ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ 12ਵੇਂ ਪੰਜ—ਰੋਜ਼ਾ ‘ਪੁਸਤਕ ਮੇਲੇ ਅਤੇ ਸਾਹਿਤ ਉਤਸਵ’ ਦੇ ਤੀਜੇ ਦਿਨ ਦਾ ਆਗਾਜ਼ ਬਹੁਤ ਹੀ ਅਰਥਪੂਰਨ ਚਰਚਾ ਨਾਲ ਹੋਇਆ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਸਾਹਿਤ ਉਤਸਵ ਵਿਚ ਰੋਜ਼ਾਨਾ ਪੁੱਜ ਰਹੀਆਂ ਵੱਡੀਆਂ ਸ਼ਖ਼ਸੀਅਤ ਅਤੇ ਮਾਹਿਰ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਮਨਾਂ ਵਿਚ ਚੇਤਨਾ ਦੇ ਬੀਜ ਰਹੇ ਹਨ।ਉਨ੍ਹਾਂ ਪੰਜਾਬੀ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਸਾਹਿਤ ਉਤਸਵ ਭਾਸ਼ਾ,ਸਾਹਿਤ,ਸਭਿਆਚਾਰ ਅਤੇ ਕਲਾ ਆਦਿ ਖੇਤਰਾਂ ਦੇ ਵਿਸਤਾਰ ਲਈ ਇੱਕ ਕਾਰਗਰ ਪਲੇਟਫਾਰਮ ਹੈ ਜੋ ਵੱਖ ਵੱਖ ਖੇਤਰਾਂ ਨੂੰ ਰੌਸ਼ਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਸਾਡੀ ਵਿਰਾਸਤ ਨੂੰ ਪ੍ਰਫੁੱਲਿਤ ਕਰਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਆਪਣੀਆਂ ਅਮੀਰ ਸਾਹਿਤਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਿੱਚ ਵੀ ਸਹਾਈ ਹੁੰਦੇ ਹਨ।
ਪਹਿਲੀ ਬੈਠਕ ਪੰਜਾਬੀ ਪੱਤਰਕਾਰੀ ਅਤੇ ਡਿਜ਼ੀਟਲ ਮੀਡੀਆ ਦੇ ਮੌਜੂਦਾ ਹਾਲਾਤਾਂ ਨੂੰ ਸਮਰਪਿਤ ਰਹੀ, ਜਿਸ ਦਾ ਵਿਸ਼ਾ ਆਵਾਜ਼, ਤਸਵੀਰ ਤੇ ਸ਼ਬਦ: ਸੱਚ ਦੀ ਰਚਨਾ ਜਾਂ ਸੱਚ ਦੀ ਪੇਸ਼ਕਾਰੀ ਰੱਖਿਆ ਗਿਆ।ਇਸ ਬੈਠਕ ਦੀ ਪ੍ਰਧਾਨਗੀ ਕਰਦਿਆਂ ਰੋਜ਼ਾਨਾ ਪੰਜਾਬੀ ਜਾਗਰਣ ਦੇ ਸੰਪਾਦਕ ਸ੍ਰੀ ਵਰਿੰਦਰ ਸਿੰਘ ਵਾਲੀਆ ਨੇ ਮੌਜੂਦਾ ਪੱਤਰਕਾਰੀ ਦੇ ਸੰਕਟ ਤੇ ਚਰਚਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਤਕਨੀਕ ਨੇ ਸੱਚ ਨੂੰ ਪੇਸ਼ ਕਰਨ ਦੇ ਤਰੀਕੇ ਤਾਂ ਬਦਲ ਦਿੱਤੇ ਹਨ, ਪਰ ਪੱਤਰਕਾਰ ਦੀ ਨੈਤਿਕ ਜ਼ਿੰਮੇਵਾਰੀ ਅਜੇ ਵੀ ਉਹੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਸੱਚ ਅਸੀਂ ਦਿਖਾ ਰਹੇ ਹਾਂ ਕੀ ਉਹ ਸਚਮੁਚ ਹੀ ਅਸਲੀਅਤ ਹੈ ਜਾਂ ਆਪਣੀ ਸਹੂਲਤ ਅਨੁਸਾਰ ਸੱਚ ਘੜ ਰਹੇ ਹਾਂ।