ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਸੇਨ ਸੇਦਾਂਨੀ ਇਲਾਕੇ ਵਿੱਚ ਸਥਿਤ ਇੱਕ ਹਸਪਤਾਲ
ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਉਸ ਨੇ ਗੰਭੀਰ ਬੀਮਾਰ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਜਾਣਕਾਰੀ ਮੁਤਾਬਕ ਮਰੀਜ਼ ਕਾਫੀ ਸਮੇ ਤੋਂ ਹਸਪਤਾਲ ਵਿੱਚ ਦਾਖਲ ਸੀ।ਪ੍ਰਸ਼ਾਸਨ ਨੇ ਮਰੀਜ਼ ਦੇ ਪ੍ਰਵਾਰ ਨੂੰ ਦੱਸਿਆ ਕਿ ਇਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀ ਹੋ ਰਿਹਾ ਤੇ ਨਾ ਹੀ ਕੋਈ ਉਮੀਦ ਹੈ। ਹੁਣ ਇਸ ਦਾ ਇਲਾਜ਼ ਰੋਕ ਦੇਣਾ ਚਾਹੀਦਾ ਹੈ।ਪਰ ਮਰੀਜ਼ ਦਾ ਪ੍ਰਵਾਰ ਰਾਜ਼ੀ ਨਹੀ ਸੀ। ਉਸ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ।ਪ੍ਰਵਾਰ ਦਾ ਕਹਿਣਾ ਸੀ,ਕਿ ਉਸ ਦੇ ਸਾਹ ਚੱਲ ਰਹੇ ਹਨ। ਉਸ ਨੂੰ ਜਿੰਦਗੀ ਜਿਊਣ ਦਾ ਪੂਰਾ ਹੱਕ ਹੈ।ਅਖੀਰ ਪ੍ਰਵਾਰ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਗਿਆ।ਅਦਾਲਤ ਨੇ ਡਾਕਟਰੀ ਰਿਪੋਰਟਾਂ ਲੈਕੇ ਸਬੂਤਾਂ ਸਮੇਤ ਡੂਘਾਈ ਨਾਲ ਜਾਂਚ ਕੀਤੀ। ਮਾਨਯੋਗ ਜੱਜ ਨੇ ਆਪਣਾ ਫੈਸਲਾ ਸੁਣਾਦਿਆ ਕਿਹਾ, ਕਿ ਮਰੀਜ਼ ਦੀ ਦੇਖਭਾਲ ਵਿੱਚ ਲਾਪਰਵਾਹੀ ਵਰਤੀ ਗਈ ਹੈ।ਉਸ ਨੇ ਇਲਾਜ਼ ਰੋਕਣ ਦੀ ਕੋਸ਼ਿਸ਼ ਨੂੰ ਵੀ ਗਲਤ ਕਰਾਰ ਦਿੱਤਾ।ਅਦਾਲਤ ਨੇ ਮਰੀਜ਼ ਦੇ ਪ੍ਰਵਾਰ ਨੂੰ ਮੁਆਵਜ਼ਾ ਅਦਾ ਕਰਨ ਦਾ ਹੁਕਮ ਵੀ ਸੁਣਾਇਆ ਅਤੇ ਨਾਲ ਇਹ ਵੀ ਕਿਹਾ ਕਿ ਹਰ ਮਰੀਜ਼ ਦੀ ਜਿੰਦਗੀ ਕੀਮਤੀ ਹੁੰਦੀ ਹੈ।ਬਿਨ੍ਹਾਂ ਉਹਨਾਂ ਦੀ ਸਹਿਮਤੀ ਦੇ ਇਲਾਜ਼ ਰੋਕਿਆ ਨਹੀ ਜਾ ਸਕਦਾ।ਅਦਾਲਤ ਦਾ ਇਹ ਫੈਸਲਾ ਮਿਸਾਲ ਬਣ ਚੁੱਕਿਆ ਹੈ। ਮਰੀਜ਼ਾਂ ਦੇ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਦਾ ਸਵਾਗਤ ਕੀਤਾ ਹੈ।
