ਅਜੋਕੇ ਦੌਰ ਵਿੱਚ ਜਿੱਥੇ ਅਸੀਂ ਹਰ ਖੇਤਰ ਵਿੱਚ ਮਰਦ ਅਤੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ, ਉੱਥੇ ਹੀ ਘਰੇਲੂ ਰਿਸ਼ਤਿਆਂ ਵਿੱਚ ਇਸ ਬਰਾਬਰੀ ਦੇ ਅਰਥ ਬਦਲਦੇ ਨਜ਼ਰ ਆ ਰਹੇ ਹਨ। ਅੱਜ ਦਾ ਵੱਡਾ ਸਵਾਲ ਇਹ ਹੈ ਕਿ ਰਿਸ਼ਤਿਆਂ ਵਿੱਚ ਬਰਾਬਰੀ ਦਾ ਮਤਲਬ ਇੱਕ-ਦੂਜੇ ਦਾ ਸਾਥ ਦੇਣਾ ਹੈ ਜਾਂ ਇੱਕ-ਦੂਜੇ ਨਾਲ ਮੁਕਾਬਲਾ ਕਰਨਾ?
ਕਈ ਪਰਿਵਾਰਾਂ ਵਿੱਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਪਿਆਰ ਅਤੇ ਸਹਿਯੋਗ ਦੀ ਥਾਂ ਕਈ ਵਾਰ ਤੁਲਨਾ, ਗਿਣਤੀ ਅਤੇ ਰੁਤਬੇ ਦੀ ਦਿਵਾਰ ਖੜੀ ਹੋ ਜਾਂਦੀ ਹੈ, ਜਿਸ ਨਾਲ ਰਿਸ਼ਤਿਆਂ ਦੀ ਨਿੱਘ ਹੌਲੀ-ਹੌਲੀ ਠੰਡੀ ਪੈਣ ਲੱਗਦੀ ਹੈ।
ਭੂਮਿਕਾਵਾਂ ਦਾ ਬਦਲਦਾ ਰੂਪ
ਮਾਹਿਰਾਂ ਦਾ ਮੰਨਣਾ ਹੈ ਕਿ ਕੁਦਰਤ ਨੇ ਮਰਦ ਅਤੇ ਔਰਤ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ। ਜਦੋਂ ਸਮਾਜ ਬਦਲਦਾ ਹੈ, ਘਰ ਦੇ ਅੰਦਰ ਦੀਆਂ ਉਮੀਦਾਂ ਅਤੇ ਜ਼ਿੰਮੇਵਾਰੀਆਂ ਦੀ ਵੰਡ ਵੀ ਰੂਪ ਬਦਲਦੀ ਹੈ।
ਪਰ ਸਮੱਸਿਆ ਤਦ ਖੜ੍ਹਦੀ ਹੈ ਜਦੋਂ ਸੰਤੁਲਨ ਦੀ ਥਾਂ ਸਿਰਫ਼ ਅਧਿਕਾਰਾਂ ਦੀ ਗੱਲ ਲਹਿਰ ਬਣ ਜਾਂਦੀ ਹੈ ਅਤੇ ਜ਼ਿੰਮੇਵਾਰੀਆਂ ਪਿੱਛੇ ਰਹਿ ਜਾਂਦੀਆਂ ਹਨ। ਇਸ ਨਾਲ ਪਰਿਵਾਰਕ ਢਾਂਚਾ ਥਰਥਰਾਉਣ ਲੱਗਦਾ ਹੈ।
ਇਸਦੇ ਨਾਲ-ਨਾਲ, ਦੌੜ-ਭੱਜ ਵਾਲੀ ਜ਼ਿੰਦਗੀ, ਤਣਾਅ, ਆਦਤਾਂ ਵਿੱਚ ਖਰਾਬੀ ਅਤੇ ਨਸ਼ਿਆਂ ਵਰਗੀਆਂ ਗੱਲਾਂ ਨੇ ਪਰਿਵਾਰ ਦੀ ਮਨੋਵਿਗਿਆਨਿਕ ਅਤੇ ਸਮਾਜਿਕ ਸਿਹਤ ਨੂੰ ਹੋਰ ਨਾਜ਼ੁਕ ਬਣਾ ਦਿੱਤਾ ਹੈ, ਜਿਸ ਕਾਰਨ ਸਮਾਜ ਵਿੱਚ ਕਈ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ।
ਹਉਮੈ – ਰਿਸ਼ਤਿਆਂ ਦਾ ਅਣਦਿੱਖ ਵੈਰੀ
