ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਆਪਣੇ ਨਾਵਲਾਂ, ਕਹਾਣੀਆਂ ਕਰਕੇ ਤਾਂ ‘ਧੁੱਕੀ-ਕੱਢ’ ਲੇਖਕ ਵਜੋਂ ਪ੍ਰਸਿੱਧ ਹਨ ਹੀ, ਹੁਣ ਉਹ ਫਿਲਮ ਲੇਖਕ ਵਜੋਂ ਵੀ ਤਰਥੱਲੀ ਮਚਾਉਣ ਆ ਰਹੇ ਹਨ। ਬਹੁਤ ਸਾਰੀਆਂ ਪੰਜਾਬੀ ਫਿਲਮਾਂ ਲਈ ਸੰਵਾਦ ਲੇਖਕ ਦੇ ਤੌਰ ‘ਤੇ ਚਰਚਿਤ ਰਹੇ ਜੱਗੀ ਕੁੱਸਾ ਫਿਲਮ “ਬੇਗੋ” ਰਾਹੀਂ ਦਮਦਾਰ ਹਾਜਰੀ ਲਗਵਾਉਣ ਆ ਰਹੇ ਹਨ। ਫਿਲਮ ਬੇਗੋ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਹੋਏ ਹਨ। ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਲਵਲੀ ਸ਼ਰਮਾ ਨੇ।
ਲਵਲੀ ਸ਼ਰਮਾ ਦੀ ਨਿਰਦੇਸ਼ਨਾ ਤੇ ਯੁਗ ਫਿਲਮ ਸਟੂਡੀਓ ਦੀ ਇਸ ਫਿਲਮ ਵਿੱਚ ਬਤੌਰ ਮੁੱਖ ਅਦਾਕਾਰ ਕੁਲ ਸਿੱਧੂ, ਗਿਰਜਾ ਸ਼ੰਕਰ, ਨਗਿੰਦਰ ਗਾਖੜ, ਰੂਪ ਸੰਧੂ, ਕੁਲਵੰਤ ਖੁਰਮੀ, ਪਾਲੀ ਸੰਧੂ, ਹਰਸ਼ ਗਿੱਲ ਤੇ ਗੁਰਪ੍ਰੀਤ ਤੋਤੀ ਸਮੇਤ ਹੋਰ ਵੀ ਨਾਮੀ ਕਲਾਕਾਰ ਆਪਣੀ ਕਲਾ ਦੇ ਦੀਦਾਰੇ ਕਰਵਾਉਣਗੇ। ਫਿਲਮ ਦੇ ਪ੍ਰੋਡਿਊਸਰ ਮਨਿੰਦਰਪਾਲ ਸਿੰਘ, ਸ਼ੇਰਾ ਧੂੜਕੋਟੀਆ ਤੇ ਦਿਲਵੀਰ ਸਿੰਘ ਹਨ। ਕਾਬਲ ਗਿੱਲ ਨੂੰ ਪ੍ਰਾਜੈਕਟ ਹੈੱਡ ਦੀ ਸੇਵਾ ਸੌਂਪੀ ਗਈ ਹੈ। ਆਰਟ ਡਾਇਰੈਕਟਰ ਦੀਆਂ ਸੇਵਾਵਾਂ ਪਰਮਿੰਦਰ ਸਿੰਘ ਆਜ਼ਾਦ ਨਿਭਾਉਣਗੇ। ਡਾਇਰੈਕਟਰ ਲਵਲੀ ਸ਼ਰਮਾ ਨੇ ਦੱਸਿਆ ਕਿ ਫਿਲਮ ਦੇ ਸੰਗੀਤ ਦੀ ਜ਼ਿੰਮੇਵਾਰੀ ਵਿਸ਼ਵ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਜੀ ਨੇ ਸਾਂਭੀ ਹੈ ਤੇ ਇਸ ਫਿਲਮ ਵਿੱਚ ਨਛੱਤਰ ਗਿੱਲ, ਨੂਰਾਂ ਸਿਸਟਰਜ਼, ਕਮਲ ਖਾਨ ਸਮੇਤ ਹੋਰ ਵੀ ਬੇਹੱਦ ਸੁਰੀਲੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ। ਸ਼ਿਵਚਰਨ ਜੱਗੀ ਕੁੱਸਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਫਿਲਮ ਬੇਗੋ ਬਿਲਕੁਲ ਨਿਵੇਕਲੀ ਤੇ ਸੇਧਦਾਇਕ ਕਹਾਣੀ ਹੈ, ਜਿਸਨੂੰ ਪਰਿਵਾਰ ਸਮੇਤ ਦੇਖ ਕੇ ਮਾਣ ਮਹਿਸੂਸ ਕਰੋਗੇ। ਉਹਨਾਂ ਕਿਹਾ ਕਿ ਫਿਲਮ ਦੇ ਕਾਰਜ ਬਹੁਤ ਹੀ ਤਨਦੇਹੀ ਨਾਲ ਹੋ ਰਹੇ ਹਨ ਤੇ ਜਲਦ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਫਿਲਮ “ਬੇਗੋ” ਬਿਲਕੁਲ ਹੀ ਨਿਵੇਕਲਾ ਵਿਸ਼ਾ ਹੈ- ਸ਼ਿਵਚਰਨ ਜੱਗੀ ਕੁੱਸਾ
This entry was posted in ਪੰਜਾਬ, ਮੁਖੱ ਖ਼ਬਰਾਂ.
