ਲੁਧਿਆਣਾ : ਅੱਜ ਇੱਥੇ ਲੁਧਿਆਣਾ ਵਿਖੇ 80 ਸਾਲ ਪਹਿਲਾਂ ਜਪਾਨ ਦੇ ਨਗਰਾਂ ਹੀਰੋਸ਼ੀਆ ਅਤੇ ਨਾਗਾਸਾਕੀ ਦੇ ਉੱਪਰ ਅਮਰੀਕਾ ਵੱਲੋਂ ਪਰਮਾਣੂ ਬੰਬ ਡੇਗਣ ਦੇ ਨਾਲ ਜੋ ਮਨੱਖੀ ਤੇ ਜਾਨੀ ਭਿਆਨਕ ਨੁਕਸਾਨ ਹੋਇਆ ਸੀ, ਉਸ ਨੂੰ ਯਾਦ ਕਰਦਿਆਂ ਅਤੇ ਆਉਣ ਵਾਲੇ ਸਮੇਂ ‘ਚ ਫੌਰੀ ਤੌਰ ‘ਤੇ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਦੀ ਮੰਗ ਨੂੰ ਲੈ ਕੇ ਇੱਕ ਅਮਨ ਕਾਨਫ਼ਰੰਸ, ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੀ ਗਈ।ਇਸਦਾ “ਆਯੋਜਨ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ” (ਆਈ.ਦੀ.ਪੀ.ਡੀ.) ਅਤੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਕਾਨਫਰੰਸ ਦੇ ਆਰੰਭ ਵਿੱਚ ਇੱਕ ਸ਼ਾਂਤੀ ਪ੍ਰਦਰਸ਼ਨ ਕਰਕੇ ਇਜ਼ਰਾਇਲ ਵਲੋਂ ਗਾਜ਼ਾ ਵਿੱਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਨੂੰ ਬੰਦ ਕਰਨ ਦਾ ਮੰਗ ਕੀਤੀ।ਇਸ ਮੌਕੇ ਤੇ ਕੁੰਜੀਵਤ ਭਾਸ਼ਣ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤਿਕ ਵਿਗਿਆਨ ਦੇ ਸਾਬਕਾ ਮੁਖੀ ਪੋ੍ਰਫੈਸਰ ਹਰੀਸ਼ ਪੁਰੀ ਨੇ ਕਿਹਾ ਕਿ ਅਜੋਕੇ ਸਮੇਂ ਭੂ-ਰਾਜਨੀਤਿਕ ਹਾਲਾਤ ਬਹੁਤ ਖ਼ਰਾਬ ਹਨ ਜਿੰਨੇ ਦੂਸਰੇ ਮਹਾਂ ਯੁੱਧ ਤੋਂ ਬਾਅਦ ਕਦੇ ਵੀ ਨਹੀਂ ਹੋਏ।ਦੁਨੀਆਂ ਦੀਆਂ ਦੀਆਂ ਵੱਖ-ਵੱਖ ਥਾਵਾਂ ਤੇ ਚੱਲ ਰਹੇ ਲੰਮੇ ਸਮੇਂ ਤੋਂ ਯੁੱਧ ਨਾ ਕੇਵਲ ਮਨੁੱਖਾਂ ਲਈ ਬਲਕਿ ਸੰਪੂਰਨ ਜੀਵ ਪ੍ਰਣਾਲੀ ਅਤੇ ਮੁਢਲੇ ਵਿਕਸਿਤ ਹੋਏ ਢਾਂਚੇ ਦੀ ਤਬਾਹੀ ਦਾ ਕਾਰਨ ਬਣ ਰਹੇ ਹਨ।ਰੂਸ ਤੇ ਯੂਕਰੇਨ ਦੇ ਵਿੱਚ ਚੱਲ ਰਿਹਾ ਯੁੱਧ ਅਮਰੀਕਨ ਸਾਮਰਾਜ, ਨਾਟੋ ਅਤੇ ਯੂਰਪੀਅਨ ਯੂਨੀਅਨ ਦੀ ਦਖ਼ਲਅੰਦਾਜ਼ੀ ਕਰਕੇ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ।ਹਥਿਆਰ ਬਣਾਉਣ ਵਾਲੇ ਉਦਯੋਗ ਇਹਨਾਂ ਮੌਕਿਆਂ ਦਾ ਫ਼ਾਇਦਾ ਉਠਾ ਕੇ ਧੜਾ ਧੜ ਹਥਿਆਰ ਬਣਾ ਕੇ ਵੇਚ ਰਹੇ ਹਨ ਅਤੇ ਅਥਾਹ ਮੁਨਾਫ਼ਾ ਕਮਾ ਰਹੇ ਹਨ।ਗਾਜ਼ਾ ਦੀ ਹਾਲਤ ਬਹੁਤ ਗੰਭੀਰ ਹੈ ਜਿੱਥੇ 30 ਜੁਲਾਈ ਦੀ ਰਿਪੋਰਟ ਤੱਕ 62700 ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਲਗਭਗ 20 ਹਜ਼ਾਰ ਬੱਚੇ ਹਨ।ਇਜ਼ਰਾਇਲ ਦੇ ਕੁੱਝ ਮੰਤਰੀਆਂ ਵਲੋਂ ਫ਼ਿਲਸਤੀਨੀਆ ਦੀ ਨਸਲ ਕੁਸ਼ੀ ਦੀਆਂ ਗੱਲਾਂ ਵੀ ਆਮ ਕੀਤੀਆਂ ਜਾ ਰਹੀਆਂ ਹਨ।ਇੱਕ ਮੰਤਰੀ ਨੇ ਤਾਂ ਪਰਮਾਣੂ ਬੰਬ ਸੁੱਟ ਕੇ ਸਭ ਫ਼ਲਿਸਤੀਨੀਆਂ ਨੂੰ ਮਾਰਨ ਦੀ ਗੱਲ ਤੱਕ ਕੀਤੀ ਹੈ।ਦੁੱਖ ਦੀ ਗੱਲ ਹੈ ਕਿ ਦੁਨੀਆਂ ਇਸ ਗੱਲ ਨੂੰ ਚੁੱਪਚਾਪ ਬੇਬਸੀ ਨਾਲ ਦੇਖ ਰਹੀ ਹੈ ਤੇ ਕੁੱਝ ਨਹੀਂ ਕਰ ਪਾ ਰਹੀ ਹੈ ਕਿਉਂਕਿ ਅਮਰੀਕ ਇਜ਼ਰਾਇਲ ਦੀ ਪਿੱਠ ਤੇ ਪੂਰੀ ਤਰ੍ਹਾਂ ਖੜ੍ਹਾ ਹੈ।
ਫਰਾਂਸ ਅਤੇ ਇੰਗਲੈਂਡ ਅਤੇ ਕੈਨੇਡਾ ਨੇ ਜੋ ਰੁੱਖ ਅਪਣਾਇਆ ਹੈ।ਉਹ ਹਾਲਾਤ ਬਦਲਣ ਵਿੱਚ ਸ਼ਾਇਦ ਕੁੱਝ ਮਦਦ ਕਰੋ।ਪਰ ਇਹ ਬੜੀ ਕਸ਼ਟ ਦੀ ਗੱਲ ਹੈ ਕਿ ਭਾਰਤ ਨੇ ਫਲਿਸਤੀਨੀਆਂ ਨੂੰ ਛੱਡ ਕੇ ਇਜ਼ਰਾਇਲ ਦਾ ਸਾਥ ਦਿੱਤਾ ਹੈ।ਭਾਰਤ ਪਾਕਿਸਤਾਨ ਦੇ ਵਿੱਚ ਭਾਵੇ ਯੁੱਧ ਲੰਮਾਂ ਤਾਂ ਨਹੀਂ ਹੋਇਆ ਪਰ ਤਨਾਅ ਹੁਣ ਵੀ ਮੌਜੂਦ ਹਨ ਤੇ ਬੜੀ ਗੰਭੀਰ ਸਥਿਤੀ ਕਦੇ ਵੀ ਬਣ ਸਕਦੀ ਹੈ।ਚੀਨ ਨੇ ਯੁੱਧ ਵਿੱਚ ਪਾਕਿਸਤਾਨ ਦਾ ਲੁਕਮੇ ਢੰਗ ਦੇ ਨਾਲ ਟੈਕਨੋਲੋਜੀ ਦੇ ਕੇ ਪੂਰਾ ਸਾਥ ਦਿੱਤਾ।ਤਿੰਨੋ ਭਾਰਤ, ਪਾਕਿਸਤਾਨ ਤੇ ਚੀਨ ਪਰਮਾਣੂ ਸੰਪੰਨ ਦੇਸ਼ ਹਨ ਜੋ ਕਿ ਬਹੁਤੇ ਖਤਰੇ ਦੀ ਗੱਲ ਹੈ।ਕਦੇ ਵੀ ਐਸੀ ਸਥਿਤੀ ਬਣ ਗਈ ਤਾਂ ਪਰਮਾਣੂ ਹਥਿਆਰਾਂ ਦਾ ਪ੍ਰਯੋਗ ਹੋ ਜਾਏ ਤਾਂ ਦੁਨੀਆਂ ਬਹੁਤ ਗੰਭੀਰ ਸਥਿਤੀ ਵਿੱਚ ਫਸ ਜਾਏਗੀ।ਇਸ ਲਈ ਅੱਜ ਹੀਰੋਸ਼ੀਆ ਤੇ ਨਾਗਾਸਾਕੀ ਦੇ ਪੀੜਤਾਂ ਨੂੰ ਯਾਦ ਕਰਦੇ ਹੋਏ ਇਹ ਮੰਗ ਅਤੀ ਜ਼ਰੂਰੀ ਹੈ ਕਿ ਪਰਮਾਣੂ ਹਥਿਆਰ ਫੌਰੀ ਤੌਰ ਤੇ ਖ਼ਤਮ ਹੋਣ ਅਤੇ ਪਰਮਾਣੂ ਪਾਬੰਦੀ ਸੰਧੀ ਦੇ ਵਿੱਚ ਸਾਰੇ ਦੇਸ਼ ਸ਼ਾਮਿਲ ਹੋਣ।ਅੱਜ ਦੁਨੀਆਂ ਨੂੰ ਆਰਥਿਕ ਸਹਿਯੋਗ ਦੀ ਲੋੜ ਹੈ।ਦੱਖਣੀ ਹਿੱਸਾ ਜੋ ਦੁਨੀਆਂ ਦਾ ਹੈ ਉਸਨੂੰ ਜੁੜ ਕੇ ਬੈਠਣ ਦੀ ਲੋੜ ਹੈ ਅਤੇ ਗੁਟਨਿਰਲੇਪ ਤੇ ਸਾਰਕ ਵਰਗੇ ਸੰਗਠਨਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।‘ਬ੍ਰਿਕਸ’ ਸ਼ਾਇਦ ਕੁੱਝ ਭੂਮਿਕਾ ਅਦਾ ਕਰੇ ਇਹ ਗੱਲ ਦੇਖਣ ਵਾਲੀ ਹੋਏਗੀ।ਦੁਨੀਆਂ ਦੇ ਦੱਖਣੀ ਹਿੱਸੇ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਇਕੱਠਾ ਕਰਕੇ ਅੱਗੇ ਤੁਰਨ ਦੀ ਲੋੜ ਹੈ।ਕਾਨਫਰੰਸ ਵਿੱਚ ਸਰਬ ਸੰਮਤੀ ਨਾਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਫੌਰੀ ਤੌਰ ਤੇ ਯੁੱਧਬੰਦੀ ਕਰਨ ਦੀ ਅਪੀਲ ਕੀਤੀ ਗਈ ਅਤੇ ਪ੍ਰਮਾਣੂ ਹਥਿਆਰਾਂ ਦੇ ਪੂਰਨ ਖਾਤਮੇ ਦੀ ਮੰਗ ਕੀਤੀ ਗਈ ਨਾਲ ਹੀ ਗਾਜ਼ਾ ਵਿੱਚ ਇਜਰਾਇਲ ਵੱਲੋਂ ਕੀਤੀ ਜਾ ਰਹੀ ਨਸਲਕੁਸ਼ੀ ਫੌਰਨ ਬੰਦ ਕਰਨ ਤੇ ਇੱਕ ਮਤਾ ਪਾਸ ਕੀਤਾ ਗਿਆ।ਇੱਕ ਹੋਰ ਮਤੇ ਦੇ ਦੁਆਰਾ ਭਾਰਤ ਪਾਕਿਸਤਾਨ ਦੇ ਵਿੱਚ ਸਭਿਆਚਾਰਕ ਤੇ ਵਪਾਰਕ ਸੰਬੰਧਾਂ ਨੂੰ ਖੋਲ੍ਹਣ ਦੀ ਗੱਲ ਕਹੀ ਗਈ।ਕਾਨਫ਼ਰੰਸ ਦਾ ਉਦਘਾਟਨ ਨਾਮਧਾਰੀ ਦਰਬਾਰ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਝੱਲ ਨੇ ਆਪਣੇ ਖ਼ੁਬਸੂਰਤ ਸ਼ਬਦਾਂ ਨਾਲ ਕੀਤਾ ਅਤੇ ਉਹ ਇੱਕ ਵੱਡੇ ਜੱਥੇ ਨਾਲ ਸ਼ਾਮਲ ਹੋਏ।ਡਾ. ਪਰਮ ਸੈਣੀ ਮਨੋਵਿਗਿਆਨ ਵਲੋਂ ਯੁੱਧ ਦੇ ਮਾਨਸਿਕ ਪ੍ਰਭਾਵਾਂ ਬਾਰੇ ਪੇਸ਼ਕਾਰੀ ਦਿੱਤ ਗਈ।ਯੁੱਧ ਦੇ ਵਾਤਾਵਰਨ ਤੇ ਪਰਭਾਵਾਂ ਬਾਰੇ ਸਾਂਝੇ ਤੌਰ ਤੇ ਡਾ. ਤੇਜਿੰਦਰ ਤੂਰ, ਡਾ. ਗੁਰਵੀਰ ਸਿੰਘ, ਡਾ. ਅੰਕੁਸ਼ ਕੁਮਾਰ, ਡਾ. ਸੀਰਤ ਸਿੰਘ ਤੇ ਡਾ. ਰਜਤ ਗਰੋਵਰ ਵਲੋਂ ਪੇਸ਼ਕਾਰੀ ਦਿੱਤੀ ਗਈ।ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਹੋਏ ਪ੍ਰਮਾਣੂ ਹਮਲਿਆਂ ਬਾਬਤ ਦੋ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ।ਸ. ਅਮਰਜੀਤ ਸਿੰਘ ਟਿੱਕਾ ਉਚੇਚੇ ਮਹਿਮਾਨ ਵਜੋਂ ਸ਼ਾਮਿਲ ਹੋੲ ਅਤੇ ਉਹਨਾਂ ਸਾਰੇ ਯਤਨ ਦੀ ਸ਼ਲਾਘਾ ਕੀਤੀ।ਸ਼ੁਰੂ ਵਿੱਚ ਕਨਵੀਨਰ ਡਾ. ਬਲਬੀਰ ਸ਼ਾਹ ਨੇ ਮੁੱਦੇ ਦੀ ਜਾਣ ਪਹਿਚਾਣ ਕਰਾਉਂਦਿਆਂ ਪਰਮਾਣੂ ਹਥਿਆਰਾਂ ਦੇ ਖ਼ਤਰਨਾਕ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਗੁਰੂਆਂ ਪੀਰਾਂ ਦੀ ਧਰਤੀ ਤੇ ਹਥਿਅਰਾਂ ਦੇ iਖ਼ਲਾਫ ਵੱਡੀ ਲਹਿਰ ਉਸਾਰੀ ਜਾਣੀ ਚਾਹੀਦੀ ਹੈ।ਡਾਕਟਰ ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਘਿਣਾਉਣੀ ਜੰਗ ਦੇ iਖ਼ਲਾਫ ਇੱਕ ਲੋਕ-ਪੱਖੀ ਜੰਗ ਲੜਨ ਦੀ ਲੋੜ ਹੈ।ਕੁੰਜੀਵਤ ਭਾਸ਼ਣ ਤੋਂ ਬਾਅਦ ਖੁੱਲੀ ਚਰਚਾ ਕਰਾਈ ਗਈ ਜਿਸ ਦਾ ਸੰਚਾਲਨ ਡਾ. ਭਾਰਤੀ ਉੱਪਲ ਨੇ ਕੀਤਾ ਤੇ ਅਨੇਕਾਂ ਸਰੋਤਿਆਂ ਨੇ ਇਸ ਵਿੱਚ ਆਪਣੇ ਵਿਚਾਰ ਦਿੱਤੇ।ਡਾ. ਸੁਖਦੇਵ ਸਿੰਘ ਸਿਰਸਾ ਨੇ ਗੋਸ਼ਟੀ ਦਾ ਨਿਚੋੜ ਪੇਸ਼ ਕਰਦਿਆਂ ਕਿਹਾ ਕਿ ਸਾਡੀ ਗਦਰੀ ਬਾਬਿਆਂ ਸ਼ਹੀਦਾਂ ਅਤੇ ਗੁਰੂਆਂ ਪੀਰਾਂ ਦੀ ਅਮੀਰ ਪਰੰਪਰਾ ਹੈ ਜਿਸ ਤੇ ਇੱਕ ਵੱਡੀ ਅਮਨ ਲਹਿਰ ਉਸਾਰੀ ਜਾ ਸਕਦੀ ਹੈ।ਡਾ. ਅਰੁਣ ਮਿੱਤਰਾ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮਿਆਂ ਦੇ ਬਾਰੇ ਵੀ ਵਿਚਾਰਾਂ ਦੱਸੀਆਂ।ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਅਤੇ ਆਈ.ਡੀ.ਪੀ.ਡੀ. ਵਲੋਂ ਨੇਤਰ ਰੋਗਾਂ ਦੇ ਮਾਹਿਰ ਡਾ. ਪ੍ਰਗਿਆ ਸ਼ਰਮਾ ਨੇ ਕੀਤਾ।ਸਮਾਗਮ ਦੀ ਪ੍ਰਧਾਨਗੀ ਡਾ. ਅਰੁਣ ਮਿੱਤਰਾ, ਡਾ. ਭਾਰਤੀ ਉੱਪਲ, ਡਾ. ਬਲਬੀਰ ਸ਼ਾਹ, ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਪਾਲ ਕੌਰ ਦੇ ਪ੍ਰਧਾਨਗੀ ਮੰਡਲ ਨੇ ਕੀਤੀ।ਕਾਰਜਕਰਮ ਨੂੰ ਨੇਪਰੇ ਚਾੜਨ ਦੇ ਵਿੱਚ ਡਾ. ਹਰੀ ਸਿੰਘ ਜਾਚਕ, ਐਮ.ਐਸ. ਭਾਟੀਆ, ਪ੍ਰਦੀਪ ਸ਼ਰਮਾ, ਡੀ.ਪੀ. ਮੌੜ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਕੌਰ, ਸਰੂਪ ਸਿੰਘ ਤੇ ਹੋਰਨਾਂ ਸਾਥੀਆਂ ਨੇ ਭਰਪੂਰ ਯੋਗਦਾਨ ਕੀਤਾ।ਅੰਤ ਵਿੱਚ ਦੋਨਾਂ ਸੰਸਥਾਵਾਂ ਵਲੋਂ ਗੁਰੂਦੁਆਰਾ ਬਾਬਾ ਦੀਪ ਸਿੰਘ ਦੇ ਪ੍ਰਧਾਨ ਸ. ਸੁਰਿੰਦਰਪਾਲ ਸਿੰਘ ਬਿੰਦਰਾ ਜੀ ਦਾ ਸਮੁੱਚੇ ਲੰਗਰ ਦੇ ਖੂਬਸੂਰਤ ਪ੍ਰਬੰਧ ਲਈ ਧੰਨਵਾਦ ਕੀਤਾ।
ਕਾਨਫ਼ਰੰਸ ਤੋਂ ਪਹਿਲਾਂ ਭਾਰਤ ਨਗਰ ਚੌਂਕ ਤੋਂ ਪੰਜਾਬੀ ਭਵਨ ਤੱਕ ਪਰਮਾਣੂ ਹਥਿਆਂਰਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ।ਦੁਪਹਿਰ ਤੋਂ ਬਾਅਦ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਡਾ. ਹਰੀ ਸਿੰਘ ਜਾਚਕ, ਅਰੁਣ ਮਿੱਤਰਾ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ ਸ਼ਾਮਲ ਹੋਏ।ਮਨਦੀਪ ਕੌਰ ਭੰਮਰਾ, ਰਘੂਬੀਰ ਸਿੰਘ, ਦਲਬੀਰ ਕਲੇਰ, ਸੁਰਿੰਦਰ ਜੈਪਾਲ, ਕਾਮਰੇਡ ਰਘੂਬੀਰ ਸਿੰਘ, ਸੋਮਾ ਸਬਲੋਕ, ਜਸਵੀਰ ਝੱਜ, ਮਨੂਬੁਆਣੀ, ਦੀਪ ਜਗਦੀਪ, ਪਰਮਜੀਤ ਮਹਿਕ, ਕਰਮਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਰਾਏ, ਮਨਜਿੰਦਰ ਕੰਵਲ, ਦਲਬੀਰ ਕਲੇਰ, ਰਣਜੀਤ ਗਰੇਵਾਲ ਨੇ ਕਵਿਤਾਵਾਂ ਪੜ੍ਹੀਆਂ।
