ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਵਿਧੀ ਵਿਧਾਨ ਤੇ ਨੀਤੀ ਸਬੰਧੀ ਵਿਸ਼ੇ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਆਖਰੀ ਦਿਨ ਵੀ ਬੁਲਾਰਿਆਂ ਅਤੇ ਸਰੋਤਿਆਂ ਨਾਲ ਭਰਭੂਰ ਰਿਹਾ, ਜਿਸ ਵਿਚ ਦੂਰੋਂ ਨੇੜਿਓਂ ਆਮ ਖਾਸ ਚਿਹਰੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਖਾਸ ਤੌਰ ਤੇ ਪੁੱਜੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਖ ਵੱਖ ਸਮੇਂ ਹਿੱਸਾ ਰਹੇ ਵਿਚਾਰਕਾਂ ਨੇ ਅਕਾਲੀ ਦਲ ਦੀਆਂ ਖਾਮੀਆਂ ਉਜਾਗਰ ਕਰਕੇ ਦੱਸੀਆਂ। ਤੀਸਰੇ ਦਿਨ ਦੀ ਵਿਚਾਰ ਗੋਸ਼ਟੀ ਦੀ ਆਰੰਭਤਾ ਵੀ ਨਾਮ ਸਿਮਰਨ ਤੋਂ ਹੋਈ, ਉਪਰੰਤ ਡਾ.ਗੁਰਵੀਰ ਸਿੰਘ ਨੇ ਗੋਸ਼ਟੀ ਦੇ ਮਨੋਰਥ ਸਬੰਧੀ ਆਏ ਪਤਵੰਤਿਆਂ ਨਾਲ ਸਾਂਝ ਪਾਈ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਭਾਈ ਭੁਪਿੰਦਰ ਸਿੰਘ ਗਰੇਵਾਲ ਵਲੋਂ ਨਿਭਾਈ ਗਈ। ਬੁਲਾਰੇ ਵਜੋਂ ਸ੍ਰ. ਹਰਪਿੰਦਰ ਸਿੰਘ ਕੋਟਕਪੂਰਾ ਅਤੇ ਪਰਮਜੀਤ ਸਿੰਘ ਮੰਡ ਦਲ ਖਾਲਸਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਪੁਨਰਸੁਰਜੀਤੀ ਕਰਨੀ ਹੈ ਤਾਂ ਦਿੱਲੀ ਤਖਤ ਦੀ ਜਗ੍ਹਾ ਅਧੀਨਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਕਬੂਲ ਕਰਨੀ ਪੈਣੀ ਹੈ, ਵੋਟ ਸਿਆਸਤ ਅਤੇ ਅਕਾਲੀ ਸਿਆਸਤ ਦਾ ਦਾਇਰਾ ਵੱਖ ਵੱਖ ਰਹੇਗਾ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਸਿਧਾਤਾਂ ਤੋਂ ਸੱਖਣਾ ਹੋਣਾ ਹੈ। ਕੰਵਰਜੀਤ ਸਿੰਘ ਸਿੱਧੂ (ਭਾਸ਼ਾ ਵਿਭਾਗ ਫਰੀਦਕੋਟ) ਨੇ ਵਿਚਾਰ ਦਿੱਤਾ ਕਿ ਪੰਥਕ ਪ੍ਰਬੰਧ ਅਨੁਸਾਰ ਚੁਣਿਆ ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਲੜਨ ਵਾਲੀ ਪਾਰਟੀ ਬਣਕੇ ਪੰਥਕ ਖਾਸੇ ਤੇ ਕਾਇਮ ਨਹੀਂ ਰਹਿ ਸਕਦਾ। ਹਰਦੀਪ ਸਿੰਘ ਡਿਬਡਿਬਾ ਅਤੇ ਭਾਈ ਜਸਪਾਲ ਸਿੰਘ ਮੰਝਪੁਰ ਜੀ ਨੇ ਸੁਝਾਅ ਦਿੱਤਾ ਕਿ ਪੰਥਕ ਪ੍ਰਚਲਿਤ ਸਬਦ (ਅਕਾਲੀ) ਨੂੰ ਨਾ ਵਰਤਿਆ ਜਾਵੇ, ਭਾਵੇਂ ਪਾਰਟੀ ਕੋਈ ਵੀ ਬਣੇ। ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ ਦੁਆਬਾ ਨੇ ਦੱਸਿਆ ਕਿ ਵੋਟ ਪ੍ਰਣਾਲੀ ਰਾਹੀਂ ਪੰਥ ਦੀ ਤਰਜਮਾਨੀ ਨਹੀਂ ਹੋ ਸਕਦੀ, ਨਿਆਰੀ ਹੋਂਦ ਲਈ ਵੱਖਰੀ ਜਥੇਬੰਦੀ ਚਾਹੀਦੀ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਵੋਟ ਸਿਆਸਤ ਹੀ ਸਾਰੀ ਸਿਆਸਤ ਨਹੀਂ ਹੁੰਦੀ, ਕੁਝ ਵੀ ਨਵਾਂ ਬਣਾਉਣ ਤੋਂ ਪਹਿਲਾਂ ਸਾਨੂੰ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ।
ਇਨ੍ਹਾਂ ਤੋਂ ਇਲਾਵਾ ਡਾ. ਪਰਮਵੀਰ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ), ਈਮਾਨ ਸਿੰਘ ਖਾਰਾ (ਵਾਰਿਸ ਪੰਜਾਬ ਦੇ), ਗੁਰਦੀਪ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਮਹਿਰਾਜ, ਡਾ. ਜਮਸੇਦ ਅਲੀ ਖਾਨ (ਪੰਜਾਬੀ ਯੂਨੀਵਰਸਿਟੀ, ਪਟਿਆਲਾ), ਭਾਈ ਮੋਹਕਮ ਸਿੰਘ, ਕਰਨੈਲ ਸਿੰਘ ਪੰਜੋਲੀ, ਸਾਬਕਾ ਸਿੱਖ ਫੈਡਰੇਸ਼ਨ ਆਗੂ ਸ੍ਰ. ਕੁਲਦੀਪ ਸਿੰਘ, ਭਾਈ ਮੋਹਕਮ ਸਿੰਘ (ਦਮਦਮੀ ਟਕਸਾਲ) ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਵੱਡੀ ਗਿਣਤੀ ਸਰੋਤੇ ਵਿਚਾਰਵਾਨਾਂ ਦੇ ਵਿਚਾਰ ਸੁਨਣ ਲਈ ਹਾਜ਼ਰ ਰਹੇ।
