ਕੈਲਗਰੀ ਲੇਖਕ ਸਭਾ ਵਲੋਂ ‘Some Prominent Sikh Scientists’ ਕਿਤਾਬ ਲੋਕ ਅਰਪਣ

IMG-20251005-WA0048(3).resizedਸਭਾ ਦੀ 4 ਅਕਤੂਬਰ, 2025 ਦੀ ਇੱਕਤਰਤਾ ਵਿੱਚ ਡਾ: ਸੁਰਜੀਤ ਸਿੰਘ ਭੱਟੀ ਦੀ ਨਵ-ਪ੍ਰਕਾਸ਼ਿਤ ਪੁਸਤਕ ‘Some Prominent Sikh Scientists’ ਕੋਸੋ ਹਾਲ ਵਿੱਸ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼ ਹੋਈ। ਸਕੱਤਰ ਗੁਰਚਰਨ ਥਿੰਦ ਨੇ ਸਭ ਹਾਜ਼ਰੀਨ ਨੂੰ ਜੀ ਆਇਆਂ ਆਖ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਡਾ: ਸੁਰਜੀਤ ਸਿੰਘ ਭੱਟੀ ਅਤੇ ਜਸਵਿੰਦਰ ਸਿੰਘ ਰੁਪਾਲ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦੇਣ ਉਪਰੰਤ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅੱਜ ਕਿਤਾਬ ਰਿਲੀਜ਼ ਕੀਤੀ ਜਾਵੇਗੀ ਅਤੇ ਸੀਨੀਅਰਜ਼ ਦਿਵਸ ਸਬੰਧੀ ਵੀ ਚਰਚਾ ਹੋਵੇਗੀ। ਡਾ: ਭੱਟੀ ਜੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਜੰਮਪਲ ਫਿਜ਼ਕਿਸ ਦੇ ਪੀ.ਐਚ.ਡੀ. ਡਾ: ਸੁਰਜੀਤ ਸਿੰਘ ਭੱਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੇ ਪਹਿਲੇ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਅਤੇ ਯੂਨੀਵਰਸਿਟੀ ਵਿੱਚ ਇਨ੍ਹਾਂ ਵਲੋਂ ‘ਅਪਲਾਈਡ ਫਿਜ਼ਿਕਸ’ ਦੇ ਨਵੇਂ ਵਿਭਾਗ ਦੀ ਨੀਂਹ ਰੱਖੀ ਗਈ। ਇਨ੍ਹਾਂ ਦੇ ਦੁਨੀਆਂ ਭਰ ਦੇ ਸਾਇੰਸ ਜਨਰਲਜ਼ ਵਿੱਚ 100 ਤੋਂ ਉਪਰ ਪੇਪਰ ਛੱਪ ਚੁੱਕੇ ਹਨ ਅਤੇ ਦਰਜਨ ਕੁ ਵਿਦਿਆਰਥੀਆਂ ਨੂੰ ਪੀ.ਐਚ.ਐਡ ਦਾ ਖੋਜ ਕਾਰਜ ਕਰਵਾਇਆ। ਇਨ੍ਹਾਂ ਨੇ ਅਣਗੌਲ਼ੇ ਸਿੱਖ ਵਿਗਿਆਨੀਆਂ ਦੀਆਂ ਜੀਵਨੀਆਂ, ਪ੍ਰਾਪਤੀਆਂ ਅਤੇ ਕਾਮਯਾਬੀਆਂ ਦਾ ਲੰਮਾ ਖੋਜ ਕਾਰਜ ਕਰਨ ਉਪਰੰਤ ਇਸ ਨੂੰ ਕਿਤਾਬ ਦੇ ਰੂਪ ਵਿੱਚ ਪਾਠਕਾਂ ਸਨਮੁੱਖ ਕਰਨ ਦਾ ਤਕੜਾ ਉਪਰਾਲਾ ਕੀਤਾ ਹੈ।

