲ ਕਰਦੀ ਰਹੀ ਸੀ । ਉਸ ਦੀ ਤਰਜੀਹੀ ਫਸਲ ਕਣਕ-ਝੋਨੇ ਦੀ ਥਾਂ ਕਮਾਦ ਰਹੀ ਸੀ ਮੁੱਢ ਤੋਂ । ਵੰਨ-ਸਵੰਨੀਆਂ ਗੰਨਾ ਕਿਸਮਾਂ ਦੀ ਉਹ ਦੋਨੋਂ ਪਿਓ-ਪੁੱਤਰ ਸਾਰੀ ਪਿੜਾਈ ਆਪ ਕਰਦੇ , ਅਪਣੇ ਵੇਲ੍ਹਣੇ ‘ਤੇ । ਆਪ ਝੋਕੀ ਕਰਦੇ , ਆਪ ਪੱਤਾਂ ਕੱਢਦੇ । ਉਹਨਾਂ ਦੇ ਚੁੱਭੇ ਦਾ ਗੁੜ-ਮਿੱਠਾ ਹਰ ਮੰਡੀ ‘ਚ ਖਾਸ-ਵੰਨਗੀ ਵਜੋਂ ਪੇਸ਼ ਹੁੰਦਾ ਰਿਹਾ ।ਪਰ ,ਉਹਨਾਂ ਦੇ ਗੁਆਂਡ ‘ਚ ਲੱਗੀ ਗੰਨਾ ਮਿੱਲ ਨੇ ਉਨ੍ਹਾਂ ਦਾ ਸਾਰਾ ਹੁਨਰ ਇਕਦਮ ਚੌਪਟ ਕਰ ਮਾਰਿਆ  । ਹੁਣ , ਉਨ੍ਹਾਂ ਨੂੰ ਨਾ ਖੁੱਲ੍ਹੇ ਖੇਤ ਮਿਲਦੇ ਸਨ, ਨਾ ਗੰਨਾ ਬੀਜਣ ਦੀ ਆਗਿਆ ।
ਇਹ ਕੰਮ ਹੁਣ ਜ਼ੈਲਦਾਰਾਂ ਦੇ ਕਾਮੇ –ਕਰਿੰਦੇ ਆਪ ਕਰਦੇ ਸਨ ਸਾਰਾ । ਦਰਿਆਉਂ ਇਧਰਲੇ-ਓਧਰਲੇ ਗਰਮਾਂ ਦੀ ਸਾਰੀ ਗੰਨਾ ਉਪਜ ਹੀ ਮਿੱਲ-ਮਾਲਕਾਂ ਵੱਲੋਂ ਬੀਜ ਹੁੰਦਿਆਂ ਸਾਰ ਰਾਖਵੀਂ ਕਰ ਲਈ ਜਾਂਦੀ ।
ਖੇਤੀ ਹੱਥੋਂ ਹੱਥਲ ਹੋਏ ਜੱਗੂ ਨੂੰ ,ਭੀਮੇ ਦੀ ਝੋਕਾਗਿਰੀ ਕਰਨ ਤੋਂ ਵੱਡੀ ਠਾਹਰ ਖੜ੍ਹੇ ਪੈਰ ਕੋਈ ਨਹੀਂ ਸੀ ਲੱਭੀ ।
ਉਸ ਦਾ ਤਨ-ਬਦਨ,ਕੱਪੜਾ-ਲੱਤਾ,ਧੋ-ਸੁਆਰ ਹੋ ਕੇ ਵੀ ਕਦੀ ਲਾਅਣ ਦੀ ਬਦਬੂ ਤੋਂ ਮੁਕਤ ਨਹੀਂ ਸੀ ਹੋਇਆ ।
….ਉਸ ਨੂੰ ਚੁੱਪ –ਉਦਾਸ ਖੜ੍ਹੇ ਨੂੰ , ਗੁੱਜਣ ਨੇ ਇੱਕ ਵਾਰ ਫਿਰ ਜਿਵੇਂ ਹਲਕੀ , ਜਿਹੀ ਹੁੱਝ ਮਾਰੀ , “ ਕਿਉਂ , ਕੀ ਗੱਲ ਹੋ ਗਈ ! ਕਿੱਥੇ ਖੁੱਭ ਗਿਆਂ ? ਕਿਸੇ ਗੜ੍ਹਕਾ ਮਾਰਦੇ ਬਲਟੋਏ ਦੀ ਯਾਦ ਆ ਗਈ ਆ , ਜਾਂ ਘੱਲੂਘਾਰੇ ਆਲੇ ਜੋੜ –ਮੇਲ ਦੀ …….। “
ਉਸ ਦੇ ਥੋੜ੍ਹਾ ਕੁ ਹੋਰ ਨੇੜੇ ਜਿਹੇ ਹੁੰਦੇ ਗੱਜਣ ਫੌਜੀ ਨੇ ਫਿਰ ਕਿਹਾ ਸੀ ਉਸ ਨੂੰ , “ ਦੇਖ ਭਾਅ ਕਿੰਨੀਆਂ ਰੌਣਕਾਂ ਸੀ ਇਸ ਵਾਰ ਜੋੜ ਮੇਲੇ ‘ਤੇ ।ਇਹ ਸਭ ਮੁਫ਼ਤੋ-ਮੁਫ਼ਤ ਮਿਲੀਆਂ ਅਗਨ-ਵੋਟਾਂ ਕਰਕੇ ਈ ਬਣੀਆਂ । ਨਹੀਂ ਅੱਧੇ ਪਿੰਡ ਤੋਂ ਨਈ ਸੀ ਜਾਇਆ ਜਾਣਾ ਪਾਰ ।….ਕੌਣ ਧੱਕੇ ਖਾਂਦਾ ਹੱਥ ਬੇੜੀਆਂ ਦੀ ਖੱਚ-ਖੱਚ ‘ਚ ਬਾਲ-ਬੱਚੇ ਸਮੇਤ ……..।“ ਜੱਗੂ ਦੇ ਅੰਦਰ ਨੇ ਇਸ ਵਾਰ ਸੱਚ-ਮੁੱਚ ਹੀ ਜਿਵੇਂ ਵੱਡੀ ਸਾਰੀ ਹਾਮੀ ਭਰ ਦਿੱਤੀ ਸੀ ।
ਉਸ ਦੀ ਧਰਤੀ ਵਲ ਨੂੰ ਗੱਡ ਹੋਈ ਨਿਗਾਹ ਅਪਣੇ ਚਿਹਰੇ ‘ਤੇ ਆ ਟਿਕੀ ਜਾਂਚ ਕੇ ਗੱਜਣ ਨੇ ਅਸਲ ਮੁੱਦਾ ਝੱਟ ਛੇੜ ਲਿਆ ਸੀ , “ ਹੁਣ ਤੂੰ ਆਪ ਈ ਦੱਸ ਪਈ , ਖਾਲੀ ਹੱਥ ਜਾਂਦਾ ਕੋਈ ਡੇਰੇ-ਦੁਆਰੇ । ਨਈਂ ਜਾਂਦਾ ਨਾ ! ਹਰ ਕੋਈ ਦਮੜਾ ਦੋ-ਦਮੜੇ ਚਾੜ੍ਹਦਾ ਈ ਚਾੜ੍ਹਦਾ ਈ ਨਾ ਮ੍ਹਾਂਰਾਜ ਅੱਗੇ । ਪੌਲੀ-ਧੇਲੀ ਦਾ ਤਾਂ ਹੁਣ ਜ਼ਮਾਨਾ ਈ ਨਈਂ ਰਿਹਾ । ਬੱਸ….ਬੱਸ ਐਸ ਚੜ੍ਹਤ –ਚੜ੍ਹਾਵੇ ਖਾਤਰ ਈ ਬਨਣਾ ਆ ਆਹ ਐਨਾ ਵੱਡਾ,ਐਨਾ ਲੰਮਾ ਪੁਲ ….। ਆਈ ਗੱਲ ਸਮਝ ‘ਚ । ਪਿਆ ਕੁਸ਼ ਮੇਰੇ ਭਾਅ ਦੇ ਖਾਨੇ ‘ਚ ਕਿ ਹੋਰ ਦਿਆਂ ਦ੍ਰਿਸ਼ਟਾਂਟ ….।“
ਜੱਗੂ ਨੂੰ ਇਸ ਵਾਰ ਦਰਿਆਉਂ ਪਾਰ ਉਸਰੀ ਘੱਲੂਘਾਰਾ ਸਾਹਿਬ ਦੀ ਨਵੀਂ ਇਮਾਰਤ ਨਾਲ , ਇਸ ਪਾਰ ਰੱਖ ਹੋਏ ਨੀਂਹ-ਪੱਥਰ ਦਾ ਆਪਸੀ ਸਬੰਧ ਕਾਫੀ ਸਾਰਾ ਜੁੜਦਾ ਜਾਪਿਆ । ਪਰ ਆਦਤ ਮੂਜਬ ਉਸ ਤੋਂ ਫਿਰ ਜਿਵੇਂ ਰਿਹਾ ਨਾ ਗਿਆ , “ਤੈਨੂੰ ਗੱਜਣਾ ਐਹੋ ਜਿਹੀਆਂ ਘੁਣਤਰਾਂ ਦੱਸਦਾ ਕੌਣ ਆਂ ?”
“ਦੱਸਣੀਆਂ ਕਿੰਨ੍ਹੇ ਆ , ਆਪੇ ਸੁੱਝ ਜਾਂਦੀਆਂ, ਬੱਸ ਜ਼ਰਾ ਕੁ ਜਿੰਨੀ ਨੀਝ ਲਾਉਣ ਦੀ , ਆਸੇ-ਪਾਸੇ ਦੇਖ ਕੇ ਤੁਰਨ ਦੀ ਲੋੜ ਪੈਂਦੀ ਆ ….।ਤੂੰ ਕਰ ਕੇ ਦੇਖ ਲਾਅ  । ਤੂੰ ਕਦੀ ਸੋਚਿਆ , ਤੇਰੇ ਬਾਪ ਨੂੰ ,ਤੈਨੂੰ ਅਪਣੇ ਜੱਦੀ –ਪੁਸ਼ਤੀ ਖੇਤੀ ਕੰਮਕਾਰ ਤੋਂ ਹੱਥਲ ਕਿੰਨ੍ਹੇ ਕੀਤਾ ? ਤੇਰੇ ਹੱਥਾਂ ਦੇ ਗੁੜ-ਸ਼ੱਕਰ ਬਣਾਉਣ ਦੇ ਹੁਨਰ ਨੂੰ ਕਿੰਨੇ ਖੋਹਿਆ ? ਮੈਨੂੰ ਪਤਾ , ਤੂੰ ਇਹੇ ਕਹੇਂਗਾ ਝੱਟ ਦੇਣੀ-ਗੰਨਾ ਮਿੱਲ ਨੇ ਹੋਰ ਕਿੰਨ੍ਹੇ ! ਪਰ ਜੱਗੂ ਸਿਆਂ , ਇਹ ਪੂਰਾ ਸੱਚ ਨਈਂ । ਪੂਰੇ ਸੱਚ ‘ਚ ਜਥੇਦਾਰ ਸੰਸਾਰ ਸਿਉਂ ਵੱਧ ਸ਼ਾਮਲ ਐ , ਵੱਧ ਕਸੂਰਵਾਰ ਐ ।“
ਇਹ ਨਵੀਂ ਕਿਸਮ ਦੀ ਅੜਾਉਣੀ ਜੱਗੂ ਨੂੰ ਹੋਰ ਵੀ ਹੈਰਾਨ ਕਰਦੀ ਲੱਗੀ । ਉਸ ਦੀ ਸਵਾਲੀਆ ਨਿਸ਼ਾਨ ਬਣੀ ਨਿਗਾਹ ,ਗੱਜਣ ਫੌਜੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੋਖਣ ਲੱਗ ਪਈ ।
ਗੱਜਣ ਨੇ ਵੇਲਾ ਵਿਚਾਰ ਕੇ ਉਸ ਨੂੰ ਇਸ ਸਸ਼ੋਪੰਜ ‘ਚੋਂ ਫਿਰ ਬਾਹਰ ਕੱਢ ਲਿਆ , “ ਤੂੰ….ਤੂੰ ਐਂ ਕਰ ਭਾਅ…..ਚੱਲ ਹੁਣ ਤੂੰ ਅਪਣੀ ਡੀਟੀ ਤੇ । ਮੇਰਾ ਵੀ ਪੱਠੇ-ਦੱਥੇ ਦਾ ਵੇਲਾ ਆ । ਏਹ ਘੁੰਡੀ ਮੈਂ ਤੈਨੂੰ ਫੇਅਰ ਕਿਸਲੇ ਸਮਝਾਊਂ, ਖੁੱਲੇ ਟੈਮ ।“
ਡਿਕੋ-ਡੋਲੇ ਖਾਂਦਾ ਜੱਗੂ ਮੁੜ ਅਪਣੇ ਅੱਡੇ ‘ਤੇ ਸੀ । ਕੱਖ-ਪੱਤ ਨੜੇ-ਕਾਨੇ ਅਜੇ ਢੇਰੀ ਕਰਨੇ ਸਨ ਭੱਠੀਆਂ ਮੂਹਰੇ । ਥੋੜ੍ਹੇ ਬਹੁਤ ਹੱਥ-ਪੈਰ ਤਾਂ ਮਾਰ ਵੀ ਲਏ ਸਨ ਭੀਮੇ ਨੇ , ਪਰ ਉਸ ਦੀ ਭਾਰੀ ਹੋ ਗਈ ਦੇਹ , ਹੁਣ ਉਸ ਦਾ ਪੂਰਾ ਸਾਥ ਨਹੀਂ ਸੀ ਦਿੰਦੀ ।
ਸਾਹੋ-ਸਾਹ ਹੋਏ ਨੇ ਉਸ ਨੇ ਪੱਛੜ ਕੇ ਆਏ ਜੱਗੂ ਨੂੰ ਝੱਟ ਪੁੱਛ ਲਿਆ, “ਕੀ ਗੱਲ ਹੋ ਗਈ , ਐਨਾ ਕੁਵੇਲਾ ?”
“ਬੱਸ ਐਮੇਂ ਜ਼ਰਾ ! ਉਹ …ਉਹ ਕੀ ਨਾਂ ਲਈਦਾ ਫੌਜੀ ਆ ਨਾ ਅਪਣਾ ਗੱਜਣ …ਫੌਜੀ ਗੱਜਣ ਸਿਉਂ , ਉਹ ਟੱਕਰ ਗਿਆ ਸੀ ਰਾਹ ‘ਚ । “ ਜੱਗੂ ਨੇ ਇਸ ਵਾਰ ਫੌਜੀ ਨੂੰ ਗੱਜਣ ਕਹਿਣਾ ਮੁਨਾਸਿਬ ਨਹੀਂ ਸੀ ਸਮਝਿਆ । ਸਿੰਘ ਵੀ ਲਾਇਆ ਸੀ ਉਸ ਨਾਲ ਤੇ ਫੌਜੀ ਵੀ । ਸ਼ਾਇਦ ਪਹਿਲੀ ਵਾਰ ।
ਹੱਥਲਾ ਕੰਮ ਰੋਕਦਾ ਭੀਮਾ ਇਕਦਮ ਜਿਵੇਂ ਭੜਕ ਪਿਆ ਸੀ ,”ਦੇਖੀਂ ਕਿਤੇ ਉਦੀ ਚੁੰਗਲ ‘ਚ ਨਾ ਫਸ ਜਾਈਂ । ਭੁੱਖਾ ਮਰੇਂਗਾ , ਭੁੱਖਾ ।ਉਹਨੂੰ ਨਾ ਸਾਡਾ ਕੰਮ-ਧੰਦਾ ਪਸੰਦ ਆ, ਨਾ ਮਿੱਲ ਮਾਲਕਾਂ ਦਾ ਕਾਰ-ਵਿਹਾਰ । ਉਦੀ ਚੱਲੇ ਤਾਂ ਸਾਰਿਆਂ ਨੂੰ ਅੰਦਰ ਕਰਾ ਦਏ । ਪਰ ਖ਼ਰੀ ਗੱਲ ਏ ਆ ਕਿ ਉਦੀ ਸੁਣਦਾ ਕੋਈ ਨਈਂ , ਨਾ ਐਥੋ ਨਾ ਉਪਰ । ਜੇ ਕੋਈ ਸੁਣਦਾ ਵੀ ਆ ਤਾਂ ਖਾਨਾ –ਪੂਰਤੀ ਵਜੋਂ । ਅਗਲੇ ਇੱਕ ਕੰਨੋਂ ਸੁਣਕੇ ,ਦੂਜੇ ਕੰਨੋਂ ਓਸਲੇ ਈ ਬਾਹਰ ਕੱਢ ਸੁੱਟਦੇ ਆ । ਹਾਰ ਕੇ ਵਿਚਾਰਾ ਪਰਤ ਆਉਂਦਾ ਬਰੰਗ ….।“
ਪਿੰਡੋ ਰਵਾਂ-ਰਵੀ ਤੁਰਿਆ ਆਇਆ ਜੱਗੂ ਹੁਣ ਭੀਮੇ ਦੇ ਪ੍ਰਭਾਵ ਹੇਠ ਸੀ । ਅਗਲੇ ਹੀ ਪਲ ਉਸ ਤੋਂ ਗੱਜਣ ਫੌਜੀ ਦੀ ਚੁੰਗਲੀ ਵੀ ਕਰ ਹੋ ਗਈ , “ ਤੂੰ ਸੱਚ ਕਹਿਨਾਂ ਭੀਮ ਸੀਆਂ । ਸਾਰੇ ਪਿੰਡ ਨੂੰ ਚਾਅ ਚੜਿਆ ਪਿਆ ਪਰਸੋਂ ਚੌਥ ਤੋਂ । ਜਿੱਦਣ ਦਾ ਨੀਂਹ ਪੱਥਰ ਰੱਖ ਹੋਇਆ ਪੁਲ ਦਾ । ਪਰ ਏਹ ਫੌਜੀ , ਸਰਦਾਰ ਗੱਜਣ ਸੂੰਹ ਓਦਣ ਦਾ ਈ ਓਦਰਿਆ ਫਿਰਦਾ । ਇੰਨੂੰ ਭਲਾ ਦੰਦੀ ਵੱਢਦਾ ਪੁਲ ! ਮਸਾਂ ਕਿਸਤੇ ਬਨਣ ਲੱਗਾ । ਨਹੀਂ ਪਹਿਲੋਂ ਤਾਂ …ਪਹਿਲੋਂ ਤਾਂ ਸਾਲੇ ਜੋਕਰ ਜਏ ਨੇ ਸ਼ਕਲ ਤੱਕ ਨਈਂ ਦਿਖਾਈ ਮੁੜ ਕੇ । ਤਿੰਨ ਸਾਲ ਹੋ ਗੇ ……..। ਓਦੋਂ ਮਾਂ-ਚੋ ਕਿਲ੍ਹਦਾ ਸਾਹ ਨਈਂ ਸੀ ਲੈਂਦਾ । ਅਖੇ ਇਤਨਾ ਕੁ ਖ਼ਰਚ ਤਾਂ ਹੱਮ ਪੱਲਿਓਂ ਕਰ ਦੂੰ । ਗੱਲਈ ਕੋਈ ਨੀ ….।“ ਜੱਗੂ ਅੰਦਰ ਜਮਾਂ ਹੋਏ ਨਫ਼ਰਤੀ ਭਾਵ ਹੋਰ ਵੀ ਤਲ਼ਖ ਹੁੰਦੇ ਗਏ , “ ਗੱਪ ਵੀ ਏਹ ਲੋਕ ਐਹੀ ਜੇਹੀ ਮਾਰਦੇ ਆ ਕਿ ‘ਸਮਾਨ ਈ ਢੂਈ ਫੇਂਹ ਦਿੰਦੇ ਆ । ਗਪੌੜੀ ਸਾਲੇ , ਚੋਰ ਕਿਸੇ ਥਾਂ ਦੇ ….।“
“ਚੱਲ ਛੱਡ ਕਰ ਤੂੰ ਉਹਨੂੰ ….ਤੂੰ ਕਾਹਨੂੰ ਖੂਨ ਸਾੜੀ ਜਾਨਾਂ । ਤੂੰ…ਤੂੰ ਹੁਣ ਦੀ ਸੋਚ । ਹੁਣ ਤਾਂ ਸਮਝ ਪੁਲ ਬਣਿਆ ਈ ਲੈ । ਫੇਰ ਦੇਖੀਂ ਅਪਣਾ ਕਾਰੋਬਾਰ ਕਿੱਦਾਂ ਚਮਕਦਾ ! ਇਕ ਗੱਲ ਹੋਰ, ਦੱਸੀਂ ਨਾ ਕਿਸੇ ਨੂੰ –ਦੇਸੀ ਦੇ ਨਾਲ-ਨਾਲ ਹੁਣ ਮਿੱਲ ਆਲਿਆਂ ਨੂੰ ਗਰੇਜ਼ੀ ਬਣਾਉਣ ਦੀ ‘ਜਾਜ਼ਤ ਵੀ ਮਿਲ ਗਈ  ਆ ।ਹੁਣ ਸਾਡੇ ਮਾਲ ਦੀ ਖ਼ਪਤ ਹੋਰ ਵੀ ਵੱਧ ਜੂ ।ਫੇਰ ਦੇਖੀਂ ਲਹਿਰਾਂ-ਬਹਿਰਾਂ ਲੱਗਦੀਆਂ । ਤੇਰੇ ਘਰ ਵੀ ,ਮੇਰੇ ਵੀ । “ ਮੰਡ ‘ਚ ਆ ਪੁੱਜਾ ਜੱਗੂ ਫਿਰ ਤੋਂ ਖੁਸ਼-ਪ੍ਰਸੰਨ ਸੀ ,ਓਪਰਾ –ਓਪਰਾ ਨਹੀਂ , ਐਨ ਧੁਰ ਅੰਦਰੋਂ । ਸਾਰੇ ਪਿੰਡ ਵਾਂਗ ।
ਅਗਲੇ ਦਿਨ ਦੁਪਹਿਰ ਕੁ ਵੇਲੇ ਉਸ ਦਾ ਮੂੰਹ-ਮੱਥਾ ਹੋਰ ਵੀ ਚਮਕ਼ ਉੱਠਿਆ । ਹੁਣ ਤੱਕ ਅੰਦਰੋਂ-ਅੰਦਰ ਪੱਸਰੀ ਰਹੀ ਟਿਕਵੀਂ ਜਿਹੀ ਪ੍ਰਸੰਨਤਾ ਉਸ ਦੇ ਮੂੰਹ-ਚਿਹਰੇ ਸਮੇਤ ਸਾਰੇ ਤਨ-ਬਦਨ ‘ਤੇ ਵੀ ਟੱਪਕਣ ਲੱਗ ਪਈ ।
ਖ਼ਬਰ ਹੀ ਐਹੋ ਜਿਹੀ ਆ ਦੱਸੀ ਸੀ ਭੀਮੇ ਨੇ ਉਸ ਨੂੰ ।
ਤਿਆਰ ਹੋਇਆ ਮਾਲ ਜੀਪ ਤੱਕ ਅੱਪੜਦਾ ਕਰਕੇ ਮੁੜਿਆ ਭੀਮਾ ਕਾਫੀ ਸਾਰਾ ਉਦਾਸ ਜਿਹਾ ਲੱਗਾ ਸੀ ਉਸ ਨੂੰ ,”ਕੀ ਗੱਲ ਹੋਈ ਭਾਅ, ਬੜਾ ਡੋਲਿਆ ਫਿਰਦਾਂ …?ਸੁੱਖ ਤਾਂ ਹੈ ….!”
