ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਸ਼ਵ-ਪੱਧਰੀ ਸਿੱਖਿਆ ਦਾ ਪਾਵਰਹਾਊਸ (ਸ਼ਕਤੀ ਕੇਂਦਰ) ਬਣਨ ਵੱਲ ਅਗਾਂਹਵਧੂ ਕਦਮ

ਅੱਜ ਦਾ ਦਿਨ(24 ਨਵੰਬਰ 2025) ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਨਾ ਸਿਰਫ਼ ਇਸ ਦਾ 56ਵਾਂ ਸਥਾਪਨਾ ਦਿਵਸ ਇਕ ਇਤਿਹਾਸਕ ਯਾਦਗਾਰ ਹੈ ਸਗੋਂ ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੇ( 25 ਨਵੰਬਰ 2025) 350 ਸਾਲ ਪੂਰੇ ਹੋਣ ਨੂੰ ਵੀ ਸਮਰਪਿਤ ਹੋਣ ਕਰਕੇ ਹੋਰ ਯਾਦਗਾਰੀ ਬਣ ਗਿਆ ਹੈ। ਜਿਸ ਵੇਲ਼ੇ ਸੰਸਾਰ ਭਰ ਵਿੱਚ ਗੁਰੂ ਸਾਹਿਬ ਜੀ ਦੀ ਅਮਰ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕੀਤਾ ਜਾ ਰਿਹਾ ਹੈ, ਉਸ ਵੇਲੇ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਸ ਦਿਨ ਨੂੰ ਗੁਰੂ ਸਾਹਿਬ ਜੀ ਦੇ ਅਮਰ ਸੰਦੇਸ਼ “ਭੈ ਮੁਕਤ ਜੀਵਨ” ਨੂੰ ਸਮਰਪਿਤ ਕਰਕੇ ਯੂਨੀਵਰਸਿਟੀ ਦੇ ਇਤਿਹਾਸ ਵਿਚ ਇੱਕ ਮਿਸਾਲ ਕਾਇਮ ਕੀਤੀ ਹੈ। ਗੁਰੂ ਸਾਹਿਬ ਜੀ ਦੀ ਬਾਣੀ “ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ” ਅੱਜ ਵੀ ਫਿਰਕੂ ਵੰਡ, ਅਸਹਿਣਸ਼ੀਲਤਾ ਅਤੇ ਭੈ ਨੂੰ ਦੂਰ ਕਰਨ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਯੂਨੀਵਰਸਿਟੀ ਨੇ ਇਸ ਸੰਦੇਸ਼ ਨੂੰ ਨਾ ਸਿਰਫ਼ ਦੁਹਰਾਇਆ ਹੈ, ਬਲਕਿ ਆਪਣੇ ਅਕਾਦਮਿਕ ਅਤੇ ਸਮਾਜਿਕ ਕਾਰਜਾਂ ਰਾਹੀਂ ਵਿਹਾਰਕ ਰੂਪ ਵਿੱਚ ਅਪਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਅੱਜ ਦੇ ਸੰਦਰਭ ਵਿੱਚ, ਜਦੋਂ ਪੂਰੀ ਦੁਨੀਆ ਅਸਥਿਰਤਾ ਨਾਲ ਜੂਝ ਰਹੀ ਹੈ ਤਾਂ ਗੁਰੂ ਸਾਹਿਬ ਜੀ ਦਾ ਨਿਡਰਤਾ ਵਾਲਾ ਆਦਰਸ਼ ਨਵੀਂ ਉਮੀਦ, ਹਿੰਮਤ ਅਤੇ ਸਥਿਰਤਾ ਦੇਣ ਦੇ ਸਮਰੱਥ ਹੈ।ਇਸ ਸਥਾਪਨਾ ਦਿਵਸ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੇ ਹੋਏ, ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਪੱਤਰ ਲਿਖ ਕੇ 24 ਅਕਤੂਬਰ ਨੂੰ ਵਿਸ਼ਵ ਪੱਧਰ ਉੱਤੇ “ਦਾ ਡੇ ਆਫ ਯੂਨੀਵਰਸਲ ਕੰਸਾਇੰਸ” (ਵਿਸ਼ਵ ਨੈਤਿਕ ਚੇਤਨਾ ਦਿਵਸ) ਵਜੋਂ ਮਨਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਅਤੇ ਸੰਸਾਰ ਵਿੱਚ ਜ਼ਮੀਰ, ਮਾਣ, ਮਨੁੱਖੀ ਆਜ਼ਾਦੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ। ਅੰਮ੍ਰਿਤਸਰ ਤੋਂ ਨਿਊਯਾਰਕ ਤਕ ਇਹ ਸੰਦੇਸ਼ ਲਿਜਾਉਣਾ ਗੁਰੂ ਸਾਹਿਬ ਜੀ ਦੀ ਦਿਖਾਈ ਰਾਹ ਉੱਤੇ ਚੱਲਣ ਦੀ ਵਿਸ਼ਵ-ਪੱਧਰੀ ਪਹਿਲਕਦਮੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਉੱਤੇ 500 ਏਕੜ ਵਿਚ 24 ਨਵੰਬਰ 1969 ਨੂੰ ਸਥਾਪਤ ਕੀਤਾ ਗਿਆ ਸੀ ਅੱਜ ਪੰਜਾਬ ਅਤੇ ਭਾਰਤ ਦੀ ਸਿੱਖਿਆ ਵਿੱਚ ਇੱਕ ਮੀਲ ਪੱਥਰ ਵਜੋਂ ਸਥਾਪਿਤ ਹੋ ਚੁੱਕੀ ਹੈ। ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਯੂਨੀਵਰਸਿਟੀ ਦੀ ਆਪਣੀ ਇਸ ਵਿਰਾਸਤ ਨੂੰ ਨਾ ਸਿਰਫ਼ ਸੰਭਾਲ ਹੀ ਰਹੇ ਹਨ ਸਗੋਂ ਉਹ ਇਸ ਨੂੰ ਆਧੁਨਿਕ ਯੁੱਗ ਨਾਲ ਜੋੜਨ ਦਾ ਵੀ ਕੰਮ ਕਰ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਹੀ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ ਵਿੱਚ ਭਾਰਤ ਵਿੱਚ 11ਵਾਂ ਸਥਾਨ ਪ੍ਰਾਪਤ ਹੋਇਆ ਹੈ, ਜੋ ਇੱਕ ਵੱਡੀ ਪ੍ਰਾਪਤੀ ਹੈ। ਯੂਨੀਵਰਸਿਟੀ ਦਾ ਐਚ-ਇੰਡੈਕਸ 175 ਤੱਕ ਪਹੁੰਚ ਗਿਆ ਹੈ ਅਤੇ ਸਕੋਪਸ-ਇੰਡੈਕਸਡ ਖੋਜ ਪੇਪਰਾਂ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਇਹ ਸਭ ਗੁਰੂ ਨਾਨਕ ਦੇਵ ਜੀ ਦੇ ਈਮਾਨਦਾਰੀ, ਮਿਹਨਤ ਅਤੇ ਸੇਵਾ ਦੇ ਸੰਦੇਸ਼ ਨੂੰ ਅਪਣਾਉਣ ਦਾ ਨਤੀਜਾ ਹੈ, ਜੋ ਯੂਨੀਵਰਸਿਟੀ ਵਿੱਚ ਚੱਲ ਰਹੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਸਮਰੱਥ ਬਣਾਉਣ ਲਈ ਯੂਨੀਵਰਸਿਟੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ ਅਤੇ ਸਾਈਬਰ ਸਿਕਿਉਰਿਟੀ ਵਰਗੇ ਆਧੁਨਿਕ ਕੋਰਸ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ, 13 ਲੱਖ ਰੁਪਏ ਤੱਕ ਦੇ ਪਲੇਸਮੈਂਟ ਪੈਕੇਜ ਅਤੇ ਸਰਹੱਦੀ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਉੱਚੇਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਕੇ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਜਗਾਇਆ ਜਾ ਰਿਹਾ ਹੈ। ਇਹ ਕਾਰਜ ਨਾ ਸਿਰਫ਼ ਰੋਜ਼ਗਾਰ ਮੁਹੱਈਆ ਕਰਦੇ ਹਨ, ਬਲਕਿ ਨੌਜਵਾਨਾਂ ਨੂੰ ਗੁਰੂ ਸਾਹਿਬ ਜੀ ਦੇ ਨਿਡਰਤਾ ਵਾਲੇ ਆਦਰਸ਼ ਨਾਲ ਜੋੜਦੇ ਵੀ ਹਨ।

