ਲੁਧਿਆਣਾ – (ਜਸਵਿੰਦਰ ਰੁਪਾਲ) ” ਸਾਡੇ ਪਿਤਾ ਜੀ ਨੇ ਸਾਰੀ ਜਿੰਦਗੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਇਹੀ ਸੰਸਕਾਰ ਸਾਨੂੰ ਦਿੱਤੇ । ਉਹਨਾਂ ਦੀ ਇੱਛਾ ਸੀ ਕਿ ਮਰਨ ਉਪਰੰਤ ਵੀ ਉਹ ਕਿਸੇ ਦੇ ਕੰਮ ਆਉਣ। ਅਸੀਂ ਅੱਜ ਨਾ ਕੇਵਲ ਉਹਨਾਂ ਦੀ ਇੱਛਾ ਹੀ ਪੂਰੀ ਕੀਤੀ ਹੈ, ਸਗੋਂ ਮਨੁੱਖਤਾ ਪ੍ਰਤੀ ਇੱਕ ਫ਼ਰਜ਼ ਵੀ ਪੂਰਾ ਕੀਤਾ ਹੈ।” ਪਾਵਰ ਇੰਡੀਕੋ ਟੂਲਜ਼ ਲੁਧਿਆਣਾ ਦੇ ਸੰਸਥਾਪਕ ਸ.ਅਮਰ ਸਿੰਘ ਜੀ ਦੇ ਆਪਣੀ ਸਰੀਰਕ ਯਾਤਰਾ ਪੂਰੀ ਕਰਨ ਤੇ ਉਹਨਾਂ ਦੇ ਸਰੀਰ ਦਾਨ ਕਰਨ ਤੇ ਉਹਨਾਂ ਦੇ ਵੱਡੇ ਬੇਟੇ ਸ.ਅਵਤਾਰ ਸਿੰਘ ਨੇ ਦੱਸਿਆ। 10 ਅਗਸਤ 2025 ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ, ਦੁੱਗਰੀ ਵਿਖੇ ਉਹਨਾਂ ਦੇ ਭੋਗ ਤੇ ਉਚੇਚੇ ਤੌਰ ਤੇ ਪੁੱਜੇ ਪੁਨਰਜੋਤ ਆਈ ਬੈਂਕ ਦੇ ਡਾਕਟਰ ਰਮੇਸ਼ ਨੇ ਦੱਸਿਆ ਕਿ ਉਹਨਾਂ ਦੀਆਂ ਅੱਖਾਂ ਇੱਕ ਲੋੜਵੰਦ ਨੂੰ ਦੁਨੀਆਂ ਦਿਖਾਉਣ ਲਈ ਲਗਾਈਆ ਜਾ ਚੁੱਕੀਆ ਹਨ। ਉਹਨਾਂ ਦਾ ਸਰੀਰ ਦਿਆਨੰਦ ਹਸਪਤਾਲ ਲੁਧਿਆਣਾ ਨੂੰ ਮੈਡੀਕਲ ਖੋਜ ਲਈ ਸੌਪਿਆ ਗਿਆ ਹੈ। ਸੰਗਤ ਨੂੰ ਸੰਬੋਧਨ ਕਰਦੇ ਹੋਏ ਦਿਆਨੰਦ ਹਸਪਤਾਲ ਤੋ ਪੁੱਜੇ ਡਾਕਟਰ ਨੇ ਪਰਿਵਾਰ ਦੀ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਦੀ ਲੋੜ ਅਤੇ ਮਹੱਤਤਾ ਤੇ ਚਾਨਣਾ ਪਾਇਆ। ਦੂਸਰੇ ਬੇਟੇ ਸ
ਗੁਰਜੀਤ ਸਿੰਘ ਨੇ ਗੁਰਬਾਣੀ ਫੁਰਮਾਨ
ਜੇ ਮਿਰਤਕ ਕਉ ਚੰਦਨ ਚੜਾਵੈ।।ਉਸ ਤੇ ਕਹਹੁ ਕਵਨ ਫਲ ਪਾਵੈ। ।
