ਫ਼ਤਹਿਗੜ੍ਹ ਸਾਹਿਬ - “ਅਸੀ ਜੋ 14 ਅਗਸਤ ਨੂੰ ਪੰਜਾਬ ਦੇ 3 ਜਿ਼ਲ੍ਹਿਆ ਫਿਰੋਜ਼ਪੁਰ, ਪਟਿਆਲਾ ਤੇ ਜਲੰਧਰ ਵਿਖੇ ਸਾਂਝੇ ਤੌਰ ਤੇ ਇੰਡੀਆ ਦੀ ਆਜ਼ਾਦੀ ਦੇ ਦਿਹਾੜੇ ਦੇ ਵਿਰੋਧ ਵੱਜੋ ਰੋਸ ਜਾਹਰ ਕਰਦੇ ਹੋਏ ਕਾਲੇ ਬਿੱਲੇ ਅਤੇ ਕਾਲੇ ਝੰਡੇ ਲਗਾਕੇ ਇਸ ਦਿਨ ਨੂੰ ਬਤੌਰ ਕਾਲੇ ਦਿਨ ਵੱਜੋ ਉਜਾਗਰ ਕਰਦੇ ਹੋਏ ਕਾਮਯਾਬ ਰੋਸ ਮੁਜਾਹਰੇ ਕੀਤੇ ਹਨ । ਇਨ੍ਹਾਂ ਮੁਜਾਰਿਆ ਵਿਚ ਉਪਰੋਕਤ ਦੋਵੇ ਜਥੇਬੰਦੀਆਂ ਦੇ ਮੈਬਰਾਂ, ਅਹੁਦੇਦਾਰਾਂ ਤੇ ਵਰਕਰਾਂ ਵੱਲੋ ਵੱਡੀ ਗਿਣਤੀ ਵਿਚ ਸਮੂਲੀਅਤ ਕਰਕੇ ਇੰਡੀਆ ਦੇ ਮੁਤੱਸਵੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੇ ਹੁਕਮਰਾਨਾਂ ਦੇ ਕੀਤੇ ਜਾ ਰਹੇ ਜ਼ਬਰ ਨੂੰ ਸਹਿਣ ਨਾ ਕਰਨ ਅਤੇ ਆਪਣੀ ਕੌਮ ਦੀ ਆਜਾਦੀ ਦੇ ਸੰਘਰਸ ਦੀ ਮੰਜਿਲ ਨੂੰ ਹਰ ਕੀਮਤ ਤੇ ਪ੍ਰਾਪਤ ਕਰਨ ਦੇ ਮਿਸਨ ਨੂੰ ਲੈਕੇ ਇਹ ਪ੍ਰੋਗਰਾਮ ਉਲੀਕਿਆ ਸੀ । ਕਿਉਂਕਿ ਹੁਕਮਰਾਨਾਂ ਨੇ 1947 ਤੋ ਲੈਕੇ ਅੱਜ ਤੱਕ ਸਿੱਖ ਕੌਮ ਤੇ ਪੰਜਾਬੀਆਂ ਨਾਲ ਵੱਡੇ ਜ਼ਬਰ ਜੁਲਮ, ਹਕੂਮਤੀ ਵਿਤਕਰਿਆ, ਬੇਇਨਸਾਫ਼ੀਆਂ ਜਿਵੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸਾਡੇ ਰੀਪੇਰੀਅਨ ਕਾਨੂੰਨ ਅਨੁਸਾਰ ਪਾਣੀਆ ਦੀ ਕੀਮਤ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰੀ ਖੋਹਣ, ਸਾਡੀ ਪੰਜਾਬੀ ਬੋਲੀ ਅਤੇ ਪੰਜਾਬੀ ਬੋਲਦੇ ਇਲਾਕਿਆ ਨਾਲ ਬੇਇਨਸਾਫ਼ੀ ਕਰਨ । ਚੰਡੀਗੜ੍ਹ ਦੀ ਰਾਜਧਾਨੀ ਪੰਜਾਬ ਨੂੰ ਕਾਨੂੰਨੀ ਰੂਪ ਵਿਚ ਨਾ ਸੋਪਣ, ਚੰਡੀਗੜ੍ਹ ਵਿਚ 60%-40% ਦੀ ਪ੍ਰਤੀਨਿਧਤਾਂ ਦਾ ਉਲੰਘਣ ਕਰਕੇ ਦੂਸਰੇ ਸੂਬਿਆਂ ਦੀ ਨੌਕਰੀਆਂ ਵਿਚ ਭਰਤੀ ਕਰਨ, ਪੰਜਾਬ ਨੂੰ ਕੋਈ ਵੀ ਵੱਡੀ ਇੰਡਸਟਰੀ ਨਾ ਦੇਣ, ਪੰਜਾਬ ਦੇ ਸਰਹੱਦੀ ਸੂਬੇ ਨਾਲ ਲੱਗਦੀਆ ਕੌਮਾਂਤਰੀ ਸਰਹੱਦਾਂ ਨੂੰ ਵਪਾਰ ਲਈ ਨਾ ਖੋਲਕੇ ਸਾਡੀ ਆਰਥਿਕਤਾ ਨੂੰ ਸੱਟ ਮਾਰਨ, ਸਿੱਖ ਕੌਮ ਨੂੰ ਗਰਮਦਲੀਏ, ਸਰਾਰਤੀ ਅਨਸਰ, ਅੱਤਵਾਦੀ, ਵੱਖਵਾਦੀ ਆਦਿ ਨਾਮ ਦੇ ਕੇ ਬਿਨ੍ਹਾਂ ਵਜਹ ਬਦਨਾਮ ਕਰਕੇ ਨਫਰਤ ਪੈਦਾ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਕਰਨ ਵਾਲੇ ਡੇਰੇ ਦੇ ਮੁੱਖੀਆ ਤੇ ਬਲਾਤਕਾਰੀਆ ਨੂੰ ਵਾਰ-ਵਾਰ ਪੈਰੋਲ ਦੇਣ ਦੇ ਵਿਰੁੱਧ ਅਤੇ ਰੋਸ ਜਾਹਰ ਕਰਦੇ ਹੋਏ 15 ਅਗਸਤ ਦੇ ਦਿਹਾੜੇ ਦਾ ਜਿਥੇ ਅਸੀ ਮੁਕੰਮਲ ਬਾਈਕਾਟ ਕੀਤਾ ਹੈ, ਉਥੇ 14 ਅਗਸਤ ਨੂੰ ਕਾਲੇ ਦਿਨ ਵੱਜੋ ਮਨਾਉਦੇ ਹੋਏ ਆਪਣੇ ਕੌਮੀ ਮਿਸਨ ਨੂੰ ਸਹੀ ਪ੍ਰੀਪੇਖ ਵਿਚ ਉਜਾਗਰ ਕੀਤਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 14 ਅਗਸਤ ਨੂੰ ਬਤੌਰ ਕਾਲੇ ਦਿਨ ਵੱਜੋ ਮਨਾਉਦੇ ਹੋਏ ਆਜਾਦੀ ਦੇ ਦਿਹਾੜੇ ਦਾ ਮੁਕੰਮਲ ਬਾਈਕਾਟ ਕਰਨ ਦੇ ਅਮਲਾਂ ਦੀ ਪੂਰਨ ਕਾਮਯਾਬੀ ਤੇ ਸੰਤੁਸਟੀ ਜਾਹਰ ਕਰਦੇ ਹੋਏ ਅਤੇ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਬਰਾਂ, ਅਹੁਦੇਦਾਰਾਂ ਦਾ ਇਸ ਉਦਮ ਨੂੰ ਪੂਰਨ ਕਰਨ ਉਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਜੋ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਸਿੱਖਾਂ ਨੂੰ ਇਰਾਕ ਵਿਚ ਆਈ.ਐਸ.ਆਈ.ਐਸ ਵੱਲੋ ਗ੍ਰਿਫਤਾਰ ਕਰਕੇ ਮਾਰ ਦੇਣ ਦੇ ਹੋਏ ਦੁਖਦਾਇਕ ਅਮਲਾਂ ਵਿਰੁੱਧ ਆਪਣੀ ਜਿੰਮੇਵਾਰੀ ਨਾ ਨਿਭਾਕੇ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਹੁਕਮਰਾਨ ਪੰਜਾਬੀਆ ਤੇ ਸਿੱਖ ਵਿਰੌਧੀ ਸੋਚ ਦੇ ਮਾਲਕ ਹਨ । ਇਸੇ ਤਰ੍ਹਾਂ ਅਫਗਾਨੀਸਤਾਨ ਦੇ ਗੁਰੂਘਰ ਅਤੇ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਬੀਬੀ ਨੂੰ ਮਾਰ ਦੇਣ ਅਤੇ ਪਾਕਿਸਤਾਨ ਦੇ ਪੇਸਾਵਰ ਵਿਚ ਇਕ ਸਿੱਖ ਹਕੀਮ ਨੂੰ ਮਾਰ ਦੇਣ ਦੀਆਂ ਵਾਰਦਾਤਾਂ ਦੀ ਕੋਈ ਜਾਂਚ ਨਹੀ ਕੀਤੀ ਗਈ ਅਤੇ ਨਾ ਹੀ ਦੋਸੀਆ ਨੂੰ ਇੰਡੀਅਨ ਹੁਕਮਰਾਨਾਂ ਨੇ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਿਭਾਈ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਤੇ ਉਸਦੀ ਜੂੰਡਲੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਅਤੇ ਇਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਗਈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ ।
ਜੋ ਇਹ ਹੁਕਮਰਾਨ ਅਕਸਰ ਹੀ ਆਪ ਖੁਦ ਸਾਜਿਸਾਂ ਰਾਹੀ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਮਾਰਨ ਦੇ ਅਮਲ ਕਰਕੇ ਪਾਕਿਸਤਾਨ ਉਤੇ ਇਹ ਦੋਸ ਲਗਾਉਦੇ ਹਨ ਕਿ ਉਹ ਅੱਤਵਾਦ ਫੈਲਾ ਰਿਹਾ ਹੈ, ਇਨ੍ਹਾਂ ਵੱਲੋ ਤਾਂ ਪਾਕਿਸਤਾਨ ਵਿਚ ਸਾਡੇ 2 ਸਿੱਖਾਂ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੂੰ ਆਪਣੀਆ ਏਜੰਸੀਆ ਰਾਹੀ ਕਤਲ ਕਰਵਾ ਦਿੱਤਾ ਗਿਆ । ਫਿਰ ਇਹ ਕਿਸ ਦਲੀਲ ਅਧੀਨ ਸਿੱਖਾਂ ਨੂੰ ਜਾਂ ਪਾਕਿਸਤਾਨ ਨੂੰ ਅੱਤਵਾਦ ਦਾ ਨਾਮ ਦੇ ਰਹੇ ਹਨ ? ਜਦੋਕਿ ਇਹ ਖੁਦ ਹੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੁੱਧ ਕਤਲੇਆਮ ਤੇ ਸਾਜਿਸਾਂ ਰਚਕੇ ਸਰਕਾਰੀ ਦਹਿਸਤਗਰਦੀ ਨੂੰ ਪ੍ਰਫੁੱਲਿਤ ਕਰਨ ਦੇ ਭਾਗੀ ਹਨ । ਇਨ੍ਹਾਂ ਉਤੇ ਕੌਮਾਂਤਰੀ ਅਦਾਲਤਾਂ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਤਲ ਕੇਸ ਦਰਜ ਕਰਦੇ ਹੋਏ ਗ੍ਰਿਫਤਾਰ ਕਰਕੇ ਕਾਨੂੰਨੀ ਅਮਲ ਸੀਮਤ ਸਮੇ ਵਿਚ ਹੋਣੇ ਚਾਹੀਦੇ ਹਨ ਅਤੇ ਸਿੱਖ ਕੌਮ ਨੂੰ ਕੌਮਾਤਰੀ ਤੇ ਇੰਡੀਅਨ ਕਾਨੂੰਨ ਅਨੁਸਾਰ ਅਵੱਸ ਇਨਸਾਫ਼ ਮਿਲਣ ਦਾ ਪ੍ਰਬੰਧ ਹੋਵੇ ।