IMG-20251005-WA0069.resizedਜਸਵਿੰਦਰ ਸਿੰਘ ਰੁਪਾਲ ਨੇ ਅੰਗਰੇਜ਼ੀ ਵਿੱਚ ਲਿਖੀ ਇਸ ਕਿਤਾਬ ਤੇ ਪੰਜਾਬੀ ਵਿੱਚ ਪਰਚਾ ਪੇਸ਼ ਕੀਤਾ ਅਤੇ ਦੱਸਿਆ ਕਿ ਇਸ ਵਿੱਚ 14 ਸਿੱਖ ਵਿਗਿਆਨੀਆਂ ਦੀਆਂ ਕਾਮਯਾਬ ਜੀਵਨੀਆਂ ਦਾ ਵਰਨਣ ਹੈ ਜਿਨ੍ਹਾ ਨੇ ਖੇਤੀਬਾੜੀ, ਫਿਜ਼ਕਸ, ਕੈਮਿਸਟਰੀ, ਮੈਡੀਕਲ, ਫਾਰਮਿਸਿਊਟੀਕਲ ਅਤੇ ਟੈਕਨੌਲੌਜੀ ਦੇ ਖੇਤਰ ਵਿੱਚ ਨਵੀਆਂ ਖੋਜਾਂ ਕੀਤੀਆਂ ਅਤੇ ਮਾਣ ਸਨਮਾਨ ਪ੍ਰਾਪਤ ਕੀਤੇ। ਜਿਨ੍ਹਾਂ ਵਿਚੋਂ ਕੁੱਝ ਨਾਮ ਪ੍ਰੋ: ਪੂਰਨ ਸਿੰਘ, ਡਾ: ਖੇਮ ਸਿੰਘ ਗਿੱਲ, ਡਾ: ਨਰਿੰਦਰ ਸਿੰਘ ਕੰਪਾਨੀ, ਬਾਵਾ ਕਰਤਾਰ ਸਿੰਘ, ਡਾ: ਗੁਰਦੇਵ ਸਿੰਘ ਖੁਸ਼, ਡਾ: ਗੁਰਤੇਜ ਸਿੰਘ ਸੰਧੂ, ਇੰਜ: ਜਸਬੀਰ ਸਿੰਘ ਹਨ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਅਜੇ ਤੀਕ ਅਣਗੌiਲ਼ਆ ਹੀ ਰਹੀਆਂ ਹਨ, ਪ੍ਰੰਤੂ ਆਪ ਇੱਕ ਵਿਗਿਆਨੀ ਹੋਣ ਨਾਤੇ ਡਾ: ਸੁਰਜੀਤ ਸਿੰਘ ਭੱਟੀ ਨੇ ਸਿੱਖ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਤੇ ਕਾਮਯਾਬੀਆਂ ਨੂੰ ਕਲਮਬੱਧ ਕਰਨ ਦਾ ਨਿਵੇਕਲਾ ਕਾਰਜ ਕਰ ਪੰਜਾਬੀ ਸਾਹਿਤ ਤੇ ਪੰਜਾਬੀ ਪਾਠਕਾਂ ਨੂੰ ਅਣਮੁੱਲਾ ਤੋਹਫ਼ਾ ਪ੍ਰਦਾਨ ਕੀਤਾ ਹੈ।

IMG-20251005-WA0001.resizedਡਾ: ਸੁਰਜੀਤ ਸਿੰਘ ਭੱਟੀ ਦੇ ਪੁੱਤਰ ਰਾਜਬੀਰ ਸਿੰਘ ਭੱਟੀ, ਜੋ ਕਿ ਇਸ ਕਿਤਾਬ ਨੂੰ ਨੇਪਰੇ ਚੜ੍ਹਾਉਣ ਵਾਲਿਆਂ ਵਿਚੋਂ ਇੱਕ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ 2016-17 ਵਿੱਚ ਇਸ ਕਾਰਜ ਬਾਰੇ ਗੱਲ ਕੀਤੀ। ਉਨ੍ਹਾਂ ਦੀ ਭਾਵਨਾ ਸੀ ਕਿ ਡਾ: ਕੰਪਾਨੀ ਵਲੋਂ ਆਪਟੀਕਲ ਫਾਈਬਰ ਦੀ ਖੋਜ ਕਰਕੇ ਇੰਟਰਨੈੱਟ ਖੇਤਰ ਵਿੱਚ ਜੋ ਯੋਗਦਾਨ ਪਾਇਆ ਹੈ, ਕਿਸੇ ਨੂੰ ਨਹੀਂ ਪਤਾ ਕਿ ਇਹ ਖੋਜ ਇੱਕ ਸਿੱਖ ਵਿਗਿਆਨੀ ਨੇ ਕੀਤੀ ਹੈ, ਕਿਉਂ ਨਾ ਅਜਿਹੇ ਕੰਮਾਂ ਨੂੰ ਉਜਾਗਰ ਕੀਤਾ ਜਾਵੇ। ਇਸ ਤਰ੍ਹਾਂ ਇਸ ਖੋਜ ਕਾਰਜ ਦਾ ਕੰਮ ਸ਼ੁਰੂ ਹੋਇਆ, ਉਪਰੰਤ ਲਿਖਿਆ ਗਿਆ ਅਤੇ ਆਖਰ 2025 ਵਿੱਚ ਕਿਤਾਬ ਛੱਪ ਕੇ ਤਿਆਰ ਹੋਈ। ਭੱਟੀ ਜੀ ਦੇ ਪੋਤਰੇ ਰਣਸ਼ੇਰ ਸਿੰਘ ਜੋ ਕਿ ਮਾਊਂਟ ਰਾਇਲ ਯੂਨੀਵਰਸਿਟੀ ਵਿੱਚ ਡਿਗਰੀ ਦੀ ਪੜ੍ਹਾਈ ਕਰ ਰਿਹਾ ਹੈ, ਨੇ ਕਿਹਾ ਕਿ ਦਾਦੂ ਪਾਪਾ ਇਸ ਕਿਤਾਬ ਲਈ ਬੜੇ ਪੈਜ਼ਨੇਟ ਨੇ। ਸਮਾਜ ਵਿੱਚ ਇਹ ਧਾਰਨਾ ਹੈ ਕਿ ਪੱਗਾਂ ਵਾਲੇ ਛੋਟੇ ਮੋਟੇ ਕੰਮ ਹੀ ਕਰਦੇ ਹਨ, ਉਹ ਇਸ ਕਿਤਾਬ ਰਾਹੀਂ ਇਸ ਧਾਰਨਾ ਨੂੰ ਤੋੜਨਾ ਚਾਹੁੰਦੇ ਹਨ। ਹਰਭਜਨ ਸਿੰਘ ਢਿਲੋਂ ਨੇ ਆਪਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਿਤਾਏ ਸਮੇਂ ਨੂੰ ਅਤੇ ਡਾ: ਭੱਟੀ ਹੁਰਾਂ ਨਾਲ ਸਾਂਝ ਨੂੰ ਸਾਂਝਾ ਕੀਤਾ। ਡਾ: ਸੁਖਵਿੰਦਰ ਸਿੰਘ ਥਿੰਦ ਨੇ ਪੀ.ਏ.ਯੂ. ਦੇ ਵਿਗਿਆਨੀਆਂ ਡਾ: ਖੇਮ ਸਿੰਘ ਗਿੱਲ ਅਤੇ ਡਾ: ਗੁਰਦੇਵ ਸਿੰਘ ‘ਖੁਸ਼’ ਨਾਲ ਯੂਨੀਵਰਸਿਟੀ ਵਿੱਚ ਬਿਤਾਏ ਸਮੇਂ ਨੂੰ ਯਾਦ ਕੀਤਾ। ਬਲਵਿੰਦਰ ਬਰਾੜ ਨੇ ਕਿਹਾ ਕਿ ਅਫ਼ਸੋਸ ਹੈ ਕਿ ਸਿੱਖ ਕੌਮ ਦੇ ਜਥੇਦਾਰਾਂ ਨੂੰ ਪਤਾ ਹੈ ਕਿ ਸਿੱਖ ਕੌਮ ਵਿੱਚ ਅਜਿਹੇ ਹੀਰੇ ਹਨ ਪਰ ਉਨ੍ਹਾਂ ਦੀ ਪਰਖ ਕਰਨ ਅਤੇ ਉਸ ਦੀ ਕੀਮਤ ਪਛਾਣ ਲੋਕਾਂ ਤੱਕ ਪੁਚਾਉਣ ਦੀ ਕਾਰਵਾਈ ਕਰਨ ਤੋਂ ਅਸਮਰਥ ਜਾਪਦੇ ਹਨ।

IMG-20251005-WA0073.resizedਡਾ: ਸੁਰਜੀਤ ਸਿੰਘ ਭੱਟੀ ਜੀ ਨੇ ਆਪਣੀ ਇਸ ਕਿਤਾਬ ਨੂੰ ਛਪਵਾਉਣ ਦੇ ਮਕਸਦ ਨੂੰ ਬਿਆਨ ਕਰਦੇ ਕਿਹਾ ਕਿ ਸਿੱਖ ਦੁਨੀਆਂ ਦੀ ਸਭ ਤੋਂ ਨਿਆਰੀ ਕੌਮ ਹੈ ਜਿਸਨੂੰ ਗੁਰੂ ਸਾਹਿਬ ਨੇ ਸਭ ਤੋਂ ਉੱਚੇ ਆਦੇਸ਼ ਦਿੱਤੇ ਹਨ। ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਵਹਿਮਾਂ ਭਰਮਾਂ ਈਰਖਾ ਦਵੇਸ਼ ਤੇ ਹੋਰ ਬੁਰਾਈਆਂ ਤੋਂ ਬਹੁਤ ਉੱਚਾ ਉਠਾਇਆ ਹੈ। ਸਿੱਖਾਂ ਨੇ ਆਪਣੇ ਅਸੂਲਾਂ ਵਾਸਤੇ ਲੰਮੀ ਜਦੋਜਹਿਦ ਕੀਤੀ ਹੈ। ਸੇਵਾ, ਸਾਹਿਤ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਿੱਖਾਂ ਦੀ ਵੱਡਮੁੱਲੀ ਦੇਣ ਹੈ। ਮੈਨੂੰ ਮਹਿਸੂਸ ਹੋਇਆ ਕਿ ਵਿਗਿਆਨ ਦੇ ਖੇਤਰ ਵਿੱਚ ਇਨ੍ਹਾਂ ਦੀ ਵੱਡਮੁੱਲੀ ਦੇਣ ਲੋਕ-ਚਰਚਾ ਦਾ ਹਿੱਸਾ ਨਹੀਂ ਬਣੀ। ਸੋ ਇਸ ਕੰਮ ਲਈ ਇਹ ਮੇਰਾ ਨਿਗੂਣਾ ਜਿਹਾ ਯਤਨ ਹੈ। ਉਪਰੰਤ ਸਾਰਿਆਂ ਦੀ ਹਾਜ਼ਰੀ ਵਿੱਚ ਕਿਤਾਬ ਰਿਲੀਜ਼ ਕੀਤੀ ਗਈ ਅਤੇ ਜ਼ੋਰਦਾਰ ਤਾੜੀਆਂ ਨਾਲ ਪੰਜਾਬੀ ਸਾਹਿਤ ਵਿੱਚ ਇਸ ਦਾ ਸਵਾਗਤ ਤੇ ਸ਼ਮੂਲੀਅਤ ਹੋਈ।

ਉਪਰੰਤ ਸ੍ਰ: ਜਗਬੀਰ ਸਿੰਘ ਜੋ ਕਿ ਈ-ਦੀਵਾਨ ਸੋਸਾਇਟੀ ਦੇ ਸੰਸਥਾਪਕ ਹਨ, ਨੇ ਡਾ: ਸਾਹਿਬ ਨੂੰ ਵਧਾਈ ਦੇਂਦੇ ਹੋਏ ਈ-ਦੀਵਾਨ ਸੋਸਾਇਟੀ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਦੇ ਡਾ: ਭੱਟੀ ਅਹਿਮ ਕਾਰਜਸ਼ੀਲ ਮੈਂਬਰ ਹਨ। ਇਸ ਸੋਸਾਇਟੀ ਵਲੋਂ ਸਾਂਝੀ ਵਿਰਾਸਤ ਨਾਂ ਦਾ ਆਨ-ਲਾਈਨ ਮੈਗਜ਼ੀਨ ਵੀ ਛਾਪਿਆ ਜਾਂਦਾ ਹੈ। ਗੁਰਦੀਸ਼ ਗਰੇਵਾਲ ਨੇ ਇਸ ਮੈਗਜ਼ੀਨ ਲਈ ਰਚਨਾਵਾਂ ਭੇਜਣ ਅਤੇ ਸ਼ਨੀਵਾਰ ਸਵੇਰੇ ਈ-ਦੀਵਾਨ ਸੋਸਾਇਟੀ ਦੀ ਆਨ-ਲਾਈਨ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਅਤੇ ਸੀਨੀਅਰਜ਼ ਨੂੰ ਮੁਖਾਤਬ ਕਵਿਤਾ ਸਾਂਝੀ ਕੀਤੀ। ਗੁਰਦਿਆਲ ਸਿੰਘ ਖਹਿਰਾ ਨੇ ਡਾ: ਭੱਟੀ ਦੀ ਕਿਤਾਬ ਨੂੰ ਨਿਵੇਕਲੀ ਪਹਿਲ ਦੱਸਦੇ ਖਡੂਰ ਸਾਹਿਬ, ਅੰਮ੍ਰਿਤਸਰ ਵਿੱਚ ਸਿੱਖੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ। ਸ੍ਰ: ਜਸਵੰਤ ਸਿੰਘ ਸੇਖੋਂ, ਸੁਖਮੰਦਰ ਸਿੰਘ, ਹਰਮਿੰਦਰ ਪਾਲ, ਮਨਮੋਹਨ ਸਿੰਘ ਬਾਠ ਅਤੇ ਮੀਟਿੰਗ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਚਰਨਜੀਤ ਸਿੰਘ ਫੁੱਲ ਨੇ ਬੁਲੰਦ ਤੇ ਸੁਰੀਲੀ ਅਵਾਜ਼ ਵਿੱਚ ਗਾ ਕੇ ਸੁਣਾਇਆ ਜਿਸ ਦਾ ਭਰਵੀਆਂ ਤਾੜੀਆਂ ਨਾਲ ਸੁਆਗਤ ਹੋਇਆ। ਸਰਦੂਲ ਸਿੰਘ ਲੱਖਾ, ਸਰਬਜੀਤ ਉੱਪਲ, ਗੁਰਚਰਨ ਸਿੰਘ ਹੇਅਰ, ਸੰਦੀਪ ਰੂਹਵ, ਮਨਿੰਦਰ ਕੌਰ, ਹਰਜਿੰਦਰ ਕੌਰ ਬਦੇਸ਼ਾ, ਪ੍ਰੀਤ ਸਾਗਰ ਸਿੰਘ ਨੇ ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਆਪਣੀਆਂ ਕਵਿਤਾਵਾਂ ਸੁਣਾ ਕੇ ਵਾਹ ਵਾਹ ਖੱਟੀ। ਗੁਰਨਾਮ ਕੌਰ ਨੇ ਬਲਵਿੰਦਰ ਬਰਾੜ ਦੀ ਨਵੀਂ ਛਪੀ ਕਿਤਾਬ ‘ਉਹ ਵੇਲਾ ਯਾਦ ਕਰ’ ਤੇ ਲਿਖੀ ਵਿਚਾਰ ਚਰਚਾ ਪੇਸ਼ ਕੀਤੀ। ਪਹਿਲੀ ਵਾਰ ਸਭਾ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਦਿੱਲੀ ਤੋਂ ਆਏ ਜਸਵਿੰਦਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਸਿੱਖਾਂ ਬਾਰੇ ਜੋ ਭਰਮ ਮਨ ਵਿੱਚ ਪਾiਲ਼ਆ ਸੀ ਇੱਥੇ ਸਾਹਿਤਕ ਮੀਟਿੰਗ ਵਿੱਚ ਆ ਕੇ ਟੁੱਟ ਗਿਆ ਹੈ। ਇੱਥੇ ਉੱਥੋਂ ਨਾਲੋਂ ਕਿਤੇ ਜ਼ਿਆਦਾ ਸਿੱਖੀ ਅਤੇ ਹੋਰ ਕੰਮਾਂ ਤੇ ਕੰਮ ਹੋ ਰਿਹਾ ਹੈ।

ਆਖਰ ਵਿੱਚ ਪ੍ਰਧਾਨ ਸਿਹੋਤਾ ਜੀ ਨੇ ਡਾ: ਭੱਟੀ ਦੀ ਇਸ ਵਿਸ਼ੇਸ਼ ੳੁੱਪਲਭਦੀ ਤੇ ਵਧਾਈ ਦਿੱਤੀ। ਸਭ ਦਾ ਅੱਜ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਡਾ: ਸਾਹਿਬ ਵਲੋਂ ਪਰੋਸੇ ਗਏ ਚਾਹ ਤੇ ਸਨੈਕਸ ਦਾ ਅਨੰਦ ਮੀਟਿੰਗ ਦੇ ਦੌਰਾਨ ਸਭ ਨੇ ਮਾਣਿਆ। ਸੁਰਿੰਦਰ ਚੀਮਾ ਭੈਣ ਜੀ, ਰਵਿੰਦਰ ਕੌਰ, ਇੰਜ: ਜ਼ੀਰ ਸਿੰਘ ਬਰਾੜ ਅਤੇ ਮਿਸਜ਼ ਖਹਿਰਾ ਦੀ ਹਾਜ਼ਰੀ ਜ਼ਿਕਰਯੋਗ ਰਹੀ।

ਗੁਰਚਰਨ ਕੌਰ ਥਿੰਦ
ਸਕੱਤਰ, ਕੈਲਗਰੀ ਲੇਖਕ ਸਭਾ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>