ਹੜ੍ਹ ਪੀੜਤਾਂ ਲਈ ਪੰਜਾਬੀਆਂ ਨੇ ਖਜਾਨਿਆਂ ਦੇ ਮੂੰਹ ਖੋਲ੍ਹ ਦਿੱਤੇ

ਕੇਂਦਰ ਸਰਕਾਰ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਰਾਸ਼ਟਰੀ ਆਫ਼ਤ ਐਲਾਨਣਾ ਚਾਹੀਦਾ ਹੈ। ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੁੱਟ ਦੂਰ ਰਹਿ ਗਿਆ ਹੈ। ਪੌਂਗ ਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਵੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਹੇ ਹਨ। ਘੱਗਰ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੀ ਹੈ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਅਤਿਅੰਤ ਗੰਭੀਰ ਹੋ ਗਈ ਹੈ। ਪੰਜਾਬੀਆਂ ਦੀ ਇੱਕ ਖ਼ੂਬਸੂਰਤ ਖ਼ੂਬੀ ਹੈ ਕਿ ਭਾਵੇਂ ਉਹ ਆਪ ਪੀੜਤ ਹੋਣ, ਪ੍ਰੰਤੂ ਤਾਂ ਵੀ ਦੂਜਿਆਂ ਦੀ ਮਦਦ ਕਰਨ ਲਈ ਤਿਆਰ  ਰਹਿੰਦੇ ਹਨ। ਵਰਤਮਾਨ ਹੜ੍ਹਾਂ ਦੌਰਾਨ ਜਦੋਂ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਦੇਣ ਲਈ ਲੋਕ ਜਾਂਦੇ ਸਨ ਤਾਂ ਉਹ ਉਨ੍ਹਾਂ ਦੀ ਪੂਰੀ ਆਓ ਭਗਤ ਕਰਦੇ ਸਨ। ਇਹ ਪੰਜਾਬੀਆਂ ਦੀ ਸੰਤੁਸ਼ਟਤਾ ਦੀ ਨਿਸ਼ਾਨੀ ਹੈ। ਪੰੰਜਾਬੀ ਕੁਦਰਤੀ ਆਫ਼ਤ ਦਾ ਮੁਕਾਬਲਾ ਪਹਿਲੀ ਵਾਰ ਨਹੀਂ ਕਰ ਰਹੇ। ਅੰਤਰਰਾਸ਼ਟਰੀ ਸਰਹੱਦ ਅਤੇ ਪਹਾੜਾਂ ਦੇ ਨਜ਼ਦੀਕ ਭੂਗੋਲਿਕ ਸਥਿਤੀ ਹੋਣ ਕਰਕੇ ਉਹ ਹਮੇਸ਼ਾ ਮੁਸੀਬਤਾਂ ਨਾਲ ਨਿਪਟਦੇ ਰਹਿੰਦੇ ਹਨ। ਪੰਜਾਬੀਆਂ ਨੇ 1955, 1988, 1993 ਅਤੇ 2023 ਵਿੱਚ ਵੀ ਹੜ੍ਹਾਂ ਦੀ ਕੁਦਰਤੀ ਆਫ਼ਤ ਦੇ ਪ੍ਰਕੋਪ ਦਾ ਸੰਤਾਪ ਹੰਢਾਇਆ ਹੈ। ਬੇਸ਼ੁਮਾਰ ਤਬਾਹੀ ਤੋਂ ਬਾਅਦ ਵੀ ਉਹ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋ ਜਾਂਦੇ ਹਨ, ਕਿਉਂਕਿ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੇ ਆਪਣੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਸਮਰੱਥਾ ਤਾਂ ਦਿੱਤੀ ਹੀ ਹੈ, ਪ੍ਰੰਤੂ ਪੰਜਾਬੀ ਤਾਂ ਸੰਸਾਰ ਵਿੱਚ ਕਿਸੇ ਵੀ ਦੇਸ਼ ਵਿੱਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਮੋਹਰੀ ਬਣਕੇ ਲੋਕਾਈ ਦੀ ਸੇਵਾ ਲਈ ਤਤਪਰ ਹੋ ਜਾਂਦੇ ਹਨ। ਪੰਜਾਬ ਦੀ ਵਰਤਮਾਨ ਸਥਿਤੀ ਪਹਿਲੀਆਂ ਕੁਦਰਤੀ ਆਫ਼ਤਾਂ ਨਾਲੋਂ ਬਹੁਤ ਜ਼ਿਆਦਾ ਖ਼ਤਰਨਾਕ ਬਣੀ ਹੋਈ ਹੈ। ਪੰਜਾਬ ਦੇ ਤਿੰਨੋ ਦਰਿਆਵਾਂ ਸਤਲੁਜ, ਰਾਵੀ ਅਤੇ ਬਿਆਸ ਤੋਂ ਇਲਾਵਾ ਘੱਗਰ, ਟਾਂਗਰੀ, ਮਾਰਕੰਡਾ, ਰਜਵਾਹਿਆਂ, ਨਾਲਿਆਂ, ਚੋਆਂ ਵਿੱਚ ਵਧੇਰੇ ਮਾਤਰਾ ਵਿੱਚ ਪਾਣੀ ਆ ਜਾਣ ਕਰਕੇ ਉਨ੍ਹਾਂ ਦੇ ਆਲੇ ਦੁਆਲੇ ਵਸਣ ਵਾਲੇ ਪਿੰਡਾਂ ਦੇ ਵਸਿੰਦਿਆਂ ਦੇ ਘਰਾਂ, ਫਸਲਾਂ, ਮਨੁਖੀ ਜਾਨਾ ਅਤੇ ਪਸ਼ੂਆਂ ਦਾ ਬੇਅੰਤ ਨੁਕਸਾਨ ਹੋਇਆ ਹੈ। ਇਹ ਨੁਕਸਾਨ ਪੂਰਾ ਤਾਂ ਨਹੀਂ ਹੋ ਸਕਦਾ, ਪ੍ਰੰਤੂ ਹੌਸਲਾ ਹਾਰਕੇ ਵੀ ਕੁਝ ਨਹੀਂ ਬਣਦਾ। ਬਿਆਸ ਦਰਿਆ ਦੇ ਪਾਣੀ ਨੇ ਸਭ ਤੋਂ ਵਧੇਰੇ ਨੁਕਸਾਨ ਪਹੁੰਚਾਇਆ ਹੈ। ਇਸ ਲਈ ਪੰਜਾਬੀਆਂ ਨੇ ਹਰ ਅਣਸੁਖਾਵੇਂ ਹਾਲਤ ਦਾ ਮੁਕਾਬਲਾ ਕਰਨ ਦੀ ਠਾਣ ਲਈ ਹੈ। ਪੰਜਾਬੀ ਹੀ ਪੰਜਾਬੀਆਂ ਦੇ ਮਦਦਗਾਰ ਬਣ ਰਹੇ ਹਨ।

ਪੰਜਾਬ ਦੇ ਕਿਸੇ ਜ਼ਿਲ੍ਹੇ ਵਿੱਚ ਜਦੋਂ ਵੀ ਕੋਈ ਗੰਭੀਰ ਕੁਦਰਤੀ ਆਫ਼ਤ ਆਉਂਦੀ ਹੈ ਤੇ ਉਥੋਂ ਦੇ ਲੋਕਾਂ ਨੂੰ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਲੋਕਾਂ ਵਿੱਚ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਗੁੱਸਾ ਤੇ ਰੋਸ ਜ਼ਰੂਰ ਆਉਂਦਾ ਹੈ। ਉਨ੍ਹਾਂ ਦਾ ਗੁੱਸਾ ਸਹੀ ਵੀ ਹੁੰਦਾ ਹੈ। ਵੈਸੇ ਅਜਿਹੀ ਪੁਜੀਸ਼ਨ ਹਰ ਕੁਦਰਤੀ ਆਫ਼ਤ ਵਿੱਚ ਵੇਖਣ ਨੂੰ ਮਿਲਦੀ ਹੈ, ਭਾਵੇਂ ਜ਼ਿਲ੍ਹਾ ਪ੍ਰਸ਼ਾਸ਼ਨ ਜਿੰਨਾ ਮਰਜ਼ੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੇ। ਇਹ ਸਮਾਂ ਸਰਕਾਰਾਂ ਦੀ ਅਣਗਹਿਲੀਆਂ ਦੀ ਨਿੰਦਿਆ ਕਰਨ ਦਾ ਨਹੀਂ, ਸਗੋਂ ਲੋਕਾਂ ਦੀ ਬਾਂਹ ਫੜ੍ਹਨ ਦਾ ਸਮਾਂ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਸਰਕਾਰਾਂ ਦੀ ਅਣਗਹਿਲੀ ਨਹੀਂ, ਬਿਲਕੁਲ ਸਰਕਾਰ ਫੇਲ੍ਹ ਹੋਈ ਹੈ। ਪ੍ਰੰਤੂ ਹੁਣ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ। ਸਿਆਸਤਦਾਨਾ ਨੂੰ ਕੁਦਰਤੀ ਆਫ਼ਤ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਮਿਲਦੇ ਰਹਿਣਗੇ। ਇਸ ਸਮੇਂ ਪੰਜਾਬ ਦੇ 12  ਜਿਲ੍ਹਿਆਂ ਤਰਨਤਾਰਨ, ਫ਼ਾਜਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਫ਼ੀਰੋਜ਼ਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਰੋਪੜ, ਮੋਹਾਲੀ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ ਅਤੇ ਪਟਿਆਲਾ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਤ ਹਨ।  ਕੁਲ 1400 ਪਿੰਡ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ, ਗੁਰਦਾਸਪੁਰ ਦੇ ਸਭ ਤੋਂ ਵੱਧ 324 ਪਿੰਡ, ਮਾਨਸਾ 163, ਕਪੂਰਥਲਾ 152, ਅੰਮ੍ਰਿਤਸਰ 135, ਹੁਸ਼ਿਆਰਪੁਰ 119   ਪਿੰਡ ਪਾਣੀ ਦੀ ਮਾਰ ਵਿੱਚ ਆਏ ਹਨ। ਹੁਣ ਤੱਕ ਪੰਜਾਬ ਵਿੱਚ 30 ਮੌਤਾਂ ਹੋ ਚੁੱਕੀਆਂ ਹਨ, 2.50 ਲੱਖ ਏਕੜ ਰਕਬੇ ਵਿੱਚ ਫ਼ਸਲ ਦਾ ਨੁਕਸਾਨ ਹੋਇਆ ਹੈ, 50 ਹਜ਼ਾਰ ਏਕੜ ਨਰਮਾ ਤਬਾਹ ਹੋ ਗਿਆ ਹੈ? ਇਕੱਲੀਆਂ ਫ਼ਸਲਾਂ ਦਾ 3200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਬਾਕੀ ਹੋਰ ਨੁਕਸਾਨ ਵੱਖਰਾ ਹੈ। 