ਕਾਂਗਰਸ ਪਾਰਟੀ ਨੂੰ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਦੁਸ਼ਮਣ ਹਮੇਸ਼ਾ ਆਪ ਹੀ ਬਣਦੀ ਹੈ। ਕਾਂਗਰਸੀ ਹੀ ਕਾਂਗਰਸ ਦੀ ਜੜ੍ਹਾਂ ਵਿੱਚ ਬੈਠਦੇ ਹਨ। ਪੰਜਾਬ ਵਿੱਚ ਪੰਜਾਬ ਦੇ ਲੋਕ ਕਾਂਗਰਸ ਨੂੰ ਹੁੰਗਾਰਾ ਭਰ ਰਹੇ ਸਨ, ਪ੍ਰੰਤੂ ਜਦੋਂ ਕਾਂਗਰਸੀ ਨੇਤਾਵਾਂ ਨੂੰ ਇਸ ਹੁੰਗਾਰੇ ਦਾ ਮਾਣ ਹੋ ਗਿਆ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਸਪਨੇ ਆਉਣ ਲੱਗ ਪਏ। ਬਸ ਫਿਰ ਕੀ ਸੀ, ਉਨ੍ਹਾਂ ਨੇ ਇੱਕ ਦੂਜੇ ਦੇ ਵਿਰੁੱਧ ਗੁੱਝੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਤੀਰਾਂ ਦੇ ਜ਼ਖਮਾਂ ਨੇ ਕਾਂਗਰਸ ਪਾਰਟੀ ਲਹੂ-ਲੁਹਾਣ ਕਰ ਦਿੱਤੀ। ਕਾਂਗਰਸ ਹਾਈ ਕਮਾਂਡ ਮਰਹਮ ਲਗਾਉਣ ਲਈ ਮਜ਼ਬੂਰ ਤੇ ਬੇਬਸ ਹੋ ਕੇ ਮਰਹਮ ਲਗਾਉਣ ਦੇ ਉਪਰਾਲੇ ਕਰਨੇ ਪੈ ਰਹੇ ਹਨ। ਜ਼ਖ਼ਮ ਇਤਨੇ ਡੂੰਘੇ ਹਨ, ਛੇਤੀ ਕੀਤਿਆਂ ਮਰਹਮ ਦਾ ਕੋਈ ਅਸਰ ਹੁੰਦਾ ਨਹੀਂ ਲੱਗਦਾ। ਉਨ੍ਹਾਂ ਨੂੰ ਤਾਂ ਅਨੁਸ਼ਾਸ਼ਨ ਦਾ ਟੀਕਾ ਲਗਾਉਣਾ ਪਵੇਗਾ ਤਾਂ ਜੋ ਹੋਰ ਨੇਤਾਵਾਂ ਨੂੰ ਕੰਨ ਹੋ ਜਾਣ। ਕਾਂਗਰਸੀਆਂ ‘ਤੇ ਕਿਸੇ ਸ਼ਾਇਰ ਦੇ ਇਹ ਬੋਲ ਬਹੁਤ ਢੁਕਦੇ ਹਨ:
‘ ਘਰੋਂ ਤੁਰੇ ਸੀ ਫ਼ਿਰੰਗੀ ਦੇ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾ ਆਏ’।
ਪੰਜਾਬ ਕਾਂਗਰਸ ਦੇ ਨੇਤਾ ਤਾਂ ਖਾਸ ਤੌਰ ‘ਤੇ ਕਾਟੋ ਕਲੇਸ਼ ਪਾਉਣ ਦੇ ਮਾਹਿਰ ਗਿਣੇ ਜਾਂਦੇ ਹਨ। ਇਨ੍ਹਾਂ ਕਾਂਗਰਸੀਆਂ ਦਾ ਵਾਦ-ਵਿਵਾਦ ਕੋਈ ਨਵੀਂ ਗੱਲ ਨਹੀਂ, ਇਹ ਤਾਂ ਆਪਣੀ ਆਦਤ ਤੋਂ ਮਜ਼ਬੂਰ ਹਨ। ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ, ਭਾਵੇਂ ਕੱਟ ਦੀਏ ਪੋਰੀਆਂ-ਪੋਰੀਆਂ’। ਇਹ ਲੋਕ ਬਾਜ਼ ਨਹੀਂ ਆ ਸਕਦੇ। ਆਪਣੇ ਹੱਥ ਆਈ ਖੇਡ ਆਪ ਹੀ ਆਪ ਹੀ ਗੁਆ ਰਹੇ ਹਨ। ਇਹ ਕਿਸੇ ਵੀ ਸਮੇਂ ਕੋਈ ਵੀ ਬਿਆਨ ਦਾਗ਼ ਦਿੰਦੇ ਹਨ। ਪਾਰਟੀ ਦੇ ਅਨੁਸ਼ਾਸ਼ਨ ਨੂੰ ਇਹ ਛਿੱਕੇ ‘ਤੇ ਟੰਗ ਦਿੰਦੇ ਹਨ। ਇਨ੍ਹਾਂ ਦੇ ਕੁਝ ਮੋਹਰੀ ਨੇਤਾਵਾਂ ਨੇ ਆਪੋ ਆਪਣੀਆਂ ਮਿਸਲਾਂ ਬਣਾਈਆਂ ਹੋਈਆਂ ਹਨ। ਇੱਕ ਕਿਸਮ ਨਾਲ ਆਪੋ ਆਪਣੇ ਧੜਿਆਂ ਦੇ ਸਰਦਾਰ ਹਨ। ਆਪੋ ਆਪਣੀ ਸਰਦਾਰੀ ਬਰਕਰਾਰ ਰੱਖਣ ਲਈ ਇੱਕ ਦੂਜੇ ਨੂੰ ਸਿੱਧੇ ਜਾਂ ਅਸਿੱਧੇ ਨੀਵਾਂ ਵਿਖਾਉਣ ਲਈ ਬਿਆਨ ਦੇ ਦਿੰਦੇ ਰਹਿੰਦੇ ਹਨ। ਹਾਲਾਂ ਕਿ ਉਨ੍ਹਾਂ ਨੂੰ ਪਾਰਟੀ ਦੇ ਪਲੇਟ ਫਾਰਮ ‘ਤੇ ਗੱਲ ਕਰਨੀ ਚਾਹੀਦੀ ਹੈ। ਇਹ ਨੇਤਾ ਪਾਰਟੀ ਨਾਲੋਂ ਆਪਣੇ ਆਪ ਨੂੰ ਸੁਪਰੀਮ ਸਮਝਦੇ ਹਨ। ਨਿਰਾ ਇਨ੍ਹਾਂ ਨੇਤਾਵਾਂ ਦਾ ਵੀ ਕਸੂਰ ਨਹੀਂ। ਮੈਂ ਕਾਂਗਰਸ ਪਾਰਟੀ ਦੀ ਸਿਆਸਤ ਨੂੰ ਪਿਛਲੇ ਪੰਜਾਹ ਸਾਲ ਤੋਂ ਨੇੜੇ ਤੋਂ ਵੇਖ ਰਿਹਾ ਹਾਂ। ਇਨ੍ਹਾਂ ਦੇ ਕੇਂਦਰੀ ਕਾਂਗਰਸ ਵਿੱਚ ਹਰ ਇੱਕ ਦੇ ਵੱਖਰੇੇ-ਵੱਖਰੇ ਰਹਿਨੁਮਾ ਹਨ, ਜਿਹੜੇ ਇਨ੍ਹਾਂ ਦੀ ਸਰਪਰਸਤੀ ਕਰਦੇ ਹਨ। ਕੇਂਦਰੀ ਕਾਂਗਰਸ ਦੀ ਲੀਡਰਸ਼ਿਪ ਹੀ ਇਨ੍ਹਾਂ ਨੂੰ ਹਵਾ ਦਿੰਦੀ ਰਹਿੰਦੀ ਹੈ ਤਾਂ ਜੋ ਇਹ ਉਨ੍ਹਾਂ ਦੀ ਤਾਮੀਰਦਾਰੀ ਕਰਦੇ ਰਹਿਣੇ। ਇਹ ਆਪਣੇ ਆਪਨੂੰ ਖੱਬੀ ਖ਼ਾਨ ਸਮਝਦੇ ਹਨ। ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਨਤੀਜੇ ਇਹ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੁਗਤ ਚੁੱਕੇ ਹਨ, ਪ੍ਰੰਤੂ ਫਿਰ ਵੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ। ਆਜ਼ਾਦੀ ਤੋਂ ਬਾਅਦ ਬੜਾ ਲੰਬਾ ਸਮਾਂ ਪੰਜਾਬ ਦੀ ਵਾਗ ਡੋਰ ਕਾਂਗਰਸ ਪਾਰਟੀ ਕੋਲ ਰਹੀ ਹੈ। ਹੁਣ ਸਮਾਂ ਬਦਲ ਗਿਆ ਹੈ, ਪਹਿਲਾਂ ਵੋਟਰ ਇਤਨੇ ਪੜ੍ਹੇ ਲਿਖੇ ‘ਤੇ ਜਾਗ੍ਰਤ ਨਹੀਂ ਹੁੰਦੇ ਸਨ। ਕਾਂਗਰਸ ਪਾਰਟੀ ਦਾ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਸੀ। ਇਸ ਕਰਕੇ ਵੋਟਰ ਵੋਟਾਂ ਪਾ ਦਿੰਦੇ ਸਨ। ਸਰਕਾਰ ਦੀ ਕਾਰਗੁਜ਼ਾਰੀ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਨਵੀਂ ਪੀੜ੍ਹੀ ਦੇ ਆਉਣ ਨਾਲ ਵੋਟਰ ਸਿਆਣੇ ਹੋ ਗਏ ਹਨ, ਇਸ ਕਰਕੇ ਉਹ ਮਨਮਾਨੀਆਂ ਕਰਨ ਵਾਲਿਆਂ ਨੂੰ ਦੁਰਕਾਰ ਦਿੰਦੇ ਹਨ। ਹੁਣ ਪੁਰਾਣੀਆਂ ਚਾਲਾਂ ਅਤੇ ਹੱਥਕੰਡੇ ਨਹੀਂ ਚਲਦੇ। ਲੋਕ ਸਾਫ਼ ਸੁਥਰਾ ਰਾਜ ਪ੍ਰਬੰਧ ਚਾਹੁੰਦੇ ਹਨ। ਪੰਜਾਬੀ ਤਾਂ ਸਰਕਾਰ ਬਦਲਣ ਲੱਗੇ ਸਮਾਂ ਨਹੀਂ ਬਰਬਾਦ ਕਰਕੇ।
ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਨੇਤਾਵਾਂ ਦੀ ਗੁਟਬੰਦੀ ਕਰਕੇ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਆਪਣੇ ਪੈਰੀਂ ਆਪ ਕੁਹਾੜੀ ਮਾਰੀ ਸੀ। ਹੁਣ ਵੀ ਇਹੋ ਕੁਝ ਕਰ ਰਹੇ ਹਨ। ਨਾਲੇ ਉਸਦੇ ਨੇਤਾਵਾਂ ਨੂੰ ਹੁਣ ਹਾਰ ਹਜ਼ਮ ਨਹੀਂ ਹੁੰਦੀ। ਰਾਜ ਭਾਗ ਤੋਂ ਬਿਨਾਂ ਉਨ੍ਹਾਂ ਨੂੰ ਜੀਵਨ ਬਸਰ ਕਰਨਾ ਔਖਾ ਹੋ ਗਿਆ ਹੈ। ਇਸ ਲਈ ਕੋਈ ਨਾ ਕੋਈ ਅਜਿਹਾ ਬਿਆਨ ਦੇ ਦਿੰਦੇ ਹਨ, ਜਿਸ ਨਾਲ ਵਾਦ-ਵਿਵਾਦ ਖੜ੍ਹਾ ਹੋ ਜਾਂਦਾ ਹੈ। ਵਾਦ-ਵਿਵਾਦ ਪੈਦਾ ਕਰਨਾ ਉਨ੍ਹਾਂ ਲਈ ਔਖਾ ਕੰਮ ਨਹੀਂ। ਨੁਕਸਾਨ ਨੇਤਾਵਾਂ ਦਾ ਘੱਟ ਪ੍ਰੰਤੂ ਵਰਕਰਾਂ ਦਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਕਾਂਗਰਸ ਦੇ ਵਰਕਰ ਨਿਰਾਸ਼ਾ ਦੇ ਆਲਮ ਵਿੱਚ ਹਨ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਬਾਂਹ ਫੜ੍ਹਨ ਨੂੰ ਤਿਆਰ ਬੈਠੇ ਸਨ। ਇਹ ਆਇਆ ਮੌਕਾ ਗੁਆਉਣ ਲੱਗੇ ਹਨ। ਜਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਤੁਰਦੀ ਹੈ ਤਾਂ ਪੰਜਾਬ ਕਾਂਗਰਸ ਦੀਆਂ ਮਿਸਲਾਂ ਦੇ ਸਰਦਾਰਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਸਪਨੇ ਆਉਣ ਲੱਗਦੇ ਹਨ। ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹਕੇ ਖੜ੍ਹ ਜਾਂਦੇ ਹਨ। ਅਜੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇੱਕ ਸਾਲ ਰਹਿੰਦਾ ਹੈ। ਕਾਂਗਰਸੀ ਨੇਤਾਵਾਂ ਨੇ ਆਪੋ ਆਪਣੀ ਨੇਤਾਗਿਰੀ ਚਮਕੌਣ ਲਈ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਇਹ ਨੇਤਾ ਆਪਸ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿਚਦੇ ਰਹੇ। ਇੱਥੋਂ ਤੱਕ ਕਿ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਵੀ ਹੁਜਾਂ ਮਾਰਦੇ ਰਹੇ। ਨਤੀਜਾ ਉਨ੍ਹਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰੂਪ ਵਿੱਚ ਆਇਆ। ਹੁਣ ਫਿਰ ਉਹ ਕੰਮ ਅਗੇਤਾ ਹੀ ਸ਼ੁਰੂ ਕਰ ਦਿੱਤਾ। ਇਹ ਪੱਕੀ ਜਾਣਕਾਰੀ ਹੈ ਕਿ ਦਲਿਤ ਅਤੇ ਜਨਰਲ ਵਰਗ ਦੇ ਨੇਤਾਵਾਂ ਨੇ ਆਪੋ ਆਪਣੇ ਸਪੋਰਟਰਾਂ ਦੇ ਦਸਤਖ਼ਤ ਕਰਵਾਕੇ ਕਾਂਗਰਸ ਹਾਈ ਕਮਾਂਡ ਕੋਲ ਆਪਣਾ ਪੱਖ ਪੇਸ਼ ਕਰਨ ਲਈ ਆਉਂਦੀਆਂ, ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪੋ ਆਪਣੇ ਵਰਗਾਂ ਦੇ ਨੇਤਾਵਾਂ ਦੀ ਅਗਵਾਈ ਵਿੱਚ ਚੋਣਾਂ ਲੜਾਉਣ ਦੀ ਬੇਨਤੀ ਲਈ ਸਮਾਂ ਮੰਗਿਆ ਹੈ। ਇਹ ਕਸ਼ਮਕਸ਼ ਅਜੇ ਚਲ ਹੀ ਰਹੀ ਸੀ, ਆਲ ਇੰਡੀਆ ਕਾਂਗਰਸ ਦੇ ਅਨੁਸੂਚਿਤ ਜਾਤੀ ਵਿੰਗ ਦੇ ਮੁੱਖੀ ਰਾਜਿੰਦਰ ਪਾਲ ਗੌਤਮ ਨੇ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਦਲਿਤ ਨੇਤਾਵਾਂ ਨੂੰ ਸੰਬੋਧਨ ਕਰਨ ਲਈ ਮੀਟਿੰਗ ਰੱਖ ਲਈ। ਉਸ ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਸਨ। ਮੀਟਿੰਗ ਵਿੱਚ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਬਹੁਤ ਹੀ ਧੜੱਲੇਦਾਰੀ ਨਾਲ ਕਹਿ ਦਿੱਤਾ ਕਿ ‘‘ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ 32 ਫ਼ੀ ਸਦੀ ਵਸੋਂ ਹੈ, ਪ੍ਰੰਤੂ ਸਾਨੂੰ ਮਿਲਿਆ ਕੁਝ ਵੀ ਨਹੀਂ। ਅਸੀਂ ਕਿਥੇ ਜਾਈਏ ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ, ਵਿਰੋਧੀ ਧਿਰ ਦਾ ਨੇਤਾ ਅਤੇ ਵਿਮੈਨ ਵਿੰਗ ਦੀ ਪ੍ਰਧਾਨ ਅਪਰ ਸ਼੍ਰੇਣੀ ਵਿੱਚੋਂ ਹਨ, ਭਾਵ ਸਾਨੂੰ ਇਨ੍ਹਾਂ ਮਹੱਤਵਪੂਰਨ ਅਹੁਦਿਆਂ ਵਿੱਚੋਂ ਇੱਕ ਵੀ ਨਹੀਂ ਦਿੱਤਾ ਗਿਆ।’’ ਉਸ ਸਮੇਂ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਿਨਾ ਸਾਰੇ ਅਨੁਸੂਚਿਤ ਜਾਤੀਆਂ ਦੇ ਨੇਤਾਗਣ ਸਨ। ਉਨ੍ਹਾਂ ਬਹੁਤਿਆਂ ਨੇ ਚਰਨਜੀਤ ਸਿੰਘ ਚੰਨੀ ਦੇ ਵਿਚਾਰਾਂ ਦੇ ਹੱਕ ਵਿੱਚ ਜ਼ੋਰਦਾਰ ਢੰਗ ਨਾਲ ਤਾੜੀਆਂ ਵਜਾਈਆਂ। ਚਰਨਜੀਤ ਸਿੰਘ ਚੰਨੀ ਮੀਟਿੰਗ ਵਿੱਚੋਂ ਉਠ ਕੇ ਵੀ ਚਲਾ ਗਿਆ। ਕੁਝ ਕੁ ਨੇ ਘੁਸਰ ਮੁਸਰ ਵੀ ਕੀਤੀ ਕਿ ਇੰਜ ਕਹਿਣਾ ਨਹੀਂ ਚਾਹੀਦਾ ਸੀ। ਇਹ ਖ਼ਬਰ ਮੀਡੀਆ ਕੋਲ ਵੀ ਵਿੱਚੋਂ ਹੀ ਕਿਸੇ ਨੇਤਾ ਨੇ ਲੀਕ ਕਰ ਦਿੱਤੀ। ਇਹ ਕਾਂਗਰਸ ਕਲਚਰ ਦਾ ਹਿੱਸਾ ਹੈ, ਉਹ ਇਸ ਤਰ੍ਹਾਂ ਹੀ ਕਰਦੇ ਹਨ। ਚੋਣਵੇਂ ਅਖ਼ਬਾਰਾਂ ਵਿੱਚ ਖ਼ਬਰ ਨਸ਼ਰ ਹੋ ਗਈ। ਦੋ ਦਿਨ ਬਾਅਦ ਫਿਰ ਕਿਸੇ ਨੇਤਾ ਨੇ ਚਰਨਜੀਤ ਸਿੰਘ ਚੰਨੀ ਦੇ ਭਾਸ਼ਣ ਦੀ ਵੀਡੀਓ ਲੀਕ ਕਰ ਦਿੱਤੀ। ਬਸ ਫਿਰ ਤਾਂ ਕਾਂਗਰਸੀ ਹਲਕਿਆਂ ਖਾਸ ਤੌਰ ‘ਤੇ ਦਿਲੀ ਦਰਬਾਰ ਵਿੱਚ ਖਲਬਲੀ ਮੱਚ ਗਈ। ਦੂਜੀ ਸ਼੍ਰੇਣੀ ਵਾਲੇ ਨੇਤਾਵਾਂ ਨੇ ਚੰਨੀ ਦੇ ਵਿਰੁੱਧ ਸ਼ਬਦੀ ਜੰਗ ਸ਼ੁਰੂ ਕਰ ਦਿੱਤੀ। ਚੰਨੀ ਧੜੇ ਨੇ ਉਸਦੇ ਹੱਕ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਦੋ ਧੜੇ ਸਾਫ਼ ਵਿਖਾਈ ਦੇਣ ਲੱਗ ਪਏ। ਵੈਸੇ ਨੇਤਾਵਾਂ ਦੀ ਖਹਿਬਾਜ਼ੀ ਦੀ ਚਰਚਾ ਪਿੰਡਾਂ ਦੀਆਂ ਸੱਥਾਂ ਵਿੱਚ ਪਹਿਲਾਂ ਹੀ ਚਲ ਰਹੀ ਸੀ। ਕਾਂਗਰਸ ਪਾਰਟੀ ਦੀ ਅੰਦਰੀਆਂ ਮਿਸਲਾਂ ਦੇ ਸਰਦਾਰ ਆਪੋ ਆਪਣੇ ਨੇਤਾਵਾਂ ਰਾਹੀਂ ਗੁਪਤ ਢੰਗ ਨਾਲ ਪ੍ਰਚਾਰ ਕਰ ਰਹੇ ਸਨ। ਚਰਨਜੀਤ ਸਿੰਘ ਚੰਨੀ ਦੀ ਵੀਡੀਓ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਤੁਰੰਤ ਚਰਨਜੀਤ ਸਿੰਘ ਚੰਨੀ ਨੇ ਆਪਣੀ ਗੱਲ ਤੋਂ ਕਿਨਾਰਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਉਸਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪਰ ਕਾਂਗਰਸੀਆਂ ਨੂੰ ਚੰਨੀ ਦਾ ਬਿਆਨ ਹਜ਼ਮ ਨਹੀਂ ਹੋ ਰਿਹਾ, ਉਹ ਤਾਂ ਚੰਨੀ ਵਿਰੁੱਧ ਤੂਤੀਆਂ ਲਾ ਰਹੇ ਹਨ। ਇਹ ਵੀ ਹੋ ਸਕਦਾ ਹੈ, ਚਰਨਜੀਤ ਸਿੰਘ ਚੰਨੀ ਦਾ ਮਕਸਦ ਅਨੁਸੂਚਿਤ ਜਾਤੀਆਂ ਦੇ ਨੇਤਾਵਾਂ ਵਿੱਚ ਆਉਂਦੀਆਂ ਚੋਣਾਂ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨ ਲਈ ਕਮਰਕੱਸੇ ਕਰਨ ਲਈ ਤਕਰੀਰ ਦਿੱਤੀ ਹੋਵੇ, ਪ੍ਰੰਤੂ ਇਸਦਾ ਪ੍ਰਭਾਵ ਉਲਟਾ ਪੈ ਗਿਆ, ਕਿਉਂਕਿ ਵਿਰੋਧੀਆਂ ਨੂੰ ਚੰਨੀ ਦੇ ਵਿਰੁੱਧ ਬੋਲਣ ਦਾ ਮੌਕਾ ਮਿਲ ਗਿਆ। ਚੰਨੀ ਕੁਝ ਵੀ ਕਹੀ ਜਾਵੇ ਪ੍ਰੰਤੂ ਕਾਂਗਰਸ ਦਾ ਅਕਸ ਡਾਵਾਂਡੋਲ ਹੋ ਗਿਆ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਾਂਗਰਸ ਹਾਈ ਕਮਾਂਡ ਵਿਗੜੇ ਅਕਸ ਨੂੰ ਕਿਵੇਂ ਸੁਧਾਰੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