“ ਸੁੱਖ ਨੂੰ ਤਾਂ ਸੁੱਖ ਈ ਆ …..! ਸੁਣਿਆ ਜ਼ੈਲਦਾਰ ਚਲਾਣਾ ਕਰ ਗਿਆ , ਕੱਲ੍ਹ ਖੋ-ਪੀਏ ਜਿਹੇ । ਏਹ ਗੱਲ ਤੋਖੀ ਨੇ ਦੱਸੀ ਆ ਮੈਨੂੰ । ਡੰਗਰ ਲਈ ਆਉਂਦਾ ਸੀ ਉਹ , ਵੱਢਾਂ ਅਲ ਨੂੰ । “
ਭੀਮੇ ਤੋਂ ਮਿਲੀ ਸੂਚਨਾ ,ਜੱਗੂ ਨੂੰ ਇਕਦਮ ਜਿਵੇਂ ਸਰਸ਼ਾਰ ਕਰ ਗਈ । ਅੰਦਰੋਂ-ਅੰਦਰ ਜਰਬ ਹੋਇਆ  ਖ਼ਮਾਰ ਝੱਟ ਕਾਟਵੇਂ ਜਿਹੇ ਸ਼ਬਦਾਂ ‘ਚ ਬਦਲ ਗਿਆ ,” ਖ਼ਰਾ ਹੋਇਆ ,ਗਲੋਂ ਲੱਥਾ ਭੈਣ ਚੋ ….ਲੇਜ਼ ਕਿਸੇ ਥਾਂ ਦੀ ….।“ ਪਰ ਭੀਮੇ ਦਾ ਲੰਮਕਿਆ ਚਿਹਰਾ ਦੇਖ ਕੇ ਉਸ ਨੇ ਅੰਦਰਲੇ ਭਾਵ ਬਾਹਰ ਨਾ ਆਉਣ ਦਿੱਤੇ । ਉਹ ਕੂਇਆ-ਬੋਲਿਆ ਕੁਝ ਨਾ । ਸਗੋਂ ਉਸ ਵਰਗੀ ਉਦਾਸੀ ਮੂੰਹ-ਚਿਹਰੇ ‘ਤੇ ਪੱਸਰਦੀ ਕਰਕੇ ਉਸ ਤੋਂ ਹੋਰ ਵੱਧ ਜਾਣਕਾਰੀ ਲੈਣੀ ਚਾਹੀ , “ ਹੁਣ …ਹੁਣ ਕੀ ਹੋ ਗਿਆ  ਉਹਨੂੰ ,ਕੱਲ੍ਹ ਸਵੇਰੇ ਤਾਂ ਸੁਣਿਆ ਖਰਾ-ਭਲਾ ਸੀ । “
ਤੋਖੀ ਦੱਸਦਾ ਸੀ , “ ਕੱਲ੍ਹ ਤਕਾਲੀਂ ਫੇਅਰ ਉਹਨੂੰ ਉਹੋ ਦੌਰਾ ਪਿਆ ਦਿਲ ਦਾ , ਪਹਿਲੋਂ ਆਲਾ । ਇਸ ਵਾਰ ਸਾਂਭਿਆ ਨੀ ਗਿਆ ਡਾਕਦਰਾਂ ਤੋਂ । “ ਮੰਜੀ ਤੇ ਡਿੱਗਣ ਵਾਂਗ ਜਾ ਬੈਠੇ ਭੀਮੇ ਤੋਂ ਐਨੇ ਕੁ ਸ਼ਬਦ ਮਸਾਂ ਬੋਲੇ ਗਏ ।
“ਓਹ ਹੋਅ, ਗੱਲ ਤਾਂ ਮਾੜੀ ਹੋਈ ਆ ਬਈ ….। ਪਰ , ਚਲੋ ਖੈਰ ! ਏਹ ਸੰਸਾਰ ਈ ਐਸਾ । ਚਲੋ-ਚਲੀ ਦਾ ਮੇਲਾ ਆ ਏਹ । ਕੋਈ ਆਈ ਜਾਂਦਾ , ਕੋਈ ਤੁਰੀ ਜਾਂਦਾ ….। ਏਸ ਭੱਜ-ਦੌੜ ‘ਚ ਹੁਣ ਅਪਣੇ ਆਲੇ ਸੰਸਾਰ ਸੂੰਹ ਦੀ ਵਾਰੀ ਲੱਗ ਗੀ ।“ ਜੱਗੂ ਅੰਦਰਲੀ ਪ੍ਰਸੰਨਤਾ ਵਾਹ ਲੱਗਦੀ ਨੂੰ ਅਫ਼ਸੋਸੀ ਸੁਰ ਅਪਣਾਉਣ ਦੇ ਯਤਨ ਕਰਦੀ ਰਿਹੀ , “ ਦੇਖ ਲਾਅ ਭਾਅ …ਹੋਣੀ ਬੜੀ ਬਲਵਾਨ ਆ । ਖਿੱਚ ਲਿਆਈ ਨਾ ਅਪਣੇ ਘਰ ਅੰਤਲੇ ਵੇਲੇ । ਅਪਣੀ ਮਿੱਟੀ ‘ਚ । ਏਨੂੰ ਕਹਿੰਦੇ ਆ ਕੁੱਜਰਤ । “
ਅਪਣੇ ਆਪ ‘ਚ ਖੁੱਭੇ ਭੀਮੇ ਨੇ ਜ਼ਰਾ ਕੁ ਅੱਖ ਚੁੱਕ  ਕੇ ਜੱਗੂ ਵੱਲ ਦੇਖਿਆ । ਉਹਨੇ ਸ਼ਾਇਦ ਜੱਗੂ ਨੂੰ ਪਹਿਲੀ ਵਾਰ ਇਵੇਂ ਦੀ ਟਿਕਵੀਂ ਬਾਤ-ਚੀਤ ਕਰਦਿਆਂ ਸੁਣਿਆ ਸੀ , ਪਰ ਉਸ ਨੂੰ ਕੰਮ ‘ਚ ਰੁਝਾ ਦੇਖ ਕੇ ਭੀਮੇ ਨੇ ਕੋਈ ਹੁੰਗਾਰਾ ਨਾ ਭਰਿਆ ।
ਆਪ ਮੁੜ ਅਪਣੇ ਅੰਦਰਲੇ ਸੰਵਾਦ ਨਾਲ ਜੁੜ ਗਿਆ।
ਜ਼ੈਲਦਾਰ ਉਸ ਲਈ ਜਿਵੇਂ ਰੱਬ ਬਣ ਕੇ ਬਹੁੜਿਆ ਸੀ । ਉਸ ਦੀ ਇਕੱਲੀ-ਇਕਹਿਰੀ ਭੱਠੀ ਇਕ ਤਰ੍ਹਾਂ ਦੇ ਵੱਡੇ ਕਾਰੋਬਾਰ ‘ਚ ਬਦਲ ਗਈ ਸੀ , ਗੰਨਾ ਮਿੱਲ ਲੱਗਣ ‘ਤੇ । ਹੁਣ ਉਸ ਨੂੰ ਗੁੜ-ਰਾਬ ਲੱਭਣ-ਖਰੀਦਣ ਦੀ ਲੋੜ ਨਹੀਂ ਸੀ ਪੈਂਦੀ । ਮਣਾਂ ਮੂਹੀਂ ਚਾਸ਼ਣੀ ਉਸ ਨੂੰ ਤਿਆਰ –ਬਰ –ਤਿਆਰ ਹੋਈ ਮਿਲਦੀ ਸੀ ,ਸੀਰਾ-ਡਰੰਮਾਂ ‘ਚ ਭਰੀ । ਉਸ ਦਾ ਕੰਮ ਹੁੰਦਾ ਸੀ ,ਇਸ ਦਾ ਅਰਕ ਕੱਢਣਾ । ਅਰਕ ਕੱਢ ਕੇ ਮਿੱਲ ਮਾਲਕਾਂ ਦੀ ਲੀਕਰ ਯੂਨਿਟ ਦੇ ਹਵਾਲੇ ਕਰਨਾ ।
ਸੀਰਾ ਡਰੰਮਾਂ ‘ਚ ਭਰਕੇ ।
ਬਾਕੀ ਦਾ ਕੰਮ ਉਹ ਜਾਨਣ ਜਾਂ ਜ਼ੈਲਦਾਰ ਸੰਸਾਰ ਸੂਹ ।
ਰਾਤ ਅੱਧੀਉਂ ਵੱਧ ਬੀਤ ਗਈ ਸੀ । ਕਿਧਰੇ ਦਿਨ ਛਿਪੇ ਦਾ ਲੱਗਾ ਕਨੰਸਤਰ ਅਜੇ ਤੱਕ ਭਰਨ ਵਿੱਚ ਨਹੀਂ ਸੀ ਆਇਆ । ਚਾੜ੍ਹੀ ਭੱਠੀ ਨੂੰ ਮਿਲਦਾ ਝੋਕਾ ਕਦੀ ਬੁਝੂ-ਬੁਝੂ ਕਰਨ ਲੱਗਦਾ , ਕਦੀ ਲਾਂਬੂ ਵਾਂਗ ਭੜਕ ਉਠਦਾ।
“ ਕੀ ਗੱਲ ਜਾਗਰ ਸਿਆਂ, ਬੜਾ ਮੱਠਾ ਚੱਲਦਾਂ ?” ਥੋੜ੍ਹੀ ਕੁ ਹਟਵੀਂ ਡਿੱਠੀ ਮੰਜੀ ਤੋਂ ਉਠਦੇ ਭੀਮੇ ਨੇ ਜਿਵੇਂ ਉਸ ਨੂੰ ਸੁਰਤ ਸਿਰ ਕੀਤ ਹੋਵੇ !,” ਐਂ ਤਾਂ ਆਪ਼ਂ ਕੱਲ੍ਹ ਤਪੈਰ ਤਾਈਂ ਫਸੇ ਰਹਾਂਗੇ ….। ਦਿਨ ਵੇਲੇ ਦਾ ਕੰਮ ਤੈਨੂੰ ਪਤਾ ਈ ਆ, ਕਿੰਨਾ ਖ਼ਤਰਨਾਕ ਹੁੰਦਾ ! ਸਿੱਧੀ ਅਕਸੈਜ ਆਲਿਆਂ ਨੂੰ ਵਾਜਾਂ ਮਾਰਨ ਆਲੀ ਗੱਲ ….। “
