ਅੰਮ੍ਰਿਤਸਰ – ਅਯੁੱਧਿਆ ਦੇ ਪ੍ਰਸਿੱਧ ਸੰਤ ਮਹੰਤ ਨਿੱਤਿਆ ਗੋਪਾਲ ਦਾਸ ਜੀ ਮਹਾਰਾਜ ਦੇ ਕਿਰਪਾ-ਪਾਤਰ ਸ਼ਿਸ਼ ਅਤੇ ਰਾਮਾਨੰਦੀ ਸ਼੍ਰੀ ਵੈਸ਼ਣਵ ਸੰਪਰਦਾ ਨਾਲ ਸੰਬੰਧਿਤ ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਜੀ ਮਹਾਰਾਜ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਦੇ 5 ਦਿਨਾ ਆਤਮਿਕ ਦੌਰੇ ’ਤੇ ਆਏ ਹਨ ਨੇ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਾਮਵਰ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ‘ਪੀਸੀਟੀ ਹਿਊਮੈਨਿਟੀ’ ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਵੀ ਮੌਜੂਦ ਸਨ।
ਇਸ ਅਵਸਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸ. ਜਸਪਾਲ ਸਿੰਘ ਢੱਡੇ ਨੇ ਉਨ੍ਹਾਂ ਨੂੰ ਸਨਮਾਨ ਕੀਤਾ। ਇਸ ਮੌਕੇ ਮੱਧ ਪ੍ਰਦੇਸ਼ ਦੇ ਜੱਬਲਪੁਰ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਗਊ ਸੇਵਾ ਨਿਆਸ ਪੀਠ ਆਸ਼ਰਮ ਸੁਹਾਗੀ ਦੇ ਪੀਠਾਧੀਸ਼ਵਰ ਅਤੇ ਛੱਤਰਪੁਰ ਦੇ ਬਾਗੇਸ਼ਵਰ ਧਾਮ ਦੇ ਚੇਲੇ ਸ਼੍ਰੀ ਸ਼ਸ਼ਾਂਕ ਬਜਾਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਨੇ ਕਿਹਾ ਕਿ “ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸਾਡੇ ਲਈ ਅਨਮੋਲ ਅਤੇ ਆਤਮਿਕ ਤੌਰ ‘ਤੇ ਵਿਲੱਖਣ ਅਨੁਭਵ ਹਨ। ਇਹ ਪਵਿੱਤਰ ਧਰਤੀ ਸਾਨੂੰ ਸਿਰਫ਼ ਸ਼ਾਂਤੀ ਅਤੇ ਸੇਵਾ ਦਾ ਸੰਦੇਸ਼ ਹੀ ਨਹੀਂ ਦਿੰਦੀ ਬਲਕਿ ਸਾਰੀਆਂ ਧਰਮ ਪ੍ਰਥਾਵਾਂ ਅਤੇ ਮਨੁੱਖਤਾ ਨੂੰ ਏਕਤਾ ਦੀ ਡੋਰ ਨਾਲ ਜੋੜਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਸਾਨੂੰ ਸੱਚ, ਪ੍ਰੇਮ, ਨਿਮਰਤਾ ਅਤੇ ਸੇਵਾ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ।” ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਉਨ੍ਹਾਂ ਨੇ ਸਿੱਖ ਧਰਮ ਦੀ ਮਹਾਨ ਵਿਰਾਸਤ ਨੂੰ ਨਜ਼ਦੀਕ ਤੋਂ ਅਨੁਭਵ ਕੀਤਾ ਹੈ। ਉਨ੍ਹਾਂ ‘ਪੀਸੀਟੀ ਹਿਊਮੈਨਿਟੀ’ ਵੱਲੋਂ ਚਲਾਈਆਂ ਜਾ ਰਹੀਆਂ ਸਮਾਜ ਸੇਵਾ ਮੁਹਿੰਮਾਂ ਦੀ ਸ਼ਲਾਘਾ ਵੀ ਕੀਤੀ।