ਉਨ੍ਹਾਂ ਪੱਤਰਕਾਰੀ ਨਾਲ ਸੰਬੰਧਤ ਦੇਸੀ ਵਿਦੇਸੀ ਘਟਨਾਵਾਂ ਦੇ ਹਵਾਲੇ ਦਿੰਦਿਆਂ ਇਸ ਗੱਲ ਤੇ ਜ਼ੋਰ ਦਿਤਾ ਕਿ ਪੰਜਾਬੀ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਲੱਭਣ ਦੀ ਲੋੜ ਹੈ। ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਹਰਜਿੰਦਰਪਾਲ ਸਿੰਘ ਵਾਲੀਆ ਨੇ ਆਵਾਜ਼, ਤਸਵੀਰ ਤੇ ਸ਼ਬਦ ਦੇ ਸੁਮੇਲ ਰਾਹੀਂ ਸਿਰਜੇ ਜਾਂਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਤਕਨੀਕ ਦੇ ਹੱਥ ਵਿੱਚ ਸੱਚ ਨੂੰ ਮਰੋੜਨ ਦੀ ਸ਼ਕਤੀ ਆ ਗਈ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਸਿਰਫ਼ ਸੂਚਨਾ ਦੇਣਾ ਨਹੀਂ ਬਲਕਿ ਸੱਚ ਨੂੰ ਉਸ ਦੇ ਸਹੀ ਸੰਦਰਭ ਵਿੱਚ ਪੇਸ਼ ਕਰਨਾ ਹੈ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਮੁਖੀ ਸ੍ਰੀ ਪਰਮਜੀਤ ਸਿੰਘ ਦੀ ਧਾਰਣਾ ਸੀ ਕਿ ਕਿ ਰੇਡੀਓ ਵਰਗੇ ਮਾਧਿਅਮ ਅੱਜ ਵੀ ਲੋਕਾਂ ਵਿੱਚ ਵਿਸ਼ਵਾਸ ਦਾ ਪ੍ਰਤੀਕ ਹਨ। ਉਨ੍ਹਾਂ ਡਿਜ਼ੀਟਲ ਪਲੇਟਫਾਰਮਾਂ ਤੇ ਸ਼ਬਦਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਾਹਿਲਦੀਪ ਸਿੰਘ ਨੇ ਇਸ ਬੈਠਕ ਦੇ ਸੰਵਾਦ ਕਰਤਾ ਵਜੋਂ ਅਹਿਮ ਭੂਮਿਕਾ ਨਿਭਾਈ
ਪੁਸਤਕ ਮੇਲੇ ਦੀ ਦੂਜੀ ਬੈਠਕ ਵਿੱਚ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ—ਕੁਲਪਤੀ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨਾਲ ਰੂ—ਬ—ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਅਤੇ ਮੌਜੂਦਾ ਸੰਕਟਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਜੀਵਨ ਅਤੇ ਸੇਵਾਵਾਂ ਦੇ ਸਫ਼ਰ ਦੇ ਨਾਲ ਨਾਲ ਆਪਣੀ ਸਵੈ ਜੀਵਨੀ ਰੰਗਾਂ ਦੀ ਗਾਗਰ ਬਾਰੇ ਬਹੁਤ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਇਸ ਬੈਠਕ ਵਿੱਚ ਡਾ. ਸੁਰਜੀਤ ਸਿੰਘ ਭੱਟੀ ਨੇ ਸੰਵਾਦ ਕਰਤਾ ਵਜੋਂ ਭੂਮਿਕਾ ਨਿਭਾਈ।
