ਚੰਡੀਗੜ੍ਹ – “ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਨਿਜਾਮੀ ਪ੍ਰਬੰਧ ਨੂੰ ਸਹੀ ਦਿਸ਼ਾ ਤੇ ਸਹੀ ਢੰਗ ਨਾਲ ਨਾ ਕਰਨ, ਪੰਜਾਬੀਆਂ ਤੇ ਸਿੱਖ ਕੌਮ ਨੂੰ ਬਣਦਾ ਇਨਸਾਫ ਨਾ ਮਿਲਣ ਅਤੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਦੇ ਹੱਕ ਹਕੂਕਾ ਦੀ ਦ੍ਰਿੜਤਾ ਨਾਲ ਗੱਲ ਕਰਨ ਵਾਲਿਆ ਵਿਰੁੱਧ ਅਪਣਾਈ ਜਾ ਰਹੀ ਤਾਨਾਸਾਹੀ ਜਾਲਮਨਾਂ ਨੀਤੀਆ ਕਾਰਨ ਪੰਜਾਬ ਸੂਬੇ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੀ ਸਥਿਤੀ ਹਕੂਮਤੀ ਪੱਧਰ ਤੇ ਬਣਾਈ ਜਾ ਰਹੀ ਹੈ । ਜਿਸਦਾ ਪ੍ਰਤੱਖ ਸਬੂਤ ਹੈ ਕਿ ਪੰਜਾਬ ਸੂਬੇ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਵੱਲੋ ਅੱਜ ਇੰਡੀਆ ਦੀ ਪ੍ਰੈਜੀਡੈਟ ਬੀਬੀ ਦ੍ਰੋਮਦੀ ਮੁਰਮੂ ਨੂੰ ਆਪਣਾ ਅਸਤੀਫਾ ਲਿਖਕੇ ਦੇਣ ਲਈ ਮਜਬੂਰ ਹੋਣਾ ਪਿਆ ਹੈ । ਇਹ ਅਸਤੀਫਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਸ. ਭਗਵੰਤ ਸਿੰਘ ਮਾਨ ਗੈਰ ਤੁਜਰਬੇਕਾਰ ਸਰਕਾਰ ਨਿਜਾਮੀ ਪ੍ਰਬੰਧ ਕਰਨ, ਹਰ ਖੇਤਰ ਵਿਚ ਤਾਲਮੇਲ ਨੂੰ ਸਹੀ ਨਾ ਰੱਖਦੇ ਹੋਏ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਜਿੰਮੇਵਾਰ ਹੈ ਅਤੇ ਅਸਫਲ ਸਾਬਤ ਹੋਈ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਸ. ਗੋਪਾਲ ਸਿੰਘ ਝਾੜੋ ਪ੍ਰਧਾਨ ਚੰਡੀਗੜ੍ਹ ਸਟੇਟ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਾਂਝੇ ਤੌਰ ਤੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਆਪਹੁਦਰੀਆਂ, ਦਿਸ਼ਾਹੀਣ ਜਾਲਮਨਾਂ ਨੀਤੀਆ ਦੀ ਬਦੌਲਤ ਪੰਜਾਬ ਦੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਲਈ ਸਰਕਾਰ ਦੀਆਂ ਅਸਫਲਤਾਵਾ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਗਵਰਨਰ ਪੰਜਾਬ ਵੱਲੋ ਦਿੱਤੇ ਗਏ ਅਸਤੀਫੇ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬ ਦੇ ਸਮੁੱਚੇ ਨਿਵਾਸੀ ਇਥੇ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੇ ਹਾਮੀ ਹਨ । ਇਹੀ ਵਜਹ ਹੈ ਕਿ ਇਥੋ ਦੇ ਨਿਵਾਸੀ ਸਾਡੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਅਹੁਦੇਦਾਰ ਸਾਹਿਬਾਨ ਹਰ ਤਰ੍ਹਾਂ ਦੇ ਰੋਸ ਵਿਖਾਵੇ, ਧਰਨੇ ਅਤੇ ਰੈਲੀਆ ਕਰਦੇ ਹੋਏ ਜਮਹੂਰੀਅਤ ਲੀਹਾਂ ਉਤੇ ਪਹਿਰਾ ਦੇ ਕੇ ਕਰਦੇ ਹਨ । ਪਰ ਇਸਦੇ ਬਾਵਜੂਦ ਵੀ ਪੰਜਾਬ ਸਰਕਾਰ ਆਪਣੀ ਸਿਆਸੀ ਤਾਕਤ ਦੇ ਹਾਊਮੈ ਵਿਚ ਅਤੇ ਗੈਰ ਤੁਜਰਬੇਕਾਰ ਹੋਣ ਕਰਕੇ ਅਜਿਹੇ ਅਮਲ ਕਰਦੀ ਨਜਰ ਆ ਰਹੀ ਹੈ ਜਿਸ ਨਾਲ ਪੰਜਾਬ ਦੇ ਨਿਵਾਸੀਆ ਦੀ ਕਿਸੇ ਤਰ੍ਹਾਂ ਦੀ ਗਲਤੀ ਨਾਲ ਨਹੀ ਬਲਕਿ ਹਕੂਮਤੀ ਗਲਤੀਆ ਦੀ ਬਦੌਲਤ ਪੰਜਾਬ ਸੂਬੇ ਦਾ ਸਮਾਜਿਕ ਮਾਹੌਲ ਗੰਧਲਾ ਕੀਤਾ ਜਾ ਰਿਹਾ ਹੈ । ਇਸ ਲਈ ਸੈਟਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰਾਂ ਜੋ ਨਾਦਰਸਾਹੀ ਅਮਲਾਂ ਵਿਚ ਵਿਸਵਾਸ ਰੱਖਦੀਆਂ ਹਨ ਉਹ ਸਿੱਧੇ ਤੌਰ ਤੇ ਜਿੰਮੇਵਾਰ ਹਨ ।
ਉਨ੍ਹਾਂ ਕਿਹਾ ਕਿ ਜੇਕਰ ਇਕ ਮੁੱਖ ਮੰਤਰੀ ਤੇ ਉਹ ਸੂਬੇ ਦੇ ਗਵਰਨਰ ਦੇ ਆਪਸੀ ਤਾਲਮੇਲ ਤੇ ਸੰਬੰਧ ਸਹੀ ਢੰਗ ਨਾਲ ਨਹੀ ਚੱਲਦੇ ਅਤੇ ਇਨ੍ਹਾਂ ਦਾ ਆਪਸ ਵਿਚ ਸਹੀ ਸੰਤੁਲਨ ਨਾ ਬਣ ਸਕਿਆ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਅਤੇ ਉਸਦੀ ਸਰਕਾਰ ਦੀ ਵੱਡੀ ਅਸਫਲਤਾ ਨੂੰ ਖੁਦ ਪ੍ਰਤੱਖ ਕਰਦੀ ਹੈ । ਅਜਿਹੇ ਮੁੱਖ ਮੰਤਰੀ ਅਤੇ ਪਿੰਡਾਂ ਤੇ ਕਸਬਿਆ ਵਿਚ ਪੰਚ ਤੇ ਸਰਪੰਚ ਨਾ ਬਣਨ ਦੀ ਹੈਸੀਅਤ ਰੱਖਣ ਵਾਲੇ ਮੌਜੂਦਾ ਵਜੀਰ ‘ਅਲੀ ਬਾਬਾ 40 ਚੋਰਾਂ ਦੀ ਟੀਮ ਦੀ ਤਰ੍ਹਾਂ’ ਪੰਜਾਬ ਵਿਚ ਦੁੱਖਦਾਇਕ ਅਮਲ ਕਰ ਰਹੇ ਹਨ ਅਤੇ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰ ਜੁਲਮ ਢਾਹ ਰਹੇ ਹਨ । ਇਹੀ ਵਜਹ ਹੈ ਅੱਜ ਫਿਰ ਝੂਠੇ ਪੁਲਿਸ ਮੁਕਾਬਲਿਆ ਵਿਚ ਨੌਜਵਾਨਾਂ ਨੂੰ ਗੈਗਸਟਰ, ਸਮੱਗਲਰ ਅਤੇ ਅਪਰਾਧਿਕ ਕਹਿਕੇ ਮਾਰਿਆ ਜਾ ਰਿਹਾ ਹੈ । ਜਦੋਕਿ ਸਰਕਾਰ ਤੇ ਪੁਲਿਸ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀ ਹੈ । ਬਲਕਿ ਕਿਸੇ ਸੱਕੀ ਵਿਅਕਤੀ ਨੂੰ ਅਦਾਲਤੀ ਪ੍ਰਕਿਰਿਆ ਰਾਹੀ ਜੱਜ ਸਾਹਮਣੇ ਪੇਸ ਕਰਕੇ ਹੀ ਕਿਸੇ ਤਰ੍ਹਾਂ ਦੀ ਕਾਨੂੰਨੀ ਸਜ਼ਾ ਦਿਵਾਈ ਜਾ ਸਕਦੀ ਹੈ ਨਾ ਕਿ ਝੂਠੇ ਪੁਲਿਸ ਮੁਕਾਬਲੇ ਵਿਚ ਕਿਸੇ ਨਾਗਰਿਕ ਨੂੰ ਮਾਰਨ ਦਾ ਕਿਸੇ ਵੀ ਸਰਕਾਰ ਜਾਂ ਪੁਲਿਸ ਨੂੰ ਹੱਕ ਨਹੀ ਹੈ । ਸ. ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਭਾਨਾ ਸਿੱਧੂ, ਲੱਖਾ ਸਿਧਾਣਾ ਆਦਿ ਜੋ ਵੀ ਪੰਜਾਬ ਦੀ ਸਖਸੀਅਤ ਜਾਂ ਸੰਗਠਨ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਇਨਸਾਫ ਦੇਣ ਲਈ ਆਵਾਜ ਉਠਾਉਦਾ ਹੈ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਨਜਰਬੰਦ ਕਰਨ, ਗ੍ਰਿਫਤਾਰੀਆਂ ਕਰਨ, ਪੁਲਿਸ ਲਾਠੀਚਾਰਜ ਕਰਕੇ ਦਹਿਸਤ ਪੈਦਾ ਕਰਨ ਦੀਆਂ ਕਾਰਵਾਈਆ ਭਗਵੰਤ ਸਿੰਘ ਮਾਨ ਸਰਕਾਰ ਦੀ ਹਊਮੈ ਨੂੰ ਪ੍ਰਤੱਖ ਕਰਦੀਆਂ ਹਨ, ਨਾ ਕਿ ਅਜਿਹੇ ਅਮਲ ਇਥੋ ਦੇ ਮਾਹੌਲ ਨੂੰ ਕਦੀ ਸੁਖਾਵਾਂ ਬਣਾ ਸਕਦੇ ਹਨ । ਇਸ ਲਈ ਸਾਡੀ ਇਸ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਇਹ ਨੇਕ ਰਾਏ ਹੈ ਕਿ ਉਹ ਪੰਜਾਬੀਆਂ, ਕਿਸਾਨਾਂ, ਸਿਆਸੀ ਆਗੂਆਂ, ਮੁਲਾਜਮਾਂ, ਅਧਿਆਪਕਾ ਆਦਿ ਨਾਲ ਜ਼ਬਰ ਜੁਲਮ ਕਰਨ ਦੀ ਬਜਾਇ ਵਿਧਾਨਿਕ ਲੀਹਾਂ ਅਨੁਸਾਰ ਟੇਬਲਟਾਕ ਕਰਦੇ ਹੋਏ ਇਨ੍ਹਾਂ ਮਸਲਿਆ ਨੂੰ ਸੰਜੀਦਗੀ ਨਾਲ ਹੱਲ ਕਰਨ ਅਤੇ ਇਥੋ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਬਣਾਈ ਰੱਖਣ ਤਾਂ ਬਿਹਤਰ ਹੋਵੇਗਾ । ਜੇਕਰ ਅਜਿਹਾ ਨਾ ਕੀਤਾ ਤਾਂ ਬਣਨ ਵਾਲੇ ਵਿਸਫੌਟਕ ਹਾਲਤਾਂ ਲਈ ਸ੍ਰੀ ਮੋਦੀ ਤੇ ਭਗਵੰਤ ਸਰਕਾਰਾਂ ਜਿੰਮੇਵਾਰ ਹੋਣਗੀਆਂ ।