3.00 ਲੱਖ ਲੋਕ ਪ੍ਰਭਾਵਤ ਹੋਏ ਹਨ, 174 ਅਸਥਾਈ ਰਾਹਤ ਕੈਂਪ ਸਥਾਪਤ ਕੀਤੇ ਹਨ, ਜਿਨ੍ਹਾਂ ਵਿੱਚ 7400 ਪ੍ਰਭਾਵਤ ਲੋਕਾਂ ਨੂੰ ਠਹਿਰਾਇਆ ਗਿਆ ਹੈ, ਭਾਰਤੀ ਫ਼ੌਜ ਦੀਆਂ 10 ਪਲਾਟੂਨਾਂ, 35 ਹੈਲੀਕਾਪਟਰ, ਐਨ.ਡੀ.ਆਰ.ਐਫ਼ ਦੀਆਂ 20 ਟੀਮਾਂ ਅਤੇ 818 ਮੈਡੀਕਲ ਟੀਮਾਂ ਲੋਕਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। 20000 ਲੋਕਾਂ ਨੂੰ ਹੜ੍ਹਾਂ ਦੇ ਪਾਣੀ ‘ਚੋਂ ਬਾਹਰ ਕੱਢਿਆ ਗਿਆ ਹੈ। ਮਰਨ ਵਾਲੇ ਬੇਜ਼ੁਬਾਨ ਪਸ਼ੂਆਂ ਦੀ ਗਿਣਤੀ ਵੀ 350 ਦੇ ਕਰੀਬ ਪਹੁੰਚ ਗਈ ਹੈ, 60 ਹਜ਼ਾਰ ਪਸ਼ੂ ਪ੍ਰਭਾਵਤ ਹੋਏ ਦੱਸੇ ਜਾ ਰਹੇ ਹਨ, ਪ੍ਰੰਤੂ ਹੜ੍ਹ ਦਾ ਪਾਣੀ ਘੱਟਣ ਤੋਂ ਬਾਅਦ ਅਸਲੀ ਗਿਣਤੀ ਦਾ ਪਤਾ ਚਲ ਸਕੇਗਾ।

IMG_5111.resizedਪੰਜਾਬ ਦੇ 23 ਜਿਲ੍ਹਿਆਂ ਵਿੱਚੋਂ 9 ਜਿਲ੍ਹਿਆਂ ਵਿੱਚ ਇਸਤਰੀਆਂ ਡਿਪਟੀ ਕਮਿਸ਼ਨਰ ਹਨ। ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪਣੀਆਂ ਪ੍ਰਸ਼ਾਸ਼ਨਿਕ ਟੀਮਾ ਨਾਲ ਬਚਾਓ ਕਾਰਜਾਂ ਵਿੱਚ ਲੱਗੇ ਹੋਏ ਹਨ, ਪ੍ਰੰਤੂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲੋਕਾਂ ਦੀ ਵਧੇਰੇ ਪ੍ਰਸੰਸਾ ਦੀ ਪਾਤਰ ਬਣ ਰਹੀ ਹੈ। ਸ਼ੋਸ਼ਲ ਮੀਡੀਆ ‘ਤੇ ਉਸਨੂੰ ਪੰਜਾਬ ਦੀ ਧੀ ਕਿਹਾ ਜਾ ਰਿਹਾ ਹੈ। ਉਹ ਪਿੰਡਾਂ ਵਿੱਚ ਲੋੜੀਂਦਾ ਸਾਮਾਨ ਵੰਡਣ ਲਈ ਖੁਦ ਪਾਣੀ ਦੇ ਵਿੱਚ ਜਾ ਰਹੀ ਹੈ। ਪਿੰਡਾਂ ਦੇ ਲੋਕ ਉਸਦੀ ਪ੍ਰਸੰਸਾ ਕਰਦਿਆਂ ਕਹਿੰਦੇ ਹਨ ਕਿ ਅਜਿਹੀਆਂ ਧੀਆਂ ਪ੍ਰਸ਼ਾਸ਼ਨਿਕ ਪ੍ਰਣਾਲੀ ਵਿੱਚ ਹੋਣੀਆਂ ਚਾਹੀਦੀਆਂ ਹਨ। ਇਥੋਂ ਤੱਕ ਕਿ ਉਹ ਔਰਤਾਂ ਦੇ ਗਲੇ ਲੱਗ ਕੇ ਮਿਲਦੀ ਹੈ ਅਤੇ ਮਰਦ ਬਜ਼ੁਰਗ ਉਸਦਾ ਸਿਰ ਪਲੋਸ ਰਹੇ ਹਨ। ਸਾਕਸ਼ੀ ਸਾਹਨੀ ਤਾਂ 2023 ਦੇ ਹੜ੍ਹਾਂ ਸਮੇਂ ਪਟਿਆਲਾ ਵਿਖੇ ਰਾਤ ਬਰਾਤੇ ਹੜ੍ਹ ਵਾਲੇ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਨਾਮਣਾ ਖੱਟ ਚੁੱਕੀ ਹੈ। ਬਾਕੀ ਸਰਕਾਰੀ ਅਧਿਕਾਰੀਆਂ ਨੂੰ ਵੀ ਲੋਕਾਂ ਨਾਲ ਵਧੇਰੇ ਤਾਲ ਮੇਲ ਰੱਖਣਾ ਚਾਹੀਦਾ ਹੈ, ਕਿਉਂਕਿ ਹੌਸਲਾ ਦੇਣ ਨਾਲ ਦੁੱਖ ਘੁੱਟਦਾ ਹੈ।

