ਬਗ਼ਦਾਦ ਦੇ ਇਤਿਹਾਸਿਕ ਗੁਰਦੁਆਰੇ ਦਾ ਉਜਾੜਾ

ਅੰਗਰੇਜ਼ੀ ਦੇ ਇਕ ਪ੍ਰਮੁਖ ਅਖ਼ਬਾਰ ਵਿਚ 28 ਜਨਵਰੀ ਨੂੰ ਕਿ ਖ਼ਬਰ ਛਪੀ ਹੈ, ਜਿਸ ਨੇ ਸਿੱਖ ਹਿਰਦਿਆਂ ਨੂੰ ਝੰਜੋੜ ਕੇ ਰਖ ਦਿਤਾ ਹੈ।ਇਸ ਖ਼ਬਰ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:-

ਬਗਦਾਦ-27 ਜਨਵਰੀ, ਬਗਦਾਦ ਸ਼ਹਿਰ ਵਿਚ ਤੁਸੀਂ, ਇਕ ਕਬਰਾਂ ਨਾਲ ਘਿਰਿਆ, ਵੀਰਾਨਾ ਜਿਹਾ ਚਾਰ ਚੌਫੇਰਾ ਵੇਖੋਗੇ। ਜਿਸ ਥਾਂ ਨੂੰ ਕਦੀ ਗੁਰੂ ਨਾਨਕ ਦੇਵ  ਜੀ ਦੀ ਚਰਨ ਛੋਹ ਪ੍ਰਾਪਤ ਹੋਈ ਸੀ। ਜਦੋਂ ਕਦੀ ਗੁਰੂ ਜੀ ਅਰਬ ਮਹਾਂਦੀਪ ਦੀ ਉਦਾਸੀ ਵੇਲੇ ਬਗ਼ਦਾਦ ਨੂੰ ਨਿਵਾਜਣ ਆਏ ਸਨ।

ਮੀਲਾਂ ਵਿਚ ਫੈਲੇ  ਇਕ ਮੁਸਲਮਾਨਾਂ ਦੇ ਕਬਰਸਤਾਨ ਵਿਚ, ਅਮਰੀਕਾ ਵੱਲੋਂ ਇਰਾਕ ਤੇ ਕੀਤੇ ਹਮਲੇ ਬਾਅਦ, ਚੋਰਾਂ ਤੇ ਲੁਟੇਰਿਆਂ ਨੇ ਗੁਰੂ ਜੀ ਦੀ ਇਕ ਵੀ ਨਿਸ਼ਾਨੀ ਨਹੀਂ ਸੀ ਛੱਡੀ।

“ਕੋਈ ਵੀ ਨਹੀਂ ਆਉਂਦਾ ਹੁਣ ਏਥੇ।” ਦੁਖੀ ਆਵਾਜ਼  ਵਿਚ  ਅਬੂ – ਯੂਸਫ਼ ਨੇ ਹਉਕਾ ਭਰ ਕੇ  ਆਖਿਆ। ਉਹ  ਇਕ ਕਮਜ਼ੋਰ ਸ਼ਰੀਰ ਦਾ ਵਧੀ ਦਾਹੜੀ ਵਾਲਾ ਮੁਸਲਮਾਨ ਹੈ, ਜੋ ਕਿ  ਗੁਰੂ ਸਾਹਿਬ ਦੀ ਨਿਸ਼ਾਨੀ  ਦੀ ਦੇਖ-ਰੇਖ ਕਰਦਾ ਹੈ। ਪਤਾ ਨਹੀਂ ਕੀ ਮਿਲਦਾ ਹੋਵੇਗਾ ਉਸਨੂੰ ਏਨੀ ਮਿਹਨਤ ਦੇ ਬਾਵਜੂਦ।