ਘਰੇਲੂ ਕਲੇਸ਼ ਦਾ ਸਭ ਤੋਂ ਵੱਡਾ ਕਾਰਨ “ਮੈਂ” ਦੀ ਭਾਵਨਾ ਹੈ। ਜਦੋਂ ਪਤੀ-ਪਤਨੀ ਆਪਣੀ ਸਾਲਾਨਾ ਕਮਾਈ, ਅਹੁਦੇ ਜਾਂ ਸਮਾਜਿਕ ਹੈਸੀਅਤ ਦੇ ਆਧਾਰ ‘ਤੇ ਘਰ ਦੇ ਕੰਮ ਅਤੇ ਫ਼ੈਸਲੇ ਤੋਲਣ ਲੱਗਦੇ ਹਨ, ਉੱਥੇ ਪਿਆਰ ਦੀ ਥਾਂ ਅਹੰਕਾਰ ਅਤੇ ਮੁਕਾਬਲੇ ਦੀ ਭਾਵਨਾ ਜੜ ਪੱਕੀ ਕਰ ਜਾਂਦੀ ਹੈ।
ਹਉਮੈ ਰਿਸ਼ਤਿਆਂ ਨੂੰ ਬਰਾਬਰੀ ਦੇ ਮੈਦਾਨ ਤੋਂ ਹਟਾ ਕੇ ਤਕੜੀ ‘ਤੇ ਖੜ੍ਹਾ ਕਰ ਦਿੰਦੀ ਹੈ, ਜਿਥੇ ਪਿਆਰ ਹਾਰਦਾ ਤੇ ਅਹੰਕਾਰ ਜਿੱਤਦਾ ਹੈ ਪਰ ਪਰਿਵਾਰ ਹਾਰਦਾ ਹੀ ਹਾਰਦਾ ਹੈ।
ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੇ ਤਿੰਨ ਮੁੱਖ ਸੂਤਰ
1. ਸੇਵਾ ਵਿੱਚ ਪਿਆਰ, ਨਾ ਕਿ ਮਜਬੂਰੀ
ਘਰ ਦੇ ਕੰਮ ਜਿਵੇਂ ਕਿ ਰੋਟੀ ਬਣਾਉਣਾ ਜਾਂ ਪਰਿਵਾਰ ਦੀ ਦੇਖਭਾਲ ਕਰਨਾ, ਕਿਸੇ ਮਜਬੂਰੀ ਦੀ ਥਾਂ ਪਿਆਰ ਨਾਲ ਕੀਤੇ ਜਾਣੇ ਚਾਹੀਦੇ ਹਨ।
2. ਸਤਿਕਾਰ — ਕਮਾਈ ਤੋਂ ਵੱਡਾ
ਬਰਾਬਰੀ ਨੂੰ ਕਮਾਈ ਨਾਲ ਨਹੀਂ ਨਪਿਆ ਜਾਣਾ ਚਾਹੀਦਾ। ਸਤਿਕਾਰ ਹੀ ਉਹ ਗੂੰਦ ਹੈ ਜੋ ਪਰਿਵਾਰ ਨੂੰ ਇਕੱਠੇ ਰੱਖਦੀ ਹੈ।
ਭਾਵੇਂ ਪਤੀ ਦੀ ਕਮਾਈ ਵੱਧ ਹੋਵੇ ਜਾਂ ਪਤਨੀ ਪਤੀ ਨਾਲੋਂ ਵੱਧ ਕਮਾਉਂਦੀ ਹੋਵੇ, ਪਰਿਵਾਰ ਦੀ ਮਜ਼ਬੂਤੀ ਲਈ ਆਪਸੀ ਸਤਿਕਾਰ ਅਤੇ ਸਮਝੌਤਾ ਬੇਹੱਦ ਜ਼ਰੂਰੀ ਹੈ।
3. ਬਿਨਾ ਸ਼ਰਤਾਂ ਵਾਲਾ ਸਾਥ
ਰਿਸ਼ਤਿਆਂ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ। ਜੇਕਰ ਪਤਨੀ ਦੀ ਸਿਹਤ ਠੀਕ ਨਹੀਂ ਹੈ, ਤਾਂ ਪਤੀ ਵੱਲੋਂ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਜਾਂ ਚਾਹ ਬਣਾ ਕੇ ਦੇਣਾ ਬਰਾਬਰੀ ਦਾ ਅਸਲ ਪ੍ਰਤੀਕ ਹੈ। ਉਸੇ ਤਰ੍ਹਾਂ, ਜਦੋਂ ਪਤੀ ਕਿਸੇ ਦਬਾਅ ਵਿੱਚ ਹੋਵੇ ਅਤੇ ਪਤਨੀ ਉਸਦਾ ਮਨੋਬਲ ਬਣੇ ਇਹ ਵੀ ਬਰਾਬਰੀ ਦਾ ਸੱਚਾ ਰੂਪ ਹੈ।
