ਨਵੀਂ ਦਿੱਲੀ,(ਮਨਮੋਹਨ ਸਿੰਘ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਹੈ ਕਿ ਨੌਵੇਂ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਪਵਿੱਤਰ ਮੌਕੇ ‘ਤੇ ਐਮਐਮਟੀਸੀ ਜੋ ਕਿ ਸਰਕਾਰ ਦੀ ਕੰਪਨੀ ਹੈ,ਵੱਲੋਂ 20 ਗ੍ਰਾਮ ਭਾਰ ਦਾ ਸ਼ੁੱਧ ਚਾਂਦੀ ਦਾ ਯਾਦਗਾਰੀ ਸਿੱਕਾ ਬਤੌਰ ਸੋਵੀਨਾਰ ਜਾਰੀ ਕੀਤਾ ਗਿਆ ਹੈ।ਇਸ ਸੋਵੀਨਾਰ ਨੂੰ ਰਿਲੀਜ਼ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿਮੇਵਾਰੀ ਲਗਾਈ ਗਈ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਸਿੱਕਾ ਗੁਰੂ ਸਾਹਿਬ ਦੇ ਨਾਮ ਤੇ ਜਾਰੀ ਕੀਤਾ ਗਿਆ ਹੈ ਅਤੇ ਇਸ ਨੂੰ ਸੋਵੀਨਾਰ (ਯਾਦਗਾਰ ਚਿੰਨ੍ਹ) ਵਜੋਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਲਈ ਉਪਲਬਧ ਕਰਵਾਇਆ ਜਾਵੇਗਾ। ਇਹ ਸਿੱਕੇ ਸਰਕਾਰੀ ਕੀਮਤ ‘ਤੇ ਐਮਐਮਟੀਸੀ ਦੇ ਵੱਖ-ਵੱਖ ਸਟੋਰਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਸਟੋਰਾਂ, ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪ੍ਰਾਪਤ ਹੋ ਸਕਣਗੇ।
ਉਨ੍ਹਾਂ ਕਿਹਾ ਕਿ ਇਹ ਸਿੱਕਾ ਸਿਰਫ਼ ਇੱਕ ਧਾਰਮਿਕ ਯਾਦਗਾਰ ਨਹੀਂ, ਸਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਿਦਾਨ ਅਤੇ ਅਟੱਲ ਆਤਮਕ ਸ਼ਕਤੀ ਦੀ ਪ੍ਰਤੀਕ ਹੈ। ਜਿਵੇਂ ਸੰਗਤਾਂ ਵੱਖ-ਵੱਖ ਤੀਰਥ ਸਥਾਨਾਂ ਤੋਂ ਯਾਦਗਾਰੀ ਚਿੰਨ੍ਹ ਘਰ ਲੈ ਜਾਂਦੀਆਂ ਹਨ, ਇਸੇ ਤਰ੍ਹਾਂ ਇਹ ਚਾਂਦੀ ਦਾ ਸਿੱਕਾ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਅਤੇ ਸ਼ਹੀਦੀ ਸਮਾਰੋਹ ਦੀ ਅਮਰ ਨਿਸ਼ਾਨੀ ਵਜੋਂ ਹਰ ਘਰ ਦੀ ਸ਼ੋਭਾ ਵਧਾਏਗਾ।
ਸਰਦਾਰ ਕਾਲਕਾ ਨੇ ਹੋਰ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨਾਲ ਮਿਲ ਕੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਜਾਰੀ ਕੀਤਾ ਗਿਆ ਹੈ ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ, ਨਿਸ਼ਕਾਮਤਾ ਤੇ ਬਲੀਦਾਨ ਦੇ ਸੁਨੇਹੇ ਨੂੰ ਵਿਸ਼ਵ ਪੱਧਰ ‘ਤੇ ਪ੍ਰਸਾਰਿਤ ਕੀਤਾ ਜਾ ਸਕੇ।
ਉਨ੍ਹਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਯਾਦਗਾਰ ਸਿੱਕੇ ਨੂੰ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਅਨਮੋਲ ਬਲਿਦਾਨ ਨੂੰ ਯਾਦਗਾਰ ਬਣਾਉਣ ਵਿੱਚ ਯੋਗਦਾਨ ਪਾਈਏ।
