ਮਿਆਰੀ ਸਿੱਖਿਆ ਲਈ ਸਿੱਖਿਆ ਨੀਤੀ ਵਿੱਚ ਪਰਿਵਰਤਨ ਕਰਨਾ ਜਰੂਰੀ

ਸਮੁੱਚੇ ਸਿੱਖਿਆ ਤੰਤਰ ਦਾ ਮੁੱਖ ਉਦੇਸ਼ ਬੱਚੇ (ਜੋ ਦੇਸ਼ ਦਾ ਭਵਿੱਖ ਹੁੰਦੇ ਹਨ) ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ। ਇਸਦਾ ਸਪਸ਼ਟ ਭਾਵ ਇਹ ਹੋਇਆ ਕੇ ਬੱਚਾ ਸਿੱਖਿਅਕ ਢਾਂਚੇ ਦਾ ਕੇਂਦਰ ਬਿੰਦੂ ਹੈ। ਵਿੱਦਿਅਕ ਤੰਤਰ ਦੇ ਤਾਣੇ-ਬਾਣੇ ਵਿੱਚ ਆਉਣ ਵਾਲਾ ਹਰ ਬੱਚਾ ਮਹੱਤਤਾ ਰੱਖਦਾ ਹੈ। ਹਰ ਬੱਚੇ ਵਿੱਚ ਕੁਝ ਨਾ ਕੁਝ ਖਾਸ ਜ਼ਰੂਰ ਹੁੰਦਾ ਹੈ ਜਿਸਦਾ ਵਿਕਾਸ ਕਰਕੇ ਬੱਚੇ ਨੂੰ ਉਸ ਖੇਤਰ ਵਿੱਚ ਬੁਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਰੇਕ ਬੱਚੇ ਦੀ ਮਾਨਸਿਕ ਸਥਿਤੀ, ਉਸਦੀ ਅੰਦਰਲੀ ਯੋਗਤਾ, ਸਮਰੱਥਾ ਆਦਿ ਨੂੰ ਜਾਣ ਕੇ ਉਸ ਲਈ ਸਭ ਤੋਂ ਚੰਗਾ ਮਾਰਗ ਚੁਣਿਆ ਜਾਵੇ ਤਾਂ ਕਿ ਉਸਨੂੰ ਰੱਬ ਵੱਲੋਂ ਦਿੱਤੀਆਂ ਅਨਮੋਲ ਦਾਤਾਂ ਦੀ ਅਸੀਂ ਸਮਾਜ ਅਤੇ ਦੇਸ਼ ਦੇ ਵਿਕਾਸ ਅਤੇ ਭਲੇ ਲਈ ਸੁਚੱਜੀ ਵਰਤੋਂ ਕਰ ਸਕੀਏ। ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਵੇਂ ਭਾਰਤ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਸਾਡੇ ਕੋਲ ਅੱਜ ਵੀ ਕੋਈ ਮਜ਼ਬੂਤ, ਲੰਮੇ ਸਮੇਂ ਲਈ, ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਲੀ, ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਹੋਈ ਕੋਈ ਚੰਗੀ ਸਿੱਖਿਅਕ ਨੀਤੀ ਨਹੀਂ। ਜਿਸ ਨਾਲ ਬੱਚੇ ਦੀ ਅੰਦਰਲੀ ਯੋਗਤਾ ਅਤੇ ਸਮਰੱਥਾ ਨੂੰ ਪਹਿਚਾਣ ਕੇ ਉਸਦਾ ਵਿਕਾਸ ਕੀਤਾ ਜਾ ਸਕੇ ਸਗੋਂ ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਾਡੀ ਨੌਕਰਸ਼ਾਹੀ ਅਤੇ ਨੇਤਾਵਾਂ ਵੱਲੋਂ ਅਧੂਰੇ ਅੰਕੜੇ ਇੱਕਠੇ ਕਰਕੇ ਜ਼ਮੀਨੀ ਸਚਾਈਆਂ ਨੂੰ ਅੱਖੋਂ ਪਰੋਖੇ ਕਰਕੇ ਹਰ ਸਾਲ ਸਿੱਖਿਆ ਦੇ ਖੇਤਰ ਵਿੱਚ ਨਵੇਂ-ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ। ਇਨ੍ਹਾਂ ਤਜ਼ਰਬਿਆਂ ਦੇ ਕਾਰਨ ਬੱਚੇ ਦਾ ਸਰਵਪੱਖੀ ਵਿਕਾਸ ਦੀ ਤਾਂ ਗੱਲ ਹੀ ਛੱਡੋ ਸਗੋਂ ਉਹ ਪੜ੍ਹਾਈ ਲਿਖਾਈ ਤੋਂ ਵੀ ਦਿਨ ਬ ਦਿਨ ਦੂਰ ਜਾ ਰਿਹਾ ਹੈ। ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇ ਸਹਾਰੇ ਪਾਸ ਹੋਣ ਵਾਲੇ ਲਗਭਗ 50% ਬੱਚਿਆਂ ਨੂੰ ਗਣਿਤ ਅਤੇ ਸਾਡੀ ਮਾਂ ਬੋਲੀ ਪੰਜਾਬੀ ਦਾ ਮੁੱਢਲਾ ਗਿਆਨ ਵੀ ਨਹੀਂ। ਤੁਸੀਂ ਹੈਰਾਨ ਹੋਵੋਗੇ ਕਿ ਇਸ ਕਾਨੂੰਨ ਦੇ ਆਸਰੇ ਅੱਠਵੀਂ ਪਾਸ ਕਰਨ ਵਾਲੇ ਕੁਝ ਬੱਚਿਆਂ ਨੂੰ ਤਾਂ ਆਪਣੇ ਦਸਤਖਤ ਵੀ ਸਹੀ ਢੰਗ ਨਾਲ ਕਰਨੇ ਵੀ ਨਹੀਂ ਆੳਂੁਦੇ। ਇਸ ਸਭ ਹੋਈ ਦੂਰਦਸ਼ਾ ਦਾ ਦੋਸ਼ੀ ਸਾਡੇ ਸਮਾਜ ਦੇ ਵੱਡੇ ਵਰਗ ਵੱਲੋਂ ਅਨਜਾਣੇ ਵਿੱਚ ਅਧਿਆਪਕ ਨੂੰ ਸਮਝਣ ਦੀ ਗਲਤੀ ਕੀਤੀ ਜਾ ਰਹੀ ਹੈ ਪਰ ਜਦੋਂ ਅੰਦਰਲੀ ਸਥਿਤੀ ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਪਤਾ ਚਲਦਾ ਹੈ ਕਿ ਅਧਿਆਪਕ ਵਰਗ ਤਾਂ ਅਜੋਕੇ ਸਿੱਖਿਅਕ ਢਾਂਚੇ ਦਾ ਇੱਕ ਮੌਹਰਾ ਮਾਤਰ ਹੈ ਉਹ ਤਾਂ ਖੁਦ ਸ਼ਾਸਕ ਵਰਗ ਦੀਆਂ ਆਪਹੁਦਰੀਆਂ ਅਤੇ ਡੰਗ ਟਪਾਊ ਨੀਤੀਆਂ ਦਾ ਸ਼ਿਕਾਰ ਹੋ ਕੇ ਅਨੇਕਾਂ ਮਾਨਸਿਕ ਬੀਮਾਰੀਆਂ ਅਤੇ ਆਰਥਿਕ ਪਰੇਸ਼ਾਨੀਆਂ ਨੂੰ ਝੱਲ੍ਹ ਰਿਹਾ ਹੈ। ਦੇਸ਼ ਦੇ ਨਿਰਮਾਤਾ ਨੂੰ ਠੇਕੇ ਤੇ ਭਰਤੀ ਕਰਕੇ ਨਿਗੂਨੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਤੋਂ ਵੱਧ ਤਾਂ ਇੱਕ ਅਨਪੜ੍ਹ, ਅਣਸਿੱਖਿਅਕ ਮਜ਼ਦੂਰ ਵੀ ਕਮਾ ਲੈਂਦਾ ਹੈ। ਇਸ ਸਮੇਂ ਜੋ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਇਹ ਹੈ ਕਿ ਕਈ ਸਕੂਲਾਂ ਵਿੱਚ ਗਣਿਤ ਅਤੇ ਸਾਇੰਸ ਵਰਗੇ ਮਹੱਤਵਪੂਰਨ ਵਿਸ਼ਿਆ ਦੀਆਂ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਹੀ ਖਾਲੀ ਪਈਆਂ ਹਨ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਤੋਂ ਅੰਗਰੇਜ਼ੀ ਵਰਗੇ ਮਹੱਤਵਪੂਰਨ ਵਿਸ਼ੇ ਜੋ ਕਿ ਇੱਕ ਅੰਤਰਰਾਸ਼ਟਰੀ ਭਾਸ਼ਾ ਵੀ ਹੈ ਨੂੰ ਪੜ੍ਹਾਉਣ ਦਾ ਕੰਮ ਅੱਜ ਵੀ ਬਿਨ੍ਹਾਂ ਝਿਜਕ ਲਿਆ ਜਾ ਰਿਹਾ ਹੈ। ਹਾਸੇ ਵਾਲੀ ਸਥਿਤੀ ਤਾਂ ਉਦੋਂ ਪੈਦਾ ਹੋ ਰਹੀ ਹੈ ਜਦੋਂ ਮੈਥ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਦੇ ਨਾਲੋਂ ਮੈਥ ਮੇਲੇ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਪ੍ਰੈਸ ਰਾਹੀ ਵਾਹ-ਵਾਹ ਖੱਟੀ ਜਾ ਰਹੀ। ਇਸਨੂੰ ਮੈਥ ਵਰਗੇ ਮਹੱਤਵਪੂਰਨ ਵਿਸ਼ੇ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਸੁਹਿਰਦ ਯਤਨ ਨਹੀਂ ਕਿਹਾ ਸਕਦਾ ਸਗੋਂ ਇਹ ਮਹਿਜ਼ ਲਿੱਪਾ ਪੋਚੀ ਹੀ ਹੈ। ਭਾਵੇਂ ਕਿ ਮਾਨਯੋਗ  ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਵੱਲੋਂ ਬਤੌਰ ਸਿੱਖਿਆ ਸਕੱਤਰ ਅਹੁਦਾ ਸੰਭਾਲਣ ਤੋਂ ਬਾਅਦ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਸੰਬਧੀ ਕਈ ਪੱਤਰ ਜਾਰੀ ਹੋਏ ਹਨ ਪਰ ਫਿਰ ਵੀ ਅਜੇ ਕਈ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਲੈਣੇ ਨਿਰੰਤਰ ਜਾਰੀ ਹਨ। ਸਾਡੇ ਸਿਲੇਬਸ ਵਿੱਚ ਵੀ ਸਮੇਂ ਦੇ ਅਨੁਸਾਰ ਬਦਲਾਅ ਲਿਆਉਣ ਦੀ ਸਖਤ ਜ਼ਰੂਰਤ ਹੈ। ਇਸ ਸਮੇਂ ਪੰਜਾਬ ਦੇ ਦਰਦੀ ਅਤੇ ਸਿੱਖਿਆ ਦੀ ਮਹੱਤਤਾ ਨੂੰ ਸਮਝ ਕੇ ਇਸ ਨਾਲ ਲਗਾਓ ਰੱਖਣ ਵਾਲੇ ਲੋਕਾਂ ਵਿੱਚ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਆਉਣ ਨਾਲ ਕਾਫੀ ਉਤਸ਼ਾਹ ਹੈ। ਉਨ੍ਹਾਂ ਨੂੰ ਹਨੇਰੇ ਵਿੱਚ ਰੌਸ਼ਨੀ ਦੀ ਇੱਕ ਕਿਰਨ ਜ਼ਰੂਰ ਨਜ਼ਰ ਆਈ ਹੈ। ਹੁਣ ਦੇਖਣਾ ਇਹ ਹੈ ਕਿ ਉਹ ਆਪਣੀ ਦੂਰ ਦ੍ਰਿਸ਼ਟੀ ਵਾਲੀ ਸੋਚ, ਮਿਹਨਤ, ਲਗਨ, ਸਮਰਪਨ ਆਦਿ ਦੇ ਸਦਕਾ ਪੰਜਾਬ ਵਿੱਚ ਡੁੱਬ ਰਹੀ ਮਿਆਰੀ ਸਿੱਖਿਆ ਦੇ ਬੇੜ੍ਹੀ ਨੂੰ ਬਚਾਉਣ ਲਈ ਕੀ ਕੁਝ ਕਰ ਪਾਉਂਦੇ ਹਨ? ਕੀ ਉਹ ਆਪਣੀਆਂ ਦਲੀਲਾਂ ਨਾਲ ਸਿੱਖਿਅਕ ਢਾਂਚੇ ਨੂੰ ਅਣ-ਉਚਿੱਤ ਰਾਜਨੀਤਿਕ ਦਖਲ ਅੰਦਾਜ਼ੀ ਤੋਂ ਮੁਕਤ ਕਰਕੇ ਚੰਗਾ ਸਿੱਖਿਅਕ ਢਾਂਚਾ ਜੋ ਬੱਚੇ ਦਾ ਸਰਵਪੱਖੀ ਵਿਕਾਸ ਕਰਕੇ ਦੇਸ਼ ਦੇ ਭਵਿੱਖ ਨੂੰ ਚੰਗੇ ਨਾਗਰਿਕ ਦੇ ਰੂਪ ਵਿੱਚ ਵਿਕਸਤ ਕਰਨ ਵਿੱਚ ਸਹਾਇਕ ਹੋਵੇ ਨੂੰ ਵਿਕਸਤ ਕਰ ਸਕਣਗੇ ? ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੀ ਹੋਵੇਗਾ। ਹਾਂ ਇਸਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜ਼ਮੀਨੀ ਸੱਚਾਈਆਂ ਦੀ ਪੜਚੋਲ ਕਰਕੇ ਹਰੇਕ ਪ੍ਰਕਾਰ ਦੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਲੰਮੇ ਸਮੇਂ ਲਈ ਨੇਕ ਦਿਲੀ ਅਤੇ ਠਰੰਮੇ ਨਾਲ ਨੀਤੀ ਤਿਆਰ ਕੀਤੀ ਜਾਵੇ ਤੇ ਉਸਨੂੰ ਪੂਰੀ ਇਮਾਨਦਾਰੀ ਨਾਲ ਨੌਕਰਸ਼ਾਹੀ, ਰਾਜਨੀਤਿਕ ਨੇਤਾਵਾਂ ਅਤੇ ਅਧਿਆਪਕ ਵਰਗ ਵੱਲੋਂ ਲਾਗੂ ਕਰਨ ਦਾ ਯਤਨ ਕੀਤਾ ਜਾਵੇ ਤੇ ਸਮਾਜ ਦੇ ਹਰੇਕ ਵਰਗ ਵੱਲੋਂ ਦੇਸ਼ ਦੇ ਵਡੇਰੇ ਹਿੱਤਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕੋਸ਼ਿਸ ਕੀਤੀ ਜਾਵੇ। ਵਿੱਦਿਅਕ ਸੰਸਥਾਵਾਂ ਦੇ ਮੁੱਢਲੇ ਢਾਂਚੇ ‘ਚ ਵਿਸ਼ੇਸ਼ ਰੂਪ ਵਿੱਚ ਸੁਧਾਰ ਕੀਤਾ ਜਾਵੇ। ਇਸ ਤਰ੍ਹਾਂ ਦੇ ਯਤਨਾਂ ਨਾਲ ਹੀ ਅਸੀਂ ਮਜ਼ਬੂਤ ਵਿੱਦਿਅਕ ਢਾਂਚੇ ਦੀ ਉਸਾਰੀ ਕਰਕੇ ਦੇਸ਼ ਦੇ ਭਵਿੱਖ ਨੂੰ ਮਿਆਰੀ ਸਿੱਖਿਆ ਦੇ ਕੇ ਵਿਕਸਤ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਅੱਗੇ ਵੱਧ ਸਕਦੇ ਹਾਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>