ਪਰਿਵਾਰ ਕੋਈ ਦਫ਼ਤਰ ਨਹੀਂ ਹੈ ਜਿੱਥੇ ਕੰਮ ਦੇ ਘੰਟੇ ਜਾਂ ਤਨਖ਼ਾਹ ਦੇ ਆਧਾਰ ‘ਤੇ ਰਿਸ਼ਤੇ ਤੈਅ ਹੋਣ। ਪਰਿਵਾਰ ਉਹ ਥਾਂ ਹੈ ਜਿੱਥੇ ਦੋ ਜਣੇ ਆਪਣੀਆਂ ਭੂਮਿਕਾਵਾਂ ਨਾਲ ਇਕ-ਦੂਜੇ ਨੂੰ ਪੂਰਾ ਕਰਦੇ ਹਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਦੀਆਂ ਔਖੀਆਂ ਗਲੀਆਂ ਨੂੰ ਪਾਰ ਕਰਦੇ ਹਨ। ਰਿਸ਼ਤੇ ਤਦ ਹੀ ਸਫਲ ਹੁੰਦੇ ਹਨ ਜਦੋਂ ਦੋਵੇਂ ਸਾਥੀ ਇੱਕ-ਦੂਜੇ ਦੀਆਂ ਕੁਦਰਤੀ ਭੂਮਿਕਾਵਾਂ ਨੂੰ ਸਮਝਣ ਅਤੇ ਇੱਕ-ਦੂਜੇ ਦਾ ਪੂਰਕ ਬਣ ਕੇ ਚੱਲਣ। ਬਰਾਬਰੀ ਦਾ ਮਤਲਬ ਇੱਕ-ਦੂਜੇ ਦੇ ਵਿਰੁੱਧ ਲੜਨਾ ਨਹੀਂ, ਬਲਕਿ ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਨੂੰ ਅੱਗੇ ਲਿਜਾਣਾ ਹੈ। ਅਸਲੀ ਬਰਾਬਰੀ ਦਾ ਮਤਲਬ ਜਿੱਤਣਾ ਨਹੀਂ, ਸਾਥ ਦੇਣਾ ਹੈ। ਜਦੋਂ ਰਿਸ਼ਤੇ ਇਹ ਸਮਝ ਲੈਂਦੇ ਹਨ ਤਾਂ ਬਰਾਬਰੀ ਪਿਆਰ ਬਣ ਜਾਂਦੀ ਹੈ, ਮੁਕਾਬਲਾ ਨਹੀਂ।
ਸਮਾਜਿਕ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਰਾਬਰੀ ਨੂੰ ਅਧਿਕਾਰਾਂ ਦੀ ਜੰਗ ਬਣਾਉਣ ਦੀ ਬਜਾਏ ਇਸ ਨੂੰ ਸਾਂਝੀ ਜ਼ਿੰਮੇਵਾਰੀ ਵਜੋਂ ਦੇਖੀਏ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਕ ਸਿਹਤਮੰਦ ਪਰਿਵਾਰਕ ਮਾਹੌਲ ਵਿੱਚ ਪਲਣ, ਤਾਂ ਸਾਨੂੰ ਘਰਾਂ ਵਿੱਚ ਮੁਕਾਬਲੇਬਾਜ਼ੀ ਨੂੰ ਖਤਮ ਕਰਕੇ ਸਹਿਯੋਗ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨਾ ਪਵੇਗਾ। ਅਖੀਰ ਵਿੱਚ, ਰਿਸ਼ਤਿਆਂ ਦੀ ਖ਼ੂਬਸੂਰਤੀ ਇਸ ਵਿੱਚ ਨਹੀਂ ਕਿ ਕੌਣ ਕਿਸ ਤੋਂ ਉੱਪਰ ਹੈ, ਬਲਕਿ ਇਸ ਵਿੱਚ ਹੈ ਕਿ ਦੋਵੇਂ ਕਿਵੇਂ ਮਿਲ ਕੇ ਇੱਕ ਸੁੰਦਰ ਸੰਸਾਰ ਸਿਰਜਦੇ ਹਨ।