ਅਜਿਹੇ ਦੁੱਖ ਦੇ ਮੌਕੇ ਪੰਜਾਬੀਆਂ ਦੀ ਪੰਜਾਬੀਆਂ ਨੇ ਹੀ ਬਾਂਹ ਫੜ੍ਹੀ ਹੈ। ਪੰਜਾਬੀਆਂ ਦੀ ਮਦਦ ਲਈ ਪੰਜਾਬੀ ਹੀ ਅੱਗੇ ਆਏ ਹਨ। ਵੱਡੀ ਮਾਤਰਾ ਵਿੱਚ ਵਾਲੰਟੀਅਰ ਸੰਸਥਾਵਾਂ  ਇਸ ਕੰਮ ਵਿੱਚ ਮਦਦ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਖਾਲਸਾ ਏਡ ਸ਼ਾਮਲ ਹੈ। ਪਿੰਡਾਂ ਵਿੱਚੋਂ ਲੋਕ ਰਾਹਤ ਸਮਗਰੀ ਲੈ ਕੇ ਧੜਾ ਧੜ ਪ੍ਰਭਾਵਤ ਇਲਾਕਿਆਂ ਵਿੱਚ ਪਹੁੰਚ ਰਹੇ ਹਨ। ਪੰਜਾਬ ਦੇ ਸੈਲੀਵਰਿਟੀਜ਼ ਦੀਆਂ ਟੀਮਾਂ ਵੀ ਹੜ੍ਹ ਰਾਹਤਾਂ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ, ਜਿਨ੍ਹਾਂ ਵਿੱਚ ਜਸਬੀਰ ਜੱਸੀ, ਸਤਿੰਦਰ ਸਰਤਾਜ, ਦਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਸੋਨੂੰ ਸੂਦ, ਸੰਜੇ ਦੱਤ, ਗੁਰਦਾਸ ਮਾਨ, ਰਾਜ ਕੁੰਦਰਾ, ਗੀਤਾ ਬਸਰਾ, ਜਸਪਿੰਦਰ ਨਰੂਲਾ, ਕਰਨ ਔਜਲਾ, ਰਣਜੀਤ ਬਾਵਾ, ਇੰਦਰਜੀਤ ਨਿੱਕੂ,  ਸੁਨੰਦਾ ਸ਼ਰਮਾ, ਸੋਨਮ ਬਾਜਵਾ ਅਤੇ ਸੋਨੀਆਂ ਮਾਨ ਸ਼ਾਮਲ ਹਨ। ਜਸਬੀਰ ਜੱਸੀ, ਸਤਿੰਦਰ ਸਰਤਾਜ ਅਤੇ ਮਾਲਵਿਕਾ ਸੂਦ ਨੇ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਦੀ ਸੇਵਾ ਸ਼ੁਰੂ ਕੀਤੀ ਸੀ।download (1)(14).resized ਦਲਜੀਤ ਦੋਸਾਂਝ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦਸ ਪਿੰਡ ਗੋਦ ਲਏ ਹਨ। ਗਿੱਪੀ ਗਰੇਵਾਲ ਨੇ ਅਜਨਾਲਾ ਇਲਾਕੇ ਵਿੱਚ ਪਸ਼ੂਆਂ ਲਈ ਸਾਏਲੇਜ ਦੇ ਟਰੱਕ ਭੇਜੇ ਹਨ। ਐਮੀ ਵਿਰਕ ਨੇ 200 ਪ੍ਰਭਾਵਿਤ ਪਰਿਵਾਰ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਐਸ.