ਵਾਸ਼ਿੰਗਟਨ – ਅਮਰੀਕੀ ਪ੍ਰਸ਼ਾਸਨ ਰੂਸ ਅਤੇ ਯੁਕਰੇਨ ਦਰਮਿਆਨ ਚੱਲ ਰਹੇ ਯੁੱਧ ਨੂੰ ਰੁਕਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸ ਦੇ ਤਹਿਤ ਹੀ ਰਾਸ਼ਰਟਰਪਤੀ ਟਰੰਪ ਨੇ ਰੂਸ ਦੇ ਨਦਲ ਵਪਾਰ ਕਰਨ ਵਾਲੇ ਦੇਸ਼ਾਂ ਤੇ ਬਹੁਤ ਭਾਰੀ ਟੈਰਿਫ਼ ਲਗਾਉਣ ਦੀ ਚਿਤਾਵਨੀ ਦਿੱਤੀ ਹੈ। ਹੁਣ ਰੀਪਬਲੀਕਨ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਭਾਰਤ ਅਤੇ ਚੀਨ ਨੂੰ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਹੈ।
ਅਮਰੀਕੀ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਭਾਰਤ ਅਤੇ ਚੀਨ ਨੇ ਰੂਸ ਨਾਲ ਵਪਾਰ ਜਾਰੀ ਰੱਖਿਆ ਤਾਂ ਟਰੰਪ ਪ੍ਰਸ਼ਾਸਨ ਦੋਵਾਂ ਦੇਸ਼ਾਂ ਤੇ 500% ਤੱਕ ਟੈਰਿਫ਼ ਲਗਾ ਸਕਦਾ ਹੈ। ਗਰਾਹਮ ਨੇ ਕਿਹਾ ਕਿ ਟਰੰਪ ਰੂਸ ਨੂੰ ਯੁੱਧ ਰੋਕਣ ਤੇ ਮਜ਼ਬੂਰ ਕਰਨਾ ਚਾਹੁੰਦੇ ਹਨ ਅਤੇ ਇਸ ਮੁੱਦੇ ਤੇ ਜਿਹੜੇ ਵੀ ਦੇਸ਼ ਉਸ ਦੀ ਮੱਦਦ ਕਰ ਰਹੇ ਹਨ, ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਗ੍ਰਾਹਮ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਦੌਰਾਨ ਕਿਹਾ, ‘ਭਾਰਤ, ਰੂਸ ਅਤੇ ਬਰਾਜ਼ੀਲ ਵਰਗੇ ਦੇਸ਼ ਜੋ ਰੂਸ ਤੋਂ ਸਸਤਾ ਤੇਲ ਖਰੀਦ ਰਹੇ ਹਨ, ਉਹ ਪੂਤਿਨ ਨੂੰ ਜੰਗ ਜਾਰੀ ਰੱਖਣ ਲਈ ਮੱਦਦ ਕਰ ਰਹੇ ਹਨ। ਅਗਰ ਇਹ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖਣਗੇ ਤਾਂ ਉਨ੍ਹਾਂ ਤੇ ਟੈਰਿਫ਼ ਲਗਾਵਾਂਗੇ। ਅਸੀਂ ਤੁਹਾਡੀ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦੇਵਾਂਗੇ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪੈਸਾ ‘ਬਲੱਡ ਮਨੀ’ ਹੈ, ਜਿਸ ਨਾਲ ਪੂਤਿਨ ਨੂੰ ਪਾਵਰ ਮਿਲ ਰਹੀ ਹੈ।
ਅਮਰੀਕਾ ਨੇ ਪੂਤਿਨ ਨੂੰ 50 ਦਿਨਾਂ ਦਾ ਸਮਾਂ ਦਿੱਤਾ ਹੈ। ਜੇ ਰੂਸ ਤੈਅ ਸਮੇਂ ਤੱਕ ਜੰਗ ਬੰਦ ਨਹੀਂ ਕਰਦਾ ਤਾਂ ਉਸ ਤੇ 500% ਅਤੇ ਉਸ ਦੇ ਵਪਾਰਿਕ ਭਾਈਵਾਲਾਂ ਤੇ 100% ਵਾਧੂ ਟੈਕਸ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਨਾਟੋ ਦੇਸ਼ ਵੀ ਅਜਿਹੀ ਹੀ ਧਮਕੀ ਦੇ ਚੁੱਕੇ ਹਨ।