ਯੂਨੀਵਰਸਿਟੀ ਦੀ ਵਿਸ਼ਵ-ਪੱਧਰੀ ਪਹੁੰਚ ਨੂੰ ਦਰਸਾਉਂਦੇ ਹੋਏ, ਭਾਰਤ ਦੀ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਕੈਲੀਫੋਰਨੀਆ ਵਿੱਚ ਆਫਸ਼ੋਰ ਕੈਂਪਸ ਖੋਲ੍ਹਣ ਦਾ ਪ੍ਰਸਤਾਵ ਅਤੇ ਸਿੱਖ ਅਧਿਐਨ ਲਈ ਤਿੰਨ ਕਰੋੜ ਰੁਪਏ ਦੀ ਸਿੱਖ ਸਟੱਡੀ ਚੇਅਰ ਸਥਾਪਤ ਕਰਨ ਵਰਗੇ ਕਦਮ ਵੱਡੀ ਮਹੱਤਤਾ ਰੱਖਦੇ ਹਨ। ਇਹ ਕਦਮ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ, ਰੂਹਾਨੀਅਤ ਅਤੇ ਸਭਿਆਚਾਰ ਨਾਲ ਮੁੜ ਜੋੜਨ ਵਿੱਚ ਮਦਦ ਕਰਨਗੇ। ਇਸਦੇ ਨਾਲ ਹੀ, ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਲਈ ਰਿਆਇਤਾਂ, ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਇੱਕ ਪਿੰਡ ਨੂੰ ਗੋਦ ਲੈਣ ਅਤੇ ਹੜ੍ਹਾਂ ਨੂੰ ਨਿਯੰਤਰਿਤ ਕਰਨ ਲਈ ਇੱਕ ਵਿਸਤ੍ਰਿਤ ਦਸਤਾਵੇਜ਼ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜਣ ਵਰਗੇ ਸ਼ੁਰੂ ਕੀਤੇ ਕਾਰਜ ਯੂਨੀਵਰਸਿਟੀ ਦੀ ਸਮਾਜਿਕ ਜਿੰਮੇਵਾਰੀ ਨੂੰ ਉਜਾਗਰ ਕਰਦੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਦੇ ਪਾਵਰਹਾਊਸ (ਸ਼ਕਤੀ ਕੇਂਦਰ) ਵਜੋਂ ਉਸਾਰਨ ਲਈ ਇੱਕ ਉੱਚ ਪੱਧਰੀ ਰੋਡ ਮੈਪ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪ੍ਰਸ਼ਾਸਨਿਕ ਸੁਧਾਰਾਂ, ਅਕਾਦਮਿਕ ਨਵੀਨਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਯੂਨੀਵਰਸਿਟੀ ਵਿੱਚ ਆਨਲਾਈਨ ਸ਼ਿਕਾਇਤਾਂ, ਛੁੱਟੀਆਂ ਅਤੇ ਨਵੇਂ ਪ੍ਰੀਖਿਆ ਸਿਸਟਮ ਨਾਲ 15 ਦਿਨਾਂ ਵਿੱਚ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਰੋਡ ਮੈਪ ਨੇ ਵਰਕ ਕਲਚਰ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਕਾਗਜ਼ੀ ਕੰਮ ਨੂੰ ਘਟਾ ਕੇ ਵਾਤਾਵਰਨ ਰੱਖਿਆ ਵਿਚ ਯੋਗਦਾਨ ਪਾਇਆ ਹੈ। 2025-26 ਅਕਾਦਮਿਕ ਸੈਸ਼ਨ ਲਈ ਡਿਜੀਟਲ ਦਾਖਲਾ ਪ੍ਰਣਾਲੀ, ਵਰਚੁਅਲ ਕਾਉਂਸਲਿੰਗ ਅਤੇ ਸਕਾਲਰਸ਼ਿਪ ਸਕੀਮਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ ਅਤੇ ਸੌਫਟ ਸਕਿੱਲਜ਼ ਵਰਗੇ ਕੋਰਸਾਂ ਨਾਲ ਵਿਸ਼ਵ ਮੰਚ ਤੇ ਨੌਕਰੀਆਂ ਲੈਣ ਯੋਗ ਬਣਾਇਆ ਜਾ ਰਿਹਾ ਹੈ। ਮੋਹਰੀ ਕੰਪਨੀਆਂ ਨਾਲ ਸਾਂਝੇਦਾਰੀ ਅਤੇ ਕੈਂਪਸ ਪਲੇਸਮੈਂਟ ਨਾਲ ਵਿਦਿਆਰਥੀਆਂ ਨੂੰ ਉੱਦਮੀ ਬਣਾਉਣ ਉੱਤੇ ਜ਼ੋਰ ਹੈ।