ਬਾਅਦ ਦੁਪਹਿਰ ਤੀਸਰੀ ਬੈਠਕ ਵਿੱਚ ਲੋਕ ਕਲਾਵਾਂ ਦਾ ਹਾਸ਼ੀਆਕਰਨ: ਜ਼ਿੰਮੇਵਾਰ ਕੌਣ? ਵਿਸ਼ੇ ਤੇ ਗਹਿਰਾਈ ਨਾਲ ਮੰਥਨ ਹੋਇਆ। ਸੰਬੰਧਿਤ ਖੇਤਰ ਦੇ ਵਿਦਵਾਨਾਂ ਸ਼੍ਰੀ ਹਰਦਿਆਲ ਥੂਹੀ, ਜਸਵਿੰਦਰ ਸ਼ਰਮਾ ਅਤੇ ਦਵਿੰਦਰ ਕੌਰ ਢੱਟ ਨੇ ਲੋਕ ਕਲਾਵਾਂ ਦੇ ਅਲੋਪ ਹੋ ਰਹੇ ਸਰੂਪ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਮੰਨਿਆ ਕਿ ਮੰਡੀਕਰਨ ਅਤੇ ਪੱਛਮੀ ਪ੍ਰਭਾਵ ਕਾਰਨ ਸਾਡੀਆਂ ਲੋਕ ਕਲਾਵਾਂ ਹਾਸ਼ੀਏ ਤੇ ਚਲੀਆਂ ਗਈਆਂ ਹਨ। ਉਨ੍ਹਾਂ ਇਸ ਗੱਲ ਦੀ ਲੋੜ *ਤੇ ਜ਼ੋਰ ਦਿੱਤਾ ਕਿ ਅਦਾਰਿਆਂ ਨੂੰ ਇਨ੍ਹਾਂ ਕਲਾਵਾਂ ਦੇ ਵਿਕਾਸ ਲਈ ਜੀਵਨ ਵਿਚ ਵਿਹਾਰਕ ਮਹੱਤਵ ਦੇ ਸਾਧਨ ਵੀ ਪੈਦਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀ ਵਿਰਾਸਤ ਦੀ ਅਮੀਰੀ ਬਰਕਰਾਰ ਰਹਿ ਸਕੇ। ਇਸ ਬੈਠਕ ਦੇ ਸੰਵਾਦ—ਕਰਤਾ ਦੇ ਤੌਰ ਤੇ ਹਰਿੰਦਰ ਕੌਰ ਹੁੰਦਲ ਨੇ ਇਸ ਚਰਚਾ ਨੂੰ ਅੱਗੇ ਵਧਾਇਆ।
ਵੱਖ ਵੱਖ ਬੈਠਕਾਂ ਵਿਚ ਪੰਜਾਬੀ ਸਾਹਿਤ,ਭਾਸ਼ਾ,ਸਾਹਿਤ,ਸਭਿਆਚਾਰ,ਪੱਤਰਕਾਰੀ ਅਤੇ ਕਲਾਵਾਂ ਨਾਲ ਸੰਬੰਧਤ ਵਿਦਵਾਨਾਂ ਵਿਚੋਂ ਡਾ. ਜਗਬੀਰ ਸਿੰਘ, ਡਾ. ਗੁਰਮੁਖ ਸਿੰਘ, ਡਾ. ਭੀਮ ਇੰਦਰ ਸਿੰਘ, ਡਾ. ਨਿਵੇਦਿਤਾ ਸਿੰਘ,ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਰਾਜਮੋਹਿੰਦਰ ਕੌਰ ਆਦਿ ਅਧਿਆਪਕਾਂ ਤੋਂ ਇਲਾਵਾ ਹੋਰ ਵੀ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਮਾਹਿਰ ਵਿਦਵਾਨਾਂ ਨਾਲ ਸੁਆਲ—ਜਵਾਬ ਦੇ ਸਿਲਸਿਲੇ ਵਿਚ ਭਾਗੀਦਾਰੀ ਵੀ ਕੀਤੀ।ਇਨ੍ਹਾਂ ਬੈਠਕਾਂ ਵਿਚ ਵਿਦਵਾਨਾਂ ਅਤੇ ਮਾਹਿਰਾਂ ਦਾ ਸਨਮਾਨ ਵੀ ਕੀਤਾ ਗਿਆ।