ਅੰਤਰਰਾਸ਼ਟਰੀ ਸਮਾਜ ਸੇਵੀ ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ ‘ਪੀਸੀਟੀ ਹਿਊਮੈਨਿਟੀ’ ਦਾ ਮਿਸ਼ਨ ਮਨੁੱਖਤਾ ਦੀ ਸੇਵਾ ਅਤੇ ਸਭ ਧਰਮਾਂ ਵਿਚਕਾਰ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਐਲਾਨ ਕੀਤਾ ਕਿ ਖ਼ਾਲਸਾ ਰਾਜ ਦੇ ਸੰਸਥਾਪਕ, ਮਹਾਨ ਸਿੱਖ ਸੈਨਾਪਤੀ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ (ਬੰਦਾ ਬੈਰਾਗੀ) ਦੇ ਜਨਮ ਸਥਾਨ ਰਾਜੌਰੀ ਲਈ ਧਾਰਮਿਕ ਯਾਤਰਾ 26 ਸਤੰਬਰ ਸਵੇਰੇ 7 ਵਜੇ ਪਠਾਨਕੋਟ ਤੋਂ ਰਵਾਨਾ ਹੋਵੇਗੀ। ਇਹ ਯਾਤਰਾ ਕਈ ਇਤਿਹਾਸਕ ਗੁਰਦੁਆਰਿਆਂ ਤੋਂ ਲੰਘਦੀ ਹੋਈ ਰਾਜੌਰੀ ਪਹੁੰਚੇਗੀ, ਜਿੱਥੇ ਸਥਾਨਕ ਸੰਗਤ ਅਤੇ ਸ਼ਖ਼ਸੀਅਤਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ।
27 ਸਤੰਬਰ ਨੂੰ ਗੁਰਦੁਆਰਾ ਜਨਮ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਸਥਾਨਕ ਸੰਗਤ ਅਤੇ ਪ੍ਰਬੰਧਕ ਉਸ ਮਹਾਨ ਯੋਧੇ ਦੀ ਅਮੋਲਕ ਸ਼ਹਾਦਤ ਨੂੰ ਯਾਦ ਕਰਨਗੇ। 28 ਸਤੰਬਰ ਸਵੇਰੇ 8 ਵਜੇ ਇਹ ਯਾਤਰਾ ਰਾਜੌਰੀ ਤੋਂ ਪਠਾਨਕੋਟ ਵਾਪਸੀ ਨਾਲ ਸੰਪੂਰਨ ਹੋਵੇਗੀ।
ਡਾ. ਸਲਾਰੀਆ ਨੇ ਕਿਹਾ ਕਿ,“ਇਹ ਮੇਰੇ ਲਈ ਬਹੁਤ ਖ਼ੁਸ਼ੀ ਅਤੇ ਆਤਮਿਕ ਸੰਤੋਖ ਦੀ ਗੱਲ ਹੈ ਕਿ ਅਸੀਂ ਸੰਗਤ ਨੂੰ ਉਸ ਪਵਿੱਤਰ ਧਰਤੀ ‘ਤੇ ਲੈ ਕੇ ਜਾ ਰਹੇ ਹਾਂ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਮਹਾਨ ਯੋਧੇ ਨੇ ਜਨਮ ਲਿਆ। ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ‘ਤੇ ਮੁਗ਼ਲ ਸਾਮਰਾਜ ਦੀਆਂ ਬੁਨਿਆਦਾਂ ਹਿਲਾ ਦਿੱਤੀਆਂ, ਜ਼ੁਲਮ ਦੇ ਕਿਲ੍ਹੇ ਢਾਹੇ ਅਤੇ ਲੋਕਾਂ ਨੂੰ ਨਿਆਂ ਦਾ ਰਾਜ ਦੇ ਕੇ ਸਿੱਖੀ ਦੇ ਝੰਡੇ ਨੂੰ ਹੋਰ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਨੇ ਸਾਡੇ ਲਈ ਆਪਣਾ ਸਰਬੰਸ ਵਾਰ’ਤਾ ਸੀ ਇਸੇ ਤਰ੍ਹਾਂ ਆਪਣੇ ਪੁੱਤਰ ਭਾਈ ਅਜੈ ਸਿੰਘ, ਜਿਸ ਨੂੰ ਹਾਕਮ ਵੱਲੋਂ ਬੇ ਰਹਿਮੀ ਨਾਲ ਸ਼ਹੀਦ ਕਰਦਿਆਂ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ’ਚ ਪਵਾਇਆ ਗਿਆ। ਇਸ ਤਰਾਂ ਉਹਨਾਂ ਨੇ ਆਪਣੇ ਪੁੱਤਰ ਅਜੈ ਸਿੰਘ ਦੀ ਲਾਸਾਨੀ ਸ਼ਹਾਦਤ ਦੇ ਕੇ ਮਨੁੱਖਤਾ ਅਤੇ ਗੁਰੂ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਇਆ।
ਡਾ. ਸਲਾਰੀਆ ਨੇ ਕਿਹਾ ਕਿ, “ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ ਸਾਡੇ ਲਈ ਪ੍ਰੇਰਣਾ ਸਰੋਤ ਹੈ। ਇੱਕ ਰਾਜਪੂਤ ਛਤਰੀ ਹੋਣ ਦੇ ਨਾਤੇ ਮੈਨੂੰ ਫ਼ਖਰ ਹੈ ਕਿ ’ਬੰਦਾ ਬੈਰਾਗੀ’ ਨੇ ਇਨਸਾਨੀਅਤ ਅਤੇ ਗੁਰੂ ਦੇ ਮਿਸ਼ਨ ਲਈ ਮਹਾਨ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ’ਚ ਬੰਦਾ ਸਿੰਘ ਬਹਾਦਰ ਜਿਹੇ ਯੋਧੇ ਪੈਦਾ ਕਰਨੇ ਹਨ ਤਾਂ ਉਨ੍ਹਾਂ ਦੇ ਜਨਮ ਸਥਾਨ ’ਤੇ ਜਾ ਕੇ ਆਪਣੇ ਬਚਿਆਂ ਨੂੰ ਗੁੜ੍ਹਤੀ ਦੇਣੀ ਚਾਹੀਦੀ ਹੈ।
“ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਉਸ ਪਵਿੱਤਰ ਧਰਤੀ ਨਾਲ ਜੋੜੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਉਹੀ ਵੀਰਤਾ, ਸ਼ਹਾਦਤ ਅਤੇ ਗੁਰੂ-ਭਗਤੀ ਦੀ ਭਾਵਨਾ ਜੀਵਿਤ ਰਹੇ।”
ਡਾ. ਸਲਾਰੀਆ ਨੇ ਹੋਰ ਕਿਹਾ ਕਿ ਇਹ ਯਾਤਰਾ ਕੇਵਲ ਦਰਸ਼ਨ ਕਰਨ ਲਈ ਨਹੀਂ, ਸਗੋਂ ਸਾਡੇ ਮਨਾਂ ਨੂੰ ਆਪਣੀ ਵਿਰਾਸਤ, ਸ਼ਹੀਦਾਂ ਦੀਆਂ ਕੁਰਬਾਨੀਆਂ, ਸਿੱਖ ਇਤਿਹਾਸ ਅਤੇ ਦੇਸ਼ ਦੀ ਏਕਤਾ ਅਖੰਡਤਾ ਨਾਲ ਜੋੜਨ ਦਾ ਇਕ ਉੱਚਾ ਤੇ ਸੁੱਚਾ ਯਤਨ ਹੈ। ਇਹ ਯਾਤਰਾ ਸੰਗਤਾਂ ਦੇ ਮਿਲਾਪ, ਸੇਵਾ-ਸੰਸਕਾਰ ਅਤੇ ਗੁਰੂ-ਪ੍ਰੇਮ ਦੀਆਂ ਖ਼ੁਸ਼ੀਆਂ ਨੂੰ ਵਧਾਉਣ ਵਾਲੀ ਸਾਬਤ ਹੋਵੇਗੀ। ਉਹਨਾਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪਵਿੱਤਰ ਯਾਤਰਾ ਦਾ ਹਿੱਸਾ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਨਾਲ ਜੋੜਨ ਦੀ ਅਪੀਲ ਕੀਤੀ।
ਯਾਤਰਾ ਦੇ ਪ੍ਰਬੰਧਕ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਸੰਗਤਾਂ ਦੀ ਸੁਵਿਧਾ ਲਈ ਲੋੜੀਂਦੇ ਉੱਤਮ ਪ੍ਰਬੰਧ ਕੀਤੇ ਗਏ ਹਨ।
