ਕੈਲਗਰੀ, (ਜਸਵਿੰਦਰ ਸਿੰਘ ਰੁਪਾਲ):- ਕੈਲਗਰੀ ਦੀ ਈ ਦੀਵਾਨ ਸੋਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਬ੍ਰਿਜਮੰਦਰ ਕੌਰ ਜੈਪੁਰ ਦੇ ਗਾਏ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹੈ” ਨਾਲ ਪ੍ਰੋਗਰਾਮ ਆਰੰਭ ਹੋਇਆ। ਬੇਟੀ ਪਰਨੀਤ ਕੌਰ, ਹੈ ਸਿਮਰਲੀਨ ਕੌਰ ਅਤੇ ਸ. ਪਰਮਜੀਤ ਸਿੰਘ ਜੀ ਨੇ ਸਾਜ਼ਾਂ ਨਾਲ ਗੀਤ “ਲੱਥਣਾ ਨਹੀਂ ਰਿਣ ਸਾਥੋਂ ਬਾਜਾਂ ਵਾਲੇ ਮਾਹੀ ਦਾ” ਸੁਣਾ ਕੇ ਕਵੀ ਦਰਬਾਰ ਦਾ ਆਗਾਜ਼ ਕੀਤਾ।
ਮੁਕਤਸਰ ਤੋ ਆਏ, ਜਸਵੀਰ ਸ਼ਰਮਾ ਦੱਦਾਹੂਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੌਤ ਲਾੜੀ ਨਾਲ ਵਿਆਹ ਦੇ ਦ੍ਰਿਸ਼ਟਾਂਤ ਪੇਸ਼ ਕਰਦੀ ਕਵਿਤਾ ਸੁਣਾਈ। ਹਰਮਿੰਦਰ ਸਿੰਘ ਵੀਰ ਰਹੀਮਪੁਰੀ,ਜਲੰਧਰ ਨੇ “ਮੈਂ ਨਿਉਂ ਨਿਉਂ ਕੇ ਪ੍ਰਣਾਮ ਕਰਾਂ, ਮਰਦ ਲਾਸਾਨੀ ਨੂੰ ” ਕਵਿਤਾ ਸਾਂਝੀ ਕੀਤੀ। ਮੌਂਟਰੀਆਲ ਤੋਂ ਚਿੱਤਰਕਾਰ ਸ. ਮਨਜੀਤ ਸਿੰਘ ਚਾਤ੍ਰਿਕ ਨੇ ਕਬਿੱਤ ਛੰਦ ਵਿੱਚ ਲਿਖੀਆਂ ਆਪਣੀਆਂ ਕਵਿਤਾਵਾਂ- “ਸੰਖ ਨਾਦ” ਅਤੇ “ਸ਼ਬਦ” ਇੱਕ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੀਆਂ, ਜਿਹਨਾਂ ਵਿੱਚ ਸ਼ਬਦ ਚੋਣ, ਅਨੁਪ੍ਰਾਸ ਛੰਦ ਅਤੇ ਰਵਾਨੀ ਇੰਨੀ ਪਿਆਰੀ ਸੀ ਕਿ ਸਾਰੇ ਸਰੋਤੇ ਵਾਹ ਵਾਹ ਕਰ ਉੱਠੇ।
ਸੋਹਣ ਸਿੰਘ ਭੁੱਚੋ ਨੇ “ਥਾਪੀ ਦੇ ਕੇ ਦਾਤੇ ਨੇ ਗਿੱਦੜਾਂ ਤੋਂ ਸ਼ੇਰ ਬਣਾਏ ਨੇ ” ਤਰੰਨਮ ਵਿੱਚ ਸੁਣਾਈ। ਇਟਲੀ ਤੋਂ ਖੂਬਸੂਰਤ ਆਵਾਜ਼ ਦੇ ਮਾਲਕ, ਬਲਕਾਰ ਸਿੰਘ ਬੱਲ ਨੇ “ਕਲਗੀਧਰ ਦਸ਼ਮੇਸ਼ ਪਿਤਾ ਦੀ ਸਿਫਤ ਲਿਖੀ ਨਾ ਜਾਵੇ ” ਬੁਲੰਦ ਆਵਾਜ਼ ਵਿੱਚ ਗਾ ਕੇ ਪੇਸ਼ ਕੀਤੀ। ਪ੍ਰਿੰ. ਚਰਨਦੀਪ ਕੌਰ ਕੈਲਗਰੀ ਨੇ ਆਪਣੀ ਕਵਿਤਾ ਬੇਦਾਵਾ ਰਾਹੀਂ ਟੁੱਟੀ ਗੰਢੀ ਦਿਵਸ ਨੂੰ ਯਾਦ ਕੀਤਾ। ਜਸਵਿੰਦਰ ਸਿੰਘ ਰੁਪਾਲ ਨੇ ਬੈਂਤ ਛੰਦ ਵਿੱਚ ਕਵਿਤਾ “ਗੁਰੂ ਗੋਬਿੰਦ ਆਗਮਨ ਤੇ” ਸਟੇਜੀ ਅੰਦਾਜ਼ ਵਿੱਚ ਸੁਣਾਈ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ ਹਰਮੋਨੀਅਮ ਦੀ ਤਾਲ ਤੇ “ਧੰਨ ਗੁਰੂ ਬਾਜਾਂ ਵਾਲਿਆ, ਧੰਨ ਧੰਨ ਤੇਰੀ ਵੱਡੀ ਐ ਕਮਾਈ ” ਗਾ ਕੇ ਪ੍ਰਸ਼ੰਸਾ ਖੱਟੀ।
ਕਵੀ ਦਰਬਾਰ ਦੇ ਆਯੋਜਕ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਨੇ ਕਬਿੱਤ ਛੰਦ ਵਿੱਚ ਲਿਖੀ ਆਪਣੀ ਕਵਿਤਾ ‘ਬੇਦਾਵਾ’ ਵਿੱਚ ਮੁਕਤਸਰ ਸਾਹਿਬ ਦਾ ਪੂਰਾ ਇਤਿਹਾਸ ਹੀ ਅੱਖਾਂ ਅੱਗੇ ਲੈ ਆਂਦਾ । ਪੰਥਕ ਸਟੇਜੀ ਕਵੀ ਸੁਜਾਨ ਸਿੰਘ ਸੁਜਾਨ ਜੀ ਟੋਰੰਟੋ ਵਾਲਿਆਂ ਨੇ “ਪਾੜ ਜਾ ਬੇਦਾਵਾ ਮਹਾਂ ਸਿੰਘ ਕਹਿ ਰਿਹਾ” ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ। ਅਖੀਰ ਤੇ ਸੋਸਾਇਟੀ ਦੇ ਸੰਸਥਾਪਕ ਸ ਬਲਰਾਜ ਸਿੰਘ ਜੀ ਨੇ ਸਭ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਡਾਕਟਰ ਕਾਬਲ ਸਿੰਘ ਨੇ ਕਵੀਆਂ ਨੂੰ ਆਪਣੀਆਂ ਰਚਨਾਵਾਂ “ਸਾਂਝੀ ਵਿਰਾਸਤ” ਮੈਗਜ਼ੀਨ ਲਈ ਲਿਖਤੀ ਰੂਪ ਵਿੱਚ ਭੇਜਣ ਲਈ ਕਿਹਾ। ਸਟੇਜ ਸੰਚਾਲਨ ਦੀ ਸੇਵਾ ਸੁਜਾਨ ਸਿੰਘ ਸੁਜਾਨ ਜੀ ਨੇ ਬਾਖੂਬੀ ਨਿਭਾਈ। ਹਮੇਸ਼ਾ ਵਾਂਗ ਅਨੰਦ ਸਾਹਿਬ ਦੀਆਂ 5 ਪਉੜੀਆਂ ਅਰਦਾਸ ਅਤੇ ਹੁਕਮਨਾਮੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- ਗੁਰਦੀਸ਼ ਕੌਰ ਗਰੇਵਾਲ ਕੈਲਗਰੀ +1 (403) 404-1450