ਜੱਗੂ ਨੇ ਸੱਚ-ਮੁੱਚ ਹੀ ਜਿਵੇਂ ਕੋਈ ਭੁੱਲ ਕਰ ਲਈ ਸੀ । ਉਸ ਦੀ ਅਵੇਸਲੀ ਹੋਈ ਝੋਕੀ ਮੁੜ ਮੋਂ ਰਫ਼ਤਾਰ ਫੜ ਗਈ ।
ਇਹ ਰਫ਼ਤਾਰ ਉਸ ਨੇ ਚੁੱਭਾ ਝੋਕਦਿਆਂ ਵੀ ਫੜੀ ਰੱਖੀ ਸੀ ਕਈ ਵਰ੍ਹੇ । ਉਸ ਨੂੰ ਪਿੰਡ ਖੁੱਲ੍ਹੇ ਚੌਥੀ ਤੱਕ ਦੇ ਸਕੂਲ ਜਾਣਾ ਵੀ ਨਸੀਬ ਨਹੀਂ ਸੀ ਹੋਇਆ । ਬਿਜਾਈ ਤੋਂ ਲੇ ਕੇ ਗੰਨੇ ਦੀ ਪਿੜਾਈ ਤੱਕ ਤੋਂ ਜਾਣੂ ਹੋਏ ਜੱਗੂ ਦੀ ਕਾੜ੍ਹਣ-ਝੋਕਣ ਦੀ ਮੁਹਾਰਤ ਪਿਓ ਨਾਲੋਂ ਵੀ ਵੱਧ ਬਣਦੀ ਗਈ । ਚੋਂਹ-ਪੰਜਾਂ ਪਹਿਰਾਂ ‘ਚ ਦਸ-ਬਾਰਾਂ ਪੱਤਾਂ ਦਾ ਏੜ-ਗੇੜ ਦੋਨਾਂ ਪਿਓ –ਪੁੱਤਰਾਂ ਦਾ ਜਿਵੇਂ ਖੱਬੇ ਹੱਥ ਦਾ ਖੇਲ ਬਣਿਆ ਰਿਹਾ ।
ਪਰ ,ਉਹਨਾਂ ਦੇ ਐਨ ਗੋਰੇ ਆ ਲੱਗੀ ਗੰਨਾ ਮਿੱਲ ਨੇ ਉਹਨਾਂ ਸਮੇਤ ਕਈਆਂ ਦੀ ਰੋਜ਼ੀ-ਰੋਟੀ ਨੂੰ ਇੱਕ ਵੱਡਿਉਂ ਨਿਗਲ ਲਿਆ। ਜ਼ੈਲਦਾਰ ਦੇ ਕਾਮੇ-ਕਰਿੰਦੇ ਹੁਣ ਸਾਰੀ ਪੈਲੀ ਆਪ ਸਾਂਭਦੇ , ਆਪ ਬੀਜਦੇ , ਆਪ ਢੋਆ –ਢੁਆਈ ਕਰਦੇ ਸਨ ਅਪਣੇ ਟਰੱਕਾਂ-ਟਰੈਕਟਰਾਂ ‘ਤੇ । ਪ੍ਰਤਾਪੇ ਸਮੇਤ ਕਰੀਬ ਸਾਰੇ ਵਾਹੀਕਾਰਾਂ ਦੀ ਭੂਮਿਕਾ ਹੁਣ  ਅਗੇਤੀਆਂ-ਪਿਛੇਤੀਆਂ ਗੰਨਾ ਫਸਲਾਂ ਦੇ ਵਾਢਿਆਂ-ਛੇਲਿਆਂ ਤੋਂ ਵੱਧ ਕੁਝ ਵੀ ਨਹੀਂ ਸੀ ਰਹੀ । ਚਾਨਚੱਕ ਆ ਪਈ ਇਸ ਸੱਟ ਨੇ ਬੇ-ਹਿੱਸ ਹੋਏ ਪ੍ਰਤਾਪੇ ਨੂੰ ਜਿਵੇਂ ਮੂਲੋਂ ਢਹਿ-ਢੇਰੀ ਕਰ ਮਾਰਿਆ । ਇੱਕ ਰਾਤ ਉਹ ਭਲਾ-ਚੰਗਾ ਸੁੱਤਾ ਸਵੇਰੇ ਉਠਿਆ ਹੀ  ਨਾ । ਉਸ ਦੇ ਗਲੀ-ਗਆਂਡ ਨੇ ਉਸ ਦੀ ਇਵੇਂ ਦੀ ਮੌਤ ‘ਤੇ ਕਈ ਤਰ੍ਹਾਂ ਦੀਆਂ ਅਟਕਲ੍ਹਾਂ ਲਾਈਆਂ । ਕੋਈ ਇਸ ਨੂੰ ਪੱਕੇ –ਪੀਰ ਦੀ ਕਰਾਮਾਤ ਆਖੀ ਗਿਆ , ਕੋਈ ਨਾਂਗੇ ਸਾਧ ਦੀ ਚਲਾਈ ਮੁੱਠ । ਸਭ ਦੇ ਆਪੋ-ਆਪਣੇ ਕਿਆਫੇ ਸਨ , ਆਪੋ ਅਪਣੀ ਬੋਲੀ । ਪਰ ਜੱਗੂ ਨੇ ਕਿਸੇ ਵੱਲ ਵੀ ਧਿਆਨ ਨਹੀਂ ਸੀ ਦਿੱਤਾ । ਉਸ ਦੀ ਸੁਰਤੀ-ਬਿਰਤੀ ਜਾਂ ਤਾਂ ਘਰ ਦਾ ਚੁੱਲ੍ਹਾ-ਚੌਂਕਾ ਮਘ੍ਹਾਈ ਰੱਖਣ ਦੁਆਲੇ ਸਿਮਟ ਗਈ ਸੀ ਜਾਂ ਉਸ ਦੇ ਬਰਾਬਰ ਨੂੰ ਆ ਢੁਕੀ ਛੋਟੀ ਭੈਣ ਪੂਜਾ ਦਾ ਘਰ-ਬਾਰ ਦੁਬਾਰਾ ਵੱਸਦਾ ਕਰਨ ਦੁਆਲੇ । ਪੂਜਾ ਦਾ ਕਿਸੇ ਵੱਡੇ ਸ਼ਹਿਰ ਹੋਇਆ ਵਿਆਹ , ਉਸ ਨੂੰ ਬਿਲਕੁਲ ਰਾਸ ਨਹੀਂ ਸੀ ਆਇਆ । ਜ਼ੈਲਦਾਰਾਂ ਦੀ ਕਿਸੇ ਕੋਠੀ ਦੀ ਗੇਟ-ਕੀਪਰੀ ਕਰਦਾ ਉਸ  ਦਾ ਸੰਨਕੀ ਜਿਹਾ ਪਤੀ ਉਸ ਦੇ ਖੁੱਲ੍ਹੇ-ਖਲਾਸੇ ਸੁਭਾਅ ਦੇ ਹਾਣ ਦਾ ਨਹੀਂ ਸੀ ਬਣ ਸਕਿਆ ।
ਕਾਰਆਮਦ ਬੰਦਾ ਜਾਚ ਕੇ ਜੱਗੂ ਦੀ ਡਾਵਾਂਡੋਲ ਹੋਈ ਬਾਂਹ , ਠੇਕੇਦਾਰ ਭੀਮ ਸਿੰਘ ਨੇ ਅਗਲੇ ਹੀ ਦਿਨਾ ਆ ਫੜੀ ਸੀ । ਪਰ …ਪਰ ਅੱਜ ਉਸ ਦੇ ਉਸ ਕਾਰਆਮਦ ਬੰਦੇ ਤੋਂ ਅੱਧੀ ਰਾਤ ਲੰਘ ਤੱਕ ਵੀ ਕੱਖ –ਪੱਤ ਟਿਕਵੀਂ ਤਰ੍ਹਾਂ ਨਹੀਂ ਸੀ ਦਿੱਤਾ ਗਿਆ ਲਾਅਣ ਭੱਠੀ ਨੂੰ ।
“ਜਾਗਰ ਸਿਆਂ ਐਨਾ ਮੱਠਾ ਤਾਂ ਤੂੰ ਕਦੀ ਵਗਿਆ ਨਈਂ ,ਅੱਜ ਕੀ ਗੱਲ ਹੋਗੀ …” ਲਾਗੇ ਡਿੱਠੀ ਮੰਜੀ ਤੋਂ ਉੱਠ ਕੇ ਆਏ ਭੀਮੇ ਨੇ ਉਸ ਨੂੰ ਚੁਸਤ-ਦਰੁੱਸਤ ਤਾਂ ਕਰ ਲਿਆ, ਪਰ ਉਸ ਦੀ ਢਿੱਲ-ਮੱਠ ਦੀ ਸਮਝ ਬਿਲਕੁਲ ਨਹੀਂ ਸੀ ਲੱਗੀ ਭੀਮੇ ਨੂੰ ।
ਖੜ੍ਹੇ-ਖੜ੍ਹੋਤੇ ਦੇ ਉਸ ਦੇ ਕੰਨਾਂ ‘ਚ ਜੱਗੂ ਦੇ ਤਰਤੀਬ ਸਿਰ ਹੋਏ ਹੋਰੂੰ-ਹੋਰੂੰ ਜਿਹੇ ਥੋੜ੍ਹੇ ਕੁ ਜਿੰਨੇ ਬੋਲ ਹੋਰ ਆ ਟਕਰਾਏ ,”ਭਾਅ ਏਅ ਦਿਲ-ਦੁਲ ਕੀ ਹੁੰਦਆ ? ਏਹ ਜ਼ੈਲਦਾਰਾਂ ਅਲ ਈ ਹੁੰਦਆ ਕਿ ਅਪਣੀ ਅਲਾਂ ਵੀ । ਏਹਨੂੰ ਦੌਰੇ –ਦੂਰੇ ਕਾਤੋਂ ਪੈਂਦੇ ਆ ?”
ਭੀਮੇ ਨੂੰ ਉਸ ਪਾਸੋਂ ਐਹੋ ਜਿਹੀ ਗਹਿਰ-ਗੰਭੀਰ ਪੁੱਛ ਦੀ ਕਦਾਚਿਤ ਵੀ ਆਸ ਨਹੀਂ ਸੀ । ਨਾ ਹੀ ਉਸ ਨੂੰ ਆਪ ਨੂੰ ਦਿਲ ਦੀ ਹੋਂਦ-ਬਣਤਰ ਦੇ ਕਾਰਨਾਂ ਦੀ ਕੋਈ ਜਾਣਕਾਰੀ ਹੈਗੀ ਸੀ । ਜਿੰਨਾ ਕੁ ਉਸ ਨੂੰ ਪਤਾ ਸੀ , ਓਨਾ ਕੁ ਉਸ ਨੇ ਜੱਗੂ ਵੱਲ ਨੂੰ ਝੱਟ-ਪੱਟ ਰੇੜ੍ਹ ਦਿੱਤਾ , “ ਹੁੰਦਆ …ਹੁੰਦਾ ਕਿਉਂ ਨਈਂ । ਏਹ ਸਾਰਿਆਂ ‘ਚ ਈ ਹੁੰਦਾ । ਤੇਰੇ ਮੇਰੇ ਸਮੇਤ ਸਾਰੇ ਬੰਦਿਆਂ ‘ਚ ਹੁੰਦਾ ।  ਜਾਣੇ ਬਾਪੂ ਤੇਰੇ ਨੂੰ ਵੀ ਏਸੇ ਦੀ ਕੋਈ ਐਹੀ-ਜੇਹੀ ਔਹਰ ਲੈ ਬੈਠੀ ਹੋਵੇ । “
ਥੋੜ੍ਹਾ ਕੁ ਰੁਕ ਕੇ ਉਸ ਨੇ ਫਿਰ ਜਿਵੇਂ ਜੱਗੂ ਨੂੰ ਚਿਤਾਰਨ ਵਾਂਗ ਕਿਹਾ ਸੀ , “ਚੱਲ ਤੈਂ ਕੀ ਲੈਣਾ ਐਹੋ ਜਿਹੀਆਂ ਨਿਕੰਮੀਆਂ ਗੱਲਾਂ ਤੋਂ । ਤੂੰ …ਤੂੰ ਅਪਣਾ ਕੰਮ ਕਰੀ ਚੱਲ ਫੁਰਤੀ ‘ਨਾ । ਟੈਮ ‘ਨਾ ਵਿਹਲੇ ਹੋਈਏ । “
ਟੈਮ ਨਾਲ ਵਿਹਲਾ ਹੋਇਆ ਜੱਗੂ ਅਗਲੇ ਦਿਨ ਛਾਹ ਕੁ ਵੇਲੇ ਅਪਣੇ ਘਰ ਆ ਪੁੱਜਾ । ਉਸ ਨੂੰ ਤੁਰੇ ਆਉਂਦੇ ਨੂੰ , ਗਲੀ-ਗੁਆਂਡ ‘ਚੋਂ ਲੰਘਦੇ ਨੂੰ , ਕਿਸੇ ਮੂੰਹ-ਚਿਹਰੇ ਤੇ ਜ਼ੈਲਦਾਰ ਦੇ ਮਰ-ਮੁੱਕ ਜਾਣ ਦੀ ਚਿੰਤਾ ਨਜ਼ਰੀਂ ਨਹੀਂ ਸੀ ਪਈ । ਸਭ ਆਪੋ-ਆਪਣੇ ਕੰਮੀ-ਕਾਰੀਂ ਰੁੱਝੇ , ਪੁਲ ਦਾ ਨੀਂਹ ਪੱਥਰ ਰੱਖੇ ਜਾਣ ਦਾ ਚਾਅ-ਖੁਮਾਰ ਅਜੇ ਤੱਕ ਨਾਲ-ਨਾਲ ਲਈ ਫਿਰਦੇ ਸਨ ।
ਥੋੜ੍ਹੇ ਕੁ ਦਿਨੀਂ ਉਹਨਾਂ ਦਾ ਇਹ ਚਾਅ-ਖੁਮਾਰ ਕਈ ਗੁਣਾਂ  ਜ਼ਰਬ ਖਾ ਗਿਆ । ਜ਼ੈਲਦਾਰਾਂ ਦੀ ਹਵੇਲੀ ਜੁੜਿਆ ਕੱਠ-ਵੱਠ ਇਕ ਤਰ੍ਹਾਂ ਨਾਲ ਅਚੰਭਾ ਸੀ ਉਹਨਾਂ ਲਈ । ਕਿੱਲਾ ਭਰ ਥਾਂ ‘ਚ ਤੰਬੂ-ਕਨਾਤਾਂ, ਗਹਿ-ਗੱਚ ਰੌਣਕ ਮੇਲਾ,ਸ਼ਬਦ-ਕੀਤਰਨ, ਰਾਗੀ-ਢਾਡੀ,ਨੇਤਾ-ਵਕਤਾ,ਰੰਗ-ਬਰੰਗੇ ਭਾਸ਼ਣਕਾਰ,ਭਾਂਤ-ਸਭਾਂਤੀ ਖਾਣਾ-ਦਾਣਾ , ਦਾਲਾਂ-ਸਬਜ਼ੀਆਂ ,ਫੁਲਕੇ-ਪੂੜੀਆਂ,ਕੜਾਹ ਜਲੇਬੀਆਂ ,ਰਸ-ਮਲਾਈਆਂ ,ਕੁਲਫੀਆਂ,ਠੰਡੇ-ਤੱਤੇ । ਸਾਰਾ ਪਿੰਡ ਨਿਹਾਲੋ-ਨਿਹਾਲ ਹੋਇਆ ਲੱਗਾ ਸੀ ਜੱਗੂ ਨੂੰ ਉਸ ਦਿਨ ।
ਉਸ ਦਿਨ ਘਰ ਵੱਲ ਨੂੰ ਮੁੜਦੇ , ਹਲਕਾ-ਹਲਕਾ ਹੱਸਦੇ ਜੱਗੂ ਤੋਂ ਫਿਰ ਕਹਿ ਹੋ ਗਿਆ ਸੀ ਕਈਆਂ ਨੂੰ , “ ਮੈਂ ਤਾਂ ਕਹਿਨਾ , ਏਨਾ ਜ਼ੈਲਦਾਰਾਂ ਦੇ ਸਾਰੇ ਜੀਅ ਐਥੇ ਆ ਕੇ ਈ ਮਰਿਆ ਕਰਨ । ਬੜੀਆਂ ਮੌਜ਼ਾ ਲੱਗਦੀਆਂ ਖਾਣ-ਪੀਣ ਦੀਆਂ ….।“
ਇਸ ਵਾਰ ਕਿਸੇ ਨੂੰ ਵੀ ਉਸ ਦੀ ਆਖ ਬੁਰੀ ਨਹੀਂ ਸੀ ਲੱਗੀ । ਸ਼ਾਇਦ ਉਸ ਵਾਂਗ ਸਾਰੇ ਹੀ ਖੁਸ਼-ਪ੍ਰਸੰਨ ਸਨ ਅੰਦਰੋਂ –ਅੰਦਰੀ ।
