ਅੰਮ੍ਰਿਤਸਰ – ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਅੱਜ ਰਾਜਸਥਾਨ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਦੌਰਾਨ ਧਾਰਮਿਕ ਵਿਤਕਰੇ ਦਾ ਸ਼ਿਕਾਰ ਹੋਣ ਵਾਲੀ ਗੁਰਸਿੱਖ ਵਿਦਿਆਰਥਣ ਪੁੱਤਰੀ ਗੁਰਪ੍ਰੀਤ ਕੌਰ ਜੀ ਦੇ ਪਿੰਡ ਫੈਲੋਕੇ, ਜਿਲਾ ਤਰਨਤਾਰਨ ( ਹਲਕਾ ਖਡੂਰ ਸਾਹਿਬ ) ਵਿਖੇ ਦੇ ਉਹਨਾਂ ਦੇ ਘਰ ਪਹੁੰਚੇ। ਉਨ੍ਹਾਂ ਨੇ ਵਿਦਿਆਰਥਣ ਦੇ ਮਾਤਾ-ਪਿਤਾ ਨੂੰ ਧਾਰਮਿਕ ਪਹਿਰੇਦਾਰੀ ਅਤੇ ਗੁਰੂ ਸਾਹਿਬ ਦੀ ਰਹਿਤ ਲਈ ਚੜਦੀ ਕਲਾ ਨਾਲ ਖੜ੍ਹੇ ਰਹਿਣ ’ਤੇ ਸਨਮਾਨਤ ਕਰਦਿਆਂ ਸਿਰੋਪਾਓ ਭੇਂਟ ਕੀਤਾ। ਇਸ ਉਪਰੰਤ ਪ੍ਰੈਸ ਨੂੰ ਭੇਜੇ ਗਏ ਇਕ ਇਕ ਪ੍ਰੈਸ ਨੋਟ ਰਾਹੀਂ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਸਰਕਾਰ ਜਮਹੂਰੀ ਅਤੇ ਧਾਰਮਿਕ ਹੱਕਾਂ ਦੇ ਰਖਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਤਾਬਦੀ ਪੁਰਬ ਦੇਸ਼ ਪੱਧਰ ਤੇ ਸਤਿਕਾਰ ਸਹਿਤ ਮਨਾਏ ਜਾਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਓਸੇ ਭਾਜਪਾ ਦੇ ਸ਼ਾਸ਼ਨ ਵਿੱਚ ਗੁਰੂ ਸਾਹਿਬ ਦੇ ਪ੍ਰਪੱਕ ਸਿੱਖਾਂ ਦੇ ਧਾਰਮਿਕ ਅਤੇ ਜਮਹੂਰੀ ਹੱਕ ਕੁਚਲੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਹੋ ਜਹੇ ਮੰਦਭਾਗੇ ਮੌਕਿਆਂ ਨੂੰ ਵਾਚੀਏ ਤਾਂ ਮਹਿਸੂਸ ਹੁੰਦੈ ਕਿ ਭਾਜਪਾ ਕੇਵਲ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਹੀ ਬੱਚਿਆਂ ਨੂੰ ਸਕੂਲਾਂ ਵਿੱਚ “ਸਿੱਖ ਇਤਿਹਾਸ” ਪੜ੍ਹਾਉਣ ਦੇ ਇਸ਼ਤਿਹਾਰ ਦੇ ਰਹੀ ਹੈ, ਨਾ ਕਿ ਸਿੱਖਾਂ ਨੂੰ ਦਿੱਤੇ ਜਾਣ ਵਾਲ਼ੇ ਕਿਸੇ ਸਤਿਕਾਰ ਵਜੋਂ..!!!
