ਜੰਗ ਸਮੇਂ ਮੀਡੀਆ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਦੀ ਜ਼ਿੰਮੇਵਾਰੀ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਅਤੇ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਦੀ ਹੁੰਦੀ ਹੈ। ਜੰਗ ਸਮੇਂ ਧਿਆਨ ਰੱਖਣਯੋਗ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਸੰਜਮ ਤੇ ਸੰਕੋਚ ਲਈ ਪ੍ਰੇਰਨਾ, ਪ੍ਰਸ਼ਾਸਨ ਅਤੇ ਸਰਕਾਰਾ ਦੁਆਰਾ ਦਿੱਤੀਆਂ ਜਾਂਦੀਆਂ ਹਦਾਇਤਾਂ ਨੂੰ ਇਨ ਬਿਨ ਮੰਨਣ ਤੇ ਲਾਗੂ ਕਰਨ ਲਈ ਉਤਸ਼ਾਹਿਤ ਕਰਨਾ ਮੀਡੀਆ ਦਾ ਮੁੱਢਲਾ ਫ਼ਰਜ਼ ਹੁੰਦਾ ਹੈ।
ਪਰੰਤੂ ਹੋ ਕੀ ਰਿਹਾ ਹੈ ? ਸੋਸ਼ਲ ਮੀਡੀਆ ਅਤੇ ਭਾਰਤੀ ਟੈਲੀਵਿਜ਼ਨ ਦਾ ਇਕ ਹਿੱਸਾ ਆਪਹੁਦੇਰਪਨ ਦੀਆਂ ਸਾਰੀਆਂ ਸੀਮਾਵਾਂ ਪਾਰ ਕਰ ਗਿਆ ਹੈ। ‘ਸੂਤਰਾਂ ਦੇ ਹਵਾਲੇ’ ਨੇ ਖ਼ਬਰਾਂ ਦਾ ਹੁਲੀਆ ਵਿਗਾੜ ਦਿੱਤਾ ਹੈ।
ਜੰਗ ਦੀਆਂ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕੋਈ ਸਰੋਤ, ਕੋਈ ਆਧਾਰ ਨਹੀਂ ਹੈ। ਸੋਸ਼ਲ ਮੀਡੀਆ ’ਤੇ ਵੱਖ-ਵੱਖ ਮੁਲਕਾਂ ਦੇ ਨੇਤਾਵਾਂ ਦੀਆਂ ਤਸਵੀਰਾਂ ਨਾਲ ਅਜਿਹੇ ਦਾਅਵੇ, ਅਜਿਹੇ ਦਾਅਵੇ ਉਭਾਰੇ ਜਾ ਰਹੇ ਹਨ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ। ਸਾਡੇ ਕੋਲ ਇਹ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਪਹੁੰਚ ਰਹੇ ਹਨ।
ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜਿਹੜੇ ਕੌਮਾਂਤਰੀ ਸਿਆਸਤ ਵਿਚ ਵਿਸ਼ੇਸ਼ ਰੁਚੀ ਰੱਖਦੇ ਹਨ, ਆਪਣੇ ਕੋਲੋਂ ਹੀ ਜੰਗ ਸੰਬੰਧੀ ਕਿਆਸ ਆਰਾਈਆਂ ਕਰ ਰਹੇ ਹਨ, ਭਵਿੱਖ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹਨ, ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਹੈਰਾਨੀ ਵੀ ਹੁੰਦੀ ਹੈ, ਪ੍ਰੇਸ਼ਾਨੀ ਵੀ ਹੁੰਦੀ ਹੈ।
ਹਿੰਦੀ ਚੈਨਲਾਂ ਦੇ ਐਂਕਰ ਵੀ ਘੱਟ ਨਹੀਂ। ਉਹ ਆਪਣੀ ਸੋਚ, ਆਪਣੀ ਨੀਤੀ ਅਨੁਸਾਰ ਕਿਸੇ ਦੇਸ਼ ਨੂੰ ਜਿਤਾ ਦਿੰਦੇ ਹਨ, ਕਿਸੇ ਦਾ ਮਲੀਆਮੇਟ ਕਰ ਦਿੰਦੇ ਹਨ।
ਅਜਿਹੇ ਸੰਕਟ ਸਮੇਂ ਫ਼ਰਜ਼ੀ ਖ਼ਬਰਾਂ, ਫ਼ਰਜ਼ੀ ਵੀਡੀਓ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਅਕਸਰ ਜੰਗ ਸਮੇਂ ਮੀਡੀਆ ਲਈ ਐਡਵਾਈਜ਼ਰੀ ਜਾਰੀ ਕੀਤੀ ਜਾਂਦੀਹੈ ਪਰੰਤੂ ਨਾ ਕੋਈ ਉਸ ਨੂੰ ਮੰਨਦਾ ਹੈ, ਨਾ ਸੁਣਦਾ-ਸਮਝਦਾ ਹੈ।
ਟੈਲੀਵਿਜ਼ਨ ਚੈਨਲਾਂ ਦਾ ਇਕ ਵੱਡਾ ਹਿੱਸਾ ਝੂਠ ਵਿਖਾਉਂਦਾ ਹੈ, ਦਰਸ਼ਕਾਂ ਨੂੰ ਡਰਾਉਂਦਾ ਹੈ, ਉਕਾਉਂਦਾ ਹੈ, ਸਾਇਰਨ ਵਜਾਉਂਦਾ ਹੈ। ਡਰ, ਘਬਰਾਹਟ ਤੇ ਸਨਸਨੀ ਦਾ ਮਾਹੌਲ ਬਣਾਉਂਦਾ ਹੈ। ਸਿਆਣੇ ਦਰਸ਼ਕ ਅਜਿਹੇ ਸਮੇਂ ਨਿਊਜ਼ ਚੈਨਲ ਵੇਖਣੇ ਬੰਦ ਕਰ ਦਿੰਦੇ ਹਨ। ਬਹੁਤ ਸਾਰੇ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਅਪੀਲਾਂ ਕਰਦੇ ਵੇਖੇ ਜਾ ਸਕਦੇ ਹਨ।
ਇਹ ਵੀ ਸੋਚ ਹੈ ਕਿ ਸੰਕਟ ਸਮੇਂ ਮੀਡੀਆ ਲੋਕਾਂ ਦੀ ਸੋਚ ਨੂੰ, ਧਾਰਨਾ ਨੂੰ ਵੱਡੀ ਪੱਧਰ ’ਤੇ ਪ੍ਰਭਾਵਿਤ ਕਰਦਾ ਹੈ। ਅਜਿਹੇ ਸਮੇਂ ਮੀਡੀਆ ਦੁਆਰਾ ਵਰਤੀ ਗਈ ਭਾਸ਼ਾ ਦਾ, ਸ਼ਬਦਾਵਲੀ ਦਾ ਬੇਹੱਦ ਮਹੱਤਵ ਹੁੰਦਾ ਹੈ। ਵੱਡਾ ਤੇ ਵਿਸ਼ਾਲ ਪ੍ਰਭਾਵ ਪੈਂਦਾ ਹੈ।
