ਸਿਨਸਿਨਾਟੀ/ਮੇਸਨ, (ਸਮੀਪ ਸਿੰਘ ਗੁਮਟਾਲਾ) – ਅਮਰੀਕਾ ਦੇ ਓਹਾਇਓ ਸੂਬੇ ਵਿੱਚ ਸਿੱਖ ਭਾਈਚਾਰੇ ਲਈ ਇੱਕ ਬੇਹੱਦ ਇਤਿਹਾਸਕ ਪਲ ਉਦੋਂ ਆਇਆ ਜਦੋਂ ਸਿਨਸਿਨਾਟੀ ਅਤੇ ਨਾਲ ਲੱਗਦੇ ਸ਼ਹਿਰ ਮੇਸਨ ਦੀਆਂ ਨਗਰ ਕੌਂਸਲਾਂ ਨੇ ਅਧਿਕਾਰਤ ਤੌਰ ‘ਤੇ ਅਪ੍ਰੈਲ ਮਹੀਨੇ ਨੂੰ ਹੁਣ “ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨਾ” (ਸਿੱਖ ਅਵੇਅਰਨੇਸ ਅਤੇ ਐਪਰੀਸੀਏਸ਼ਨ ਮੰਥ) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨਨਾਮੇ ਪਿਛਲੀ ਇੱਕ ਸਦੀ ਤੋਂ ਅਮਰੀਕਾ ਵੱਸਦੇ ਸਿੱਖਾਂ ਵੱਲੋਂ ਖੇਤਰ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਅਧਿਕਾਰਤ ਮਾਨਤਾ ਦਿੰਦੇ ਹਨ।
ਇਸ ਮੌਕੇ ‘ਤੇ ਸਥਾਨਕ ਆਗੂਆਂ ਅਤੇ ਪਰਿਵਾਰਾਂ ਸਮੇਤ ਭਾਈਚਾਰੇ ਦੇ ਮੈਂਬਰਾਂ ਨੇ ਦੋਵਾਂ ਸ਼ਹਿਰਾਂ ਦੇ ਸਿਟੀ ਹਾਲਾਂ ਵਿੱਚ ਇਕੱਠੇ ਹੋ ਕੇ ਸਿਨਸਿਨਾਟੀ ਦੇ ਮੇਅਰ ਆਫ਼ਤਾਬ ਪੁਰੇਵਾਲ ਅਤੇ ਮੇਸਨ ਦੇ ਮੇਅਰ ਜੋਸ਼ ਸਟਾਇਰਕੁਲਾ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਐਲਾਨਨਾਮੇ (ਪ੍ਰੋਕਲੇਮੇਸ਼ਨ) ਪ੍ਰਾਪਤ ਕੀਤੇ। ਮੇਅਰ ਪੁਰੇਵਾਲ, ਜੋ ਖੁਦ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ, ਵੱਲੋਂ ਦਿੱਤੀ ਗਈ ਇਸ ਮਾਨਤਾ ਦਾ ਸਿੱਖ ਭਾਈਚਾਰੇ ਵਿੱਚ ਵਿਸ਼ੇਸ਼ ਮਹੱਤਵ ਹੈ। ਭਾਈਚਾਰੇ ਦੇ ਨੁਮਾਇੰਦਿਆਂ ਨੇ ਮੇਅਰ ਅਤੇ ਸਿਟੀ ਕੌਂਸਲ ਦੇ ਮੈਂਬਰਾਂ ਦਾ ਇਸ ਸੁਹਿਰਦ ਕਦਮ ਲਈ ਧੰਨਵਾਦ ਕੀਤਾ।
ਇਸ ਮੌਕੇ ਕਮਿਊਨਿਟੀ ਐਡਵੋਕੇਟ ਸਮੀਪ ਸਿੰਘ ਗੁਮਟਾਲਾ ਨੇ ਕਿਹਾ, “ਸਾਡੇ ਖੇਤਰ ਲਈ ਇਹ ਇੱਕ ਬਹੁਤ ਵੱਡਾ ਪਲ ਹੈ। ਸਥਾਨਕ ਸਰਕਾਰਾਂ ਵੱਲੋਂ ਅਜਿਹਾ ਕਰਨਾ ਸਾਡੀ ਨੌਜਵਾਨ ਪੀੜ੍ਹੀ ਲਈ ਅਤੇ ਸਾਡੇ ਧਰਮ ਬਾਰੇ ਵਿਆਪਕ ਜਾਗਰੂਕਤਾ ਫੈਲਾਉਣ ਲਈ ਬਹੁਤ ਜ਼ਰੂਰੀ ਹੈ। ਇਹ ਐਲਾਨਨਾਮੇ ਜਿੱਥੇ ਅਮਰੀਕਾ ਵਿੱਚ ਸਿੱਖਾਂ ਦੇ 125 ਸਾਲਾਂ ਦੇ ਸ਼ਾਨਦਾਰ ਇਤਿਹਾਸ ਨੂੰ ਸਲਾਮ ਕਰਦੇ ਹਨ, ਉੱਥੇ ਹੀ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਵਧੇਰੇ ਸਾਂਝੀਵਾਲਤਾ ਅਤੇ ਮਜ਼ਬੂਤ ਸਮਾਜ ਦੀ ਨੀਂਹ ਵੀ ਰੱਖਦੇ ਹਨ।”