ਇੱਕ ਸਿੱਖ ਵਿਦਿਆਰਥਣ ਨੂੰ ਯੋਗਤਾ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਕੇਵਲ ਇਸ ਕਰਕੇ ਨਾ ਦੇਣਾ ਕਿ ਉਸਨੇ ਧਾਰਮਿਕ ਕਕਾਰ ਪਹਿਨੇ ਹੋਏ ਹਨ, ਸਿੱਖ ਕੌਮ ਦੀ ਆਸਥਾ ਤੇ ਸਿੱਧਾ ਹਮਲਾ ਅਤੇ ਸਿੱਖਾਂ ਨੂੰ ਦਿੱਤੇ ਗਏ ਭਾਰਤੀ ਸੰਘੀ ਸੰਵਿਧਾਨਕ ਹੱਕਾਂ ਦਾ ਖੁੱਲਮ-ਖੁੱਲਾ ਹਨਨ ਹੈ। ਅਜਿਹੇ ਮੰਦਭਾਗੇ ਵਰਤਾਰਿਆਂ ਨਾਲ਼ ਸਵੈ-ਘੋਸ਼ਿਤ “ਧਾਰਮਿਕ ਆਜ਼ਾਦੀ ਦੇ ਰਖਵਾਲੇ ਬਣੇ ਕੇਂਦਰ’ ਦੀ ਇਹ ਦੋਹਰੀ ਨੀਤੀ ਹੁਣ ਸਿੱਧੇ ਤੌਰ ‘ਤੇ ਬੇਨਕਾਬ ਹੋ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਲਈ ਕੱਕਾਰ ਸਿਰਫ ਧਾਰਮਿਕ ਨਿਸ਼ਾਨ ਨਹੀਂ, ਸਗੋਂ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਈ ਨਿਆਰੀ ਪਛਾਣ ਹੈ।
ਕਿਸੇ ਸਿੱਖ ਵਿਦਿਆਰਥੀ ਨੂੰ ਯੋਗਤਾ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਧਾਰਮਿਕ ਕਕਾਰ ਉਤਾਰਨ ਲਈ ਮਜਬੂਰ ਕਰਨਾ, ਉਸਦੇ ਧਾਰਮਿਕ ਅਧਿਕਾਰਾਂ ਅਤੇ ਸੰਵਿਧਾਨਕ ਆਜ਼ਾਦੀ ਦੀ ਖੁੱਲ੍ਹੀ ਉਲੰਘਣਾ ਹੈ ਜਿਸਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਬਾਪੂ ਤਰਸੇਮ ਸਿੰਘ ਜੀ ਨੇ ਕੇੰਦਰ ਸਰਕਾਰ ਨੂੰ ਸਵਾਲ ਕਰਦੇ ਹੋਏ ਕਿਹਾ ਕਿ, ਕਿਸ ਕਨੂੰਨ ਅਧੀਨ ਸਿੱਖ ਵਿਦਿਆਰਥੀਆਂ ਨੂੰ ਉਸਨਾਂ ਕੱਕਾਰ ਉਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ? ਕੀ ਕੇਂਦਰ ਜਾਂ ਰਾਜ ਸਰਕਾਰ ਕੋਲ ਜਾਂ ਉਸਦੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ਼ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਦਿਆਰਥੀ ਦੀ ਧਾਰਮਿਕ ਆਸਥਾ ਦੇ ਵਿਸ਼ੇ ਤੇ ਕਿੰਤੂ ਪ੍ਰੰਤੂ ਕਰੇ ? ਇਹ ਸਿਰਫ਼ ਸਿੱਖ ਵਿਦਿਆਰਥਣ ਉੱਤੇ ਨਹੀਂ, ਸਗੋਂ ਸਾਰੀ ਸਿੱਖ ਕੌਮ ਉੱਤੇ ਕੀਤਾ ਗਿਆ ਇਕ ਫਿਰਕੂ ਹਮਲਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਭਾਰਤ ਸਰਕਾਰ ਤੋਂ ਇਹ ਸਵਾਲ ਪੁੱਛਦਾ ਹੈ ਕਿ ਕਿੱਥੇ ਗਈ ਤੁਹਾਡੀ ਧਾਰਮਿਕ ਆਜ਼ਾਦੀ ਦੀ ਗਾਰੰਟੀ ? ਕੀ ਸਿੱਖਾਂ ਪ੍ਰਤੀ ਦਖਾਈ ਜਾ ਰਹੀ ਇਹ ਸਾਰੀ ਹਮਦਰਦੀ ਸਿਰਫ ਚੋਣ ਸਟੰਟ ਹੈ ? ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਨਾਲ਼ ਧਾਰਮਿਕ ਵਿਤਕਰੇ ਭਰੀਆਂ ਅਜਿਹੀਆਂ ਕਾਰਵਾਈਆਂ ਜਾਰੀ ਰਹੀਆਂ ਤਾਂ ਸਿੱਖ ਕੌਮ ਖ਼ਾਮੋਸ਼ ਨਹੀਂ ਰਹੇਗੀ, ਕਿਉਂਕਿ ਇਹ ਸਾਡੀ ਸਿੱਖਾਂ ਦੀ ਨਿਆਰੀ ਪਛਾਣ ਅਤੇ ਧਾਰਮਕ ਆਜ਼ਾਦੀ ਦਾ ਮਸਲਾ ਹੈ।