ਪਰ ਅਗਲੇ ਹੀ ਦਿਨ ਛਾਹ ਕੁ ਵੇਲੇ ਸਾਰਾ ਪਿੰਡ ਜਿਵੇਂ ਸੋਗੀ ਖੂਹ ‘ਚ ਡੁੱਬਦਾ ਹੋ ਗਿਆ । ਖ਼ਬਰ ਹੀ ਐਹੋ ਜਿਹੀ ਪੁੱਜੀ ਸੀ ਸਾਰੇ ਘਰੀਂ । ਨਾ ਕਦੀ ਅੱਗੇ ਨਾ ਪਿੱਛੇ । ਪੀੜੀਆਂ ਲੰਘ ਗਈਆਂ ਸਨ ,ਹਰ ਕਿਸੇ ਨੂੰ ਛੰਬ ‘ਚ ਆਉਂਦਿਆਂ-ਘੁੰਮਦਿਆਂ , ਡੰਗਰ ਚਾਰਦਿਆਂ । ਉਛਲਿਆ ਦਰਿਆ ਕਦੀ ਉਹਨਾਂ ਦੇ ਘਰਾਂ ਨੂੰ ਆ ਜੁੜਦਾ ਰਿਹਾ ,ਕਦੀ ਸਿਮਟ ਕੇ ਕੂਲ ਜਿਹੀ ਬਣਦਾ ਰਿਹਾ । ਛੰਭਾਂ-ਪਾਣੀਆਂ ਅੰਦਰਲੇ ਅਨੇਕਾਂ ਜੀਵ-ਜੰਤੂਆਂ ਦਿਸਦੇ –ਟੱਕਰਦੇ ਰਹੇ ਸਨ ਉਹਨਾਂ ਨੂੰ । ਸੱਪ-ਸਰਾਲਾਂ,ਵਿਛੂਏ ਤੇਂਦੁਏ ।ਵਿੱਚ-ਵਾਰ ਬਾਘ-ਬਘੇਲੇ ਤੱਕ ਦੇ ਜੰਗਲੀ ਜਾਨਵਰ ਵੀ । ਝਾੜਾਂ,ਬੂਝਿਆਂ ‘ਚ ਲੁਕੇ ਜਾਂ ਬਾਸਮਤੀ-ਵੱਢਾਂ ‘ਚ ਘੁੰਮਦੇ । ਪਰ ਸੰਸਾਰ , ਖ਼ਤਰਨਾਕ ਸਮੁੰਦਰੀ ਜੀਵ , ਸਾਲਮ ਸਬੂਤੇ ਬੰਦੇ ਨੂੰ , ਛੋਟੇ- ਮੋਟੇ ਡੰਗਰ-ਪਸ਼ੂ ਨੂੰ ਇਕੋ ਝਪੱਟੇ ਨਿਗਲ ਜਾਣ ਵਾਲਾ ਰਾਕਸ਼ ਉਹਨਾਂ ਕਦੀ ਨਹੀਂ ਸੀ ਦੇਖਿਆ-ਸੁਣਿਆ । ਖ਼ਬਰ ਦਿੱਤੀ ਵੀ ਗੱਜਣ ਫੌਜੀ ਨੇ ਸੀ , ਕਿਸੇ ਐਰ-ਗੈਰ ਨੇ ਨਹੀਂ । ਸੱਚ ਇਹ ਜਾਪਦੀ ਨਹੀਂ ਸੀ , ਝੂਠ ਇਹ ਹੋ ਨਹੀਂ ਸੀ ਸਕਦੀ । ਉਸ ਨੇ ਪੱਕੀ ਸ਼ਾਹਦੀ ਭਰੀ ਸੀ ਕਿ , “ ਵੱਡੀ ਢਾਅਬ ਵੱਲੋਂ ਆਈ ਕਿਸੇ ਦੀ ਚੀਕ ਨੇ ਉਸ ਨੂੰ ਝਟਪਟ ਚੌਕੰਨਾ ਕਰ ਦਿੱਤਾ । ਉਸੇ ਵੇਲੇ ਉਸ ਨੇ ਸਾਰੇ ਚਰਵਾਹਿਆਂ ਨੂੰ ਬਚ ਜਾਣ ਦਾ ਹੋਕਰਾ ਦੇ ਮਾਰਿਆ । ਉਸ ਨੇ ਦਿਓ-ਕੱਦ ਜਾਨਵਰ ਪਾਣੀ ਵੱਲ ਨੂੰ ਦੌੜਦਾ ਜਾਂਦਾ ਆਪ ਦੇਖਿਆ ਸੀ , ਅਪਣੀ ਅੱਖੀਂ । ਅੱਧ-ਖੁੱਲ੍ਹੇ ਜੁਬਾੜੇ ‘ਚ ਕੋਈ ਭਾਰੀ ਸ਼ੈਅ ਨੱਪੀ । “
ਪਿੰਡ ‘ਚ ਆ ਖਿਲਰੀ ਖ਼ਬਰ ਜੱਗੂ ਦੇ ਘਰ ਤੀਕ ਵੀ  ਅੱਪੜ ਗਈ । ਉਹ ਵੀ ਹੱਥਲਾ ਕੰਮ ਛੱਡ ਕੇ ਦਰਿਆ ਵੱਲ ਨੂੰ ਨਿਕਲ ਤੁਰਿਆ । ਛਾਹ ਕੁ ਵੇਲੇ ਮੁੰਡੋਂ ਆਇਆ ਜੱਗੂ ਉਸ ਦਿਨ ਵੀ ਹਰ ਰੋਜ਼ ਵਾਂਗ ਥੋੜ੍ਹਾ ਕੁ ਤਰਾਰੇ ‘ਚ ਸੀ । ਡੋਲਦੇ –ਡੁਲਕਦੇ ਤੁਰੇ ਜਾਂਦੇ ਤੋਂ ਉਸ ਤੋਂ ਅਪਣੇ ਢੰਗ ਦੀ ਛੁਰਲੀ ਫਿਰ ਛੱਡੀ ਗਈ , “ ਹੈਂਅ ਬਾਸਮਤੀਆਂ ਦੇ ਵੱਢਾਂ ‘ਚ ਸੰਸਾਰ ! ਅਪਣੇ ਪਿੰਡ ਆਲੇ ਛੰਬ ‘ਚ ਸੰਸਾਰ । ਹੈ ….ਐਨੀ ਛੇਤੀ ਜੂਨ ਬਦਲ ਲਈ  ਅਪਣੇ ਆਲੇ ਸੰਸਾਰ ਸੂੰਹ ਨੇ । ਹੱਦ ਹੋ ਗਈ ! “ ਪਰ ,ਇਸ ਵਾਰ ਉਸ ਦੀ ਆਖੀ ਨੇ ਕਿਸੇ ਨੇ ਸੁਣੀ , ਨਾ ਹੁੰਗਾਰਾ ਭਰਿਆ । ਇਕ ਦੂਜੇ ਤੋਂ ਮੂਹਰੇ ਲੰਘਦਾ ਹਰ ਕੋਈ ਅਪਣੇ ਅਪਣੇ ਘਰ ਦੇ ਜੀਅ ਨੂੰ ਜਾ ਮਿਲਿਆ ਪੱਤਣ ‘ਤੇ ।
ਥੋੜ੍ਹਾ ਕੁ ਸੁਰਤ ਸਿਰ ਹੋਏ ਜੱਗੂ ਨੇ ਵੀ ਆਸੇ-ਪਾਸੇ ਦੇਖਿਆ ਉਸ ਦੀ ਭੈਣ ਪੂਜਾ ਉਸ ਨੂੰ ਦਿਸੀ ਨਾ ।
ਉਸ ਦੀ ਪੀਤੀ-ਚੜ੍ਹੀ ਇਕਦਮ ਉਤਰ ਗਈ ।ਲੋਢੇ ਕੁ ਵੇਲੇ ਤੱਕ ਸਾਰਾ ਪੱਤਣ ਖਾਲੀ ਹੋ ਗਿਆ ।ਹਰ ਕੋਈ ਅਪਣੇ ਘਰ ਪਰਤ ਗਿਆ ਸੀ । ਪਰ , ਗਿੱਲੀ-ਸਲਾਬੀ ਬਰੇਤੀ ਤੇ ਡੌਰ-ਭੌਰ ਹੋਏ ਜੱਗੂ ਦੀ ਨਿਗਾਹ ਕਦੀ  ਵੱਡੀ ਢਾਅਬ ਵੱਲ ਨੂੰ ਘੁੰਮਦੀ ਰਹੀ ,ਕਦੀ ਬਾਸਮਤੀਆਂ ਦੇ ਵੱਢਾਂ ਵੱਲ ਨੂੰ । ਕਿਸੇ ਪਾਸਿਉਂ ਕਿਸੇ ਦੀ ਵੀ ਆਮਦ ਉਸ ਨੂੰ ਦਿਖਾਈ ਨਹੀਂ ਸੀ ਦਿੱਤੀ ।