ਵਿਲੀਅਮ ਥਾਮਸ ਦਾ ਕਹਿਣਾ ਹੈ, “ਪੱਤਰਕਾਰ ਦੀ ਭੂਮਿਕਾ, ਚੌਕੀਦਾਰ ਦੀ ਭੂਮਿਕਾ ਵਰਗੀ ਹੁੰਦੀ ਹੈ। ਪਰੰਤੂ ਜੰਗ ਸਮੇਂ ਐਨ ਇਸ ਦੇ ਉਲਟ ਹੋ ਰਿਹਾ ਹੁੰਦਾ ਹੈ। ਐਂਕਰ ਗ਼ਲਤ, ਝੂਠੀ ਤੇ ਫ਼ਰਜ਼ੀ ਜਾਣਕਾਰੀ ਪ੍ਰਸਾਰਿਤ ਕਰੀ ਜਾਂਦੇ ਹਨ। ਕਿਸੇ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ—‘ਜੰਗ ਨਾਲੋਂ ਵਧੇਰੇ ਅੱਗ ਤਾਂ ਮੀਡੀਆ ਲਗਾ ਰਿਹਾ ਹੈ’।”
ਕਿਸੇ ਹੋਰ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਕਿਹਾ ਹੈ, “ਮਿਹਰਬਾਨੀ ਕਰਕੇ ਟੀ.ਵੀ. ਬੰਦ ਕਰ ਦਿਉ। ਸੁਣਨਾ, ਸ਼ੇਅਰ ਕਰਨਾ ਬੰਦ ਕਰ ਦਿਉ ਕਿਉਂਕਿ ਚੈਨਲ ਨਫ਼ਰਤ ਫੈਲਾਉਂਦੇ ਹਨ। ਚੀਖ਼ ਚੀਖ਼ ਕੇ ਗ਼ਲਤ ਜਾਣਕਾਰੀ ਦਿੰਦੇ ਹਨ। ਕੇਵਲ ਸਰਕਾਰਾਂ ਅਤੇ ਜ਼ਿੰਮੇਵਾਰ ਨੇਤਾਵਾਂ ਦੁਆਰਾ ਪ੍ਰੈੱਸ ਕਾਨਫ਼ਰੰਸਾਂ ਰਾਹੀਂ ਦਿੱਤੀ ਜਾਂਦੀ ਜਾਣਕਾਰੀ ਤੇ ਭਰੋਸਾ ਕਰੋ।”
ਇਸ ਵੇਲੇ ਅਮਰੀਕਾ, ਇਜ਼ਰਾਈਲ ਤੇ ਇਰਾਨ ਟਕਰਾ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਪਰੰਤੂ ਭਾਰਤੀ ਟੈਲੀਵਿਜ਼ਨ ਦਾ ਇਕ ਵੱਡਾ ਹਿੱਸਾ ਬਚੀ-ਖੁਚੀ ਭਰੋਸੇਯੋਗਤਾ ਵੀ ਗਵਾਉਂਦਾ ਜਾ ਰਿਹਾ ਹੈ।
ਹਰੇਕ ਮੁਲਕ ਦਾ ਮੀਡੀਆ ਇਸ ਜੰਗ ਨੂੰ, ਇਸ ਟਕਰਾ ਨੂੰ ਆਪਣੇ ਆਪਣੇ ਢੰਗ ਨਾਲ ਕਵਰ ਕਰ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਦੁਨੀਆ ਦਾ ਮੀਡੀਆ ਜੰਗ ਰੁਕਵਾਉਣ ਲਈ, ਟਕਰਾ ਘਟਾਉਣ ਲਈ ਅੱਗੇ ਆਵੇ, ਆਪਣੇ ਪ੍ਰਭਾਵ ਦੀ ਵਰਤੋਂ ਕਰੇ।
ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜੰਗ ਤਾਂ ਆਪਣੇ ਆਪ ਵਿਚ ਵੱਡਾ ਮਸਲਾ ਹੈ। ਜੰਗ ਦੇ ਦੁਰ-ਪ੍ਰਭਾਵਾਂ ਦਾ ਅਨੁਮਾਨ ਲਗਾਉਣਾ ਕਠਿਨ ਹੈ। ਇਹ ਬਹੁਤ ਭਿਆਨਕ ਹੁੰਦੇ ਹਨ। ਦਹਾਕਿਆਂ ਤੱਕ ਮਹਿਸੂਸ ਕੀਤੇ ਜਾਂਦੇ ਹਨ। ਸਰੀਰਕ, ਮਾਨਸਿਕ, ਸਮਾਜਕ, ਆਰਥਿਕ, ਰਾਜਨੀਤਕ ਅਤੇ ਵਾਤਾਵਰਨ ਦੀ ਪੱਧਰ ’ਤੇ ਇਸ ਦਾ ਪ੍ਰਭਾਵ ਸਦੀਆਂ ਤੱਕ ਰਹਿੰਦਾ ਹੈ।
ਜੰਗ ਦੀ ਲਾਈਵ ਕਵਰੇਜ ਹੋਣ ਲੱਗੀ ਹੈ। ਬਹੁਤ ਸਾਰੇ ਪੱਤਰਕਾਰ ਫਰੰਟ ’ਤੇ ਪਹੁੰਚ ਜਾਂਦੇ ਹਨ। ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਦੁਨੀਆ ਭਰ ਵਿਚੋਂ ਮੀਡੀਆ ਕਰਮਚਾਰੀ, ਅਧਿਕਾਰੀ ਅੰਤਰ-ਰਾਸ਼ਟਰੀ ਨਿਯਮ-ਕਾਨੂੰਨ ਤਹਿਤ ਪ੍ਰਵਾਨਗੀ ਲੈ ਕੇ ਜਦ ਕਵਰੇਜ ਲਈ ਪਹੁੰਚਦੇ ਹਨ ਤਾਂ ਅਚਨਚੇਤ ਹਮਲੇ ਦੀ ਲਪੇਟ ਵਿਚ ਆ ਜਾਂਦੇ ਹਨ।
ਜੰਗ ਹਮੇਸ਼ਾ ਮੀਡੀਆ ਲਈ ਆਕਰਸ਼ਣ ਦਾ ਕੇਂਦਰ ਰਹੀ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਹਿੱਤ ਜੁੜੇ ਹੁੰਦੇ ਹਨ। ਪਰੰਤੂ ਭਾਰਤੀ ਨਿਊਜ਼ ਚੈਨਲ ਦਰਸ਼ਕਾਂ ਅੱਗੇ ਜੰਗ ਹੀ ਪਰੋਸਣ ਲੱਗ ਜਾਂਦੇ ਹਨ ਅਤੇ ਜੰਗ ਨੂੰ ਵੀ ਦਰਸ਼ਕ ਗਿਣਤੀ ਵਧਾਉਣ ਲਈ ਵਰਤਿਆ ਜਾਂਦਾ ਹੈ। ਬਹੁਗਿਣਤੀ ਦਰਸ਼ਕ ਜੰਗ ਦੇ ਘਿਨਾਉਣੇ ਦ੍ਰਿਸ਼ ਵੇਖਣ ਤੋਂ ਗੁਰੇਜ਼ ਕਰਦੇ ਹਨ।
ਜੰਗ ਦੇ ਵੀ ਕੁਝ ਕੌਮਾਂਤਰੀ ਨਿਯਮ-ਕਾਨੂੰਨ ਹਨ ਅਤੇ ਜੰਗ ਸਮੇਂ ਹਰੇਕ ਧਿਰ ਇਕ ਦੂਸਰੇ ’ਤੇ ਇਹ ਨਿਯਮ ਤੋੜਨ ਦੇ ਇਲਜ਼ਾਮ ਲਾਉਂਦੀ ਹੈ। ਇਸ ਸਥਿਤੀ ਵਿਚ ਕੌਮਾਂਤਰੀ ਮੀਡੀਆ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸਲੀਅਤ ਦੁਨੀਆ ਸਾਹਮਣੇ ਰੱਖਣ।
ਇਕ ਜੰਗ ਵੱਖ-ਵੱਖ ਦੇਸ਼ਾਂ ਦਰਮਿਆਨ ਲੜੀ ਜਾ ਰਹੀ ਹੁੰਦੀ ਹੈ, ਦੂਸਰੀ ਜੰਗ ਖ਼ਬਰ ਚੈਨਲ ਲੜ ਰਹੇ ਹੁੰਦੇ ਹਨ। ਜੰਗ ਬੇਹੱਦ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ। ਉਹੀ ਗੰਭੀਰਤਾ, ਉਹੀ ਸੰਵੇਦਨਸ਼ੀਲਤਾ ਮੀਡੀਆ-ਕਵਰੇਜ ਵਿਚੋਂ ਵੀ ਝਲਕਣੀ ਚਾਹੀਦੀ ਹੈ।
