ਲੁਧਿਆਣਾ -ਜਰਮਨੀ ਦੀ ਉੱਘੀ ਸੰਸਥਾ ਤੋਂ ਤਿੰਨ ਮੈਂਬਰੀ ਸਾਇੰਸਦਾਨਾਂ ਦੇ ਵਫਦ ਨੇ 9 ਮਾਰਚ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਵਫਦ ਵਿੱਚ ਸ਼ਾਮਿਲ ਡਾ: ਥਾਮਸ ਨਿਊਮੈਨ, ਡਾ: ਅਲੀਜ਼ਾਵੇਥ ਅਤੇ ਡਾ: ਮਿਨੀ ਬਜਾਜ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਵਿਚਾਰ ਚਰਚਾ ਕੀਤੀ। ਇਸ ਵਫਦ ਦਾ ਮੁੱਖ ਉਦੇਸ਼ ਮਿੱਟੀ, ਪਾਣੀ, ਮਨੁੱਖਾਂ ਅਤੇ ਪੌਦਿਆਂ ਵਿੱਚ ਆਰਸੈਨਿਕ ਅਤੇ ਸਲੀਨੀਅਮ ਤੱਤ ਸੰਬੰਧੀ ਖੋਜ ਸੰਬੰਧੀ ਸੰਭਾਵਨਾਵਾਂ ਦੀ ਪੜਤਾਲ ਕਰਨਾ ਸੀ। ਵਫਦ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡਾ: ਕੰਗ ਨੇ ਕਿਹਾ ਕਿ ਇਸ ਖੇਤਰ ਵਿੱਚ ਇਸ ਸੰਬੰਧੀ ਕਈ ਅੰਤਰ ਰਾਸ਼ਟਰੀ ਅਦਾਰਿਆਂ ਨਾਲ ਪੀ ਏ ਯੂ ਵੱਲੋਂ ਖੋਜ ਜਾਰੀ ਹੈ ਅਤੇ ਜਰਮਨੀ ਦੇ ਨਾਲ ਦੁਪਾਸੜਾ ਸਹਿਯੋਗ ਖੋਜ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਕ ਮੀਲ ਪੱਥਰ ਸਿੱਧ ਹੋਵੇਗਾ। ਵਫਦ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਭੂਮੀ ਵਿਭਾਗ ਵਿੱਚ ਇਕ ਲੈਕਚਰ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਇੰਸਦਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਵਿਭਾਗ ਦੇ ਮੁਖੀ ਡਾ: ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਲੀਨੀਅਮ ਦੀ ਗੰਭੀਰ ਸਮੱਸਿਆ ਹੈ ਜਦ ਕਿ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਆਰਸੈਨਿਕ ਦੀ ਸਮੱਸਿਆ ਵੇਖ ਜਾ ਰਹੀ ਹੈ।
ਜਰਮਨੀ ਦੇ ਸਾਇੰਸਦਾਨਾਂ ਨੇ ਖੇਤੀ ਵਰਸਿਟੀ ਦਾ ਦੌਰਾ ਕੀਤਾ
This entry was posted in ਖੇਤੀਬਾੜੀ.
