ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋ ਵੀ ਹੁਕਮਰਾਨ ਜਾਂ ਸਰਕਾਰ ਨੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੇ ਵੋਟ ਬੈਂਕ ਨੂੰ ਵਧਾਉਣ ਦੀ ਮੰਦਭਾਵਨਾ ਅਧੀਨ ਸਿੱਖ ਸਮਾਗਮਾਂ ਵਿਚ ਰਹਿਤ ਮਰਿਯਾਦਾ ਵਿਚ ਦਖਲ ਦੇ ਕੇ ਆਪਣੇ ਆਪ ਨੂੰ ਪੰਥ ਹਿਤੈਸੀ ਸਾਬਤ ਕਰਨ ਦੀ ਕੋਸਿਸ ਕਰਦੇ ਹੋਏ ਗੈਰ ਧਾਰਮਿਕ ਤੇ ਗੈਰ ਇਖਲਾਕੀ ਅਮਲ ਕੀਤੇ ਹਨ, ਤਾਂ ਪੰਜਾਬੀਆਂ ਤੇ ਸਿੱਖ ਕੌਮ ਨੇ ਅਜਿਹੇ ਸਵਾਰਥੀ ਹੁਕਮਰਾਨਾਂ ਜਾਂ ਸਿਆਸੀ, ਧਾਰਮਿਕ ਪਾਰਟੀਆਂ ਦਾ ਕਤਈ ਸਾਥ ਨਹੀ ਦਿੱਤਾ । ਬਲਕਿ ਸਿੱਖ ਕੌਮ ਦੇ ਰੋਹ ਦਾ ਵੱਡਾ ਟਾਕਰਾ ਕਰਨਾ ਪਿਆ । ਅੱਜ ਸ. ਭਗਵੰਤ ਸਿੰਘ ਮਾਨ ਅਤੇ ਉਸਦੀ ਆਮ ਆਦਮੀ ਪਾਰਟੀ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਗੁਰਪੁਰਬ ਸਮਾਗਮਾਂ ਉਤੇ ਲਾਹਾ ਲੈਣ ਹਿੱਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਉਦਮ ਵਿਚ ਸਹਿਯੋਗ ਨਾ ਦੇ ਕੇ ਵੱਖਰੇ ਤੌਰ ਤੇ ਸਮਾਗਮ ਕਰਦੇ ਹੋਏ ਅਤੇ ਸਾਡੀਆ ਮਰਿਯਾਦਾਵਾ ਦਾ ਘਾਣ ਕਰਦੇ ਹੋਏ ਸ੍ਰੀਨਗਰ ਵਿਚ ਸਟੇਜ ਉਤੇ ਭੰਗੜੇ ਪਵਾਏ ਹਨ, ਇਨ੍ਹਾਂ ਗੈਰ ਇਖਲਾਕੀ ਤੇ ਮਰਿਯਾਦਾਵਾ ਦੇ ਉਲਟ ਕੀਤੇ ਜਾਣ ਵਾਲੇ ਸ਼ਰਮਨਾਕ ਕੰਮਾਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ । ਗੁਰੂ ਸਾਹਿਬਾਨ ਦੇ ਨਾਮ ਤੇ ਕੋਈ ਵੀ ਸਰਕਾਰ ਜਾਂ ਸਿਆਸਤਦਾਨ ਆਪਣੇ ਸਿਆਸੀ ਸਵਾਰਥਾਂ ਦੀ ਕਤਈ ਵੀ ਪੂਰਤੀ ਨਹੀ ਕਰ ਸਕਦਾ ਅਤੇ ਨਾ ਹੀ ਸਿੱਖ ਕੌਮ ਅਜਿਹੇ ਅਮਲਾਂ ਨੂੰ ਪ੍ਰਵਾਨਗੀ ਦੇਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਅਤੇ ਆਮ ਆਦਮੀ ਪਾਰਟੀ ਵੱਲੋ ਸ੍ਰੀਨਗਰ ਵਿਖੇ 350 ਸਾਲਾਂ ਗੁਰਪੁਰਬ ਸਮਾਗਮਾਂ ਦੀ ਸਟੇਜ ਤੋ ਭੰਗੜੇ ਪਵਾਕੇ ਸਿੱਖ ਕੌਮ ਦੀਆਂ ਉੱਚ ਮਰਿਯਾਦਾਵਾ ਦਾ ਘਾਣ ਕਰਦੇ ਹੋਏ ਜੋ ਖਾਲਸਾ ਪੰਥ ਤੇ ਸਿੱਖ ਕੌਮ ਦੇ ਮਨਾਂ ਤੇ ਆਤਮਾ ਨੂੰ ਡੂੰਘੀ ਠੇਸ ਪਹੁੰਚਾਈ ਹੈ, ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸਤਦਾਨ ਜਾਂ ਸਰਕਾਰ ਨੂੰ ਗੁਰੂ ਸਾਹਿਬਾਨ ਜੀ ਦੇ ਉਨ੍ਹਾਂ ਮਹਾਨ ਦਿਹਾੜਿਆ ਜਿਨ੍ਹਾਂ ਨੇ ਮਨੁੱਖਤਾ ਅਤੇ ਇਨਸਾਨੀਅਤ ਲਈ ਆਪਣੀਆ ਸ਼ਹਾਦਤਾਂ ਦੇ ਕੇ ਸਮਾਜ ਨੂੰ ਉੱਚ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਅਗਵਾਈ ਕੀਤੀ ਹੈ, ਇਨ੍ਹਾਂ ਦਿਹਾੜਿਆ ਉਤੇ ਸਿਆਸੀ ਲਾਹੇ ਲੈਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਨਾ ਬਰਦਾਸਤ ਕਰਨ ਯੋਗ ਕਰਾਰ ਦਿੱਤਾ । ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਦੇ ਉਨ੍ਹਾਂ ਅਧਿਕਾਰੀਆਂ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਿਨ੍ਹਾਂ ਨੂੰ ਸਿੱਖ ਕੌਮ ਦੀਆਂ ਮਰਿਯਾਦਾਵਾ, ਦਿਹਾੜਿਆ ਦੇ ਵੱਡੇ ਮਹੱਤਵ ਬਾਰੇ ਭਰਪੂਰ ਜਾਣਕਾਰੀ ਹੈ ਉਨ੍ਹਾਂ ਵੱਲੋ ਅਜਿਹੇ ਸਮੇ ਸਰਕਾਰੀ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਕੀਤੀਆ ਅਣਗਹਿਲੀਆ ਦਾ ਵੀ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਇਹ ਅਧਿਕਾਰੀ ਵੀ ਆਪਣੀਆ ਸਰਕਾਰੀ ਤੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਜੋ ਸਰਕਾਰ ਦੇ ਗੈਰ ਸਿਧਾਤਿਕ ਅਤੇ ਗੈਰ ਇਖਲਾਕੀ ਹੁਕਮਾਂ ਨੂੰ ਪ੍ਰਵਾਨ ਕਰਦੇ ਹਨ, ਉਹ ਵੀ ਉਪਰੋਕਤ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਤਰ੍ਹਾਂ ਸਿੱਖ ਕੌਮ ਦੀ ਕਚਹਿਰੀ ਵਿਚ ਦੋਸ਼ੀ ਹੋਣਗੇ । ਇਸ ਲਈ ਅਜਿਹੇ ਅਧਿਕਾਰੀਆ ਨੂੰ ਅਜਿਹੇ ਗੈਰ ਸਿਧਾਤਿਕ ਹੁਕਮਾਂ ਨੂੰ ਕਦਾਚਿਤ ਪ੍ਰਵਾਨ ਨਹੀ ਕਰਨਾ ਚਾਹੀਦਾ ।
ਉਨ੍ਹਾਂ ਕਿਹਾ ਕਿ ਬੇਸੱਕ ਅਜਿਹੇ ਮਹਾਨ ਦਿਹਾੜਿਆ ਨੂੰ ਮਨਾਉਣ ਤੇ ਸਮੁੱਚੇ ਖਾਲਸਾ ਪੰਥ ਨੂੰ ਅਜਿਹੇ ਵਿਸਿਆ ਤੇ ਇਕੱਤਰ ਕਰਨ ਦਾ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦਾ ਅਧਿਕਾਰ ਤੇ ਫਰਜ ਹੈ । ਕਿਉਂਕਿ ਬੀਤੇ 15 ਸਾਲਾਂ ਤੋ ਮੌਜੂਦਾ ਐਸ.ਜੀ.ਪੀ.ਸੀ ਉਤੇ ਕਾਬਜ ਗੈਰ ਸਿਧਾਤਿਕ ਲੋਕਾਂ ਨੇ ਖਾਲਸਾ ਪੰਥ ਤੋ ਜਮਹੂਰੀਅਤ ਢੰਗ ਨਾਲ ਫਤਵਾ ਨਾ ਲੈਕੇ ਖੁਦ ਹੀ ਸਿੱਖ ਕੌਮ ਤੇ ਪੰਜਾਬੀਆਂ ਵਿਚ ਆਪਣੇ ਆਪ ਨੂੰ ਨਿਰਾਰਥਕ ਸਾਬਤ ਕਰ ਚੁੱਕੇ ਹਨ । ਜੋ ਇਹ ਸਾਡੀ ਇਸ ਜਮਹੂਰੀ ਸੰਸਥਾਂ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਹੀ ਕਰਵਾ ਰਹੇ, ਸਾਡੀ ਇਸ ਧਾਰਮਿਕ ਸੰਸਥਾਂ ਉਤੇ ਜਬਰੀ ਕਬਜਾ ਰੱਖਕੇ ਅਸਲੀਅਤ ਵਿਚ ਗੁਰੂ ਸਾਹਿਬਾਨ ਦੇ ਸਿਧਾਤਾਂ ਤੇ ਸੋਚ ਤੋ ਮੂੰਹ ਮੋੜ ਰਹੇ ਹਨ । ਇਹੀ ਵਜਹ ਹੈ ਕਿ ਖਾਲਸਾ ਪੰਥ ਦੇ ਮਹਾਨ ਦਿਹਾੜਿਆ ਨੂੰ ਮਨਾਉਣ ਸਮੇ ਅਤੇ ਹੋਰ ਵੱਡੇ ਪੰਥਕ ਉੱਦਮਾਂ ਵਿਚ ਸਿੱਖ ਕੌਮ ਹੁਣ ਇਨ੍ਹਾਂ ਨੂੰ ਸਾਥ ਨਹੀ ਦੇ ਰਹੀ । ਹਰ ਪਾਸੇ ਇਨ੍ਹਾਂ ਦੀ ਅਸਫਲਤਾ ਦੇ ਕਾਰਨ ਅਤੇ ਗੈਰ ਸਿਧਾਤਿਕ ਕਾਰਵਾਈਆ ਦੇ ਕਾਰਨ ਕਿਰਕਰੀ ਹੋ ਰਹੀ ਹੈ । ਇਸ ਲਈ ਬਿਹਤਰ ਹੋਵੇਗਾ ਕਿ ਮੌਜੂਦਾ ਐਸ.ਜੀ.ਪੀ.ਸੀ ਤੇ ਕਾਬਜ ਲੋਕ ਜੋ ਗੈਰ ਕਾਨੂੰਨੀ ਹਨ, ਉਨ੍ਹਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਅਤੇ ਐਸ.ਜੀ.ਪੀ.ਸੀ ਐਕਟ ਅਨੁਸਾਰ ਹਰ 5 ਸਾਲ ਬਾਅਦ ਹੋਣ ਵਾਲੀਆ ਜਮਹੂਰੀ ਚੋਣਾਂ ਨੂੰ ਸਹੀ ਸਮੇ ਤੇ ਕਰਵਾਉਣ ਲਈ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਖੁਦ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਖਾਲਸਾ ਪੰਥ ਵਿਚ ਵਿਚਰ ਰਹੇ ਵੋਟਰ ਫਿਰ ਤੋ ਉੱਚੇ ਸੁੱਚੇ ਇਖਲਾਕ ਵਾਲੇ ਐਸ.ਜੀ.ਪੀ.ਸੀ ਮੈਬਰਾਂ ਨੂੰ ਚੋਣ ਢੰਗ ਰਾਹੀ ਅੱਗੇ ਲਿਆਕੇ ਆਪਣੀਆ ਇਨ੍ਹਾਂ ਸੰਸਥਾਵਾਂ ਦਾ ਸਹੀ ਢੰਗ ਨਾਲ ਪ੍ਰਬੰਧ ਕਰਨ ਵਿਚ ਯੋਗਦਾਨ ਵੀ ਪਾ ਸਕਣ ਅਤੇ ਇਨ੍ਹਾਂ ਸੰਸਥਾਵਾਂ ਵਿਚ ਆਪਣੇ ਵਿਸਵਾਸ ਨੂੰ ਹੋਰ ਪ੍ਰਪੱਕ ਕਰਨ ਵਿਚ ਯੋਗਦਾਨ ਪਾ ਸਕਣ । ਸ. ਮਾਨ ਨੇ ਸਮੁੱਚੇ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਕਿ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਪੁਰਬ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਛੋਟੇ ਮੋਟੇ ਵਿਚਾਰਕ ਵਖਰੇਵਿਆ ਤੋ ਉਪਰ ਉੱਠਕੇ ਇਨ੍ਹਾਂ ਦਿਹਾੜਿਆ ਨੂੰ ਸਮੂਹਿਕ ਰੂਪ ਵਿਚ ਸਰਧਾ ਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ ਜਿਸ ਨਾਲ ਕੇਵਲ ਪੰਜਾਬ ਇੰਡੀਆ ਵਿਚ ਹੀ ਨਹੀ ਬਲਕਿ ਉਨ੍ਹਾਂ ਦੇ ਮਨੁੱਖਤਾ ਪੱਖੀ ਸੰਦੇਸ, ਸਮੁੱਚੇ ਸੰਸਾਰ ਦੇ ਕੋਨੇ ਕੋਨੇ ਵਿਚ ਅਤੇ ਸਭ ਵਰਗਾਂ ਤੇ ਕੌਮਾਂ ਵਿਚ ਪਹੁੰਚ ਸਕੇ । ਸਮੁੱਚੇ ਸੰਸਾਰ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਸਿੱਖੀ ਅਤੇ ਮਨੁੱਖਤਾ ਦਾ ਬੋਲਬਾਲਾ ਹੋ ਸਕੇ ।