ਓਸ ਅਹਾਤੇ ਵਿਚ ਹੁਣ ਕੁਝ ਬਿਜਲੀ ਦੇ ਟੁੱਟੇ ਪੁਰਾਣੇ ਪੱਖਿਆਂ ਅਤੇ ਇਕ ਜ਼ੰਗ ਖਾਧੇ ਰੈਫ਼ਰਿਜਰੇਟਰ ਤੋਂ ਬਿਨਾ ਕੁਝ ਨਹੀ ਸੀ ਦਿਸ ਰਿਹਾ। ਨਾ ਕੋਈ ਧਰਮ ਗਰੰਥ, ਨਾ ਮੰਜੀ ਸਾਹਿਬ, ਨਾ ਰੁਮਾਲੇ, ਨਾ ਚੌਰ ਸਾਹਿਬ। ਉਹ ਕਿੰਨਾ ਮਹਾਨ ਦਰਵੇਸ਼ ਪੀਰ ਸੀ, ਤੇ ਉਸਦੇ ਜਾਣ ਮਗਰੋਂ  ਉਸ ਦੀ ਨਿਸ਼ਾਨੀ ਦੀ ਇਹ ਦਸ਼ਾ?

” ਜੰਗ ਤੋਂ ਪਹਿਲਾਂ ਕੁਝ ਸਿੱਖ ਯਾਤਰੀ, ਕਦੀ ਕਦਾਈਂ ਆਇਆ ਕਰਦੇ  ਸਨ ,” ਯੂਸਫ਼ ਨੇ ਅਮਰੀਕਨ ਹਮਲੇ ਦਾ ਜ਼ਿਕਰ ਕੀਤਾ।  ਇਕ ਦੋ ਵਾਰੀਂ ਕੁਝ ਪੱਛਮੀ ਦੇਸ਼ਾਂ ਦੇ ਯਾਤਰੀ ਵੀ ਆਏ ਸਨ।

“ਪਿਛਲੇ ਸਾਲ ਲੰਮੇ ਚਿਰ ਬਾਅਦ ਇਕ ਸਿੱਖ ਦੁਬਈ ਤੋਂ ਆਇਆ, ਤੇ ਵਾਪਸ ਆਕੇ ਏਸ ਸਥਾਨ ਦੀ ਮਰੰਮਤ ਆਦਿ ਕਰਵਾਉਣ ਬਾਰੇ ਕਹਿ ਗਿਆ। ਪਰ ਉਸ ਤੋਂ ਬਾਅਦ ਨਹੀਂ ਬਹੁੜਿਆ।”

ਕੁਝ ਯਾਤਰੀ ਇਕ ਦੋ ਰਾਤਾਂ ਲਈ ਆਏ, ਤਾਂ ਉਹਨਾਂ ਨੇ ਏਸ ਸਥਾਨ ਨੂੰ ਗੁਰਦਵਾਰੇ ਵਾਂਗ ਸਜਾਇਆ।
ਰਾਤ ਨੂੰ ਉਹ ਇਹਨਾਂ ਕਬਰਾਂ ਦੇ ਅਹਾਤੇ ਵਿਚ ਹੀ ਸੌਂ ਜਾਂਦੇ ਰਹੇ। ਸਵੇਰੇ ਉੱਠ ਕੇ ਉਹਨਾਂ ਨੇ ਲੰਗਰ ਬਣਾਇਆ, ਅਤੇ ਹਰ ਆਉਣ ਜਾਣ ਵਾਲੇ ਨੂੰ ਲੰਗਰ ਛਕਾਇਆ।

ਉਹ ਸੁੰਨੀਆਂ ਕੰਧਾਂ ਵਲ ਇਸ਼ਾਰਾ ਕਰਦਾ ਬੋਲਿਆ, “ਹੁਣ ਤਾਂ ਇਹਨਾਂ ਦੇ ਉੱਤੇ ਛੱਤ ਵੀ ਨਹੀਂ ਰਹਿ ਗਈ।”  ਉਹ ਸੋਲ੍ਹਵੀ ਸਦੀ ਦੇ ਇਕ ਪੁਰਾਣੇ ਥੜ੍ਹੇ ਵੱਲ ਇਸ਼ਾਰਾ ਕਰਦਾ ਬੋਲਿਆ, “ਕਦੀ ਏਥੇ ਮਹਾਰਾਜ ਦਾ ਪਰਕਾਸ਼ ਹੁੰਦਾ ਹੋਵੇਗਾ।”

