ਫ਼ਤਹਿਗੜ੍ਹ ਸਾਹਿਬ - “ਪਿੰਡਾਂ ਤੇ ਕਸਬਿਆ ਵਿਚ ਲੰਬੜਦਾਰੀ ਦੀ ਜਿੰਮੇਵਾਰੀ ਨਿਭਾਉਣ ਵਾਲੇ ਇਨਸਾਨਾਂ ਨੂੰ ਬਹੁਤ ਮਿਹਨਤ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਵੇਰ ਤੋ ਲੈਕੇ ਸ਼ਾਮ ਤੱਕ ਅਦਾਲਤਾਂ ਤੇ ਹੋਰ ਦਫਤਰਾਂ ਵਿਚ ਲੋਕਾਂ ਨਾਲ ਜਾ ਕੇ ਉਨ੍ਹਾਂ ਦੇ ਕਾਗਜਾਤ ਪੂਰਨ ਕਰਦੇ ਹੋਏ ਉਨ੍ਹਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਵਾਉਣ ਦੇ ਸਮਾਜ ਪੱਖੀ ਉਦਮ ਕੀਤੇ ਜਾਂਦੇ ਹਨ । ਲੇਕਿਨ ਉਨ੍ਹਾਂ ਦੀ ਮਿਹਨਤ ਅਤੇ ਭੱਜ ਦੌੜ ਦੀ ਬਦੌਲਤ ਉਨ੍ਹਾਂ ਨੂੰ ਮਿਲਣ ਵਾਲਾ ਮਿਹਨਤਾਨਾ ਬਹੁਤ ਘੱਟ ਹੁੰਦਾ ਹੈ । ਜਿਸ ਨਾਲ ਉਨ੍ਹਾਂ ਦੀਆਂ ਪਰਿਵਾਰਿਕ ਲੋੜਾਂ ਦੀ ਪੂਰਤੀ ਕਰਨੀ ਅਸੰਭਵ ਹੈ । ਇਸ ਲਈ ਜੋ ਲੰਬੜਦਾਰਾਂ ਵੱਲੋ ਆਪਣੀਆ ਮੰਗਾਂ ਦੇ ਹੱਕ ਵਿਚ ਸਮੁੱਚੇ ਪੰਜਾਬ ਵਿਚ ਰੋਸ ਧਰਨੇ ਦਿੱਤੇ ਜਾ ਰਹੇ ਹਨ, ਉਹ ਉਨ੍ਹਾਂ ਦੀ ਮਜਬੂਰੀ ਹੈ ਅਸੀ ਇਨ੍ਹਾਂ ਦੇ ਜਾਇਜ ਮੰਗਾਂ ਦੇ ਹੱਕ ਵਿਚ ਕੀਤੇ ਜਾ ਰਹੇ ਸੰਘਰਸ ਦੀ ਪੂਰਨ ਹਮਾਇਤ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਇਹ ਸੰਜ਼ੀਦਾ ਗੁਜਾਰਿਸ ਕਰਦੇ ਹਾਂ ਕਿ ਉਹ ਇਨ੍ਹਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਕੇ ਸਹਿਯੋਗ ਕਰੇ ਤਾਂ ਕਿ ਇਨ੍ਹਾਂ ਵਿਚ ਪਾਈ ਜਾਣ ਵਾਲੀ ਵੱਡੀ ਬੇਚੈਨੀ ਫੌਰੀ ਦੂਰ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ ਦੇ ਲੰਬੜਦਾਰਾਂ ਵੱਲੋ ਆਪਣੀਆ ਮੰਗਾਂ ਦੇ ਹੱਕ ਵਿਚ ਕੀਤੇ ਜਾ ਰਹੇ ਜਮਹੂਰੀਅਤ ਅਤੇ ਅਮਨਮਈ ਸੰਘਰਸ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਸਰਕਾਰ ਨੂੰ ਫੌਰੀ ਇਨ੍ਹਾਂ ਦੀਆਂ ਮੰਗਾਂ ਪੂਰਨ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇਹ ਵਰਗ ਦਿਨ-ਰਾਤ ਪਿੰਡਾਂ ਤੇ ਕਸਬਿਆ ਵਿਚ ਆਪਣੇ ਨਿਵਾਸੀਆ ਦੀਆਂ ਜਮੀਨਾਂ, ਜਾਇਦਾਦਾਂ ਤੇ ਹੋਰ ਦਸਤਾਵੇਜੀ ਕੰਮਾਂ ਵਿਚ ਪੂਰਨ ਇਮਾਨਦਾਰੀ ਤੇ ਆਪਣੇ ਫਰਜ ਸਮਝਦੇ ਹੋਏ ਉਦਮ ਕਰਦੇ ਆ ਰਹੇ ਹਨ, ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਦੇ ਰੋਜਾਨਾ ਦੇ ਖਰਚ ਅਤੇ ਪਰਿਵਾਰਾਂ ਦੇ ਖਰਚਿਆ ਨੂੰ ਮੁੱਖ ਰੱਖਦਿਆ ਇਨ੍ਹਾਂ ਵੱਲੋ ਉਠਾਈਆ ਜਾ ਰਹੀਆ ਆਪਣੀਆ ਮੰਗਾਂ ਨੂੰ ਵੀ ਤੁਰੰਤ ਪੂਰਨ ਕਰਕੇ ਇਸ ਵਰਗ ਦੀ ਜਿੰਨੀ ਜਲਦੀ ਹੋ ਸਕੇ ਸੰਤੁਸਟੀ ਕਰੇ ਅਤੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਬਣਾਈ ਰੱਖਣ ਦੀ ਜਿੰਮੇਵਾਰੀ ਨਿਭਾਏ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਲੰਬੜਦਾਰਾਂ ਦੀਆਂ ਜਾਇਜ ਮੰਗਾਂ ਤੇ ਗੰਭੀਰਤਾ ਨਾਲ ਗੌਰ ਕਰਦੇ ਹੋਏ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਦੇਵੇਗੀ ।
