ਅੰਮ੍ਰਿਤਸਰ – ਅੰਮ੍ਰਿਤਸਰ ਦੇ ਦੱਖਣੀ ਹਲਕੇ ਵਿੱਚ ਸਥਿਤ ਭਗਤਾਂਵਾਲਾ ਕੂੜੇ ਦਾ ਡੰਪ, ਜੋ ਕਈ ਸਾਲਾਂ ਤੋਂ ਸ਼ਹਿਰ ਦੀ ਸੁੰਦਰਤਾ ‘ਤੇ ਧੱਬਾ ਬਣਿਆ ਹੋਇਆ ਹੈ, ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਡੰਪ ਦੇ ਨਾਲ ਜੁੜੀਆਂ ਸਿਹਤ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਮੁਸੀਬਤ ਵਿੱਚ ਪਾਇਆ ਹੈ। ਪੰਜਾਬ ਕਾਂਗਰਸ ਓਬੀਸੀ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਇਸ ਮੁੱਦੇ ਨੂੰ ਬੜੀ ਬੇਬਾਕੀ ਨਾਲ ਚੁੱਕਿਆ ਹੈ, ਜਿਸ ਨਾਲ ਪ੍ਰਸ਼ਾਸਨ ਅਤੇ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ।
ਭਗਤਾਂਵਾਲਾ ਡੰਪ ਦੇ ਕੂੜੇ ਦੇ ਪਹਾੜ ਨੇ ਸਥਾਨਕ ਲੋਕਾਂ ਵਿੱਚ ਕੈਂਸਰ, ਕਾਲਾ ਪੀਲੀਆ, ਦਮਾ, ਜਿਗਰ ਅਤੇ ਦਿਮਾਗ ਦਾ ਕੈਂਸਰ, ਚਮੜੀ ਦੇ ਰੋਗ ਅਤੇ ਅੱਖਾਂ ਦੀ ਰੌਸ਼ਨੀ ਗੁਆਉਣ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਇਹ ਕੂੜੇ ਦਾ ਪਹਾੜ ਅੰਮ੍ਰਿਤਸਰ ਦੇ ਲੋਕਾਂ ਲਈ ਮੌਤ ਦਾ ਸੱਦਾ ਬਣ ਗਿਆ ਹੈ। ਇਹ ਸਿਰਫ ਸਥਾਨਕ ਮੁੱਦਾ ਨਹੀਂ, ਇਸ ਦਾ ਪ੍ਰਦੂਸ਼ਣ ਪੂਰੇ ਸ਼ਹਿਰ ਵਿੱਚ ਫੈਲ ਰਿਹਾ ਹੈ।ਸੋਨੂੰ ਜੰਡਿਆਲਾ ਜੋ ਮੀਂਹ ਦੇ ਵਿਚਕਾਰ ਵੀ ਲਗਾਤਾਰ ਇਸ ਮੁੱਦੇ ਨੂੰ ਉਠਾਉਣ ਲਈ ਪ੍ਰਦਰਸ਼ਨ ਕਰ ਰਿਹਾ ਸੀ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਭਗਤਾਂਵਾਲਾ ਡੰਪ ਦੀ ਲੜਾਈ ਲੜ ਰਿਹਾ ਹੈ ਅਤੇ ਲੋਕਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਉਸ ਦੀ ਵਾਤਾਵਰਣ ਅਤੇ ਜਨ ਸਿਹਤ ਪ੍ਰਤੀ ਸਮਰਪਣ ਦੀ ਸ਼ਲਾਘਾ ਹੋ ਰਹੀ ਹੈ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਉਸ ਦਾ ਸਮਰਥਨ ਕਰਦਿਆਂ ਕਿਹਾ ਜੇਕਰ ਪੰਜਾਬ ਸਰਕਾਰ ਇਸ ਮੁੱਦੇ ਦੇ ਹੱਲ ਲਈ ਕੋਈ ਠੋਸ ਪ੍ਰਸਤਾਵ ਤਿਆਰ ਕਰਦੀ ਹੈ, ਤਾਂ ਉਹ ਕੇਂਦਰ ਤੋਂ ਫੰਡ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਸਾਡਾ ਪਹਿਲਾ ਫਰਜ਼ ਹੈ।ਔਜਲਾ ਨੇ ਇਸ ਮੁੱਦੇ ਦੇ ਵਾਰ-ਵਾਰ ਰਾਜਨੀਤੀਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਚੋਣਾਂ ਸਮੇਂ ਵਾਅਦੇ ਤਾਂ ਸਾਰੇ ਕਰਦੇ ਹਨ, ਪਰ ਕੋਈ ਵੀ ਸਥਾਈ ਹੱਲ ਨਹੀਂ ਕਰਦਾ।
ਅੰਮ੍ਰਿਤਸਰ ਮਿਉਂਸਪਲ ਕਾਰਪੋਰੇਸ਼ਨ ਨੇ ਹਾਲ ਹੀ ਵਿੱਚ 36.53 ਕਰੋੜ ਰੁਪਏ ਦੀ ਲਾਗਤ ਨਾਲ 15 ਮਹੀਨਿਆਂ ਵਿੱਚ ਬਾਇਓ-ਰੀਮੀਡੀਏਸ਼ਨ ਰਾਹੀਂ ਇਸ ਡੰਪ ਦੇ ਪੁਰਾਣੇ ਕੂੜੇ ਨੂੰ ਸਾਫ ਕਰਨ ਦਾ ਐਲਾਨ ਕੀਤਾ ਹੈ। ਮਿਉਂਸਪਲ ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਪੁਸ਼ਟੀ ਕੀਤੀ ਕਿ 11 ਲੱਖ ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਲਈ ਨਵਾਂ ਟੈਂਡਰ ਜਾਰੀ ਕੀਤਾ ਗਿਆ ਹੈ ਅਤੇ ਹੋਰ ਵਾਰਡਾਂ ਵਿੱਚ ਕੂੜਾ ਇਕੱਤਰ ਕਰਨ ਅਤੇ ਪ੍ਰੋਸੈਸਿੰਗ ਲਈ ਵੱਖਰੇ ਟੈਂਡਰ ਵੀ ਜਾਰੀ ਹੋਏ ਹਨ।ਸਥਾਨਕ ਵਸਨੀਕਾਂ ਨੂੰ ਇਸ ਤੋਂ ਕੁਝ ਆਸ ਜਾਗੀ ਹੈਪਰ ਉਹ ਸਾਵਧਾਨ ਵੀ ਹਨ। ਸੋਨੂੰ ਨੇ ਕਿਹਾ ਹਰ ਚੋਣ ਵਿੱਚ ਲੋਕ ਵਾਅਦੇ ਸੁਣਦੇ ਹਨ ਪਰ ਕੂੜੇ ਦਾ ਪਹਾੜ ਹਰ ਸਾਲ ਵੱਧਦਾ ਜਾ ਰਿਹਾ ਹੈ। ਸਾਡੇ ਬੱਚੇ ਬਿਮਾਰ ਪੈ ਰਹੇ ਹਨ।ਡੰਪ ਦੇ ਨੇੜੇ ਰਹਿਣ ਵਾਲਿਆਂ ਨੂੰ ਪੁੱਛ ਕੇ ਵੇਖੋ। ਵਾਤਾਵਰਣ ਮਾਹਿਰਾਂ ਅਨੁਸਾਰ, ਇਸ ਡੰਪ ਦਾ ਪ੍ਰਦੂਸ਼ਣ ਨੇੜਲੇ ਇਲਾਕਿਆਂ ਤੋਂ ਇਲਾਵਾ ਪੂਰੇ ਸ਼ਹਿਰ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਸੋਨੂੰ ਜੰਡਿਆਲਾ ਨੇ ਅਡੋਲ ਇਰਾਦਿਆਂ ਨਾਲ ਕਿਹਾ, “ਇਹ ਲੋਕਾਂ ਦੀ ਆਵਾਜ਼ ਹੈ। ਜਦੋਂ ਤੱਕ ਇਸ ਦਾ ਹੱਲ ਨਹੀਂ ਹੁੰਦਾ, ਮੈਂ ਪਿੱਛੇ ਨਹੀਂ ਹਟਾਂਗਾ।” ਉਸ ਦੇ ਪ੍ਰਦਰਸ਼ਨਾਂ ਨੇ ਦੱਖਣੀ ਹਲਕੇ ਦੇ ਲੋਕਾਂ ਵਿੱਚ ਇੱਕ ਨਵੀਂ ਦੀ ਆਸ ਦੀ ਕਿਰਨ ਜਗਾਈ ਹੈ ਕਿ ਸ਼ਾਇਦ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੁਣ ਸੰਭਵ ਹੋ ਸਕੇ।
ਪੰਜਾਬ ਸਰਕਾਰ ਨੂੰ ਵਿਗਿਆਨਕ ਤਰੀਕੇ ਨਾਲ ਕੂੜੇ ਦੇ ਨਿਪਟਾਰੇ ਦੀ ਪ੍ਰਣਾਲੀ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਿਹਤ ਅਤੇ ਵਾਤਾਵਰਣ ਨੂੰ ਹੋਰ ਨੁਕਸਾਨ ਨਾ ਹੋਵੇ। ਜਿਵੇਂ-ਜਿਵੇਂ ਇਹ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ, ਸਾਰੀਆਂ ਨਜ਼ਰਾਂ ਪ੍ਰਸ਼ਾਸਨ ‘ਤੇ ਹਨ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਅਤੇ ਅੰਮ੍ਰਿਤਸਰ ਨੂੰ ਇਸ ਲੰਬੇ ਸਮੇਂ ਦੀ ਮੁਸੀਬਤ ਤੋਂ ਨਜਾਤ ਦਿਵਾਏ।
