ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਕੀਤੀ ਗਈ ਭਰਤੀ ਕਮੇਟੀ ਨੇ ਚੋਣ ਇਜਲਾਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਸੋ਼੍ਰਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਦਮਦਮੀ ਟਕਸਾਲ ਦੇ ਮੁੱਖੀ ਰਹੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਪੋਤਰੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਂਸਲ ਦੀ ਚੇਅਰ-ਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਇਜਲਾਸ ਨਿਹੰਗ ਜੱਥੇਬੰਦੀ ਦੀ ਛਾਉਣੀ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿੱਚ ਹੋਇਆ।
ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੋਈ ਸਮਾਂ ਸੀ ਜਦੋਂ ਮਾਸਟਰ ਤਾਰਾ ਸਿੰਘ ਦਿੱਲੀ ਧਰਨੇ ਵਿੱਚ ਬੈਠੇ ਸਨ ਤਾਂ ਦੇਸ਼ ਦੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਖੁਦ ਉਨ੍ਹਾਂ ਕੋਲ ਆ ਕੇ ਪੁੱਛਦੇ ਸਨ ਕਿ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਹਨ। ਪਰ ਅੱਜ 2 ਸਾਲ ਹੋ ਗਏ ਪ੍ਰਧਾਨ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ1947 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਬਣੀਆਂ ਸੱਭ ਪੰਜਾਬ ਦੇ ਆਰਥਿਕ ਹੱਕਾਂ ਨੂੰ ਦਬਾਉਂਦੀਆਂ ਹੀ ਆਈਆਂ ਹਨ। ਉਨ੍ਹਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇ ਸਿੱਖ ਕੌਮ ਨੂੰ ਉਨ੍ਹਾਂ ਦੇ ਸਹੀ ਹੱਕ ਮਿਲਦੇ ਤਾਂ ਭਾਰਤ ਦੀ 60 ਫੀਸਦੀ ਆਰਥਿਕਤਾ ਸਿੱਖ ਕੌਮ ਦੇ ਹੱਥ ਹੋਣੀ ਸੀ।
ਗਿਅਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ 15 ਲੱਖ ਲੋਕ ਸਾਡੇ ਨਾਲ ਹਨ ਅਤੇ ਅਸੀਂ ਪਿੰਡ-ਪਿੰਡ ਜਾ ਕੇ ਹੋਰ ਲੋਕਾਂ ਨੂੰ ਵੀ ਆਪਣੇ ਨਾਲ ਜੋੜਾਂਗੇ। ਕੌਮ ਦੀ ਭਲਾਈ ਲਈ ਅਸੀਂ ਲੋਕਾਂ ਅੱਗੇ ਝੋਲੀ ਅੱਡ ਕੇ ਲੋਕਾਂ ਦਾ ਸਾਥ ਮੰਗਾਂਗੇ। ਉਨ੍ਹਾਂ ਨੇ ਕਿਹਾ ਕਿ ਹੁਣ ਸਾਡਾ ਪਹਿਲਾ ਸਟੈਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਸਰਾ ਚੋਣ ਨਿਸ਼ਾਨ ਅਤੇ ਤੀਸਰਾ ਦਫ਼ਤਰ ਲੈਣਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਅਸੀਂ ਤੇਰੀ ਕਿਰਦਾਰਕੁਸ਼ੀ ਕਰਾਂਗੇ। ਉਨ੍ਹਾਂ ਨੇ ਬੇਧੜਕ ਹੋ ਕੇ ਕਿਹਾ ਕਿ ਜੇ ਸਾਡੇ ਕਿਸੇ ਵੀ ਮੈਂਬਰ ਜਾਂ ਵਰਕਰ ਤੇ ਵੀ ਕੋਈ ਚਿੱਕੜ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੇਰੇ ਕੋਲ ਵੀ ਇਨ੍ਹਾਂ ਦੇ ਖਿਲਾਫ਼ ਜਇਦਾਦਾਂ ਦੀਆਂ ਬਹੁਤ ਲੰਬੀਆਂ ਲਿਸਟਾਂ ਪਹੁੰਚ ਗਈਆਂ ਹਨ। ਅਸੀਂ ਵੀ ਇਨ੍ਹਾਂ ਨੂੰ ਬੇਨਕਾਬ ਕਰਾਂਗੇ।