ਉਸ ਅੰਦਰ ਪੱਸਰੀ ਬੇਚੇਨੀ ਲਗਾਤਾਰ ਵਧਦੀ ਗਈ । ਉਸ ਦੀ ਰੂਹ-ਜਾਨ , ਉਸ ਦਾ ਤਨ-ਬਦਨ ਸਭ ਦੇ ਸਭ ਜਿਵੇਂ ਪੂਜਾ ਦੇ ਅਕਾਰ ਨਾਲ ਜੁੜੇ ਪਏ ਸਨ ।
ਉਸ ਨੂੰ ਸਮਝ ਨਹੀਂ ਲਗਦੀ ਕਿ ਉਹ ਕੀ ਕਰੇ , ਕਿਧਰ ਨੂੰ ਜਾਏ । ਚਾਨਚੱਕ ਉਸ ਨੂੰ ਜਿਵੇਂ ਕੋਈ ਲੇਅਰ-ਚੀਕ ਸੁਣਾਈ ਦਿੱਤੀ ਹੋਵੇ । ਉਸ ਦਾ ਸਾਰਾ ਧਿਆਨ ਓਧਰ ਵੱਲ ਨੂੰ ਖਿੱਚਿਆ ਗਿਆ । ਪਰ ਕੁ ਪਿੱਛੋ ਉਸ ਲੇਅਕ-ਚੀਕ ਵਰਗੀਆਂ ਹੋਰ ਕਈਆਂ ਸਾਰੀਆਂ ਆਵਾਜ਼ਾਂ ਉਸ ਦੇ ਕੰਨਾਂ ‘ਚ ਆ ਵੱਜੀਆਂ । ਪਹਿਲ ਕਿਸ ਨੇ ਕੀਤੀ ਸੀ –ਕਿਸੇ ਗਿੱਦੜ ਜਾਂ ਗਿੱਦੜੀ ਨੇ ! ਦੋਨਾਂ ਦੀ ਸੁਰ-ਚੀਕ ਨੂੰ ਭਲਾ ਚੰਗਾ ਸਿਆਣਦਾ , ਉਹ ਇਸ ਵਾਰ ਕੋਈ ਵੀ ਨਿਰਣਾ ਨਾ ਕਰ ਸਕਿਆ ।
ਖਿਝੇ-ਖਪੇ ਨੇ ਉਸ ਨੇ ਅਪਣੇ ਦੋਨੋਂ ਕੰਨ, ਦੋਨਾਂ ਹੱਥਾਂ ਨਾਲ ਢੱਕ ਕੇ ਘੁੱਟ ਲਏ । ਪਰ ਹੁਆਂਕ-ਸੁਰਾਂ ਫਿਰ ਵੀ ਲਗਾਤਾਰ ਸੁਣਦੀਆਂ ਰਹੀਆਂ ।
ਉਸ ਨੂੰ ਇਹ ਵਰਤਾਰਾ ਸਿਰੇ ਦੀ ਬਦ-ਸ਼ਗਨੀ ਲੱਗਾ । ਕੁਝ ਵੀ ਹੱਥ ਪੱਲੇ ਨਾ ਪੈਂਦਾ ਦੇਖ,ਉਹ ਡੋਲਦਾ-ਡੁਲਕਦਾ ਪਿੰਡ ਵੱਲ ਨੂੰ ਦੌੜ ਤੁਰਿਆ । ਸਭ ਆਪੋ-ਅਪਣੀ ਘਰੀਂ-ਢਾਰੀਂ ਜਾ ਲੁਕੇ ਸਨ ।ਸਿਰਫ਼ ਗੱਜਣ ਖੜਾ ਸੀ ਫੌਜੀ ਗੱਜਣ , ਵੱਡੇ ਚੁਰਾਹੇ ‘ਚ ।
ਪੁਲ ਦੇ ਨੀਂਹ ਪੱਥਰ ਲਾਗੇ ।
ਉਦਾਸ ਤੇ ਗ਼ਮਗੀਨ ।
ਜੱਗੂ ਧਾਅ ਕੇ ਉਸ ਨਾਲ ਜਾ ਚਿੰਮੜਿਆ । ਉਸ ਅੰਦਰ ਡੱਕ ਹੋਈ ਪੀੜ-ਚੀਸ ਇਕੋ ਵਾਰਗੀ ਫੁੱਟ ਨਿਕਲੀ ।
ਰੋਂਦੇ –ਕੁਰਲਾਉਂਦੇ ਜੱਗੂ ਨੂੰ ਦਿਲਾਸਾ ਦੇਣ ਤੋਂ ਸਿਵਾ ਗੱਜਣ ਪਾਸ ਹੋਰ ਕੋਈ ਚਾਰਾ ਵੀ ਨਹੀਂ ਸੀ ਹੁਣ । ਹੁਣ ….ਹੁਣ ਤਾਂ ਉਹ ਉਸ ਨੂੰ ਸਾਫ-ਸਾਫ ਇਹ ਵੀ ਨਹੀਂ ਸੀ ਦੱਸ ਸਕਦਾ ਕਿ ਅਜੇ ਤਾਂ ਇਕੋ ਹੀ ਸੰਸਾਰ ਨੇ ਪੈਰ ਪਾਇਆ ਅਪਣੇ ਛੰਭ ‘ਚ  ! ਅਜੇ ਤਾਂ ਇਕੋ ਹੀ ਧੀ ਗਈ ਆ ਅਪਣੇ ਪਿੰਡ ਦੀ । ਅਜੇ ਤਾਂ ਹੋਰ ਬਹੁਤ ਕੁਝ ਹੋਣਾ ਵਾਪਰਨਾ ਇਹੋ ਜਿਹਾ । ਅਜੇ ਤਾਂ ਕਈਆਂ ਸੰਸਾਰਾਂ ਨੇ ਝਪੱਟਾਂ ਮਾਰਨੀਆਂ ਸਾਡੇ ‘ਤੇ । ਅਜੇ ਤਾਂ ਦੁਨੀਆਂ ਭਰ ਦੇ ਹਾਬੜੇ ਹੱਥਾਂ ਨੇ ਖੋਹ-ਖਿੰਝ ਕਰਨੀ ਆ , ਸਾਡੇ ਕਮਾਦਾਂ ਦੀ , ਸਾਡੇ ਛੰਭਾਂ-ਖੇਤਾਂ ਦੀ । ਅਜੇ ਤਾਂ ਪਿੰਡਾਂ ਦੇ ਪਿੰਡ ਹੱਥਲ ਹੋਣ ਆਂ , ਜੱਦੀ-ਪੁਸ਼ਤੀ ਵਾਹੀਕਾਰੀ  ਤੋਂ ਵੀ , ਹੁਨਰਕਾਰੀ ਤੋਂ ਵੀ !
ਆਹ ਗੰਨਾ ਮਿੱਲ ,ਆਹ ਪੁਲ ਦਾ ਨੀਂਹ ਪੱਥਰ , ਆਹ ਘੱਲੂਕਾਰਾ ਯਾਦਗਾਰ ਦੀ ਮੁੜ ਉਸਾਰੀ ਦਾ ਗਠਜੋੜ ਤਾਂ ਇਸ ਕਿਰਿਆ ਅਮਲ ਦੀ ਸ਼ੁਰੂਆਤ ਹੀ ਸਮਝ ਲੈ ….ਬੱਸ ।
ਅਪਣੇ ਅੰਦਰ ਨਾਲ ਡੂੰਘੀ ਤਰ੍ਹਾਂ ਜੁੜੇ ਫੌਜੀ ਨੂੰ ਅਜੇ ਆਪ ਨੂੰ ਹੀ ਸਮਝ ਨਹੀਂ ਲੱਗ ਰਹੀ ਕਿ ਉਹ ਇਸ ਸਾਰੇ ਘੋਲ-ਮਿਸ਼ਰਣ ਦੀ ਵਿਆਖਿਆ ਕਿੰਨ੍ਹਾਂ ਸ਼ਬਦਾਂ ‘ਚ ਪਰੋ ਕੇ ਜੱਗੂ ਕੇ ਧੁਰ ਅੰਦਰ ਤੱਕ ਅੱਪੜਦੀ ਕਰੇ ……!?

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>