ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮੇਨ ਦਰਬਾਰ ਹਾਲ ਦੇ ਸੁੰਦਰੀਕਰਣ ਦੀ ਸੇਵਾ ਸੰਪੂਰਨ ਕਰਨ ਲਈ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਵਾਲੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰਦੁਆਰਿਆਂ ਦੇ ਸੁੰਦਰਤਾ ਕਾਰਜ ਸਿਰਫ਼ ਇਮਾਰਤੀ ਸੁਧਾਰ ਹੀ ਨਹੀਂ, ਸਗੋਂ ਇਹ ਸਾਡੀ ਰੂਹਾਨੀ ਵਿਰਾਸਤ ਦੇ ਪ੍ਰਤੀਕ ਵੀ ਹਨ। ਇਸ ਮੌਕੇ ਕਾਲਕਾ ਨੇ ਸੰਗਤ ਦੇ ਸਹਿਯੋਗ ਅਤੇ ਨਿਸ਼ਕਾਮ ਭਾਵਨਾ ਨੂੰ ਗੁਰਮਤ ਅਨੁਸਾਰ ਸੇਵਾ ਦਾ ਸੱਚਾ ਰੂਪ ਦਸਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਜੀ ਅਤੇ ਸੇਵਾ ਵਿੱਚ ਸ਼ਾਮਲ ਸੰਗਤਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