ਖੋਜ ਨੂੰ ਵਧਾਉਣ ਲਈ ਜਲਵਾਯੂ ਪਰਿਵਰਤਨ ਤੇ ਫੋਕਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਵਿੱਚ ਜਲਵਾਯੂ-ਅਨੁਕੂਲ ਖੇਤੀ, ਸਮਾਰਟ ਸਿੰਚਾਈ ਅਤੇ ਨਵਿਆਉਣਯੋਗ ਊਰਜਾ ਤੇ ਖੋਜ ਹੋਵੇਗੀ। ਅਤਿ-ਆਧੁਨਿਕ ਜਲਵਾਯੂ ਲੈਬ ਅਤੇ ਸਕਾਲਰਸ਼ਿਪ ਨਾਲ ਖੋਜ ਨੂੰ ਵਿਸ਼ਵਵਿਆਪੀ ਪਹੁੰਚ ਮਿਲੇਗੀ। ਅਧਿਆਪਕਾਂ ਲਈ ਏਆਈ-ਅਧਾਰਿਤ ਸਿਖਲਾਈ ਅਤੇ ਵਿਦਿਆਰਥੀਆਂ ਲਈ ਈ-ਲਰਨਿੰਗ ਪਲੇਟਫਾਰਮ ਪ੍ਰਦਾਨ ਕੀਤੇ ਜਾ ਰਹੇ ਹਨ। ਸਕੋਪਸ ਅਤੇ ਵੈਬ ਆਫ ਸਾਇੰਸ ਦੀ ਪਹੁੰਚ ਨਾਲ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਦਾ ਪਾਵਰਹਾਊਸ ( ਸ਼ਕਤੀ ਕੇਂਦਰ) ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। NAAC ‘A++’ ਂ ਗ੍ਰੇਡ ਅਤੇ ‘ਕੈਟੇਗਰੀ-ਵਨ’ ਸਥਿਤੀ ਨਾਲ ਯੂਨੀਵਰਸਿਟੀ ਅਗਲੇ ਸੈਸ਼ਨ ਵਿੱਚ ਨਵੀਆਂ ਯੋਜਨਾਵਾਂ ਲਾਗੂ ਕਰੇਗੀ।

ਅੱਜ ਦੇ ਸਮਾਗਮ ਵਿੱਚ ਡਾ. ਬ੍ਰਿਜਪਾਲ ਸਿੰਘ (ਸਾਬਕਾ ਫੈਕਲਟੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ), ਡਾ. ਕੇਹਰ ਸਿੰਘ (ਪ੍ਰਸਿੱਧ ਪੰਜਾਬੀ ਸਾਹਿਤਕ ਵਿਦਵਾਨ) ਅਤੇ ਇੰਜ. ਸੁਪਰੀਤਪਾਲ ਸਿੰਘ (ਇੰਡੋਨੇਸ਼ੀਆ) ਆਪਣੇ ਵਿਦਿਅਕ ਭਾਸ਼ਣਾਂ ਰਾਹੀਂ ਖੋਜ, ਅਕਾਦਮੀਕਤਾ ਅਤੇ ਨੈਤਿਕ ਜੀਵਨ ਨੂੰ ਨਵੀਆਂ ਦਿਸ਼ਾਵਾਂ ਪੇਸ਼ ਕਰਨਗੇ। ਸਵੇਰੇ ਅਤੇ ਸ਼ਾਮ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ, ਚਿੱਤਰ ਪ੍ਰਦਰਸ਼ਨੀ ਅਤੇ ਲੋਕ ਕਲਾ ਪ੍ਰਦਰਸ਼ਨੀ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੀ ਰੂਹਾਨੀ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਿਆ ਜਾਵੇਗਾ।ਵਿਦਿਆਰਥੀਆਂ, ਫੈਕਲਟੀ ਅਤੇ ਖੋਜੀਆਂ ਨੂੰ ਅਪੀਲ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਸੰਦੇਸ਼ “ਈਮਾਨਦਾਰੀ, ਹਿੰਮਤ, ਨਿਮਰਤਾ, ਦਯਾ ਅਤੇ ਸੇਵਾ” ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ। ਇਹ 56ਵਾਂ ਸਥਾਪਨਾ ਦਿਵਸ ਸਿਰਫ਼ ਇੱਕ ਸਮਾਗਮ ਨਹੀਂ, ਬਲਕਿ ਨੌਵੇਂ ਗੁਰੂ ਦੇ ਨਿਡਰਤਾ, ਮਨੁੱਖਤਾ ਅਤੇ “ਸਰਬੱਤ ਦਾ ਭਲਾ” ਵਾਲੇ ਸੰਦੇਸ਼ ਨੂੰ ਸਿੱਖਿਆ ਅਤੇ ਵਿਸ਼ਵ ਸੰਬੰਧਾਂ ਵਿੱਚ ਜਿਊਣ ਦਾ ਨਵਾਂ ਸੰਕਲਪ ਹੈ। ਇਸ ਦਿਨ ਦੀ ਬਰਕਤ ਨਾਲ ਸਾਰੀ ਮਨੁੱਖਤਾ ਨੂੰ ਨਵੀਂ ਹਿੰਮਤ ਅਤੇ ਭਾਵਨਾ ਪ੍ਰਾਪਤ ਹੋਵੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>