ਪੀ.ਸਿੰਘ ਓਬਰਾਏ ਨੇ ਸਾਰੇ ਪ੍ਰਭਾਵਤ ਜ਼ਿਲਿ੍ਹਆਂ ਦੇ ਪਸ਼ੂਆਂ ਲਈ ਚਾਰਾ ਦੇਣ ਦਾ ਪ੍ਰਬੰਧ ਕੀਤਾ ਹੈ। ਪਰਵਾਸ ਵਿੱਚੋਂ ਵੀ ਹੁੰਗਾਰੇ ਆ ਰਹੇ ਹਨ, ਅਮਰੀਕਾ ਤੋਂ ਵੱਡੇ ਟਰਾਂਸਪੋਰਟਰ ਹਰਸਿਮਰਨ ਸੰਗਰਾਮ ਸਿੰਘ ਨੇ ਵੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ। ਕੈਨੇਡਾ ਦੇ ਕਾਰੋਬਾਰੀ ਨੇ ਮੋਬਿਲਿਟੀ ਗੱਡੀ ਸ਼ੈਰਪ (1“OR N 1200)ਜਿਹੜੀ ਹੜ੍ਹ ਦੇ ਪਾਣੀ ਵਿੱਚ ਬਚਾਓ ਕਾਰਜ ਕਰਨ ਦੇ ਸਮਰੱਥ ਹੈ, ਭੇਜੀ ਗਈ ਹੈ। ਫ਼ੌਜ ਨੇ ਵੀ ਇਹ ਗੱਡੀਆਂ ਦਿੱਤੀਆਂ ਹਨ। ਇਹ ਸ਼ੈਰਪ ਗੱਡੀ ਪਾਣੀ ਵਿੱਚ ਅਸਾਨੀ ਨਾਲ ਚਲ ਸਕਦੀ ਹੈ। ਇਹ ਹਰ ਤਰ੍ਹਾਂ ਦੀ ਐਮਰਜੈਂਸੀ ਹਾਲਾਤ ਵਿੱਚ ਹੀ ਵਰਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸਾਨ ਜਥੇਬੰਦੀਆਂ ਵੀ ਅੱਗੇ ਹੋ ਕੇ ਮਦਦ ਕਰ ਰਹੀਆਂ ਹਨ। ਵਿਕਰਮ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਵੀ ਮਦਦ ਕੀਤੀ ਹੈ। ਹਰਿਆਣਾ ਤੇ ਜੰਮੂ ਕਸ਼ਮੀਰ ਸਰਕਾਰਾਂ ਨੇ 5-5 ਕਰੋੜ ਦੀ ਮਦਦ ਭੇਜੀ ਹੈ। ਹਰਿਆਣਾ ਤੋਂ ਲੋਕ ਵੀ ਰਾਹਤ ਸਮਗਰੀ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ। ਧੜਾ ਧੜ ਹੋਰ ਲੋਕਾਂ ਅਤੇ ਸੰਸਥਾਵਾਂ ਹੜ੍ਹ ਰਾਹਤ ਲਈ ਪਹੁੰਚ ਰਹੀਆਂ ਹਨ। ਪੰਜਾਬੀਆਂ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਹਰ ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਲਈ ਇੱਕ ਦੂਜੇ ਦੇ ਸਹਿਯੋਗੀ ਬਣਦੇ ਹਨ। ਅਜਿਹੇ ਗੰਭੀਰ ਹਾਲਾਤ ਵੀ ਉਨ੍ਹਾਂ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਹੌਸਲਾ ਬਰਕਰਾਰ ਰੱਖਿਆ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>