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ।। ਤਾਂ ਮਿਰਤਕ ਕਾ ਕਿਆ ਘਟਿ ਜਾਈ।।..(ਪੰਨਾ੧੧੬੦,ਮ:੫)
ਯਾਦ ਕਰਦਿਆਂ ਆਖਿਆ ਕਿ ਮਰਨ ਉਪਰੰਤ ਵੀ ਕਿਸੇ ਲਾਭਦਾਇਕ ਜਗ੍ਹਾ ਤੇ ਸਰੀਰ ਲੱਗੇ ,ਇਸ ਤੋਂ ਵੱਧ ਉਪਕਾਰ ਕੀ ਹੋ ਸਕਦਾ ਹੈ। ਸਭ ਤੋਂ ਛੋਟੇ ਪੁੱਤਰ ਜਤਿੰਦਰ ਸਿੰਘ, ਜੋ,ਕਿੰਨੇ ਸਾਲਾਂ ਤੋਂ ਇਸ ਮਿਸ਼ਨ ਨੂੰ ਲੈ ਕੇ ਸਾਈਕਲ ਤੇ ਸੰਸਾਰ ਯਾਤਰਾ ਕਰਦਾ ਆ ਰਿਹਾ ਹੈ। ਹੁਣ ਤੱਕ ਉਹ ਵਖ ਵਖ 15 ਦੇਸ਼ਾਂ ਵਿਚ ਜਾ ਚੁੱਕਾ ਹੈ ਅਤੇ ਅਜੇ ਵੀ ਸਫ਼ਰ ਜਾਰੀ ਹੈ ,ਨੇ ਕਿਹਾ ” ਮੈ ਆਪਣੀ ਯਾਤਰਾ ਦੌਰਾਨ ਵਿਸ਼ਵ ਨੂੰ ਹੋਰ ਸਮਾਜਿਕ ਮਸਲਿਆਂ ਤੋਂ ਬਿਨਾਂ ਮੁੱਖ ਤੌਰ ਤੇ ਦੋ ਨੁਕਤਿਆਂ ਵੱਲ ਪ੍ਰੇਰਿਤ ਕੀਤਾ ਹੈ, ਇੱਕ ਹੈ ਅੱਖਾਂ ਅਤੇ ਸਰੀਰ ਦਾਨ ਅਤੇ ਦੂਸਰਾ ਹੈ ਵਾਤਾਵਰਣ ਦੀ ਸੰਭਾਲ। ਮੈ ਜੋ ਜਨਤਾ ਨੂੰ ਕਹਿੰਦਾ ਆਇਆ ਹਾ, ਉਸ ਨੂੰ ਅੱਜ ਆਪ ਪੂਰਾ ਕਰ ਸਕਿਆ ਹਾਂ। ਪਿਤਾ ਜੀ ਦੇ ਸਰੀਰ ਅਤੇ ਅੱਖਾਂ ਕਿਸੇ ਕੰਮ ਆ ਸਕਣ ਦੇ ਨਾਲ ਨਾਲ, ਉਹਨਾਂ ਦੇ ਸਰੀਰ ਦਾ ਸੰਸਕਾਰ ਨਾ ਕਰਨ ਤੇ ਵਾਤਾਵਰਣ ਦਾ ਵੀ ਕੁਝ ਬਚਾਅ ਹੋ ਸਕਿਆ ਹੈ।” ਪਰਿਵਾਰ ਵਲੋਂ ਦੱਸਿਆ ਗਿਆ ਕਿ ਸਾਡੇ ਸਮਾਜ ਵਿਚ ਪ੍ਰਚਲਿਤ ਦੇਣ ਲੈਣ ਦੀਆਂ ਰਸਮਾਂ ਵੀ ਬਿਲਕੁਲ ਨਹੀਂ ਕੀਤੀਆਂ ਗਈਆਂ। ਸਮੂਹ ਭਾਈਚਾਰੇ ਵਲੋਂ ਸ.ਅਮਰ ਸਿੰਘ ਜੀ ਦੀ ਪਤਨੀ ਦਲਜੀਤ ਕੌਰ ਜੀ ਦੀ ਅਤੇ ਪਰਿਵਾਰ ਦੀ ਸ਼ਲਾਘਾ ਕੀਤੀ ਗਈ। ਸਾਨੂੰ ਸਾਰਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