ਸਿਨਸਿਨਾਟੀ ਦੇ ਐਲਾਨਨਾਮੇ ਵਿੱਚ ਸਿੱਖ ਭਾਈਚਾਰੇ ਦੇ ਸਬਰ ਅਤੇ ਦਲੇਰੀ ਦੇ ਇਤਿਹਾਸਕ ਪਲਾਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਵਿੱਚ 11 ਸਤੰਬਰ ਦੇ ਹਮਲਿਆਂ ਦੀ ਆਉਣ ਵਾਲੀ 25ਵੀਂ ਵਰ੍ਹੇਗੰਢ ਅਤੇ ਖਾਸ ਤੌਰ ‘ਤੇ ਨਫ਼ਰਤੀ ਅਪਰਾਧ ਦਾ ਪਹਿਲਾ ਸ਼ਿਕਾਰ ਹੋਏ ਸਵਰਗੀ ਭਾਈ ਬਲਬੀਰ ਸਿੰਘ ਸੋਢੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਇਸ ਤੋਂ ਇਲਾਵਾ ਓਕ ਕਰੀਕ ਅਤੇ ਇੰਡੀਆਨਾਪੋਲਿਸ ਵਿਖੇ ਫੈਡਐਕਸ ਗੋਲੀਬਾਰੀ ਵਰਗੇ ਦੁਖਾਂਤਕ ਹਾਦਸਿਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਸਿੱਖ ਭਾਈਚਾਰੇ ਨੇ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਹਮੇਸ਼ਾ ‘ਚੜ੍ਹਦੀ ਕਲਾ’ ਅਤੇ ਨਿਰਸਵਾਰਥ ਸੇਵਾ ਨਾਲ ਕੀਤਾ ਹੈ।
ਇਸ ਉਪਰਾਲੇ ਨੂੰ ਅਮਰੀਕਾ ਦੀ ਪ੍ਰਮੁੱਖ ਸਿੱਖ ਜਥੇਬੰਦੀ ‘ਸਿੱਖ ਕੋਲੀਸ਼ਨ’ ਦਾ ਭਰਪੂਰ ਸਹਿਯੋਗ ਮਿਲਿਆ। ਸਿੱਖ ਕੋਲੀਸ਼ਨ ਦੀ ਕਮਿਊਨਿਟੀ ਡਿਵੈਲਪਮੈਂਟ ਡਾਇਰੈਕਟਰ ਅਤੇ ਸਿਨਸਿਨਾਟੀ ਦੀ ਵਸਨੀਕ ਅਸੀਸ ਕੌਰ ਨੇ ਦੱਸਿਆ, “ਇਹ ਐਲਾਨਨਾਮਾ ਸਿਰਫ਼ ਇੱਕ ਕਾਗਜ਼ ਦਾ ਟੁਕੜਾ ਨਹੀਂ ਹੈ, ਸਗੋਂ ਇਹ ਇੱਕ ਜਨਤਕ ਐਲਾਨ ਹੈ ਕਿ ਸਿੱਖ ਭਾਈਚਾਰੇ ਨੂੰ ਅਮਰੀਕੀ ਸਮਾਜ ਵਿੱਚ ਦੇਖਿਆ, ਸਤਿਕਾਰਿਆ ਅਤੇ ਅਪਣਾਇਆ ਜਾ ਰਿਹਾ ਹੈ। ਖਾਸ ਕਰਕੇ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਪਰਿਵਾਰਾਂ ਲਈ, ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹਨਾਂ ਦੀ ਪਛਾਣ ਅਤੇ ਵਿਰਸਾ ਮਾਨਤਾ ਦੇ ਯੋਗ ਹੈ। ਇਹ ਮਾਨਤਾ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ‘ਸੇਵਾ’ ਅਤੇ ‘ਸਰਬੱਤ ਦਾ ਭਲਾ’ ਨੂੰ ਦਰਸਾਉਂਦੀ ਹੈ।”
ਦੱਖਣ-ਪੱਛਮੀ ਓਹਾਇਓ ਖੇਤਰ, ਜਿਸ ਵਿੱਚ ਸਿਨਸਿਨਾਟੀ, ਮੇਸਨ, ਵੈਸਟ ਚੈਸਟਰ, ਹੈਮਿਲਟਨ, ਸਪਰਿੰਗਬੋਰੋ, ਮਿਆਮੀਸਬਰਗ ਅਤੇ ਡੇਟਨ ਵਰਗੇ ਸ਼ਹਿਰ ਸ਼ਾਮਲ ਹਨ, ਵਿੱਚ ਸਿੱਖ ਆਬਾਦੀ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਭਾਰੀ ਵਾਧਾ ਹੋਇਆ ਹੈ। ਖੇਤਰ ਵਿੱਚ ਸਥਿਤ ਤਿੰਨ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਭਾਈਚਾਰੇ ਦੇ ਮਜ਼ਬੂਤ ਕੇਂਦਰ ਵਜੋਂ ਕੰਮ ਕਰ ਰਹੇ ਹਨ, ਜਿੱਥੇ ਸਿੱਖ ਡਾਕਟਰੀ, ਇੰਜਨੀਅਰਿੰਗ, ਕਾਰੋਬਾਰ ਅਤੇ ਜਨਤਕ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