ਉਸਨੇ ਚਿੱਟੇ ਰੰਗ ਦੀ ਸਫ਼ੈਦੀ ਤੇ ਗੁਰੂ ਜੀ ਦੇ ਕੁਝ ਰੇਖਾ ਚਿੱਤ੍ਰ ਬਣੇ ਵਿਖਾਏ। ਤੇ ਕਹਿਣ ਲੱਗਾ ਜੇ ਇਸ ਸਥਾਨ ਦੇ ਸਹੀ ਪਿਛੋਕੜ ਬਾਰੇ ਜਾਨਣਾ ਚਾਹੋਗੇ ਤਾਂ ਤੁਹਾਨੂੰ  ਤਿਨ ਚਾਰ ਸਦੀਆਂ ਦੇ ਪੁਰਾਣੇ ਇਤਹਾਸ ਨੂੰ ਫ਼ਰੋਲਣਾ ਪਵੇਗਾ।

ਏਨੀ ਅਹਿਮੀਅਤ ਵਾਲੀ ਥਾਂ, ਸੈਂਟਰਲ ਬਗ਼ਦਾਦ ਵਿਖੇ ਸ਼ੇਖ ਮਾਰੂਫ਼ ਦੇ ਖੁਲ੍ਹੇ ਡੁਲ੍ਹੇ ਕਬਰਸਥਾਨ  ਵਿਚ ਸਥਿੱਤ ਹੈ। ਜਿੱਥੇ ਇਕ ਬੜਾ ਪੁਰਾਣਾ ਰੇਲਵੇ ਸਟੇਸ਼ਨ ਹੁੰਦਾ ਸੀ, ਅਤੇ ਅੱਜ ਓਥੇ ਪੁਰਾਣੇ ਰੇਲ ਕਾਰਾਂ ਦੇ ਡਬੇ ਪਏ ਜ਼ੰਗ ਖਾ ਰਹੇ ਨੇ।

ਉਪਰੋਕਤ ਖ਼ਬਰ ਪੜ੍ਹ ਕੇ ਕਿਹੜਾ ਸਿੱਖ ਹਿਰਦਾ ਹੈ ਜੋ ਧੁਰ ਅੰਦਰੋਂ ਨਾ ਹਿੱਲ ਗਿਆ ਹੋਵੇ? ਸਿੱਖ ਆਪਣੇ ਗੁਰੁ ਸਾਹਿਬਾਨ, ਗੁਰਦੁਆਰੇ ਅਤੇ ਗੁਰੁ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੀ ਦੇਖ ਭਾਲ ਤੇ ਸੰਭਾਲ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਹਰ ਸਮੇਂ ਤਿਆਰ ਰਹਿੰਦੇ ਹਨ।”ਜਿਥੇ ਬਾਬਾ ਪੈਰ ਧਰੇ” ਉਹ ਪੂਜਣਯੋਗ ਬਣ ਜਾਂਦਾ ਹੈ। ਇਰਾਕ ਵਿਚ ਸਿੱਖ ਵਸੋਂ ਨਹੀਂ ਹੈ, ਪਰ ਅਸੀਂ ਦੇਸ਼ ਵਿਦੇਸ਼ ਦੇ ਸਿੱਖ ਇਸ ਇਤਹਾਸਿਕ ਅਸਥਾਨ ਦਾ ਪੁਨਰ-ਨਿਰਮਾਨ ਦੀ ਕਾਰ ਸੇਵਾ ਤਾਂ ਕਰ ਸਕਦੇ ਹਾਂ, ਨਹੀਂ ਤਾਂ ਕਲ ਨੂੰ ਇਹ ਵੀ ਪਤਾ ਨਹੀਂ ਲਗੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਥਾਂ ਭਾਈ ਮਰਦਾਨੇ  ਨਾਲ ਆਪਣੇ ਪਾਵਨ ਚਰਨ ਪਾਏ ਸਨ।ਮੁਖ ਤੌਰ ‘ਤੇ ਇਸ ਕਾਰਜ ਦੀ ਕਾਰ ਸੇਵਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਲਈ ਕਦਮ ਚੁਕਣੇ ਚਾਹੀਦੇ ਹਨ। ਇਸ ਸੇਵਾ ਲਈ ਭਾਰਤ ਸਰਕਾਰ ਰਾਹੀਂ ਇਰਾਕ ਸਰਕਾਰ ਤੋਂ ਆਗਿਆ ਪ੍ਰਾਪਤ ਕੀਤ ਜਾ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>